
ਸਿੱਖ ਗੁਰੂ ਸਾਹਿਬਾਨ ਨੇ “ਏਕ ਪਿਤਾ ਏਕਸ ਕੇ ਹਮ ਬਾਰਿਕ” ਉਹਨਾਂ ਵੱਲੋਂ ਦੱਸੇ ਗਏ ਮਾਨਵ ਜਾਤੀ ਦੀ ਏਕਤਾ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਸੰਗਤ ਪੰਗਤ ਦੀ ਏਕਤਾ ਨੂੰ ਬੇਹੱਦ ਜ਼ਰੂਰੀ ਸਮਝਿਆ ਸੀ ਤਾਂ ਜੋ ਏਕਤਾ ਦੀ ਤਾਲੀਮ ਜੀਵਨ ਵਿਚ ਪੱਕੀ ਹੋ ਕੇ ਸਾਰੇ ਜੀਵਨ ਨੂੰ ਇਸੇ ਰੰਗ ਵਿਚ ਰੰਗ ਦੇਵੇ। ਇਹ ਇਸ ਹੱਦ ਤਕ ਲਿਜਾਈ ਗਈ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਦਾ ਇਹ ਨੇਮ ਬਣ ਗਿਆ ਸੀ ਕਿ ਕੋਈ ਵੀ ਪੁਰਸ਼ ਉਹਨਾਂ ਨੂੰ ਮਿਲਣ ਆਵੇ, ਉਹ ਪਹਿਲਾਂ ਪੰਗਤ ਵਿਚ ਬੈਠ ਕੇ ਪ੍ਰਸ਼ਾਦ ਛਕੇ । ਅਕਬਰ ਬਾਦਸ਼ਾਹ ਨੂੰ ਵੀ ਇਕ ਸਮੇਂ ਇਸੇ ਨਿਯਮ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ ਸੀ, ਜੋ ਉਸਨੇ ਪ੍ਰਵਾਨ ਕੀਤੀ ਸੀ। ਲੰਗਰ ਵਿਚ ਜੇ ਸਭ ਪ੍ਰਾਣੀ-ਮਾਤਰ ਰਲ ਕੇ ਪ੍ਰਸ਼ਾਦ ਛਕਣ ਤਾਂ ਭਾਈਚਾਰਕ ਅਤੇ ਆਰਥਿਕ ਏਕਤਾ ਦਾ ਇਸ ਤੋਂ ਵੱਧ ਅਤੇ ਚੰਗਾ ਪ੍ਰਗਟਾਵਾ ਹੋਰ ਕੀ ਹੋ ਸਕਦਾ ਹੈ ? ਇਹੋ ਕਾਰਨ ਸੀ ਕਿ ਗੁਰੂ ਸਾਹਿਬਾਨ ਦੀ ਮੌਜੂਦਗੀ ਵਿਚ ਹੀ ਅਜਿਹੇ ਪੂਰਨੇ ਪੈ ਗਏ ਸਨ, ਜਿਨ੍ਹਾਂ ਨਾਲ ਏਕਤਾ, ਪ੍ਰੇਮ ਤੇ ਸੇਵਾ ਦੀ ਇਕ ਲਹਿਰ ਹੀ ਚੱਲ ਪਈ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਦੀ ਮਹੱਤਤਾ ਨੂੰ ਵਧਾਉਣ ਲਈ ਹੀ ਇਸ ਦਾ ਪ੍ਰਬੰਧ ਆਪਣੇ ਮਹਲ ਮਾਤਾ ਖੀਵੀ ਜੀ ਦੇ ਸਪੁਰਦ ਕਰ ਦਿੱਤਾ ਸੀ। ਇਸ ਗੱਲ ਦੀ ਗਵਾਹੀ ਭਾਈ ਬਲਵੰਡ ਜੀ ਨੇ ਆਪਣੀ ਵਾਰ ਵਿਚ ਇਉਂ ਦਿੱਤੀ :-
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
(ਅੰਗ ੯੬੭)
ਅਰਥਾਤ-“ਖੀਵੀ ਜੀ ਵਰਗੀ ਉੱਤਮ ਸੇਵਕ ਦੀ ਸੰਘਣੀ ਛਾਉਂ ਸਿੱਖ-ਜਗਤ ਨੂੰ ਪ੍ਰਾਪਤ ਸੀ । ਗੁਰੂ ਜੀ ਦੀ ਆਮਦਨ ਲੰਗਰ ਦੀ ਸੇਵਾ ਵਿਚ ਹੀ ਲਾ ਦਿੱਤੀ ਜਾਂਦੀ ਸੀ, ਜਿੱਥੇ ਦੁੱਧ ਘਿਓ ਨਾਲ ਤਿਆਰ ਕੀਤੀ ਅੰਮ੍ਰਿਤ ਵਰਗੀ ਖੀਰ ਵਰਤਾਈ ਜਾਂਦੀ ਸੀ।”
