– ਭਗਤ ਪੂਰਨ ਸਿੰਘ ਜੀ
ਭਾਈ ਸਾਹਿਬ ਭਾਈ ਜੋਧ ਸਿੰਘ ਜੀ ਇਕ ਮਹਾਨ ਵਿਦਵਾਨ ਗੁਰਸਿੱਖ ਹੋਏ ਹਨ। ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਵੀ ਰਹੇ ਸਨ। ਉਹਨਾਂ ਦਾ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਨ ਤੇ ਗੁਰਮਤਿ ਦੇ ਗ੍ਰੰਥ ਲਿਖਣ ਵਿਚ ਬਤੀਤ ਹੋਇਆ।
ਉਹ ਤੜਕੇ ਦੋ ਵਜੇ ਉੱਠ ਕੇ ਗੁਰਸਿੱਖੀ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਕਰਨ ਵਾਲੇ ਵਿਅਕਤੀ ਸਨ। ਜਦ ਉਹਨਾਂ ਦੇ ਪੁੱਤਰ ਭਾਈ ਸੁੰਦਰ ਸਿੰਘ ਨੇ ਮੈਜਿਸਟਰੇਟ ਬਣ ਕੇ ਆਪਣੀ ਨੌਕਰੀ ਆਰੰਭ ਕੀਤੀ ਤਾਂ ਭਾਈ ਸਾਹਿਬ ਨੇ ਉਸ ਨੂੰ ਕਿਹਾ “ਪੁੱਤਰ ਤੂੰ ਰਿਸ਼ਵਤ ਨਾ ਲਵੀਂ, ਪੁੱਤਰ ਤੂੰ ਆਪਣੀ ਤਨਖਾਹ ਵਿਚੋਂ ਸਦਾ ਦਸਵੰਧ ਕੱਢੀ, ਤੇ ਕਿਸੇ ਨੂੰ ਸ਼ਰਾਬ ਨਾ ਪਿਲਾਈਂ। ਪੁੱਤਰ ਮੇਰੇ ਪਾਸ ਦਸਵੰਧ ਦੇ (੭) ਸੱਤ ਹਜ਼ਾਰ ਰੁਪਏ ਜਮ੍ਹਾਂ ਪਏ ਹਨ। ਇਹ ਰਕਮ ਤੂੰ ਜਾ ਕੇ ਕਿਸੇ ਯੋਗ ਥਾਂ ‘ਤੇ ਦਾਨ ਦੇ ਆ। ਪੁੱਤਰ ੭ ਹਜ਼ਾਰ ਰੁਪਿਆ ਲੈ ਕੇ ਘਰੋਂ ਤੁਰਿਆ ਤੇ ਸ਼ਾਮ ਤਕ ੭ ਹਜ਼ਾਰ ਰੁਪਏ ਯੋਗ ਥਾਵਾਂ ‘ਤੇ ਦਾਨ ਕਰਕੇ ਹੀ ਵਾਪਸ ਮੁੜਿਆ। ਭਾਈ ਸਾਹਿਬ ਜਦ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਸਨ ਉਨ੍ਹਾਂ ਦੀ ਤਨਖਾਹ ੧੨੦੦ (ਬਾਰਾਂ ਸੌ) ਰੁਪਏ ਮਹੀਨਾ ਸੀ ਪਰ ਜਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਬਣੇ ਤਾਂ ਉਨ੍ਹਾਂ ਦੀ ਤਨਖ਼ਾਹ ੨੨੦੦ (ਬਾਈ ਸੋ ਰੁਪਏ) ਮਹੀਨਾ ਹੋ ਗਈ। ਉਸ ਵੇਲੇ ਉਨ੍ਹਾਂ ਨੇ ਆਪਣੇ ਪੁੱਤਰ ਭਾਈ ਸੁੰਦਰ ਸਿੰਘ ਨੂੰ ਕਿਹਾ
“ਪੁੱਤਰ ਜਦ ਮੇਰੀ ਤਨਖ਼ਾਹ ੧੨੦੦ ਰੁਪਏ ਮਹੀਨਾ ਸੀ, ਮੇਰਾ ਗੁਜ਼ਾਰਾ ਚੰਗੀ ਤਰ੍ਹਾਂ ਚੱਲ ਜਾਂਦਾ ਸੀ। ਹੁਣ ਇਹ ਤਨਖ਼ਾਹ ਇਕ ਹਜ਼ਾਰ ਵਧ ਗਈ ਹੈ ਸੋ ਵਧੇ ਹੋਏ ਇਕ ਹਜ਼ਾਰ ਰੁਪਏ ਦੀ ਮੈਨੂੰ ਆਪਣੇ ਜੀਵਨ ਨਿਰਬਾਹ ਲਈ ਲੋੜ ਨਹੀਂ। ਇਸ ਲਈ ਜੇ ਤੂੰ ਆਗਿਆ ਦੇਵੇਂ ਤਾਂ ਮੈਂ ਇਹ ਵਧੀ ਹੋਈ ਰਕਮ ਇਕ ਹਜ਼ਾਰ ਰੁਪਿਆ ਮਹੀਨਾ ਦਾਨ ਕਰ ਦਿਆ ਕਰਾਂ ਕਿਉਂਕਿ ਮੇਰੀ ਜਾਇਦਾਦ ਦਾ ਵਾਰਸ ਤੂੰ ਹੀ ਬਣਨਾ ਹੈ।”
ਭਾਈ ਸੁੰਦਰ ਸਿੰਘ ਨੇ ਉੱਤਰ ਦਿੱਤਾ, “ਪਿਤਾ ਜੀ, ਤੁਸੀਂ ਮੇਰੀ ਇਤਨੀ ਪੜ੍ਹਾਈ ਕਰਾਈ ਹੈ ਕਿ ਮੈਂ ਇਸ ਸਮੇਂ ਡਿਪਟੀ-ਕਮਿਸ਼ਨਰ ਲੱਗਾ ਹੋਇਆ ਹਾਂ। ਮੈਂ ਆਪਣੀ ਤਨਖ਼ਾਹ ਨਾਲ ਚੰਗੀ ਤਰ੍ਹਾਂ ਜੀਵਨ ਨਿਰਬਾਹ ਕਰ ਸਕਦਾ ਹਾਂ, ਤੁਹਾਡੇ ਦਾਨ ਕਰਨ ਦੇ ਚਾਉ ਵਿਚ ਕਿਉਂ ਰੁਕਾਵਟ ਪਾਵਾਂ।”
