ਗੁਰਮਤਿ ਸੰਗੀਤ, ਗੁਰੂ ਸਾਹਿਬਾਨ ਦੁਆਰਾ ਵਰੋਸਾਈ ਸੰਗੀਤ ਪਰੰਪਰਾ ਹੈ ਜਿਸਦਾ ਮੂਲ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਸੰਗੀਤ ਵਿਧਾਨ ਹੈ। ਇਸਦਾ ਮੂਲ ਪ੍ਰਯੋਜਨ ਸ਼ਬਦ ਗੁਰੂ ਦੀ ਸ਼ਬਦ ਕੀਰਤਨ ਦੁਆਰਾ ਪ੍ਰਸਤੁਤੀ ਹੈ। ਸਮਕਾਲੀਨ ਪ੍ਰਸੰਗ ਵਿਚ ਵੇਖੀਏ ਤਾਂ ਗੁਰਮਤਿ ਸੰਗੀਤ ਤੋਂ ਇਲਾਵਾ ਸਿੱਖ ਸੰਗੀਤ ਵਿਸਤ੍ਰਿਤ ਰੂਪ ਵਿਚ ਪ੍ਰਗਟ ਹੋ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਦੀ ਅਨੁਸਾਰੀ ਰਾਗਾਤਮਕ ਕੀਰਤਨ ਚੌਂਕੀਆਂ ਦੀ ਪਰੰਪਰਾ, ਸੰਤ ਮਹਾਂਪੁਰਖਾਂ ਦੁਆਰਾ ਲੋਕ ਧਾਰਣਾਵਾਂ ਉਤੇ ਅਧਾਰਤ ਕੀਰਤਨ, ਸੁਗਮ ਧੁਨ ਉਤੇ ਸ਼ਬਦ ਕੀਰਤਨੀ ਜਥਿਆਂ ਦੁਆਰਾ ਸ਼ਬਦ ਕੀਰਤਨ ਦੀ ਪਰੰਪਰਾ, ਢਾਡੀ ਪਰੰਪਰਾ, ਕਵੀਸ਼ਰੀ ਇਹ ਸਾਰੇ ਸਮੁੱਚੇ ਸਿੱਖ ਸੰਗੀਤ’ ਦਾ ਵਿਵਿਧ ਰੂਪੀ ਸਰਮਾਇਆ ਹਨ।
ਕੀਰਤਨ ਦੇ ਸੰਦਰਭ ਵਿਚ ਵੇਖੀਏ ਤਾਂ ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤੀ ਰਾਗਾਤਮਕ ਕੀਰਤਨ ਚੌਕੀ ਪਰੰਪਰਾ ਅਤੇ ਸ਼ਬਦ ਕੀਰਤਨ ਗਾਇਨ ਦੀ ਸੁਗਮ ਪਰੰਪਰਾ ਵਰਤਮਾਨ ਸਮੇਂ ਸਿੱਖੀ ਜੀਵਨ ਅਤੇ ਗੁਰਦੁਆਰਾ ਸਾਹਿਬਾਨ ਦੀ ਮਰਿਆਦਾਗਤ ਪਰੰਪਰਾ ਦਾ ਬੁਨਿਆਦੀ ਵਿਵਹਾਰਕ ਅੰਗ ਹਨ। ਕੀਰਤਨ ਦੀਆਂ ਇਨ੍ਹਾਂ ਦੋਵ ਧਾਰਾਵਾਂ ਦਾ ਕਾਫ਼ੀ ਵਿਕਾਸ ਹੋ ਚੁੱਕਾ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਰਾਗ, ਵੱਖ-ਵੱਖ ਕੀਰਤਨ ਗਾਇਨ ਸ਼ੈਲੀਆਂ, ਕੀਰਤਨ ਗਾਇਨ ਸੰਕੇਤ ਅੰਕਤ ਕੀਤੇ ਗਏ ਹਨ ਜਿਨ੍ਹਾਂ ਦੇ ਆਧਾਰ ਉਤੇ ਵੱਖ-ਵੱਖ ਰਾਗਾਤਮਕ ਕੀਰਤਨ ਚੌਂਕੀਆਂ ਵਿਕਸਤ ਹੋਈਆਂ। ਇਨ੍ਹਾਂ ਰਾਗਾਤਮਕ ਕੀਰਤਨ ਚੌਂਕੀਆਂ ਦਾ ਪ੍ਰਵਾਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਨਿਰੰਤਰ ਪ੍ਰਚਲਨ ਅਧੀਨ ਹੈ।
ਰਾਗਾਤਮਕ ਕੀਰਤਨ ਦੀ ਪ੍ਰਸਤੁਤੀ ਲਈ ਗੁਰੂ ਸਾਹਿਬਾਨ ਨੇ ਸਾਨੂੰ ਵਿਭਿੰਨ ਕੀਰਤਨੀ ਸਾਜ਼ਾਂ ਦੀ ਪਰੰਪਰਾ ਵੀ ਪ੍ਰਦਾਨ ਕੀਤੀ। ਇਸ ਸੰਦਰਭ ਵਿਚ ਵੇਖੀਏ ਤਾਂ ਸਿੱਖ ਧਰਮ ਦੀ ਕੀਰਤਨ ਪਰੰਪਰਾ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਰਬਾਬ, ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਸਾਰੰਦਾ, ਗੁਰੂ ਹਰਿਗੋਬਿੰਦ ਜੀ ਦੁਆਰਾ ਤਾਊਸ, ਇਸਰਾਜ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿਲਰੁਬਾ, ਤੰਬੂਰਾ ਸਾਜ਼ਾਂ ਦਾ ਪ੍ਰਚਲਨ ਮਹਿਜ਼ ਇਤਫ਼ਾਕ ਨਹੀਂ ਸਗੋਂ ਸੰਗੀਤਕ ਦ੍ਰਿਸ਼ਟੀ ਤੋਂ ਇਸਦਾ ਵਿਸ਼ੇਸ਼ ਪ੍ਰਯੋਜਨਕਾਰੀ ਮਹੱਤਵ ਹੈ।
ਰਬਾਬ
ਰਬਾਬ ਗੁਰਮਤਿ ਸੰਗੀਤ ਦਾ ਪ੍ਰਥਮ ਸਾਜ਼ ਹੈ ਜਿਸ ਨੂੰ ਰਬਾਬੀ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਕੀਰਤਨ ਦੀ ਇਲਾਹੀ ਧੁਨ ਨਾਲ ਵਜਾਇਆ ਕਰਦੇ ਸਨ।
ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਨੂੰ ਆਪਣਾ ਸੰਗੀ ਚੁਣਨ ਸਮੇਂ ਗਾਇਨ ਦੇ ਨਾਲ ਨਾਲ ਉਸ ਦੀ ਵਾਦਨ ਕਲਾ ਨੂੰ ਵੀ ਆਪਣੀ ਮਿਹਰ ਦਾ ਪਾਤਰ ਬਣਾਇਆ ਅਤੇ ਭੈਰੋਆਣਾ ਦੇ ਭਾਈ ਫਿਰਦਾ (ਭਾਈ ਫੇਰੂ) ਕੋਲੋਂ ਵਿਸ਼ੇਸ਼ ਪਰਕਾਰ ਦਾ ਰਬਾਬ ਤਿਆਰ ਕਰਵਾਇਆ। ਭਾਈ ਮਰਦਾਨੇ ਦਾ ਇਹ ਰਬਾਬ ਗੁਰਮਤਿ ਸੰਗੀਤ ਦੀ ਵਾਦਨ ਪਰੰਪਰਾ ਦਾ ਪ੍ਰਮੁੱਖ ਚਿੰਨ ਹੀ ਨਹੀਂ ਇਕ ਇਤਿਹਾਸਕ ਪਰਤੀਕ ਵੀ ਹੈ। ਬਾਣੀ ਅਵਤਰਨ ਸਮੇਂ ਬਾਣੀ ਦੇ ਗਾਇਨ ਸਮੇਂ ਮਾਹੌਲ ਦੀ ਸਿਰਜਨਾ ਸਹਿਤ ਇਹ ਰਬਾਬ ਭਾਈ ਮਰਦਾਨੇ ਦੀਆਂ ਕਲਾਤਮਕ ਉਂਗਲਾਂ ਵਿਚ ਖੇਡਦਾ ਅਨਹਦ ਧੁਨੀ ਉਪਜਾਉਂਦਾ ਰਿਹਾ ਅਤੇ ਜਗਤ ਜਲੰਦੇ ਦੇ ਅਨੇਕ ਤਪਦੇ ਹਿਰਦਿਆਂ ਨੂੰ ਬਾਣੀ-ਸਤਿ ਨਾਲ ਠਾਰਦਾ ਰਿਹਾ। ਜਦੋਂ ਕਦੇ ਵੀ ਗੁਰੂ ਨਾਨਕ ਸਾਹਿਬ ਬਾਣੀ ਉਚਾਰਦੇ ਜਾਂ ਸ਼ਬਦ ਕੀਰਤਨ ਦਾ ਪ੍ਰਾਰੰਭ ਕਰਦੇ ਤਾਂ ਫੁਰਮਾਇਆ ਕਰਦੇ ਸਨ, “ਮਰਦਾਨਿਆ। ਸ਼ਬਦ ਚਿਤਿ ਕਰਿ, ਤਉ ਬਾਝੁ, ਬਾਣੀ ਸਰਿ ਨਹੀ ਆਵਦੀ ਤਬਿ ਗੁਰੂ ਬਾਬੇ ਆਖਿਆ ਮਰਦਾਨਿਆ ਰਬਾਬ ਵਜਾਇ।”
ਗੁਰ ਕਹਿਓ ਮਰਦਾਨੇ ਭਾਇ । ਹੇ ਪਿਆਰੇ ਤੂੰ ਤਾਰ ਬਜਾਇ।
ਮਰਦਾਨੇ ਤਬ ਤਾਰ ਬਜਾਈ। ਸਗਲ ਸਭਾ ਸੁਧ ਰਹੀ ਨ ਕਾਈ।
ਗੁਰੂ ਨਾਨਕ ਤਬ ਸਬਦ ਉਚਾਰਾ। ਸੁਰ ਤਿਲੰਗ ਮੈਂ ਲਾਗੈ ਪਿਆਰਾ।
– ਢਾਢੀ ਕੋ ਗੁਰ ਕਹਿਉ ਅਲਾਇ। ਹੇ ਮਰਦਾਨਾ ਤਾਰ ਬਜਾਇ।
ਸ੍ਰੀ ਸਤਿਗੁਰ ਤਬ ਸਬਦ ਉਚਾਰਾ । ਰਾਗ ਵਡਹੰਸੇ ਲਗੈ ਪਿਆਰਾ।
ਭਾਈ ਮਰਦਾਨੇ ਅਤੇ ਰਬਾਬ ਦੀ ਇਸ ਅਟੁੱਟ ਸਾਂਝ ਨੇ ਗੁਰਮਤਿ ਸੰਗੀਤ ਨੂੰ ਵਾਦਨ ਪਰੰਪਰਾ ਦੇ ਰਾਹਾਂ ‘ਤੇ ਤੋਰਿਆ। ਭਾਈ ਮਰਦਾਨੇ ਦੀ ਕੁਲ ਦੇ ਸੰਗੀਤਕਾਰਾਂ ਦੀ ਰਬਾਬੀਆਂ ਵਜੋਂ ਪ੍ਰਸਿੱਧੀ ਹੋਈ।
ਰਬਾਬ ਦੀ ਉਤਪਤੀ ਅਤੇ ਵਿਕਾਸ ਸਬੰਧੀ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਇਹ ਭਿੰਨਤਾ ਇਸ ਕਰਕੇ ਪਾਈ ਜਾਂਦੀ ਹੈ ਕਿਉਂਕਿ ਸੰਗੀਤ ਵਿਦਵਾਨ ਇਹਨਾਂ ਸਾਜ਼ਾਂ ਨੂੰ ਵਿਕਾਸਾਤਮਕ ਪ੍ਰਕਿਰਿਆ ਦੇ ਦ੍ਰਿਸ਼ਟੀਕਣ ਅਨੁਸਾਰ ਵਿਸ਼ਲੇਸ਼ਣ ਕਰਨ ਦੀ ਬਜਾਏ ਸਾਜ਼ਾਂ ਦੀ ਈਜਾਦ ਵਿਅਕਤੀ ਵਿਸ਼ੇਸ਼ਾਂ ਦੇ ਸਿਰ ਮੜ੍ਹਨ ਦੇ ਚੱਕਰ ਵਿਚ ਪੈ ਜਾਂਦੇ ਹਨ। ਸੰਖੇਪ ਤੇ ਸਪੱਸ਼ਟ ਰੂਪ ਵਿਚ ਕਿਹਾ ਜਾਏ ਤਾਂ ਰਬਾਬ ਇਕ ਪੁਰਾਤਨ ਸਾਜ਼ ਹੈ ਜਿਹੜਾ ਥੋੜ੍ਹੇ-ਬਹੁਤੇ ਭੇਦ ਨਾਲ ਏਸ਼ਿਆਈ ਖਿੱਤੇ ਵਿਚ ਪ੍ਰਚਾਰ ਵਿਚ ਰਿਹਾ। ਅਹੋਬਲ ਦੇ ਗ੍ਰੰਥ ਵਿਚ ਇਸ ਦਾ ਜ਼ਿਕਰ ਮਿਲਦਾ ਹੈ, “ਰਵ ਵਹਤਿ ਯਦਸਮਾਤਤੋ ਤੇ ਰਬਾਵ: ਸਮਿਤੀ”) ਪਰ ਹੋਰ ਕਿਸੇ ਸੰਗੀਤ ਗ੍ਰੰਥ ਵਿਚ ਇਸਦਾ ਉਲੇਖ ਨਹੀਂ ਪ੍ਰਾਪਤ ਹੁੰਦਾ।
ਇਕ ਧਾਰਨਾ ਅਨੁਸਾਰ ਇਸ ਸਾਜ਼ ਦਾ ਵਿਕਾਸ ਅਰਬ ਦੇ ਰੁਬੇਬ ਸਾਜ਼ ਤੋਂ ਮੰਨਿਆ ਜਾਂਦਾ ਹੈ ਪਰੰਤੂ ਇੰਜ ਜਾਪਦਾ ਹੈ ਕਿ ਜਿਵੇਂ ਰੁਬੇਬ ਦਾ ਨਾਮ ਹੀ ਰਬਾਬ ਹੋਵੇ ਅਤੇ ਇਹ ਇਕ ਹੀ ਸਾਜ਼ ਹੋਵੇ । ਇਹ ਸਾਜ਼ ਉੱਤਰ ਭਾਰਤ ਅਤੇ ਅਫਗਾਨਿਸਤਾਨ ਵਿਚ ਕਾਫ਼ੀ ਪਰਚਾਰ ਵਿਚ ਰਿਹਾ। ਇਸ ਦਾ ਵਧੇਰੇ ਕਰਕੇ ਪ੍ਰਯੋਗ ਇਕ ਸਥਾਨ ਤੋਂ ਦੂਸਰੇ ਸਥਾਨ ‘ਤੇ ਜਾਣ ਵਾਲੇ ਸ਼ੇਖ਼ ਸੈਲਾਨੀ ਕਰਿਆ ਕਰਦੇ ਸਨ । ਭਾਰਤ ਦੇ ਕਸ਼ਮੀਰ ਵਰਗੇ ਉੱਤਰੀ ਭਾਗਾਂ ਵਿਚ ਇਸ ਦਾ ਪ੍ਰਯੋਗ ਮੁਸਲਮਾਨਾਂ ਵਿਚ ਪਰਚੱਲਤ ਰਿਹਾ।
ਰਬਾਬ ਖੁਲ੍ਹੀ ਫਿਜ਼ਾ ਨੂੰ ਆਪਣੀ ਗਹਿਰ ਗੰਭੀਰ ਅਵਾਜ਼ ਨਾਲ ਭਰਨ ਦੇ ਸਮਰੱਥ ਹੈ। ਇਹ ਪੱਤਰੇ ਜਾਂ ਚਕੋਰ ਨਾਲ ਵਜਾਈ ਜਾਂਦੀ ਹੈ ਇਸ ਲਈ ਲੈਅ ਨਿਰਧਾਰਤ ਕਰਨਾ ਵੀ ਏਸ ਸਾਜ਼ ਨਾਲ ਅਸਾਨ ਹੋ ਜਾਂਦਾ ਹੈ ਅਤੇ ਗਾਇਨ ਲਈ ਇਕ ਨਿਰੰਤਰ ਲੈਅ ਦੀ ਸਥਾਪਨਾ ਵੀ ਹੋ ਜਾਂਦੀ ਹੈ । ਸਫਰ ਲਈ ਇਹ ਸਾਜ਼ ਢੁਕਵਾਂ ਹੈ। ਰਬਾਬ ਦੇ ਸੰਰਚਨਾਤਮਕ ਗੁਣਾਂ ਅਤੇ ਮਧੁਰ ਗਹਿਰ ਗੰਭੀਰ ਸਾਜ਼ ਹੋਣ ਕਰਕੇ ਹੀ ਗੁਰੂ ਨਾਨਕ ਦੇਵ ਜੀ ਨੇ ਏਸ ਨੂੰ ਆਪਣੀਆਂ ਲੰਮੀਆਂ ਉਦਾਸੀਆਂ ਤੇ ਬਿਖੜੇ ਪੈਂਡਿਆਂ ਵਿਚ ਸ਼ਬਦ ਕੀਰਤਨ ਦੀ ਧੁਨੀ ਦੇ ਵਾਦਨ ਪ੍ਰਵਾਹ ਲਈ ਚੁਣਿਆ।
ਪੁਰਾਤਨ ਦੀਵਾਰ ਚਿੱਤਰਾਂ ਤੋਂ ਜੋ ਸਾਨੂੰ ਵਿਸ਼ੇਸ਼ ਕਰਕੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਪ੍ਰਾਪਤ ਹੁੰਦੇ ਹਨ, ਮਰਦਾਨੇ ਦੀ ਰਬਾਬ ਦਾ ਸਰੂਪ ਇਹਨਾਂ ਦੋਹਾਂ ਪਰਕਾਰਾਂ ਦੇ ਰਬਾਬਾਂ ਤੋਂ ਭਿੰਨ ਹੈ। ਜਿਸ ਦੇ ਤੂੰਬੇ ਦਾ ਅਕਾਰ ਚੌੜਾ ਤੇ ਵੱਡਾ ਦਰਸਾਇਆ ਗਿਆ ਹੈ। ਏਸ ਉੱਤੇ ਚਾਰ ਤਾਰਾਂ ਵਿਖਾਈ ਦਿੰਦੀਆਂ ਹਨ। ਰਬਾਬ ਵਜਾਉਂਦੇ ਭਾਈ ਮਰਦਾਨੇ ਦੀ ਬੈਠਕ ਤੇ ਵਾਦਨ ਵਿਧੀ ਵੀ ਭਿੰਨ ਹੈ ਜਿਸ ਵਿਚ ਡਾਂਡ ਵਾਲਾ ਹਿੱਸਾ ਖੱਬੇ ਪਾਸੇ ਉਪਰ ਨੂੰ ਕੀਤਾ ਹੋਇਆ ਹੈ ਅਤੇ ਸੱਜੀ ਲੱਤ ਉੱਤੇ ਛਾਤੀ ਨਾਲ ਲਗਾ ਕੇ ਇਸ ਦੀਆਂ ਤਾਰਾਂ ਨੂੰ ਟਕੋਰ ਦਿੱਤੀ ਜਾਂਦੀ ਹੈ। ਦੂਸਰਾ ਇਸ ਰਬਾਬ ਵਿਚ ਪਰੰਪਰਾਗਤ ਤਾਰਾਂ ਦਾ ਇਸਤੇਮਾਲ ਹੀ ਕੀਤਾ ਜਾਂਦਾ ਹੈ, ਜਿਵੇਂ ਕਿ ਜ਼ੀਲ ਦੀ ਤਾਰ। ਹਿਮਾਚਲ ਦੇ ਮੰਡੀ ਸ਼ਹਿਰ ਵਿਚਲੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਗੁਰਧਾਮ ਵਿਚ ਇਕ ਰਬਾਬ ਦੇ ਦਰਸ਼ਨ ਕਰਵਾਏ ਜਾਂਦੇ ਹਨ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਰਬਾਬ ਕਿਹਾ ਜਾਂਦਾ ਹੈ । ਇਸ ਦੇ ਤਾਰ ਤਾਂ ਭਾਵੇਂ ਟੁੱਟ ਚੁੱਕੇ ਹਨ; ਪਰ ਜ਼ੀਲ ਦੀ ਤਾਰ ਅਜੇ ਵੀ ਲੱਗੀ ਹੋਈ ਹੈ।
(ਡਾ. ਗੁਰਨਾਮ ਸਿੰਘ)
