132 views 1 sec 0 comments

ਗੁਰੂ ਕਾ ਲੰਗਰ ਕਦੇ ਮਸਤਾਨਾ ਨਹੀਂ ਹੁੰਦਾ

ਲੇਖ
April 22, 2025

-ਡਾ. ਜਸਵੰਤ ਸਿੰਘ ਨੇਕੀ

1949 ਈ: ਦੀ ਗੱਲ ਹੈ, ਤਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਲਾਨਾ ਕਾਨਫ਼ਰੰਸ ਲੁਧਿਆਣੇ ਵਿੱਚ ਹੋਣੀ ਸੀ। ਸਵੇਰੇ ਕੀਰਤਨ ਸੰਤ ਰਣਧੀਰ ਸਿੰਘ ਜੀ ਹੋਰਾਂ ਕੀਤਾ ਤੇ ਕਾਨਫ਼ਰੰਸ ਦਾ ਉਦਘਾਟਨ ਮਾਸਟਰ ਤਾਰਾ ਸਿੰਘ ਜੀ ਨੇ ਕੀਤਾ। ਇਨ੍ਹਾਂ ਦੋਹਾਂ ਸ਼ਖ਼ਸੀਅਤਾਂ ਦੀ ਖਿੱਚ ਕਾਰਣ ਸਾਡੀ ਉਮੀਦ ਤੋਂ ਕਿਤੇ ਵੱਧ ਹਾਜ਼ਰੀ ਹੋ ਗਈ। ਅਸਾਂ ਪੰਡਾਲ 30 ਹਜ਼ਾਰ ਵਾਸਤੇ ਬਣਾਇਆ ਸੀ, ਪਰ ਸੰਗਤ ਇਸ ਤੋਂ ਵੀ ਵੱਧ ਪੰਡਾਲ ਤੋਂ ਬਾਹਰ ਬੈਠੀ ਹੋਈ ਸੀ। ਲੰਗਰ ਅਸਾਂ 30 ਹਜ਼ਾਰ ਵਾਸਤੇ ਹੀ ਤਿਆਰ ਕਰਵਾਇਆ ਸੀ। ਸੋ ਉਹ ਮਸਤਾਨਾ ਹੁੰਦਾ ਦਿੱਸਿਆ। ਸ. ਭਾਨ ਸਿੰਘ ਜੋ ਸਾਡੇ ਸਕੱਤਰ ਸਨ ਮੇਰੇ ਪਾਸ ਆਏ ਤੇ ਕਹਿਣ ਲੱਗੇ, “ਵੀਰ ਜੀ, ਲੰਗਰ ਮਸਤਾਨਾ ਹੋ ਚਲਿਐ। ਮਸਾਂ ਇੱਕ ਪੰਗਤ ਹੋਰ ਬੈਠੇਗੀ। ਪਰ ਅਜੇ ਤਾਂ ਕਈ ਹਜ਼ਾਰਾਂ ਵਿੱਚ ਸੰਗਤ ਨੇ ਲੰਗਰ ਛਕਣਾ ਹੈ।” ਮੈਨੂੰ ਥੋੜ੍ਹੀ ਚਿੰਤਾ ਹੋਈ।

ਉਦੋਂ ਇੱਕ ਗੁਰਮੁਖ ਸਾਡੀ ਗੱਲ ਸੁਣ ਰਿਹਾ ਸੀ। ਮੇਰੇ ਮੋਢੇ ’ਤੇ ਉਸ ਨੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਕਿਹਾ, “ਡਾਕਟਰ ਸਾਹਿਬ! ਗੁਰੂ ਕਾ ਲੰਗਰ ਕਦੇ ਮਸਤਾਨਾ ਨਹੀਂ ਹੁੰਦਾ। ਤੁਸੀਂ ਅਗਲੀ ਪੰਗਤ ਭੁਗਤਾਉ, ਰਹਿੰਦੀ ਸਾਰੀ ਸੰਗਤ ਵਾਸਤੇ ਗੁਰੂ ਬੰਦੋਬਸਤ ਕਰ ਦੇਵੇਗਾ।”

