101 views 2 secs 0 comments

ਗੁਰੂ ਕਾ ਚੱਕ ਦੀ ਜੰਗ

ਲੇਖ
April 10, 2025

੬ ਅਪ੍ਰੈਲ ੧੭੦੯ ਅਤੇ ੧੨ ਅਪ੍ਰੈਲ ੧੭੦੯

-ਡਾ. ਗੁਰਪ੍ਰੀਤ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ੨੯ ਮਾਰਚ ੧੭੦੯ ਈ. ਦੇ ਦਿਨ ਅੰਮ੍ਰਿਤਸਰ ਵਿਖੇ ਪਹਿਲਾਂ ਸਿੱਖਾਂ ਦਾ ਇਕੱਠ ਹੋਇਆ ਸੀ। ਇਸ ਸਮੇਂ ਤਕ ਅਜੇ ਬੰਦਾ ਸਿੰਘ ਬਹਾਦਰ ਪੰਜਾਬ ਨਹੀਂ ਪਹੁੰਚੇ ਸੀ। ਅੰਮ੍ਰਿਤਸਰ ਦੇ ਇਲਾਕੇ ‘ਤੇ ਸਿੱਖਾਂ ਦਾ ਕਬਜ਼ਾ ਸੀ। ਇਨ੍ਹਾਂ ਦਿਨਾਂ ਵਿਚ ਹੀ ਚੂਹੜ ਮੱਲ ਨਾਂ ਦੇ ਇਕ ਮੀਣੇ ਨੇ ਅੰਮ੍ਰਿਤਸਰ ਸਿੱਖਾਂ ਦੇ ਇਲਾਕੇ ਦੇ ਕੁਝ ਸ਼ਹਿਤੂਤ ਦੇ ਰੁੱਖ ਵਢਵਾ ਦਿੱਤੇ। ਜਦੋਂ ਸਿੱਖਾਂ ਕੀਮਤ ਮੰਗੀ ਤਾਂ ਉਸਨੇ ਨਾਂਹ ਕਰ ਦਿੱਤੀ। ਸਿੱਖਾਂ ਨੇ ਉਹ ਤੂਤ ਖੋਹ ਲਏ। ਚੂਹੜ ਮੱਲ ਲਾਹੌਰ ਦਰਬਾਰ ਜਾ ਕੇ ਨਾਇਬ ਨਾਜ਼ਮ ਅਸਲਮ ਖਾਂ ਨੂੰ ਸ਼ਿਕਾਇਤ ਕਰਨ ਲੱਗਾ। ਅਸਲਮ ਖਾਂ ਨੇ ਪੱਟੀ ਦੇ ਚੌਧਰੀ ਹਰ ਸਹਾਇ ਨੂੰ ਸਿੱਖਾਂ ਵਿਰੁੱਧ ਫ਼ੌਜ ਦੇ ਕੇ ਭੇਜਿਆ। ੬ ਅਪ੍ਰੈਲ, ੧੭੦੯ ਈ. ਨੂੰ ਭਾਈ ਮਨੀ ਸਿੰਘ ਤੇ ਤਾਰਾ ਸਿੰਘ ਡੱਲ ਵਾਂ ਦੀ ਅਗਵਾਈ ਵਿਚ ਸਿੱਖਾਂ ਨੇ ਹਰ ਸਹਾਇ ਦੀ ਫ਼ੌਜ ਦਾ ਟਾਕਰਾ ਕੀਤਾ। ਇਸ ਜੰਗ ਵਿਚ ਭਾਈ ਤਾਰਾ ਸਿੰਘ ਡੱਲ ਵਾਂ ਨੇ ਚੌਧਰੀ ਹਰਿ ਸਹਾਇ ਦਾ ਸਿਰ ਲਾਹ ਦਿੱਤਾ। ਪੱਟੀ ਦੀ ਫੌਜ ਭੱਜ ਗਈ। ਇਸ ਜੰਗ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਦਾ ਪੁੱਤਰ ਭਾਈ ਨਗਾਹੀਆ ਸਿੰਘ ਅਤੇ ਭਾਈ ਕੀਰਤ ਸਿੰਘ ਦਾ ਪੁੱਤਰ ਕਰਨ ਸਿੰਘ ਸ਼ਹੀਦੀ ਪਾ ਗਏ।

ਇਸ ਹਾਰ ਮਗਰੋਂ ਲਾਹੌਰ ਦੇ ਨਾਇਬ ਸੂਬੇਦਾਰ ਅਸਲਮ ਖਾਂ ਨੇ ਨੌਸ਼ਹਿਰਾ ਪੰਨੂਆਂ ਦੇ ਚੌਧਰੀ ਦੇਵੇ ਨੂੰ ਫ਼ੌਜ ਦੇ ਕੇ ੧੨ ਅਪ੍ਰੈਲ, ੧੭੦੯ ਈ. ਨੂੰ ਫਿਰ ਅੰਮ੍ਰਿਤਸਰ ਹਮਲਾ ਕਰਨ ਭੇਜਿਆ। ਅੰਮ੍ਰਿਤਸਰ ਦੇ ਬਾਹਰ ਫਿਰ ਸਿੱਖਾਂ ਨੇ ਗਹਿਗੱਚ ਲੜਾਈ ਲੜੀ। ਚੌਧਰੀ ਦੇਵੇ ਨੇ ਫ਼ੌਜ ਸਮੇਤ ਭੱਜਣ ਵਿਚ ਗਨੀਮਤ ਸਮਝੀ। ਸਿੱਖਾਂ ਨੇ ਇਹ ਜੰਗ ਵੀ ਜਿੱਤ ਲਈ ਸੀ, ਇਸ ਜੰਗ ਦਾ ਜ਼ਿਕਰ ਕਵੀ ਦਰਸ਼ਨ ਨੇ ‘ਅੰਮ੍ਰਿਤਸਰ ਦੀ ਵਾਰ’ ਵਿਚ ਕੀਤਾ ਹੈ।

ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਹੀ ਸਿੱਖਾਂ ਨੇ ਚੌਧਰੀਆਂ ਵਿਰੁੱਧ ਇਹ ਦੋ ਜੰਗਾਂ ਜਿੱਤ ਲਈਆਂ ਸਨ। ਇਹ ਜੰਗਾਂ ਸਿੱਖ ਇਤਿਹਾਸ ਦੇ ਪੰਨਿਆਂ ਤੇ ਹਮੇਸ਼ਾਂ ਯਾਦ ਰੱਖੀਆਂ ਜਾਣਗੀਆਂ।