
ਗੁਰਮਤਿ ਦਾ ਆਧਾਰ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਗੁਰਬਾਣੀ ਦਾ ਸਿਰਜਣ-ਕਾਲ ਬਾਰ੍ਹਵੀਂ ਸਦੀ ਤੋਂ ਲੈ ਕੇ ਸਤਾਰ੍ਹਵੀਂ ਸਦੀ ਤਕ ਫੈਲਿਆ ਹੋਇਆ ਹੈ। ਬਾਰ੍ਹਵੀਂ ਸਦੀ ਵਿਚ ਭਗਤ ਸ਼ੇਖ ਫ਼ਰੀਦ ਜੀ ਅਤੇ ਭਗਤ ਜੈਦੇਵ ਜੀ ਦਾ ਨਾਮ ਵਿਸ਼ੇਸ਼ ਸਥਾਨ ਰੱਖਦਾ ਹੈ। ਭਗਤ ਸ਼ੇਖ ਫ਼ਰੀਦ ਜੀ ਪਹਿਲੇ ਸੂਫ਼ੀ ਪੰਜਾਬੀ ਕਵੀ ਦਾ ਦਰਜਾ ਰੱਖਦੇ ਹਨ। ਉਨ੍ਹਾਂ ਦੀ ਸੂਫ਼ੀ ਰਚਨਾ ਦੇ ਪ੍ਰਮਾਣ ਅਰਬੀ-ਫ਼ਾਰਸੀ ਭਾਸ਼ਾ ਵਿਚ ਵੀ ਮਿਲਦੇ ਹਨ।੧ ਗੁਰੂ ਨਾਨਕ ਸਾਹਿਬ ਨੂੰ ਆਪਣੀਆਂ ਉਦਾਸੀਆਂ ਦੌਰਾਨ ਸ਼ੇਖ਼ ਬ੍ਰਹਮ ਤੋਂ ਜੋ ਬਾਣੀ ਭਗਤ ਸ਼ੇਖ ਫ਼ਰੀਦ ਜੀ ਦੀ ਪੰਜਾਬੀ ਭਾਸ਼ਾ ਵਿਚ ਮਿਲੀ, ਉਨ੍ਹਾਂ (ਸ੍ਰੀ ਗੁਰੂ ਨਾਨਕ ਸਾਹਿਬ ਜੀ) ਨੇ ਉਸ ਨੂੰ ਸੰਭਾਲ ਲਿਆ। ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ-ਕਾਲ ਵਿਚ ਚਾਰ ਲੰਮੇਰੀਆਂ ਉਦਾਸੀਆਂ (ਪ੍ਰਚਾਰ ਯਾਤਰਾਵਾਂ) ਕੀਤੀਆਂ ਜਿਸ ਵਿਚ ਉਨ੍ਹਾਂ ਸੁਮੇਰ ਪਰਬਤ, ਕਾਮਰੂਪ (ਅਸਾਮ), ਮੱਕਾ-ਮਦੀਨਾ, ਸ੍ਰੀ ਲੰਕਾ ਤਕ ਦੀ ਫੇਰੀ ਕੀਤੀ। ਇਸ ਯਾਤਰਾ ਦਾ ਮੰਤਵ ਜਿੱਥੇ ਲੋਕਾਈ ਦਾ ਪਾਰ-ਉਤਾਰਾ ਕਰਨਾ ਸੀ, ਉੱਥੇ ਬਾਕੀ ਸੰਤਾਂ-ਮਹਾਂਪੁਰਸ਼ਾਂ ਦੀ ਲਿਖਤਾਂ ਨੂੰ ਵਿਚਾਰਨਾ ਜਾਂ ਸੰਵਾਦ ਤੋਰਨਾ ਵੀ ਸੀ। ਇਸੇ ਯਾਤਰਾ ਦੌਰਾਨ ਜੋ ਬਾਣੀ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਗੁਰਮਤਿ ਦੇ ਅਨੁਕੂਲ ਜਾਪੀ ਉਨ੍ਹਾਂ ਨੇ ਇਕੱਤਰ ਕਰ ਲਈ ਅਤੇ ਮਗਰਲੇ ਗੁਰੂ ਸਾਹਿਬਾਨ ਨੂੰ ਗੁਰਿਆਈ ਸਮੇਂ ਸੌਂਪਦੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ, ਪੰਦਰ੍ਹਾਂ ਭਗਤ ਸਾਹਿਬਾਨ, ਗਿਆਰ੍ਹਾਂ ਭੱਟ ਸਾਹਿਬਾਨ ਅਤੇ ਗੁਰਸਿੱਖਾਂ ਦੀ ਬਾਣੀ ਸ਼ਾਮਲ ਹੈ। ਇਹ ਮਹਾਂਪੁਰਖ ਭਾਰਤ ਦੇ ਵੱਖ-ਵੱਖ ਜਾਤਾਂ/ਰਾਜਾਂ ਨਾਲ ਸੰਬੰਧਿਤ ਸਨ ਜਿਵੇਂ ਕਿ ਭਗਤ ਜੈਦੇਵ ਜੀ ਬੰਗਾਲ ਤੋਂ, ਭਗਤ ਨਾਮਦੇਵ ਜੀ ਮਹਾਰਾਸ਼ਟਰਾ ਤੋਂ, ਭਗਤ ਤ੍ਰਿਲੋਚਨ ਜੀ ਅਤੇ ਭਗਤ ਸਧਨਾ ਜੀ ਸਿੰਧ ਤੋਂ, ਭਗਤ ਪੀਪਾ ਜੀ ਰਾਜਸਥਾਨ ਨਾਲ ਸੰਬੰਧਿਤ ਸਨ।੨ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਜਿਹੇ ਪਹਿਲੇ ਧਾਰਮਿਕ ਗ੍ਰੰਥ ਹਨ, ਜੋ ਆਦਰਸ਼ਕ ਮਨੁੱਖ ਦੀ ਸਿਰਜਨਾ ਕਰਨ ਵਾਲੀ ਨਿਰੋਈ ਵਿਚਾਰਧਾਰਾ ਨੂੰ ਆਪਣੇ ਅੰਦਰ ਸਮੋਈ ਬੈਠੇ ਹਨ।
ਗੁਰੂ ਸਾਹਿਬਾਨ ਤੋਂ ਪਹਿਲਾਂ ਭਾਰਤ ਵਿਚ ਸਿੱਧ-ਨਾਥ ਪਰੰਪਰਾ ਦਾ ਬੋਲਬਾਲਾ ਸੀ ਜੋ ਅਧਿਆਤਮਕ ਜੀਵਨ ਲਈ ਸਮਾਜ ਦੇ ਤਿਆਗ ਵੱਲ ਅਗਰਸਰ ਸਨ। ਭਾਰਤ ਦੇ ਦੱਖਣ ਵਿਚ ਵਿਚਰਦੀ ਭਗਤੀ-ਕਾਵਿਧਾਰਾ ਨਿਰਗੁਣ ਅਤੇ ਸਰਗੁਣ ਪੱਖਾਂ ’ਤੇ ਵਿਚਰਦੀ ਸੀ। ਸਰਗੁਣ ਕਾਵਿ ਵਿਚ ਕ੍ਰਿਸ਼ਨ-ਕਾਵਿ ਅਤੇ ਰਾਮ-ਕਾਵਿ ਪ੍ਰਚੱਲਿਤ ਸਨ; ਜਿਸ ਨੇ ਮੂਰਤੀਵਾਦ ਨੂੰ ਵਧਾਵਾ ਦਿੱਤਾ। ਇਹ ਲਹਿਰਾਂ ਅਵਤਾਰਵਾਦ ਦੀਆਂ ਸਮਰਥਕ ਸਨ। ਸਾਮੀ ਮਤ (ਇਸਲਾਮ, ਯਹੂਦੀ ਅਤੇ ਈਸਾਈ) ਦੀ ਲਹਿਰ ਜੇਕਰ ਅਵਤਾਰਵਾਦ ਅਤੇ ਮੂਰਤੀ-ਪੂਜਾ ਦੇ ਵਿਰੁੱਧ ਸੀ ਤਾਂ ਇਸਲਾਮ ਪਰਮਾਤਮਾ ਦਾ ਘੇਰਾ ਸੱਤ ਪਤਾਲਾਂ ਤਕ ਸੀਮਤ ਕਰਦਾ ਸੀ। ਇਸ ਕਰਕੇ ਗੁਰਮਤਿ ਨੇ ਪਰੰਪਰਕ ਲਹਿਰਾਂ ਦੇ ਕਈ ਸਿਧਾਂਤ ਰੱਦ ਕਰ ਕੇ ਉਨ੍ਹਾਂ ਨੂੰ ਨਵੇਂ ਕੌਣ ਤੋਂ ਵਿਚਾਰ ਸਾਹਮਣੇ ਰੱਖੇ। ਜਿਨ੍ਹਾਂ ਨੂੰ ਹੇਠ ਲਿਖੇ ਵਰਗਾਂ ਵਿਚ ਵੰਡ ਕੇ ਵਿਚਾਰਿਆ ਜਾ ਸਕਦਾ ਹੈ:
੧. ਅਧਿਆਤਮਿਕ ਸਿਧਾਂਤ ੨. ਸਮਾਜਿਕ ਸਿਧਾਂਤ
੩. ਧਾਰਮਿਕ ਸਿਧਾਂਤ ੪. ਆਰਥਿਕ ਸਿਧਾਂਤ
੫. ਰਾਜਨੀਤਿਕ ਸਿਧਾਂਤ ੬. ਨੈਤਿਕ ਸਿਧਾਂਤ
੭.ਇਤਿਹਾਸਿਕ ਸਿਧਾਂਤ
ਅਧਿਆਤਮਿਕਤਾ ਪਰਮਾਤਮਾ, ਜੀਵਾਤਮਾ, ਜਗਤ, ਮਾਇਆ ਅਤੇ ਮੁਕਤੀ ਆਦਿ ਸੰਕਲਪਾਂ ’ਤੇ ਵਿਚਾਰ ਤੋਰਨ ਦਾ ਚਰਨ ਹੁੰਦਾ ਹੈ। ਗੁਰਮਤਿ ਵਿਚ ਪਰਮਾਤਮਾ ਦਾ ਨਿਰਗੁਣ-ਸਰਗੁਣ ਸਰੂਪ ਚਿਤਰਿਆ ਗਿਆ ਹੈ ਕਿ ਜਗਤ ਰਚਨਾ ਤੋਂ ਪਹਿਲਾਂ ਪਰਮਾਤਮਾ ਧੁੰਧੂਕਾਰੇ ਦੀ ਸਥਿਤੀ ਵਿਚ ਸੁੰਨ ਸਮਾਧਿ ਲਗਾ ਰਿਹਾ ਸੀ:
ਕੇਤੇ ਜੁਗ ਵਰਤੇ ਗੁਬਾਰੈ॥ ਤਾੜੀ ਲਾਈ ਅਪਰ ਅਪਾਰੈ॥
ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ॥ (ਪੰਨਾ ੧੦੨੬)
ਜਦੋਂ ਉਸ ਦੀ ਜਗਤ ਰਚਨ ਦੀ ਇੱਛਾ ਹੋਈ ਤਾਂ ਉਸ ਨੇ ਆਪਣੇ ਇਸ ਪਰਪੰਚ ਦੀ ਸਿਰਜਣਾ ਕੀਤੀ:
ਆਪੀਨੑੈ ਆਪੁ ਸਾਜਿਓ ਆਪੀਨੑੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ (ਪੰਨਾ ੪੬੩)
ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸ਼ੁਰੂਆਤ ਵਿਚ ਆਇਆ ‘ਮੂਲ ਮੰਤਰ’ ਪਰਮਾਤਮਾ ਦੀ ਅਦਵੈਤਵਾਦੀ ਧਾਰਨਾ, ਸੱਚ, ਸਰਬ-ਵਿਆਪਕਤਾ, ਨਿਰਵੈਰ, ਮੂਰਤਿ-ਰਹਿਤ ਸਥਿਤੀ ਨੂੰ ਬਿਆਨ ਕਰਦਾ ਹੈ। ਜੀਵਾਤਮਾ ਨੂੰ ਪਰਮਾਤਮਾ ਦਾ ਅੰਸ਼ ਸਵੀਕਾਰ ਕੀਤਾ ਗਿਆ ਹੈ ਜੋ ਜਨਮ ਤੋਂ ਪਹਿਲਾਂ ਪਰਮਾਤਮਾ ਦਾ ਹਿੱਸਾ ਹੁੰਦੀ ਹੈ ਅਤੇ ਮੌਤ ਤੋਂ ਬਾਅਦ ਉਸੇ ਵਿਚ ਸਮਾਂ ਜਾਂਦੀ ਹੈ:
ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥
(ਪੰਨਾ ੮੮੫)
ਗੁਰਮਤਿ ਮਨੁੱਖ ਨੂੰ ਜਗਤ ਵਿਚ ਰਹਿ ਕੇ ਪਰਮਾਰਥ ਨਿਭਾਉਣ ਵੱਲ ਲਗਾਉਂਦੀ ਹੈ। ਮਨੁੱਖ ਗੁਰੂ ਦੀਆਂ ਸਿੱਖਿਆਵਾਂ ’ਤੇ ਚੱਲਦਾ ਹੈ। ਇਸ ਰਾਹ ਦੇ ਪਾਂਧੀ ਨੂੰ ‘ਗੁਰਮੁਖ’ ਕਿਹਾ ਗਿਆ ਹੈ। ਜਗਤ ਦੀ ਸਿਰਜਣਾ ਪਰਮਾਤਮਾ ਨੇ ਆਪਣੇ ਹੁਕਮ ਅਨੁਸਾਰ ਆਪ ਕੀਤੀ ਹੈ। ਪਰ ਜਗਤ ਰਚਨਾ ਕਦੋਂ ਅਤੇ ਕਿਵੇਂ ਹੋਈ? ਇਸ ਬਾਰੇ ਜਾਨਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਗੁਰਮਤਿ-ਕਾਵਿਧਾਰਾ ਜਗਤ ਨੂੰ ਕਰਤੇ ਦੀ ਰਚੀ ਹੋਣ ਕਾਰਨ ਇਸ ਵਿਚ ਪਰਮਾਤਮਾ ਦਾ ਵਾਸਾ ਮੰਨਦੀ ਹੈ। ਇਸ ਜਗਤ ਵਿਚ ਮਨੁੱਖੀ ਜਨਮ ਨੂੰ ਧੰਨ ਕਿਹਾ ਗਿਆ ਹੈ ਕਿ ਇਸ ਜੀਵਨ ਵਿਚ ਮਨੁੱਖ ਪਰਮਾਤਮਾ ਨਾਲ ਮਿਲਾਪ ਹਾਸਿਲ ਕਰ ਸਕਦਾ ਹੈ, ਪਰ ਉਸ ਨੂੰ ਸੰਸਾਰ ਵਿਚਲੀ ਮਾਇਆ ਦੇ ਮੋਹ ਨੇ ਖਾ ਲਿਆ ਹੈ। ਡਾ. ਸਮਸ਼ੇਰ ਸਿੰਘ ਨੇ ‘ਐਨਸਾਈਕਲੋਪੀਡੀਆ ਆਫ਼ ਰਿਲੀਜਨ ਐਂਡ ਐਥਕਸ’ ਦੇ ਹਵਾਲੇ ਨਾਲ ਮਾਇਆ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਹੈ ਕਿ ਮਨ ਅਤੇ ਪ੍ਰਕਿਰਤੀ ਦੇ ਜਗਤ ਨੂੰ, ਜਿਸ ਨੂੰ ਅਸੀਂ ਮਾਨਸਿਕ ਸ਼ਕਤੀਆਂ ਦੁਆਰਾ ਸਮਝਣ ਦਾ ਯਤਨ ਕਰਦੇ ਹਾਂ, ਉਸ ਨੂੰ ਭਾਰਤੀ ਦਰਸ਼ਨ ਸਾਹਿਤ ਵਿਚ ‘ਮਾਇਆ’ ਕਹਿੰਦੇ ਹਨ।੩ ਗੁਰਮਤਿ ਵਿਚ ਮਾਇਆ ਨੂੰ ਕਰਤੇ ਦੀ ਸ਼ਕਤੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ, ਜਿਸ ਦੇ ਹੁਕਮ ਵਿਚ ਹੀ ਸ੍ਰਿਸ਼ਟੀ ਦੀ ਰਚਨਾ ਹੋਈ ਮੰਨੀ ਜਾਂਦੀ ਹੈ।
ਮਾਇਆ ਮਮਤਾ ਕਰਤੈ ਲਾਈ॥
ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ॥ (ਪੰਨਾ ੧੨੬੧)
ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਮਾਇਆ ਜੀਵਾਤਮਾ ਨੂੰ ਦੁੱਖ-ਸੁੱਖ ਦੇ ਬੰਧਨ ਵਿਚ ਜਕੜੀ ਰੱਖਦੀ ਹੈ ਅਤੇ ਇਸ ਤੋਂ ਹੀ ਮਨੁੱਖ ਹਉਮੈਂ ਦਾ ਸ਼ਿਕਾਰ ਬਣਦਾ ਹੈ:
ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ॥
ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ॥ (ਪੰਨਾ ੬੭)
ਸ. ਸੁਰਿੰਦਰ ਸਿੰਘ (ਕੋਹਲੀ) ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਇਆ ਪਦ ਪਦਾਰਥਕ ਧਨ, ਸੰਪਤੀ, ਮਾਨਵੀ ਤ੍ਰਿਸ਼ਨਾਪੂਰਨ ਵਸਤਾਂ ਦਾ ਵੀ ਅਰਥ-ਬੋਧਕ ਹੈ, ਜੋ ਸਾਨੂੰ ਪ੍ਰਭੂ ਅਤੇ ਸਰਵ-ਵਿਆਪੀ ਸੱਤਾ ਤੋਂ ਪਰ੍ਹਾਂ ਲਿਜਾਣ ਦਾ ਕਾਰਨ ਬਣਦੀਆਂ ਹਨ।੪ ਬੇਸਮਝ ਮਨੁੱਖ ਦੁਨਿਆਵੀ ਪਦਾਰਥਾਂ ਦੀ ਨਾਸ਼ਵਾਨਤਾ ਅਤੇ ਥੁੜ੍ਹ-ਚਿਰਤਾ ਨੂੰ ਅੰਤਿਮ-ਸੱਚ ਜਾਣ ਲੈਂਦਾ ਹੈ। ਉਹ ਸੰਸਾਰਿਕ ਵਸਤਾਂ ਦੇ ਮੋਹ ਵਿਚ ਪਰਮਾਤਮਾ ਨੂੰ ਪਰਾਇਆ ਗਿਣ ਬੈਠਦਾ ਹੈ:
ਮਾਇਆ ਮੋਹਿ ਸਗਲ ਜਗੁ ਛਾਇਆ॥ ਕਾਮਣਿ ਦੇਖਿ ਕਾਮਿ ਲੋਭਾਇਆ॥
ਸੁਤ ਕੰਚਨ ਸਿਉ ਹੇਤੁ ਵਧਾਇਆ॥ ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ॥
(ਪੰਨਾ ੧੩੪੨)
ਅਜਿਹਾ ਮਨੁੱਖ ਜਨਮ-ਮਰਨ ਭੋਗਦਾ ਹੈ ਅਤੇ ਉਸ ਦੀ ਮੁਕਤੀ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ:
ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ॥
ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ॥ (ਪੰਨਾ ੩੫੩)
ਸ. ਮਨਮੋਹਨ ਸਿੰਘ ਨੇ ਮਾਇਆ ਦੇ ਦੋ ਭੇਤ ਮੰਨੇ ਹਨ: ਵਿੱਦਿਆ ਮਾਇਆ ਅਤੇ ਅਵਿੱਦਿਆ ਮਾਇਆ। ਵਿੱਦਿਆ ਮਾਇਆ ਬ੍ਰਹਮ ਦੇ ਅਧੀਨ ਅਜਿਹੀ ਸ਼ਕਤੀ ਹੈ ਜਿਸ ਦੁਆਰਾ ਉਹ ਜਗਤ ਦੀ ਰਚਨਾ ਕਰਦਾ ਹੈ। ਇਸ ਨੂੰ ਮਾਇਆ ਦਾ ‘ਸ਼ਕਤੀ-ਰੂਪ’ ਜਾਂ ‘ਸ੍ਰਿਸ਼ਟੀ-ਉਤਪਾਦਕ-ਰੂਪ’ ਕਿਹਾ ਜਾ ਸਕਦਾ ਹੈ। ਅਵਿੱਦਿਆ ਮਾਇਆ ਉਹ ਹੈ ਜੋ ਜੀਵ ’ਤੇ ਹਾਵੀ ਹੋ ਕੇ ਉਸ ਨੂੰ ਆਪਣੇ ਅਧੀਨ ਰੱਖਦੀ ਹੈ ਅਤੇ ਜੀਵ ਸੰਸਾਰਕ ਪਦਾਰਥਾਂ ਵਿਚ ਖਚਿਤ ਰਹਿੰਦਾ ਹੈ। ਇਸ ਵਿਚ ਅਗਿਆਨ, ਭਰਮ, ਵਿਸ਼ੇ-ਵਿਕਾਰ, ਵਾਸਨਾ, ਮੋਹ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਧਨ-ਸੰਪਤੀ, ਕਨਕ-ਕਾਮਨੀ, ਦੁਨਿਆਵੀ ਸੁੱਖ ਅਤੇ ਤ੍ਰਿਸ਼ਨਾ-ਜਾਲ ਆਦਿ ਸ਼ਾਮਿਲ ਹਨ।੫ ਗੁਰਬਾਣੀ ਨੇ ਮਨੁੱਖ ਨੂੰ ਮਾਇਆ ਤੋਂ ਬਚਣ ਲਈ ਪਰਮਾਤਮਾ ਦਾ ਨਾਮ ਜਪਣ:
ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ॥
ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ॥ (ਪੰਨਾ ੯੦)
ਉਸ ਦੀ ਓਟ:
ਪ੍ਰਭ ਕੀ ਓਟ ਗਹੀ ਤਉ ਛੂਟੋ॥ (ਪੰਨਾ ੬੭੩)
ਅਤੇ ਸਾਧ ਸੰਗਤ ਕਰਨਾ ਜ਼ਰੂਰੀ ਦੱਸਿਆ ਹੈ:
ਕਹੁ ਨਾਨਕ ਜਿਨਿ ਧੂਰਿ ਸੰਤ ਪਾਈ॥ ਤਾ ਕੈ ਨਿਕਟਿ ਨ ਆਵੈ ਮਾਈ॥
(ਪੰਨਾ ੧੮੨)
ਧਰਮਾਂ ਦਾ ਮੁੱਖ ਉਦੇਸ਼ ਮੁਕਤੀ ਤਕ ਅੱਪੜਨਾ ਹੁੰਦਾ ਹੈ। ਸ. ਰਤਨ ਸਿੰਘ ਜੱਗੀ ਨੇ ਮੁਕਤੀ ਦਾ ਅਰਥ ਛੁਟਕਾਰਾ, ਖ਼ਲਾਸੀ ਜਾਂ ਰਿਹਾਈ ਦੱਸਿਆ ਹੈ।੬ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਜਿਸ ਨੇ ਅਗਿਆਨਤਾ ਦੇ ਬੰਧਨ ਤੋਂ ਛੁਟਕਾਰਾ ਪਾਇਆ ਹੈ, ਉਹ ਹੀ ਮੁਕਤ ਹੈ।੭ ‘ਜਪੁ ਜੀ’ ਸਾਹਿਬ ਬਾਣੀ ਵਿਚ ਮੁਕਤੀ ਦੀ ਅਵਸਥਾ ਨੂੰ ਪਹੁੰਚੇ ਮਨੁੱਖ ਲਈ ‘ਸਚਿਆਰ’ ਅਤੇ ‘ਪੰਚ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ।੮ ਮਨੁੱਖ ਜਗਤ ਵਿਚ ਵਿਚਰਦਾ ਹੋਇਆ ਜਦੋਂ ਮਾਇਆ ਦੇ ਮੋਹ ਵਿਚ ਪੈ ਕੇ ਮੂਲ ਨੂੰ ਵਿਸਾਰ ਦੇਂਦਾ ਹੈ ਤਾਂ ਉਹ ਬੰਧਨ ਵਿਚ ਹੁੰਦਾ ਹੈ:
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥
(ਪੰਨਾ ੯੨੧)
ਸਿੱਖ ਚਿੰਤਨ ਵਿਚ ਦੋ ਤਰ੍ਹਾਂ ਦੀ ਮੁਕਤੀ ਦੀ ਚਰਚਾ ਹੋਈ ਮਿਲਦੀ ਹੈ: ‘ਵਿਦੇਹ ਮੁਕਤੀ’ ਅਤੇ ‘ਜੀਵਨ ਮੁਕਤੀ’।੯ ‘ਵਿਦੇਹ ਮੁਕਤੀ’ ਤੋਂ ਭਾਵ ਮਰਨ ਉਪਰੰਤ ਆਵਾਗਵਣ ਤੋਂ ਛੁਟਕਾਰਾ ਅਤੇ ਆਤਮਾ ਦਾ ਪਰਮਾਤਮਾ ਨਾਲ ਅਭੇਦ ਹੋਣਾ ਹੈ।੧੦ ਗੁਰਬਾਣੀ ਵਿਚ ਇਸ ਅਵਸਥਾ ਨੂੰ ਪੂਰਨ ਪਰਮਾਨੰਦ ਦੀ ਅਵਸਥਾ ਕਿਹਾ ਗਿਆ ਹੈ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ (ਪੰਨਾ ੧੩੬੫)
ਦੂਸਰਾ ‘ਜੀਵਨ ਮੁਕਤੀ’ ਤੋਂ ਭਾਵ ਜਿਊਂਦੇ-ਜੀਅ ਹਰ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਹੋਣਾ ਹੈ। ਗੁਰਮਤਿ ਵਿਚ ਜੀਵਨ ਮੁਕਤੀ ਨੂੰ ਆਦਰਸ਼ ਦੇ ਤੌਰ ’ਤੇ ਵਧੇਰੇ ਮਾਨਤਾ ਪ੍ਰਾਪਤ ਹੈ। ਗੁਰ-ਸ਼ਬਦ, ਸੱਚੀ-ਰਹਿਤ ਦੀ ਪਾਲ਼ਣਾ ਅਤੇ ਪ੍ਰਭੂ ਆਗਿਆ ਵਿਚ ਖਿੜੇ ਰਹਿਣਾ ਹੀ ‘ਜੀਵਨ ਮੁਕਤੀ’ ਦੀ ਅਵਸਥਾ ਹੈ:
ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ॥ (ਪੰਨਾ ੧੩੪੩)
ਮੁਕਤੀ ਪ੍ਰਾਪਤ ਕਰਨ ਦੇ ਸਾਧਨ ਪ੍ਰਭੂ ਦਾ ਹੁਕਮ ਮੰਨਣਾ, ਰਜ਼ਾ ਅਤੇ ਭਾਣਾ, ਗੁਰੂ ਦੀ ਸ਼ਰਨ, ਸੇਵਾ, ਹਉਮੈਂ ਦਾ ਤਿਆਗ, ਪਰਮਾਤਮਾ ਦੀ ਮਿਹਰ, ਮਾਇਆ ਦਾ ਤਿਆਗ ਅਤੇ ਆਪਾ ਚੀਨਣ ਆਦਿ ਮੰਨੇ ਗਏੇ ਹਨ। ਭਗਤ ਨਾਮਦੇਵ ਜੀ ਨੇ ਮੁਕਤ ਅਵਸਥਾ ਨੂੰ ‘ਸਹਿਜ ਅਵਸਥਾ’ ਕਿਹਾ ਹੈ।੧੧ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਚਲਦਾ ਮਨੁੱਖ ਜੀਵਨ ਮੁਕਤੀ ਪ੍ਰਾਪਤ ਕਰਦਾ ਪੰਜ ਚੋਰਾਂ (ਵਿਕਾਰਾਂ) ਤੋਂ ਮੁਕਤ ਹੁੰਦਾ ਹੈ ਅਤੇ ਵਿਦੇਹ ਮੁਕਤੀ ਵਿਚ ਉਹ ਪਰਮਾਤਮਾ ਵਿਚ ਸਮਾ ਜਾਂਦਾ ਹੈ ਜਿਸ ਨਾਲ ਉਸ ਦਾ ਆਵਾਗਵਣ ਦਾ ਚੱਕਰ ਖ਼ਤਮ ਹੋ ਜਾਂਦਾ ਹੈ।
ਸਿੱਖ ਧਰਮ ਵਿਚ ਗ੍ਰਹਿਸਥ ਨੂੰ ਮਹੱਤਤਾ ਪ੍ਰਦਾਨ ਕੀਤੀ ਗਈ ਹੈ। ਗੁਰੂ ਸਾਹਿਬਾਨ ਪਰਮਾਤਮਾ ਨੂੰ ਪਾਉਣ ਲਈ ਗ੍ਰਹਿਸਥ ਤਿਆਗ ਕੇ ਜੰਗਲਾਂ ਅਤੇ ਪਹਾੜਾਂ ਵਿਚ ਜਾਣ ਦੇ ਹੱਕ ਵਿਚ ਨਹੀਂ ਸਨ, ਕਿਉਂਕਿ ਭਲੇ ਲੋਕਾਂ ਦੇ ਸਮਾਜ ਤਿਆਗਣ ਨਾਲ ਇੱਕ ਤਾਂ ਸਮਾਜ ਦੇ ਲੋਕ ਪਖੰਡਾਂ-ਵਹਿਮਾਂ ਵਿਚ ਭਟਕਦੇ ਰਹਿੰਦੇ ਹਨ। ਦੂਜਾ, ਇਨ੍ਹਾਂ ਸਥਿਤੀਆਂ ਦਾ ਫਾਇਦਾ ਉਠਾ ਕੇ ਵਿਦੇਸ਼ੀ ਹਮਲਾਵਰ ਭਾਰਤੀਆਂ ’ਤੇ ਹਮਲਾ ਕਰਦੇ ਹਨ। ਇਹੋ ਤਿਆਗਵਾਦੀ ਨੀਤੀ ਕਾਰਨ ਭਾਰਤ ਵਿਚ ਕਾਇਰਤਾ ਫੈਲੀ ਅਤੇ ਲੋਕਾਂ ਨੂੰ ਸਦੀਆਂ ਬੱਧੀ ਗ਼ੁਲਾਮੀ ਕੱਟਣੀ ਪਈ। ਗੁਰਮਤਿ-ਕਾਵਿਧਾਰਾ ਨੇ ਪਰਵਾਰ ਵਿਚ ਰਹਿ ਕੇ ਸੰਤਾਨ ਅਤੇ ਪਤਨੀ ਦਾ ਸਾਥ ਨਿਭਾਉਂਦੇ ਹੋਏ, ਨਾਲ-ਨਾਲ ਪ੍ਰਭੂ ਦੇ ਗੁਣ ਗਾਉਣ ਅਤੇ ਪਵਿੱਤਰ ਜੀਵਨ ਜਿਊਣ ’ਤੇ ਜ਼ੋਰ ਦਿੱਤਾ ਹੈ।੧੨ ਪੁਰਾਤਨ ਹਿੰਦੂ ਧਰਮ ਦੀ ਪਰੰਪਰਾ ਜਾਂ ਮੰਨੂੂੰ ਸਿਮ੍ਰਤੀ ਦੇ ਕੋਡ ਨੇ ਕਿੱਤੇ ਦੇ ਆਧਾਰ ’ਤੇ ਸਮਾਜ ਨੂੰ ਚਾਰ ਵਰਨਾਂ ਵਿਚ ਵਿਭਾਜਿਤ ਕੀਤਾ ਹੋਇਆ ਸੀ: ਬ੍ਰਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਬ੍ਰਹਮਣਾਂ ਦਾ ਧਰਮ ਪਾਠ-ਪੂਜਾ ਕਰਨਾ, ਵੇਦ ਪੜ੍ਹਨਾ ਅਤੇ ਜਗ-ਹਵਨ ਆਦਿ ਅਨੁਸ਼ਠਾਨ ਕਰਨੇ ਸਨ। ਸਮਾਜ ਵਿਚ ਬ੍ਰਹਮਣਾਂ ਦਾ ਦਰਜਾ ਸਤਿਕਾਰਯੋਗ ਸੀ ਅਤੇ ਅਖੌਤੀ ਸ਼ੂਦਰਾਂ ਦੀ ਸਥਿਤੀ ਤਰਸਯੋਗ ਸੀ। ਅਖੌਤੀ ਸ਼ੂਦਰਾਂ ਨੂੰ ਬਾਣੀ ਪੜ੍ਹਨ, ਧਰਮ ਅਸਥਾਨਾਂ ’ਤੇ ਜਾਣ, ਖੂਹ ’ਤੇ ਪਾਣੀ ਭਰਨ ਦਾ ਕੋਈ ਅਧਿਕਾਰ ਨਹੀਂ ਸੀ। ਸਿੱਖ ਧਰਮ ਦੀ ਵਿਚਾਰਧਾਰਾ ਨੇ ਵਰਨ-ਵਿਵਸਥਾ ਤੋਂ ਉੱਪਰ ਉੱਠ ਕੇ ਇਕਿਹਰਾ ਸਮਾਜ ਸਿਰਜਣ ’ਤੇ ਜ਼ੋਰ ਦਿੱਤਾ ਹੈ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ (ਪੰਨਾ ੭੪੭)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯ ਈ. ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਵੈਸਾਖੀ ’ਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਜਾਤ-ਪਾਤ ਮੁਕਤ ਸਮਾਜ ਸਿਰਜਿਆ। ਇਸ ਬਰਾਬਰਤਾ ਬਾਰੇ ਡਾ. ਗੋਕਲ ਚੰਦ ਨਾਰੰਗ ਨੇ ਠੀਕ ਲਿਖਿਆ ਹੈ ਕਿ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਭਾਈਚਾਰਾ ਸਾਜਿਆ ਜਿਸ ਵਿਚ ਉੱਚੇ-ਨੀਵੇਂ ਸਭ ਸਮਾਨ ਹਨ। ਉਨ੍ਹਾਂ ਨੇ ਚਾਰਾਂ ਜਾਤਾਂ ਨੂੰ ਕੇਵਲ ਇੱਕ ਕਰਨ ਦਾ ਹੀ ਯਤਨ ਨਹੀਂ ਕੀਤਾ, ਸਗੋਂ ਉਹ ਇੱਕ ਕਦਮ ਹੋਰ ਅੱਗੇ ਵਧੇ ਅਤੇ ਇੱਕ ਦਮ ਧਾਰਮਿਕ ਨਾ-ਬਰਾਬਰੀ ਨੂੰ ਸਮਾਪਤ ਕਰ ਕੇ ਇੱਕ ਧਰਮਤੰਤਰ ਲੋਕਰਾਜ ਦੀ ਸਥਾਪਨਾ ਕੀਤੀ।”੧੩ ਗੁਰਬਾਣੀ ਸਮਾਜ ਵਿਚ ਨੀਚ ਗਿਣੇ ਜਾਣ ਵਾਲਿਆਂ ਨਾਲ ਰਾਬਤਾ ਕਾਇਮ ਕਰਦੀ ਹੋਈ ਮਾਣ ਮਹਿਸੂਸ ਕਰਦੀ ਹੈ ਨਾ ਕਿ ਮਾਇਆਧਾਰੀਆਂ ਨਾਲ ਮੇਲ ਵਧਾਉਣ ਵਿਚ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਪੰਨਾ ੧੫)
ਅਖੌਤੀ ਸ਼ੂਦਰਾਂ ਵਾਂਗ ਸਮਾਜ ਵਿਚ ਇਸਤਰੀ ਦੀ ਸਥਿਤੀ ਵੀ ਤਰਸਯੋਗ ਸੀ। ਸਿੱਧ-ਨਾਥ ਪਰੰਪਰਾ ਵਿਚ ਇਸਤਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਹਿੰਦੂ ਧਰਮ ਵਿਚ ਇਸਤਰੀ ਨੂੰ ਘਰ ਦੀ ਚਾਰ ਦੀਵਾਰੀ ਅੰਦਰ ਰੱਖਿਆ ਜਾਂਦਾ। ਹਿੰਦੂ ਇਸਤਰੀ ਨੂੰ ਮਰੇ ਪਤੀ ਨਾਲ ਅੱਗ ਵਿਚ ਜਿਊਂਦੇ ਜੀਅ ਸੜਨਾ ਪੈਂਦਾ ਸੀ। ਗੁਰਬਾਣੀ ਨੇ ਇਸਤਰੀ ਨੂੰ ਵਿਕਾਸ ਦਾ ਧੁਰਾ ਮੰਨਿਆ ਹੈ ਜਿਸ ਤੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਹਨ। ਇਸਤਰੀ ਨਾਲ ਹੀ ਗ੍ਰਹਿਸਥ ਮਾਰਗ ਤੁਰਦਾ ਹੈ; ਇਸ ਕਰਕੇ ਸਮਾਜ ਵਿਚ ਇਸਤਰੀ ਦਾ ਰੁਤਬਾ ਸਨਮਾਨਯੋਗ ਮੰਨਿਆ ਗਿਆ ਹੈ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ ੪੭੩)
ਸਿੱਖ ਧਰਮ ਵਿਚ ਸਤੀ ਦੀ ਰਸਮ ਦਾ ਵਿਰੋਧ ਕੀਤਾ ਗਿਆ ਹੈ। ਇਸ ਦੀ ਥਾਂ ਗੁਰੂ ਦੇ ਭਾਣੇ ਨੂੰ ਸਮਝ ਕੇ ਨਵੇਂ ਸਿਰੇ ਤੋਂ ਜ਼ਿੰਦਗੀ ਜਿਊਣ ਦਾ ਵਿਧਾਨ ਸਿਰਜਿਆ ਗਿਆ ਹੈ:
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ॥
ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨਿੑ॥ (ਪੰਨਾ ੭੮੭)
‘ਸਿੱਖ ਰਹਿਤ ਮਰਯਾਦਾ’ ਵਿਚ ਵੀ ਕੰਨਿਆ ਨਾ ਮਾਰਨ ਅਤੇ ਕੰਨਿਆ ਮਾਰਨ ਵਾਲੇ ਨਾਲ ਨਾ ਵਰਤਣ ਦੀ ਹਦਾਇਤ ਕੀਤੀ ਗਈ ਹੈ।੧੪
ਗੁਰਮਤਿ ਕਾਵਿਧਾਰਾ ਨੇ ਸਿੱਖਾਂ ਨੂੰ ਰਹੁ-ਰੀਤਾਂ ਮਨਾਉਣ ਦਾ ਨਵਾਂ ਢੰਗ ਦਿੱਤਾ ਹੈ। ਜਨਮ ਸਮੇਂ ਬੱਚੇ ਦਾ ਨਾਮਕਰਣ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲਿਆ ਜਾਂਦਾ ਹੈ। ਆਏ ਵਾਕ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ। ਲੜਕੇ ਦੇ ਨਾਮ ਨਾਲ ‘ਸਿੰਘ’ ਅਤੇ ਲੜਕੀ ਦੇ ਨਾਮ ਨਾਲ ‘ਕੌਰ’ ਲਗਾਇਆ ਜਾਂਦਾ ਹੈ। ਵਿਆਹ-ਪ੍ਰਥਾ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿਚ ਦਰਜ ਲਾਵਾਂ ਅਨੁਸਾਰਿਤ ਅਨੰਦ-ਕਾਰਜ ਦੀ ਰੀਤ ਨਾਲ ਨਿਭਾਉਣ ਦਾ ਵਿਧਾਨ ਪੇਸ਼ ਕੀਤਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਵਿਅਕਤੀ ਦੀ ਮੌਤ ਨੂੰ ਪਰਮਾਤਮਾ ਦੀ ਰਜ਼ਾ ਮੰਨਣ ਵਿਚ ਤਬਦੀਲ ਕੀਤਾ ਹੈ। ਇਸ ਸਮੇਂ ਵਡਹੰਸ ਰਾਗ ਵਿਚ ਅਲਾਹੁਣੀਆਂ ਦਾ ਪਾਠ ਕਰ ਕੇ ਕਰਤੇ ਦੀ ਸਿਫਤ-ਸਲਾਹ ਨੂੰ ਹੀ ਸ਼ੁਭ ਮੰਨਿਆ ਹੈ। ਗੁਰਬਾਣੀ ਅੰਦਰ ਹੁਕਮ ਵਿਚ ਵਿਚਰਨ ਦਾ ਆਦੇਸ਼ ਹੈ। ਇਸ ਵਿਚ ਖੋਖਲੇ ਰੀਤੀ-ਰਿਵਾਜ ਅਤੇ ਪਖੰਡ ਸਥਾਨ ਨਹੀਂ ਰੱਖਦੇ।
ਗੁਰਬਾਣੀ ਮੱਧਕਾਲੀਨ ਰਾਜਨੀਤਿਕ ਸਥਿਤੀ ਦੀ ਗਵਾਹੀ ਭਰਦੀ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਧਰਮ ਉੱਡ ਗਿਆ ਸੀ ਅਤੇ ਚੁਫੇਰ ਹਨੇਰਾ ਛਾਇਆ ਹੋਇਆ ਸੀ; ਜਿਸ ਵਿਚ ਰਾਜੇ ਕਸਾਈ ਬਣ ਗਏ ਸਨ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ (ਪੰਨਾ ੧੪੫)
ਗੁਰਬਾਣੀ ਨੇ ਰਾਜੇ ਨੂੰ ਉਸ ਦੀ ਪਰਜਾ ਪ੍ਰਤੀ ਕੀਤੇ ਜਾਣ ਵਾਲੇ ਫ਼ਰਜ਼ਾਂ ਬਾਰੇ ਸੁਚੇਤ ਕੀਤਾ ਹੈ:
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ (ਪੰਨਾ ੧੦੮੮)
ਸਿਧਾਂਤ ਅਨੁਸਾਰ ਜਿਸ ਵਿਅਕਤੀ ਨੂੰ ਪ੍ਰਜਾ ਪ੍ਰਤੀ ਹਮਦਰਦੀ ਹੈ ਉਹੀ ਰਾਜਾ ਤਖ਼ਤ ਦੇ ਲਾਇਕ ਹੋਣਾ ਚਾਹੀਦਾ ਹੈ। ਗੁਰਮਤਿ ਜ਼ੁਲਮ ਦੀ ਰਾਜਨੀਤੀ ਨੂੰ ਅਪ੍ਰਵਾਨ ਕਰਦੀ ਹੈ। ਗੁਰਮਤਿ ਨੇ ਹਲੇਮੀ ਰਾਜ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥ ਦਾ ਅਜਿਹਾ ਸੰਕਲਪ ਪੇਸ਼ ਕੀਤਾ ਹੈ ਜਿਸ ਵਿਚ ਰੱਬੀ ਰਾਜ ਦਾ ਆਵੇਸ਼ ਹੋਵੇਗਾ ਅਤੇ ਸਾਰੀ ਪਰਜਾ ਉਸ ਅਕਾਲ ਪੁਰਖ ਦੇ ਹੁਕਮ ਹੇਠ ਸੁਖੀ ਵਸੇਗੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਗੁਰਿਆਈ ਕਾਲ ਸਮੇਂ ਮੀਰੀ-ਪੀਰੀ ਦਾ ਸੰਕਲਪ ਲਾਗੂ ਕੀਤਾ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿਚ ‘ਮੀਰੀ’ ਦਾ ਅਰਥ ਬਾਦਸ਼ਾਹਤ ਜਾਂ ਸਰਦਾਰੀ ਅਤੇ ‘ਪੀਰੀ’ ਤੋਂ ਭਾਵ ਧਰਮ ਅਤੇ ਸਦਾਚਾਰ ਜਾਂ ਧਰਮ ਦਾ ਆਚਾਰਿਆ ਗੁਰੂ ਲਿਖਿਆ ਹੈ।੧੫ ਇਸ ਤਰ੍ਹਾਂ ਧਰਮ ਨੂੰ ਉੱਤੇ ਰੱਖ ਕੇ ਰਾਜਨੀਤੀ ਕਰਨ ਦਾ ਨੁਕਤਾ ਸਾਹਮਣੇ ਆਉਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਾਲਮ ਹਕੂਮਤ ਦਾ ਖ਼ਾਤਮਾ ਕਰਨ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ। ਜੋ ਕਿਸੇ ਉੱਚੇ ਅਦਾਰਸ਼ ਲਈ ਆਪਣੀ ਜਾਨ ਤਲੀ ’ਤੇ ਰੱਖ ਲੈਂਦਾ ਹੈ ਅਤੇ ਨਿਆਂ-ਸੱਚ ਲਈ ਮਰਨ ਨੂੰ ਤਿਆਰ ਹੋ ਜਾਂਦਾ ਹੈ।੧੬ ਖਾਲਸਾ ਸਾਜਨਾ ਦਾ ਮੁੱਖ ਉਦੇਸ਼ ਹੀ ਸੱਚੇ, ਨਿਰਵੈਰ ਅਤੇ ਨਿਰਭਉ ਸਮਾਜ ਦੀ ਸਥਾਪਨਾ ਕਰਨਾ ਸੀ।
