
-ਬੀਬੀ ਪ੍ਰਕਾਸ਼ ਕੌਰ
ਆਦਿ ਕਾਲ ਤੋਂ ਇਸਤਰੀ ਘਿਰਣਾ ਦੀ ਪਾਤਰ ਰਹੀ ਹੈ। ਮਰਦ ਪ੍ਰਧਾਨ ਸਮਾਜ ਹੋਣ ਕਰਕੇ ਸਾਰੀਆਂ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਸੀ ਸ਼ਕਤੀਆਂ ਮਰਦ ਦੇ ਕੋਲ ਸਨ। ਇਸਤਰੀ ਨੂੰ ਮਰਦ ਨੇ ਆਪਣੇ ਅਧੀਨ ਐਸ਼-ਪ੍ਰਸਤੀ ਤੇ ਘਰੇਲੂ ਕੰਮ-ਕਾਜ ਲਈ ਰੱਖਿਆ ਹੋਇਆ ਸੀ। ਇਸਤਰੀ ਦੇ ਮਨ ਦੀ ਪੀੜਾ, ਮਨ ਦੀ ਰੀਝ, ਸੱਧਰ ਤੇ ਸੁਤੰਤਰਤਾ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ ਸੀ। ਇਸਤਰੀ ਦੀ ਸਥਿਤੀ ਪੀੜ੍ਹੀਓਂ-ਦਰ-ਪੀੜੀ ਵਿਗੜਦੀ ਜਾ ਰਹੀ ਸੀ। ਇਸਤਰੀ ਦੇ ਉੱਚੇ-ਸੁੱਚੇ ਗੁਣ, ਸੰਜਮ, ਸਹਿਣਸ਼ੀਲਤਾ, ਨਿਮਰਤਾ, ਸੇਵਾ ਭਾਵ, ਪਿਆਰ, ਤਿਆਗ, ਸਬਰ-ਸੰਤੋਖ ਤੇ ਸਖਤ ਮਿਹਨਤ ਆਦਿ ਸ੍ਰੇਸ਼ਟ ਗੁਣਾਂ ਵੱਲ ਕਿਸੇ ਨੇ ਵੀ ਗੌਰ ਨਹੀਂ ਕੀਤਾ। ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਆਦਿ ਕਾਲ ਤੋਂ ਹੀ ਇਸਤਰੀ ਨੂੰ ਮਰਦ ਦੇ ਤਸੀਹੇ ਸਹਿਣੇ ਪਏ ਅਤੇ ਉਸ ਦੀ ਅਵਾਜ਼ ਨੂੰ ਦੱਬੀ ਰੱਖਿਆ ਗਿਆ।
ਚਰਮ ਸੀਮਾਂ ’ਤੇ ਪਹੁੰਚ ਚੁੱਕੇ ਅਜਿਹੇ ਅੱਤਿਆਚਾਰ ਨੂੰ ਠੱਲ ਪਾਉਣ ਲਈ ਅਤੇ ਮਨੁੱਖ ਨੂੰ ਸਹੀ ਮਾਰਗ ‘ਤੇ ਚਲਾਉਣ ਲਈ ਅਕਾਲ ਪੁਰਖ ’ਦੇ ਹੁਕਮ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਧਾਰਿਆ। ਇਕੱਲੀ ਇਸਤਰੀ ਜਾਤੀ ਲਈ ਹੀ ਨਹੀਂ, ਸਗੋਂ ਜਿਸ ਮਨੁੱਖੀ ਵਰਗ ਉੱਤੇ ਜ਼ੁਲਮ, ਜ਼ਬਰ ਤੇ ਧੱਕਾ ਹੋ ਰਿਹਾ ਸੀ, ਉਸ ਦੀ ਬਾਂਹ ਫੜੀ। ਧਰਮੀ ਤੇ ਰਾਜਸੀ ਆਗੂਆਂ ਨਾਥਾਂ, ਜੋਗੀਆਂ, ਮੁੱਲਾਂ, ਮੁਲਾਣਿਆਂ, ਕਾਜ਼ੀਆਂ, ਪੰਡਤਾਂ ਤੇ ਰਾਜਿਆਂ ਵੱਲੋਂ ਕੀਤੇ ਜਾ ਰਹੇ ਮਾੜੇ ਕੰਮਾਂ ਦੀ ਡਟ ਕੇ ਨਿੰਦਾ ਕੀਤੀ। ਉਨ੍ਹਾਂ ਸਭ ਨੂੰ ਇਨਸਾਨੀਅਤ ਦਾ ਰਸਤਾ ਦਿਖਾਇਆ। ਗੁਰੂ ਸਾਹਿਬ ਜੀ ਵਿਸ਼ਵ ਦੇ ਪਹਿਲੇ ਕ੍ਰਾਂਤੀਕਾਰੀ ਸਮਾਜ-ਸੁਧਾਰਕ ਹੋਏ ਹਨ, ਜਿਨ੍ਹਾਂ ਨੇ ਬੁਲੰਦ ਅਵਾਜ਼ ਤੇ ਨਗਾਰੇ ਦੀ ਚੋਟ ਵਾਂਗ ਖੁਲ੍ਹ ਕੇ ਹੋਕਾ ਦਿੱਤਾ। ਗੁਰੂ ਜੀ ਨੇ ਨਿਰਭੈਤਾ ਨਾਲ ਸਮਕਾਲੀ ਰਾਜਿਆਂ ਤੇ ਧਾਰਮਿਕ ਕੱਟੜ-ਪੰਥੀਆਂ ਨੂੰ ਕਿਹਾ ਕਿ ਉਹ ਇਸਤਰੀ ਜਾਤੀ ਦਾ ਸਨਮਾਨ ਕਰਨ। ਰਾਜਿਆਂ ਦੇ ਮੂੰਹ ’ਤੇ ਕਰਾਰੀ ਚੋਟ ਮਾਰਦਿਆਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਆਪਣੀ ਜਨਮ-ਦਾਤੀ ਨੂੰ ਮੰਦਾ ਕਿਉਂ ਆਖਦੇ ਹੋ ਤੇ ਉਸ ਨੂੰ ਮਾੜਾ ਕਿਉਂ ਕਹਿੰਦੇ ਹੋ? ਇਸਤਰੀ ਤੋਂ ਹੀ ਤੁਸੀਂ ਸਭ ਜਨਮ ਲੈਂਦੇ ਹੋ, ਇਸਤਰੀ ਨਾਲ ਮੰਗਣੀ ਤੇ ਵਿਆਹ ਹੁੰਦੇ ਹਨ। ਜੇ ਇਸਤਰੀ ਮਰ ਜਾਵੇ ਤਾਂ ਦੂਸਰੀ ਇਸਤਰੀ ਭਾਲਦੇ ਹੋ, ਕਿਉਂਕਿ ਇਸਤਰੀ ਬਿਨਾਂ ਕੋਈ ਵੀ ਧਾਰਮਿਕ, ਸਮਾਜਿਕ ਤੇ ਭਾਈਚਾਰਕ ਕੰਮ ਚੱਲਦਾ ਹੀ ਨਹੀਂ।
ਜਿਸ ਇਸਤਰੀ ਤੋਂ ਬਿਨਾਂ ਮਨੁੱਖ ਦੀ ਹੋਂਦ ਹੀ ਨਹੀਂ ਅਤੇ ਜਿਸ ਦੇ ਬਿਨਾਂ ਮਨੁੱਖ ਰਹਿ ਹੀ ਨਹੀਂ ਸਕਦਾ, ਤਾਂ ਉਸ ਨੂੰ ਮਾਰਨਾ, ਉਸ ਉੱਤੇ ਜ਼ੁਲਮ ਅੱਤਿਆਚਾਰ ਕਰਨੇ ਤੇ ਉਸ ਨੂੰ ਗ਼ੁਲਾਮ ਬਣਾ ਕੇ ਰੱਖਣਾ, ਇਹ ਘੋਰ ਅਨਿਆਂ ਹੈ। ਇਸਤਰੀ ਵੀ ਉਨ੍ਹੀ ਹੀ ਸੁਤੰਤਰਤਾ ਅਤੇ ਬਰਾਬਰਤਾ ਦੀ ਹੱਕਦਾਰ ਹੈ, ਜਿੰਨਾ ਕਿ ਮਰਦ। ਇਸ ਦੇ ਪ੍ਰਮਾਣ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ ਅੰਕਿਤ ਹਨ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੪੭੩)
ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿਚ ਮਾਤਾ ਖੀਵੀ ਜੀ ਨੂੰ ਜੋ ਮਾਣ-ਸਤਿਕਾਰ ਮਿਲਿਆ, ਉਹ ਆਪਣੀ ਮਿਸਾਲ ਆਪ ਹੀ ਹੈ। ਗੁਰੂ-ਘਰ ਵਿਖੇ ਸਮੁੱਚੇ ਲੰਗਰ ਦੀ ਸੇਵਾ, ਆਈ-ਗਈ ਸਾਧ-ਸੰਗਤ ਦੀ ਸੇਵਾ ਆਦਿ ਸਭ ਉਨ੍ਹਾਂ ਦੀ ਦੇਖ-ਰੇਖ ਵਿਚ ਹੁੰਦੀ ਸੀ। ਮਾਤਾ ਖੀਵੀ ਜੀ ਨਿਮਰਤਾ, ਸ਼ਾਂਤੀ, ਧੀਰਜ, ਸਹਿਣਸ਼ੀਲਤਾ ਤੇ ਪਰਉਪਕਾਰ ਦੀ ਮੂਰਤ ਸਨ। ਉਹ ਨਾਮ ਰੰਗ ਵਿਚ ਰੰਗੇ ਹੋਏ ਰੱਬੀ ਮੂਰਤ ਸਨ। ਮਾਤਾ ਖੀਵੀ ਜੀ ਪਹਿਲੀ ਸਿੱਖ ਇਸਤਰੀ ਸਨ ਜਿਨ੍ਹਾਂ ਦੀ ਪ੍ਰਸੰਸਾ ਭਾਈ ਸਤਾ ਜੀ ਤੇ ਭਾਈ ਬਲਵੰਡ ਜੀ ਨੇ ਕੀਤੀ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ :
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੯੬੭)
ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਮਤਿ ਪ੍ਰਚਾਰ ਲਈ ੨੨ ਮੰਜੀਆਂ (ਪ੍ਰਚਾਰਕਾਂ) ਵਿੱਚੋਂ ਦੋ ਮੰਜੀਆਂ ਇਸਤਰੀਆਂ ਨੂੰ ਦੇ ਕੇ ਮਰਦ ਦੇ ਬਰਾਬਰ ਦਾ ਮਾਣ-ਸਤਿਕਾਰ ਬਖ਼ਸ਼ਿਆ। ਗੁਰੂ ਸਾਹਿਬ ਜੀ ਨੇ ਇਸਤਰੀ ਨੂੰ ਘੁੰਡ ਕੱਢਣ ਦੇ ਰੀਤੀ-ਰਿਵਾਜ ਦਾ ਖਾਤਮਾ ਕਰਨ ਦਾ ਵੀ ਉਪਦੇਸ਼ ਦਿੱਤਾ। ਫਿਰ ਵਿਧਵਾ ਵਿਆਹ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਸਤੀ ਦੀ ਰਸਮ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਬਚਨ ਕਹੇ :
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ ॥
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੭੮੭)