ਉਹ ਸੱਜਣ ਟ੍ਰਾਂਸਪੋਰਟਰ ਸੀ। ਉਸ ਦੇ ਦਸ-ਬਾਰਾਂ ਟਰੱਕ ਚਲਦੇ ਸਨ। ਉਨ੍ਹਾਂ ਦੇ ਡਰਾਈਵਰਾਂ ਨੂੰ ਉਸ ਨੇ ਆਦੇਸ਼ ਦਿੱਤਾ ਕਿ ਤਿੰਨ ਜਣੇ ਸ਼ਹਿਰ ਦੇ ਸਾਰੇ ਢਾਬਿਆਂ ਤੇ ਰੈਸਟੋਰੈਂਟਾਂ ਵਿੱਚ ਘੁੰਮ ਜਾਓ। ਜੋ ਵੈਸ਼ਨੋ ਖਾਣਾ ਪੱਕਿਆ ਹੋਵੇ – ਚੁੱਕ ਲਿਆਓ। ਦਾਲਾਂ ਇਕ ਭਾਂਡੇ ਵਿੱਚ ਪੁਆ ਲਿਆਉਣਾ, ਸ਼ਬਜ਼ੀਆਂ ਇੱਕ ਹੋਰ ਵਿੱਚ ਤੇ ਰੋਟੀਆਂ ਤੀਜੇ ਵਿੱਚ। ਬਾਕੀਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਚੱਲੇ ਜਾਓ ਤੇ ਜਿਸ ਜਿਸ ਘਰ ਵਿੱਚ ਜੋ ਕੁਝ ਪੱਕਿਆ ਹੈ ਪੁਆ ਲਿਆਵੋ। ਅੱਧੇ ਘੰਟੇ ਵਿੱਚ ਲੰਗਰ ਆਉਣਾ ਸ਼ੁਰੂ ਹੋ ਗਿਆ ਤੇ ਘੰਟੇ ਡੇਢ ਵਿੱਚ ਇਤਨਾ ਲੰਗਰ ਆ ਗਿਆ ਕਿ ਸਭ ਦੇ ਛਕ ਚੁੱਕਣ ਮਗਰੋਂ ਵੀ ਬਚ ਗਿਆ।

ਭਾਨ ਸਿੰਘ ਜੀ ਤੇ ਮੈਂ ਉਸ ਗੁਰਮੁਖ ਦਾ ਧੰਨਵਾਦ ਕਰਨ ਲਈ ਉਸ ਦੇ ਘਰ ਪੁੱਜੇ। ਅਸਾਂ ਜਦ ਸ਼ੁਕਰਾਨੇ ਦੀ ਭਾਵਨਾ ਪ੍ਰਗਟ ਕੀਤੀ ਤਾਂ ਕਹਿਣ ਲੱਗਾ, “ਸ਼ੁਕਰੀਆ ਤਾਂ ਮੈਂ ਤੁਹਾਡਾ ਕਰਨਾ ਹੈ, ਤੁਸਾਂ ਮੇਰੇ ਲਈ ਸੇਵਾ ਦਾ ਸਬੱਬ ਬਣਾਇਆ। ਸੇਵਾ ਵੀ ਮੈਂ ਨਹੀਂ ਮੇਰੇ ਡਰਾਈਵਰਾਂ ਨੇ ਭੱਜ-ਦੌੜ ਕਰ ਕੇ ਕੀਤੀ ਹੈ। ਸ਼ੁਕਰੀਏ ਦੇ ਹੱਕਦਾਰ ਤਾਂ ਓਹੋ ਨੇ। ਜੇ ਕਦੇ ਫੇਰ ਲੋੜ ਪਵੇ ਤਾਂ ਦਾਸ ਨੂੰ ਚੇਤੇ ਕਰ ਲੈਣਾ।”

ਅਸੀਂ ਦੋਵੇਂ ਉਸ ਗੁਰਮੁਖ ਦੇ ਨੂਰਾਨੀ ਚਿਹਰੇ ਦਾ ਪ੍ਰਭਾਵ ਆਪਣੇ ਅੰਦਰ ਵਸਾ ਕੇ ਪਰਤੇ।