ਆਰਥਿਕ ਪੱਖ ਦੀ ਮਜ਼ਬੂਤੀ ਕਿਸੇ ਸਮਾਜ ਦੀ ਖੁਸ਼ਹਾਲੀ ਦਾ ਪਤਾ ਦਿੰਦੀ ਹੈ। ਸਮਾਜ ਵਿਚ ਲੋਕ ਕਈ ਵਾਰ ਗ਼ਲਤ ਢੰਗ-ਤਰੀਕੇ ਦੁਆਰਾ ਮਾਇਆ ਇਕੱਤਰ ਕਰਦੇ ਹਨ। ਇਸ ਨਾਲ ਅਮੀਰ ਤੇ ਗ਼ਰੀਬ ਵਰਗ ਹੋਂਦ ਵਿਚ ਆਉਂਦਾ ਹੈ ਅਤੇ ਅਮੀਰ ਕਾਮੇ ਵਰਗ ਦਾ ਹਰ ਪੱਖੋਂ ਸ਼ੋਸ਼ਣ ਕਰਦਾ ਹੈ। ਗੁਰੂ ਸਾਹਿਬਾਨ ਨੇ ਸ਼ਾਸਕ ਵਰਗ ਵੱਲੋਂ ਲਤਾੜੇ ਜਾ ਰਹੇ ਕਿਰਤੀ-ਕਾਮਿਆਂ ਦੇ ਹੱਕ ਵਿਚ ਇਨਕਲਾਬੀ ਅਵਾਜ਼ ਬੁਲੰਦ ਕੀਤੀ।੧੭ ਗੁਰਮਤਿ ਦਾ ਸਿਧਾਂਤ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਹਾਮੀ ਹੈ। ਗੁਰਮਤਿ ਨੇ ਮਨੁੱਖ ਸਮਾਜ ਵਿਚ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਪਰਉਪਕਾਰ ਦਾ ਪੱਖ ਰੱਖਿਆ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)
ਜਿਸ ਵਿੱਚੋਂ ਦਸਵੰਧ ਕੱਢ ਕੇ ਸਿੱਖ ਲੋਕ ਭਲਾਈ ਦਾ ਕਾਰਜ ਕਰਦਾ ਹੈ। ਉਸ ਦੀ ਕਿਰਤ-ਕਮਾਈ ਹੀ ਉਸ ਦੇ ਅਗਲੇਰੇ ਜੀਵਨ ਦੀਆਂ ਖੁਸ਼ੀਆਂ ਦਾ ਮੁੱਢ ਬੰਨਦੀ ਹੈ:
ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (ਪੰਨਾ ੨੬)
ਵੰਡ ਕੇ ਛਕਣ ਨਾਲ ਭਾਈਚਾਰਕ ਸਾਂਝ ਵਧਦੀ ਹੈ। ਸਿੱਖ ਨੂੰ ਆਪਣੀ ਕਿਰਤ-ਕਮਾਈ ਕਰਦੇ ਸਮੇਂ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮੑਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਪੰਨਾ ੧੩੭੫)
ਗੁਰਬਾਣੀ ਨੇ ਜਿੱਥੇ ਸਭ ਧਰਮਾਂ ਦਾ ਆਦਰ ਕੀਤਾ ਹੈ, ਉੱਥੇ ਮਨੁੱਖ ਨੂੰ ਆਪਣੇ ਧਰਮ ਵਿਚ ਪੱਕੇ ਰਹਿਣ ਦਾ ਆਦੇਸ਼ ਵੀ ਦਿੱਤਾ ਹੈ। ਜਿਵੇਂ ਕਿ ਮੁਸਲਮਾਨ ਕਹਾਉਣ ਵਾਲੇ ਨੂੰ ਦਇਆਵਾਨ ਹੋਣਾ ਚਾਹੀਦਾ ਹੈ ਕਿ ਉਹ ਦਇਆ ਨੂੰ ‘ਮਸੀਤ’, ਸਿਦਕ ਨੂੰ ‘ਮੁਸੱਲਾ’ ਅਤੇ ਹੱਕ ਦੀ ਕਮਾਈ ਨੂੰ ‘ਕੁਰਾਨ’ ਜਾਣੇ:
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥ (ਪੰਨਾ ੧੪੦)
ਮੁਲਸਮਾਨਾਂ ਦੀਆਂ ਪੰਜੇ ਵਕਤਾਂ ਦੀਆਂ ਪੰਜ ਨਮਾਜ਼ਾਂ ਹਨ ਜਿਸ ਵਿੱਚੋਂ ਪਹਿਲੀ ਨਮਾਜ਼ ਸੱਚ ਬੋਲਣਾ, ਦੂਜੀ ਹੱਕ ਦੀ ਕਮਾਈ, ਤੀਜੀ ਸਭ ਦਾ ਭਲਾ ਮੰਗਣਾ, ਚੌਥੀ ਮਨ/ਨੀਅਤ ਨੂੰ ਸਾਫ਼ ਰੱਖਣਾ ਅਤੇ ਪੰਜਵੀਂ ਪਰਮਾਤਮਾ ਦੀ ਸਿਫਤ-ਸਲਾਹ ਕਰਨਾ ਹੈ:
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥ (ਪੰਨਾ ੧੪੧)
ਅਜਿਹੇ ਗੁਣਾਂ ਨਾਲ ਭਰਪੂਰ ਸ਼ਖ਼ਸ ਨੂੰ ਹੀ ਸਹੀ ਅਰਥਾਂ ਵਿਚ ਮੁਸਲਮਾਨ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਜੋਗੀਆਂ ਨੂੰ ਜੋਗ ਮਤ ਦਾ ਅਸਲ ਅਰਥ ਦੱਸਦੇ ਹਨ ਕਿ ਜੋਗ ਗੱਲਾਂ ਦਾ ਨਾਮ ਨਹੀਂ, ਨਾ ਹੀ ਮੜ੍ਹੀ-ਮਸਾਣਾਂ, ਨਾ ਸਮਾਧੀ ਅਤੇ ਨਾ ਤੀਰਥਾਂ ’ਤੇ ਜਾਣ ਨਾਲ ਮਿਲਦਾ ਹੈ ਸਗੋਂ ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ॥ ਰਹਿਣ ਨਾਲ ‘ਜੋਗ ਜੁਗਤਿ’ ਪਾਈ ਜਾ ਸਕਦੀ ਹੈ। ਇਹ ਜੁਗਤਾਂ ਸਾਰਿਆਂ ਉੱਪਰ ਲਾਗੂ ਹੁੰਦੀਆਂ ਹਨ ਕਿ ਧਰਮ ਦੀ ਕਿਰਤ ਵਿੱਚੋਂ ਹੱਕ ਦੀ ਪਛਾਣ ਕਰਦਿਆਂ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ।
ਗੁਰਬਾਣੀ ਵਿਚ ਪੇਸ਼ ਹੁੰਦਾ ‘ਬਰਾਬਰਤਾ ਦਾ ਸਿਧਾਂਤ’ ਇੱਕੋ ਜਿਹਾ ਨਿਆਂ ਦੇਣ ਦਾ ਸਮਰਥਕ ਹੈ। ਗੁਰਮਤਿ ਦਾ ਨਿਆਂ ਪਰਮਾਤਮਾ ਕੇਂਦਰਿਤ ਹੈ, ਕਿਉਂਕਿ ਮਨੁੱਖ ਦੇ ਚੰਗੇ-ਮਾੜੇ ਕਰਮਾਂ ਦਾ ਹਿਸਾਬ ਪਰਮਾਤਮਾ ਆਪ ਲਵੇਗਾ। ਇਸ ਵਿਧਾਨ ਅਨੁਸਾਰ ਮਨੁੱਖ ਜਿਸ ਤਰ੍ਹਾਂ ਦਾ ਕਾਰਜ ਕਰੇਗਾ; ਉਸੇ ਤਰ੍ਹਾਂ ਦਾ ਫਲ ਉਸ ਨੂੰ ਭੁਗਤਣਾ ਪਵੇਗਾ:
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (ਪੰਨਾ ੧੩੪)
ਗੁਰਮਤਿ ਮਨੁੱਖ ਨੂੰ ਬਦਲਾ ਲੈਣ ਦੀ ਮੱਤ ਨਹੀਂ ਦਿੰਦੀ, ਸਗੋਂ ਇਸ ਵਿਚ ਮੁਆਫ਼ ਕਰਨ ਦਾ ਵਿਧਾਨ ਪ੍ਰਚਲਿਤ ਹੈ। ਅਜੋਕੇ ਸਮੇਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਬਉੱਚ ਅਦਾਲਤ ਹੈ ਜੋ ਸਿੱਖਾਂ ਦੇ ਫ਼ੈਸਲਿਆਂ ਦਾ ਨਿਪਟਾਰਾ ਕਰਦੀ ਹੈ। ਸਿੱਖ ਧਰਮ ਦੇ ਸਿਧਾਂਤਾਂ ਜਾਂ ਗੁਰੂ ਸਾਹਿਬਾਨ ਪ੍ਰਤੀ ਗ਼ਲਤ ਬੋਲਣ ਜਾਂ ਵਿਹਾਰ ਕਰਨ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਾ ਹੁੰਦਾ ਹੈ। ਇੱਥੇ ਪੰਜਾਂ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਸਰਬ-ਸੰਮਤੀ ਨਾਲ ਮੁਜ਼ਲਿਮ ਨੂੰ ਤਨਖਾਹ ( ਧਾਰਮਿਕ ਸਜ਼ਾ) ਲਗਾਉਂਦੇ ਹਨ। ਅਗਰ ਕੋਈ ਅਪਰਾਧੀ ਤਖ਼ਤ ’ਤੇ ਪੇਸ਼ ਨਾ ਹੋਵੇ ਤਾਂ ਉਸ ਨੂੰ ਪੰਥ ਵਿੱਚੋਂ ਛੇਕਣ ਦਾ ਵਿਧਾਨ ਵੀ ਹੈ; ਇਸੇ ਤਰ੍ਹਾਂ ਜੇਕਰ ਉਹ ਆਪਣਾ ਕਸੂਰ ਮੰਨ ਕੇ ਸਾਰੀ ਸੰਗਤ ਤੋਂ ਮੁਆਫ਼ੀ ਮੰਗਦਾ ਹੈ ਤਾਂ ਉਸ ਨੂੰ ਛੋਟੀ-ਮੋਟੀ ਸੇਵਾ ਦੇ ਕੇ ਮੁੜ ਪੰਥ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ।