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਵਾਰ ਵਿਚ ਇਸਤਰੀ ਦਾ ਦਰਜਾ ਸਰਵ-ਸ੍ਰੇਸ਼ਟ ਦਰਸਾਇਆ ਤੇ ਫੁਰਮਾਇਆ :
ਸਭ ਪਰਵਾਰੈ ਮਾਹਿ ਸਰੇਸਟ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੩੭੧)
ਇਸੇ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵੀ ਪੀਰ ਸ਼ਾਹ ਦੌਲਾ ਨੇ ਪ੍ਰਸ਼ਨ ਕੀਤਾ ਸੀ ਕਿ ਔਰਤ ਕਿਆ ਤੇ ਫਕੀਰੀ ਕਿਆ? ਗੁਰੂ ਸਾਹਿਬ ਜੀ ਨੇ ਔਰਤ ਨੂੰ ਈਮਾਨ ਕਹਿ ਕੇ ਉਸ ਦੇ ਮਨ ਅੰਦਰ ਇਸਤਰੀ ਬਾਰੇ ਪਏ ਭੁਲੇਖੇ ਨੂੰ ਦੂਰ ਕੀਤਾ। ਉਨ੍ਹਾਂ ਨੇ ਹਰ ਮਾਂ ਕੋਲ ਇਕ ਬੇਟੀ ਦੀ ਲੋੜ ਨੂੰ ਜ਼ਰੂਰੀ ਦਰਸਾਇਆ :
ਸੀਲਵੰਤ ਕੰਨਿਆ ਇਕ ਹੋਵੇ। ਨਹੀਂ ਤਾ ਮਾਤਾ ਗ੍ਰਹਿਸਤ ਵਿਗੋਵੈ ॥
(ਗੁਰੂ ਬਿਲਾਸ ਪਾਤਸ਼ਾਹੀ ਛੇਵੀਂ, ਬਚਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ)
ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਲੂਰ ਦੇ ਰਾਜੇ ਪਾਸੋਂ ਨਵਾਂ ਨਗਰ ਵਸਾਉਣ ਲਈ ਜੋ ਜ਼ਮੀਨ ਖਰੀਦੀ ਸੀ, ਉਸ ਦਾ ਨਾਮ ‘ਚੱਕ ਨਾਨਕੀ’ ਰੱਖਿਆ, ਜੋ ਉਨ੍ਹਾਂ ਦੇ ਆਪਣੇ ਮਾਤਾ ਜੀ ਪ੍ਰਤੀ ਪਿਆਰ ਤੇ ਮਾਣ- ਸਤਿਕਾਰ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਉਨ੍ਹਾਂ ਦੇ ਮਹਿਲ ਮਾਤਾ ਗੁਜਰੀ ਜੀ ਨੇ ਵੀ ਗੁਰੂ-ਪਤੀ ਨੂੰ ਦਿੱਲੀ ਵਿਖੇ ਸ਼ਹੀਦੀ ਦੇਣ ਲਈ ਖ਼ੁਦ ਤੋਰਿਆ ਅਤੇ ਪਿੱਛੋਂ ਪੁੱਤਰ ਦਸਵੇਂ ਪਾਤਸ਼ਾਹ ਦੀ ਜ਼ਿੰਮੇਵਾਰੀ ਨੂੰ ਨਿਭਾਇਆ ਤੇ ਆਪਣੇ ਪੋਤਰਿਆਂ ਵਿਚ ਸਿੱਖੀ ਸਿਦਕ ਦਾ ਜਜ਼ਬਾ ਭਰਨ ਲਈ ਇਕ ਵੱਡੀ ਭੂਮਿਕਾ ਨਿਭਾਈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੬੯੯ ਈ. ਨੂੰ ਖਾਲਸਾ-ਪੰਥ ਦੀ ਸਾਜਨਾ ਕੀਤੀ ਤਾਂ ਵੀ ਇਸਤਰੀ ਨੂੰ ਵੀ ਅੰਮ੍ਰਿਤ ਦੀ ਦਾਤ ਤੋਂ ਲਾਂਭੇ ਨਹੀਂ ਰੱਖਿਆ ਅਤੇ ਉਨ੍ਹਾਂ ਨੂੰ ਖੰਡੇ-ਬਾਟੇ ਦੀ ਪਾਹੁਲ ਦੇ ਕੇ ਸਿੰਘਣੀਆਂ ਭਾਵ ਸ਼ੇਰਨੀਆਂ ਬਣਾ ਦਿੱਤਾ। ਇਸ ਦੇ ਨਾਲ ਹੀ ਇਸਤਰੀ ਨੂੰ ਆਪਣੇ ਨਾਮ ਨਾਲ ‘ਕੌਰ’ ਸ਼ਬਦ ਲਗਾਉਣ ਦੀ ਤਾਕੀਦ ਕੀਤੀ।
ਗੁਰੂ-ਕਾਲ ਵਿਚ ਹੋਏ ਗੁਰਮਤਿ ਦੇ ਮਹਾਨ ਲਿਖਾਰੀ ਭਾਈ ਗੁਰਦਾਸ ਜੀ ਦੁਆਰਾ ਗੁਰਮਤਿ ਦਾ ਸੰਦੇਸ਼ ਇਸਤਰੀ ਦੇ ਸਨਮਾਨ ਦੀ ਅਤਿ ਉੱਤਮ ਉਦਾਹਰਨ ਹੈ :
-ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ । (ਵਾਰ ੨੯:੧੧)
–ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ। (ਵਾਰ ੬੮)
ਭਗਤ ਸਾਹਿਬਾਨ ਅਤੇ ਹੋਰਨਾਂ ਗੁਰਮੁਖਾਂ ਨੇ ਵੀ ਇਸਤਰੀਆਂ ਪ੍ਰਤੀ ਸਨਮਾਨ ਅਤੇ ਮਰਦ ਦੇ ਬਰਾਬਰ ਅਧਿਕਾਰ ਦੇਣ ਦਾ ਅਹਿਦ ਕੀਤਾ। ਸਿੱਖ ਧਰਮ ਵਿਚ ਇਸਤਰੀ ਦੇ ਸਨਮਾਨ ਤੇ ਸਤਿਕਾਰ ਦੀ ਹੀ ਗੱਲ ਨਹੀਂ ਕੀਤੀ, ਸਗੋਂ ਮਰਦਾਂ ਨੂੰ ਵੀ ਇਹ ਸਿੱਖਿਆ ਦਿੱਤੀ ਕਿ ਉਹ ਪਰਾਈ ਇਸਤਰੀ ਨੂੰ ਆਪਣੀ ਧੀ, ਭੈਣ ਤੇ ਮਾਂ ਦੇ ਤੁਲ ਸਮਝਣ ਅਤੇ ਉਨ੍ਹਾਂ ਪ੍ਰਤੀ ਕਿਸੇ ਤਰ੍ਹਾਂ ਦੀ ਬੁਰੀ ਭਾਵਨਾ ਮਨ ਵਿਚ ਨਾ ਲਿਆਉਣ:
ਘਰ ਕੀ ਨਾਰਿ ਤਿਆਗੈ ਅੰਧਾ ॥ ਪਰ ਨਾਰੀ ਸਿਉ ਘਾਲੈ ਧੰਧਾ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੧੬੪)
ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੰਘਣੀਆਂ ਨੇ ਵੀ ਉਸੇ ਤਰ੍ਹਾਂ ਮਰਦਾਂ ਨਾਲ ਸੂਰਬੀਰਤਾ ਅਤੇ ਬਹਾਦਰੀ ਦੇ ਜੌਹਰ ਵਿਖਾਏ, ਜਿਵੇਂ ਸਿੰਘਾਂ ਨੇ ਵਿਖਾਏ ਸਨ। ਸੋ ਇਸਤਰੀ ਕਮਜ਼ੋਰ ਤੇ ਬੁਜ਼ਦਿਲ ਨਹੀਂ, ਉਹ ਬਲਵਾਨ ਸ਼ਕਤੀ ਦਾ ਪ੍ਰਤੀਕ ਹੈ। ਅਜੋਕੇ ਸਮੇਂ ਵੀ ਇਸਤਰੀਆਂ ਪੜ੍ਹ-ਲਿਖ ਕੇ ਮਰਦਾਂ ਵਾਂਗ ਸਕੂਲਾਂ, ਕਾਲਜਾਂ, ਦਫ਼ਤਰਾਂ, ਪੁਲਾੜ ਵਿਗਿਆਨ, ਜਲ, ਥਲ ਤੇ ਹਵਾਈ ਸੈਨਾ ਤੋਂ ਇਲਾਵਾ ਸਮਾਜਿਕ, ਧਾਰਮਿਕ, ਰਾਜਨੀਤਿਕ ਆਦਿ ਹਰ ਖੇਤਰ ਵਿਚ ਮਰਦ ਦੇ ਬਰਾਬਰ ਕੰਮ ਕਰ ਰਹੀਆਂ ਹਨ। ਸਿੱਖ ਧਰਮ ਵੱਲੋਂ ਇਸਤਰੀ ਦੇ ਹੱਕ, ਇਨਸਾਫ਼ ਲਈ ਪਹਿਲ-ਕਦਮੀਂ ਕਰਨ ਕਰਕੇ ਹੀ ਇਸਤਰੀ ਦੇ ਹਾਲਾਤਾਂ ਵਿਚ ਸੁਧਾਰ ਹੋਣਾ ਸ਼ੁਰੂ ਹੋਇਆ ਹੈ। ਭਾਵੇਂ ਇਸਤਰੀਆਂ ਲਈ ਬਰਾਬਰਤਾ, ਸਮਾਨਤਾ ਦੇ ਸਰਕਾਰ ਵੱਲੋਂ ਕਾਨੂੰਨ ਬਣੇ ਹੋਏ ਹਨ, ਪਰ ਫਿਰ ਵੀ ਇਸਤਰੀਆਂ ’ਤੇ ਮਾਨਸਿਕ, ਸਰੀਰਕ ਤੌਰ ‘ਤੇ ਜ਼ੁਲਮ ਹੋ ਰਿਹਾ ਹੈ। ਹਾਲੇ ਵੀ ਕਿਤੇ ਦਹੇਜ ਸਮੱਸਿਆ, ਭਰੂਣ ਹੱਤਿਆ, ਸਰੀਰਕ ਸ਼ੋਸ਼ਣ, ਤੇਜ਼ਾਬੀ ਹਮਲੇ ਆਦਿ ਹੋ ਰਹੇ ਹਨ।
‘ਸਿੱਖ ਰਹਿਤ ਮਰਯਾਦਾ’ ਅਨੁਸਾਰ ਕੁੜੀਮਾਰ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਮਾਦਾ ਭਰੂਣ ਹੱਤਿਆ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕੀਤਾ ਹੈ ਤੇ ਦੋਸ਼ੀ ਨੂੰ ਸਜ਼ਾ ਜਾਂ ਜੁਰਮਾਨਾ ਵੀ ਹੈ, ਪਰ ਫਿਰ ਵੀ ਲੋਕਾਂ ਦੀ ਮਾਦਾ ਭਰੂਣ ਹੱਤਿਆ ਬਾਰੇ ਭੈੜੀ ਮਾਨਸਿਕਤਾ ਨੂੰ ਬਦਲ ਕੇ ਅਜਿਹੀ ਕੁਰੀਤੀ ਵਿਰੁੱਧ ਕ੍ਰਾਂਤੀ ਲਿਆਉਣ ਲਈ ਕੋਈ ਲਹਿਰ ਜਾਂ ਵਿਵਸਥਾ ਸਾਰਥਕ ਰੋਲ ਨਿਭਾ ਸਕਦੀ ਹੈ ਤਾਂ ਉਹ ਕੇਵਲ ਗੁਰਮਤਿ ਸਿੱਖਿਆ ਹੀ ਹੈ। ਗੁਰਮਤਿ ਫ਼ਿਲਾਸਫ਼ੀ ਅਤੇ ਰਹਿਤਨਾਮਿਆਂ ਵਿਚ ਵੀ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਸਥਾਨ ਪ੍ਰਾਪਤ ਹੈ। ਗੁਰਮਤਿ ਹਰ ਪ੍ਰਕਾਰ ਦੀ ਹਿੰਸਾ ਦੇ ਵਿਰੁੱਧ ਵੀ ਹੈ। ਗੁਰਬਾਣੀ ਵਿਚ ਕੰਨਿਆ ਨੂੰ ਮਾਰਨਾ ਮਹਾਂ ਪਾਪ ਕਿਹਾ ਗਿਆ ਹੈ :
ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥
ਫਿਟਕ ਫਿਟਕਾ ਕੋੜਾ ਬਦੀਆ ਸਦਾ ਸਦਾ ਅਭਿਮਾਨੁ ॥
ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੧੩)
ਗੁਰਮਤਿ ਵਿਚ ਕੁੜੀਮਾਰ ਦਾ ਮੁਕੰਮਲ ਬਾਈਕਾਟ ਕਰ ਕੇ ਉਸ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਰਹਿਤਨਾਮਾ ਭਾਈ ਦੇਸਾ ਸਿੰਘ ਤੇ ਭਾਈ ਨੰਦ ਲਾਲ ਜੀ ਅਨੁਸਾਰ :
–ਕੁੜੀਮਾਰ ਆਦਿਕ ਹੈ ਜੇਤੇ ॥
ਮਨ ਤੇ ਦੂਰ ਤਿਆਗੇ ਤੇਰੇ ॥
–ਕੁੜੀਮਾਰ ਨਾਲ ਰੋਟੀ ਬੇਟੀ ਦਾ ਨਾਤਾ ਨਹੀਂ ਰੱਖਣਾ ॥
ਸੋ ਰਹਿਤਨਾਮਿਆਂ ਵਿਚ ਵੀ ਇਸਤਰੀ ਨੂੰ ਸਤਿਕਾਰ ਤੇ ਬਰਾਬਰਤਾ ਦਿੱਤੀ ਗਈ ਹੈ। ਠੀਕ ਹੈ ਕਿ ਆਧੁਨਿਕ ਯੁੱਗ ਵਿਚ ਸਮਾਜ ਨੇ ਪੜ੍ਹ-ਲਿਖ ਕੇ ਕਾਫ਼ੀ ਤਰੱਕੀ ਕਰ ਲਈ ਹੈ, ਪਰ ਬਹੁਤੇ ਮਨੁੱਖਾਂ ਦੀ ਮਾਨਸਿਕ ਸੋਚ ਵਿਚ ਪਰਿਵਰਤਨ ਨਹੀਂ ਆਇਆ। ਇਸਤਰੀ ਲਈ ਵਿੱਦਿਆ ਅਤੇ ਆਰਥਿਕ ਸੁਤੰਤਰਤਾ ਦਾ ਵੀ ਹੋਣਾ ਜ਼ਰੂਰੀ ਹੈ। ਇਸਤਰੀ ਪ੍ਰਤੀ ਪੁਰਾਤਨ ਸੋਚ ਬਦਲਣ ਲਈ ਗੁਰਮਤਿ ਸਿੱਖਿਆ ਹੀ ਰੋਲ ਨਿਭਾ ਸਕਦੀ ਹੈ। ਗੁਰਮਤਿ ਅਨੁਸਾਰ ਇਸਤਰੀ ਤੇ ਮਰਦ ਵਿਚ ਕੋਈ ਭੇਦ ਨਹੀਂ, ਸਗੋਂ ਸਭ ਥਾਂ ‘ਤੇ ਬਰਾਬਰਤਾ ਤੇ ਸਮਾਨਤਾ ਹੈ। ਸਦੀਵੀ ਹੱਲ ਇਹੀ ਹੈ ਕਿ ਸਿਰਫ ਗੁਰਬਾਣੀ ਅਨੁਸਾਰ ਜੀਵਿਆ ਜਾਵੇ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਸਤਰੀ ਆਪਣੇ ਘਰ-ਪਰਵਾਰ ਤੇ ਸਮਾਜ ਵਿਚ ਪੂਰੀ ਅਜ਼ਾਦੀ ਨਾਲ ਪੂਰਨ ਰੂਪ ਵਿਚ ਵਿਚਰ ਸਕੇਗੀ।