ਗੁਰਬਾਣੀ ਮਨੁੱਖ ਨੂੰ ਆਸ਼ਾਵਾਦੀ ਦ੍ਰਿਸ਼ਟੀਕੋਣ ਦਿੰਦੀ ਹੋਈ ਸੱਚ ਨਾਲ ਜੁੜਨ, ਝੂਠ-ਰਹਿਤ, ਮਿਹਨਤੀ, ਮਿੱਠ ਬੋਲੜਾ ਸੁਭਾਅ, ਮਿਲਵਰਤਨ ਅਤੇ ਵੈਰ-ਰਹਿਤ ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ॥ ਅਤੇ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ ਭਾਵਨਾ ਰਾਹੀਂ ਇਕਹਰੇ ਸਮਾਜ ਦੇ ਗਠਨ ਲਈ ਯਤਨਸ਼ੀਲ ਹੁੰਦੀ ਹੈ। ਗੁਰਬਾਣੀ ਵਿਚਲੀ ਨੈਤਿਕਤਾ ਵਿਚ ਗੁਰੂ ਦੀ ਗੱਲ ਮੰਨਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਅੰਤਰਗਤ ਸਬਰ-ਸੰਤੋਖ, ਭਾਈਚਾਰਕ ਸਾਂਝ, ਨਿੰਦਾ-ਚੁਗਲੀ ਰਹਿਤ, ਸਾਦੀ ਜੀਵਨ-ਸ਼ੈਲੀ ਅਪਣਾਉਣ ਦਾ ਵਿਧਾਨ ਹੈ। ਇਸ ਅੰਤਰਗਤ ਸਿੱਖ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ, ਇਸ਼ਨਾਨ, ਬਾਣੀ ਪੜ੍ਹਨੀ ਤੇ ਸੁਣਨੀ, ਕੀਰਤਨ ਸੁਣਨਾ ਅਤੇ ਕਰਨਾ, ਗੁਰਮੁਖਾਂ ਦੀ ਸੰਗਤ ਕਰਨੀ ਅਤੇ ਅੱਠੇ ਪਹਿਰ ਉਠਦਿਆਂ-ਬਹਿੰਦਿਆਂ ਪਰਮਾਤਮਾ ਦੇ ਨਾਮ ਦਾ ਜਾਪ ਕਰਨ ਦਾ ਨੈਤਿਕ ਉਪਦੇਸ਼ ਦਿੱਤਾ ਗਿਆ ਹੈ। ਗੁਰਮਤਿ ਨੇ ਸਿੱਖ ਲਈ ਨਸ਼ਾ ਨਾ ਕਰਨ ਦੀ ਸਖ਼ਤ ਹਦਾਇਤ ਕੀਤੀ ਹੈ।
ਗੁਰਬਾਣੀ ਦਾ ਸਾਹਿਤਕ ਮਹੱਤਵ ਵੀ ਵਧੇਰੇ ਵਿਚਾਰਨਯੋਗ ਵਿਸ਼ਾ ਹੈ। ਗੁਰੂ ਸਾਹਿਬਾਨ ਨੇ ਸਮਾਜ ਦੇ ਲੋਕਾਂ ਦੀ ਬੋਲੀ ਨੂੰ ਚੁਣ ਕੇ ਉਸ ਵਿਚ ਬਾਣੀ ਰਚੀ। ਇਸ ਬਾਣੀ ਦੀ ਇਕੱਤਰਤਾ, ਵਿਉਂਤਬੰਦੀ, ਤਰਤੀਬ ਅਨੁਸਾਰ ਪੇਸ਼ਕਾਰੀ ਅਤੇ ਸੰਪਾਦਕੀ ਆਦਿ ਗੁਰੂ ਸਾਹਿਬਾਨ ਦੀ ਪਹਿਲੀ ਅਤੇ ਸਫ਼ਲ ਸੰਪਾਦਕ ਕਲਾ ਦੀ ਮਿਸਾਲ ਪੇਸ਼ ਕਰਦੀ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚਲੀ ਬਾਣੀ ਵਧੇਰੇ ਕਰਕੇ ਲੋਕ ਕਾਵਿ-ਰੂਪਾਂ ਦੇ ਵਿਚ ਪ੍ਰਗਟ ਹੋਈ ਹੈ। ਜਿਸ ਵਿੱਚੋਂ ਘੋੜੀਆਂ, ਪਹਿਰੇ, ਵਾਰਾਂ, ਛੰਦ, ਵਣਜਾਰਾ, ਸੁਚਜੀ, ਕੁਚਜੀ, ਫੁਨਹੇ, ਚਉਬੋਲੇ, ਬਾਰਾਮਾਂਹ, ਥਿਤੀ, ਅਲਾਹੁਣੀਆਂ ਆਦਿ ਵਿਚਾਰੇ ਜਾ ਸਕਦੇ ਹਨ। ਇਸ ਸਾਹਿਤਕਤਾ ਵਿੱਚੋਂ ਗੁਰਬਾਣੀ ਦੇ ਸੰਗੀਤਕ ਹੋਣ ਕਾਰਨ ਇਸ ਵਿਚ ਆਏ ੩੧ ਰਾਗਾਂ ਦੇ ਮਹੱਤਵ ਨੂੰ ਵੀ ਵਿਚਾਰਿਆ ਜਾ ਸਕਦਾ ਹੈ।
ਸੋ ਉਪਰੋਕਤ ਅਧਿਐਨ ਤੋਂ ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਨੇ ਮੱਧਕਾਲੀ ਸਮਾਜ ਵਿਚ ਨਵੀਨ ਵਿਚਾਰਧਾਰਾ ਨੂੰ ਜਨਮ ਦਿੱਤਾ। ਜਿਸ ਨੇ ਭਾਰਤੀ ਦਰਸ਼ਨ ਨੂੰ ਇੱਕ ਨਵਾਂ ਮੋੜ ਦਿੱਤਾ। ਇਸ ਨੇ ਜਿੱਥੇ ਬਰਾਬਰਤਾ ਦਾ ਸਮਾਜ ਸਿਰਜਿਆ, ਉੱਥੇ ਸਭ ਨੂੰ ਅਧਿਆਤਮਿਕ ਪਦਵੀ ਪਾਉਣ ਦਾ ਮੌਕਾ ਵੀ ਪ੍ਰਦਾਨ ਕੀਤਾ ਹੈ। ਗੁਰਬਾਣੀ ਰਾਹੀਂ ਨੈਤਿਕਤਾ ਦਾ ਪ੍ਰਵਚਨ ਅੱਗੇ ਤੁਰਿਆ। ਇਸ ਕਰਕੇ ਮੱਧ ਕਾਲ ਨੂੰ ‘ਸੁਨਿਹਰੀ ਕਾਲ’ ਵਜੋਂ ਜਾਣਿਆ ਜਾਂਦਾ ਹੈ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਇਸ ਵਿਚਾਰਧਾਰਕ ਪੜਾਅ ਨੂੰ ਕਾਲ-ਕ੍ਰਮ ਅਨੁਸਾਰ ‘ਗੁਰੂ ਨਾਨਕ ਕਾਲ’ ਦਾ ਨਾਮ ਦਿੱਤਾ ਹੈ। ਇਸ ਵਿਚਾਰਧਾਰਾ ਅਧੀਨ ਹੀ ਸਿੱਖ ਧਰਮ ਵਿਗਸਿਆ ਹੈ। ਗੁਰਮਤਿ ਵਿਚਾਰ-ਧਾਰਾ ਦਾ ਮੂਲ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਤਮਾਨ ਸਮੇਂ ‘ਗੁਰੂ’ ਵਜੋਂ ਸਿੱਖ ਪੰਥ ਦੀ ਅਗਵਾਈ ਕਰਦੇ ਹਨ। ਗੁਰਮਤਿ ਦਾ ਸੰਦੇਸ਼ ਸਰਬਕਾਲੀ ਹੋਣ ਕਰਕੇ ਮਾਨਵਵਾਦੀ/ਵਿਸ਼ਵਵਿਆਪੀ ਏਕਤਾ ਸਥਾਪਿਤ ਕਰਨ ਲਈ ਯਤਨਸ਼ੀਲ ਹੈ। ਇਸ ਤਰ੍ਹਾਂ ਗੁਰਬਾਣੀ ਧਾਰਮਿਕ ਮਹੱਤਤਾ ਦੇ ਨਾਲ ਨਾਲ ਸਾਹਿਤਕ ਧਾਰਾ ਵਜੋਂ ਵਿਸ਼ੇਸ਼ ਮਹੱਤਵ ਰੱਖਦਾ ਹੈ।
ਹਵਾਲੇ ਅਤੇ ਟਿੱਪਣੀਆਂ
੧. ਡਾ. ਦੀਵਾਨ ਸਿੰਘ, ਫ਼ਰੀਦ ਦਰਸ਼ਨ, ਲਾਹੌਰ ਬੁਕ ਸ਼ਾਪ, ਲੁਧਿਆਣਾ, ੨੦੦੦, ਪੰਨਾ ੨੯.
੨. ਡਾ. ਅੰਮ੍ਰਿਤਪਾਲ ਕੌਰ, “ਭਗਤ ਬਾਣੀ ਅਧਿਆਤਮਿਕ ਅਨੁਭੂਤੀ ਅਤੇ ਅਭਿਵਿਅਕਤੀ” ਖੋਜ ਪਤ੍ਰਿਕਾ ਬਾਣੀਕਾਰ ਵਿਸ਼ੇਸ਼ ਅੰਕ, ਅੰਕ ੫੭, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਮਾਰਚ ੨੦੦੩, ਪੰਨਾ ੧੦੪.
੩. ਸਮਸ਼ੇਰ ਸਿੰਘ, “ਸਿੱਖ ਧਰਮ ਵਿਚ ਮਾਇਆ ਦਾ ਸੰਕਲਪ”, ਸਿੱਖ ਅਧਿਐਨ, (ਸੰਪਾ. ਬਲਕਾਰ ਸਿੰਘ) ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੯੮, ਪੰਨਾ ੮੮.
੪. ਕੁਲਵੰਤ ਕੌਰ, ਗੁਰਮਤਿ ਨੂਰ, ਵੈਲਵਿਸ਼ ਪਬਲਿਸ਼ਰਜ਼, ਦਿੱਲੀ, ਮਿਤੀਹੀਣ, ਪੰਨਾ ੧੭੫.
੫. ਮਨਮੋਹਨ ਸਿੰਘ, ਗੁਰਮਤਿ ਕਾਵਿ ਦਾ ਬਹੁ-ਪੱਖੀ ਅਧਿਅਨ, ਮਨਦੀਪ ਪ੍ਰਕਾਸ਼ਨ, ਨਵੀਂ ਦਿੱਲੀ, ੧੯੯੩, ਪੰਨਾ ੨੨.
੬. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵ ਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ, ੨੦੦੫, ਭਾਗ-੨, ਪੰਨਾ ੧੪੩੮.
੭. ਭਾਈ ਕਾਨ੍ਹ ਸਿੰਘ ਨਾਭਾ, ਗੁਰਮਤਿ ਮਾਰਤੰਡ, ਭਾਗ-ਦੂਜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੀ੍ਰ ਅੰਮ੍ਰਿਤਸਰ, ੨੦੦੮, ਪੰਨਾ ੭੭੫.
੮. ਗੁਰਸ਼ਰਨਜੀਤ ਸਿੰਘ, “ਗੁਰੂ ਨਾਨਕ ਬਾਣੀ ਵਿੱਚ ਸਮੂਹਿਕ ਮੁਕਤੀ ਦਾ ਸੰਕਲਪ”, ਗੁਰੂ ਨਾਨਕ ਬਾਣੀ : ਸਮਾਜਿਕ ਅਤੇ ਸਭਿਆਚਾਰਕ ਪਰਿਪੇਖ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ੨੦੦੬, ਪੰਨਾ ੧੬੬.
੯. ਗੁਰਸ਼ਰਨਜੀਤ ਸਿੰਘ, ਗੁਰੂ ਗ੍ਰੰਥ ਸਾਹਿਬ: ਪਰੰਪਰਾ ਅਤੇ ਇਤਿਹਾਸ, ਗੁਰਨਿਧ ਪ੍ਰਕਾਸ਼ਨ, ਅੰਮ੍ਰਿਤਸਰ, ੨੦੦੫, ਪੰਨਾ ੩੪.
੧੦. ਮਨਦੀਪ ਕੌਰ (ਢਿੱਲੋਂ), “ਮਨੁੱਖੀ ਕਦਰਾਂ ਕੀਮਤਾਂ ਦਾ ਸ੍ਰੋਤ”, ਬਾਣੀ: ਸਿਧਾਂਤ, ਇਤਿਹਾਸ, (ਸੰਪਾ. ਗੁਰਸ਼ਰਨਜੀਤ ਸਿੰਘ), ਏਂਜਲ ਪਬਲੀਕੇਸ਼ਨ, ਅੰਮ੍ਰਿਤਸਰ, ੨੦੧੨, ਪੰਨੇ ੧੦੦-੧੦੧.
੧੧. ਹਰਮੀਤ ਸਿੰਘ (ਸੰਪਾ.), ਬਾਣੀਕਾਰ : ਭਗਤ ਨਾਮਦੇਵ, ਪੰਜਾਬੀ ਅਕਾਦਮੀ, ਦਿੱਲੀ, ੧੯੮੭, ਪੰਨਾ ੧੯.
੧੨. ਹਰਿੰਦਰ ਕੌਰ, “ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਰੀ ਦਾ ਸਰੂਪ”, ਵਿਸਮਾਦ ਨਾਦ, ਵਿਸ਼ੇਸ਼ ਅੰਕ ਸੀ੍ਰ ਗੁਰੂ ਗ੍ਰੰਥ ਸਾਹਿਬ ਦੀ ਮਨੱਖਤਾ ਨੂੰ ਦੇਣ, ਇੰਟਰਨੈਸ਼ਨਲ ਇਨਸਟੀਚਿਊਟ ਆਫ਼ ਗੁਰਮਤਿ ਸਟੱਡੀਜ਼, ਲੁਧਿਆਣਾ, ਜਨਵਰੀ, ੧੯੯੪, ਪੰਨਾ ੩੬੪.
੧੩. ਘੋਕੳਲ ਛਹੳਨਦ ਂੳਰੳਨਗ, ਠਰੳਨਸਡੋਰਮੳਟiੋਨ ੋਡ ਸ਼ਕਿਹਸਿਮ, ਂੲਾ ਭੋੋਕ ਸ਼ੋਚਇਟੇ ੋਡ ੀਨਦiੳ, ਂੲਾ ਧੲਲਹi, ੧੯੬੦, ਪ. ੮੦.
੧੪. ਸਿੱਖ ਰਹਿਤ ਮਰਯਾਦਾ, ਪੰਨਾ ੨੦.
੧੫. ਭਾਈ ਕਾਨ੍ਹ ਸਿੰਘ ਨਾਭਾ, ਗੁਰੁਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ ੯੭੫.
੧੬. ਤਾਰਨ ਸਿੰਘ, ਸਿੱਖ, ਸਿੱਖੀ ਅਤੇ ਸਿਧਾਂਤ, ਧਰਮ ਪ੍ਰਚਾਰਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ੨੦੦੭, ਪੰਨਾ ੧੯੫.
੧੭. ਰਜਿੰਦਰ ਸਿੰਘ (ਛਾਬੜਾ), ਗੁਰਬਾਣੀ ਸੰਦੇਸ਼, ਨਵੀਨ ਪ੍ਰਕਾਸ਼ਨ, ਅੰਮ੍ਰਿਤਸਰ, ੧੯੯੦, ਪੰਨਾ ੨੨.
-ਡਾ. ਅਮਨਪ੍ਰੀਤ ਸਿੰਘ*
*ਅਸਿਸਟੈਂਟ ਪੋ੍ਰਫ਼ੈਸਰ, ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ। ਮੋ: +੯੧੮੧੯੬੯-੩੮੮੮੬