“ਗੁਰੂ ਦੀ ਗੋਲਕ” ਤਾਂ ਹੀ ਹਰੀ ਭਰੀ ਸਮਝਣੀ ਚਾਹੀਦੀ ਹੈ ਜੇ ਇਹ ਗ਼ਰੀਬ ਦਾ ਮੂੰਹ ਭਰਦੀ ਹੋਵੇ ।
ਦਸਮ ਪਾਤਸ਼ਾਹ ਜੀ ਦੇ ਸਮੇਂ ਭਾਈ ਨੰਦ ਲਾਲ ਜੀ ਵਰਗੀਆਂ ਵਿਦਵਾਨ ਹਸਤੀਆਂ ਨੇ ਆਪਣੇ ਹੀ ਉੱਦਮ ਨਾਲ ਆਪਣੇ ਜ਼ਿੰਮੇ ਲੰਗਰ ਦੀ ਸੇਵਾ ਚੁੱਕੀ ਹੋਈ ਸੀ। ਇਕ ਸਮੇਂ ਗੁਰੂ ਸਾਹਿਬ ਆਪ ਇਸ ਪ੍ਰਕਾਰ ਦੇ ਲੰਗਰਾਂ ਨੂੰ ਭੇਸ ਬਦਲ ਕੇ ਪਰਖਣ ਤੁਰੇ ਸਨ । ਦੂਜੇ ਦਿਨ ਸੰਗਤ ਵਿਚ ਹਾਜ਼ਰ ਹੋ ਕੇ ਉਚੇਚੇ ਤੌਰ ‘ਤੇ ਸਿੱਖ ਸੰਗਤਾਂ ਨੂੰ ਦੱਸਿਆ ਸੀ ਕਿ ਭਾਈ ਸਾਹਿਬ ਨੰਦ ਲਾਲ ਜੀ ਦਾ ਲੰਗਰ ਸਭ ਤੋਂ ਵਧੀਆ ਹੈ ,ਜਿਥੇ ਸੇਵਾ ਪੂਰੀ ਭਗਤੀ ਦੇ ਜਜ਼ਬੇ ਹੇਠ ਹੁੰਦੀ ਹੈ ਤੇ ਜਿੱਥੇ ਹਰ ਸਮੇਂ ਆਏ ਯਾਤਰੂਆਂ ਦਾ ਬੜੇ ਨਿੱਘ ਨਾਲ ਸੁਆਗਤ ਕੀਤਾ ਜਾਂਦਾ ਹੈ। ਗੁਰੂ ਜੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਲੰਗਰ ਦੀ ਇਹ ਸੇਵਾ ਬੜੀ ਉੱਤਮ ਸੇਵਾ ਹੈ, ਜੇ ਇਹ ਪੂਜਾ ਦੀ ਭਾਵਨਾ ਵਿਚ ਹੋ ਕੇ ਕੀਤੀ ਜਾਵੇ । ਗੁਰੂ ਕਾ ਲੰਗਰ ਇਕ ਤਰ੍ਹਾਂ ਦੀ ਪ੍ਰਯੋਗਸ਼ਾਲਾ ਹੈ ਜਿਥੇ ਸੇਵਾ ਦੀ ਜਾਚ ਸਿੱਖਣੀ ਹੁੰਦੀ ਹੈ, ਤਾਂ ਜੋ ਅੰਤ ਵਿਚ ਇਸ ਨੂੰ ਸਾਰੇ ਸੰਸਾਰ ਦੀ ਸੇਵਾ ਵਿਚ ਪ੍ਰਸਾਰਿਆ ਜਾ ਸਕੇ । “ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ” ਦਾ ਅਧਿਕਾਰੀ ਬਣਨਾ ਚਾਹੀਦਾ ਹੈ। ਲੰਗਰ ਦੀ ਸੇਵਾ ਇਸ ਕਰਕੇ ਵੀ ਮਹੱਤਵਪੂਰਨ ਹੈ ਕਿ ਇਸ ਵਿਚ ਲੱਗਾ ਪੁਰਸ਼ ਕੁਝ ਨਾ ਕੁਝ ਹੱਥੀਂ ਸੇਵਾ ਕਰਦਾ ਹੈ ਤੇ ਇਹ ਉਸ ਦੀ ਆਤਮਿਕ ਉਸਾਰੀ ਲਈ ਬੜੀ ਲੋੜੀਂਦੀ ਵਸਤੂ ਹੁੰਦੀ ਹੈ, ਜਿਵੇਂ ਕਿ ਝਾੜੂ ਦੇਣਾ, ਜੂਠੇ ਭਾਂਡੇ ਮਾਂਜਣੇ, ਨਿਮਰਤਾ ਤੇ ਸੇਵਾ ਭਾਵ ਉਪਜਾਉਂਦੇ ਹਨ ਤੇ ਸੇਵਾ ਦੇ ਕੰਮਾਂ ਨੂੰ ਉੱਦਮ, ਉਤਸ਼ਾਹ ਤੇ ਲਗਨ ਨਾਲ ਕਰਨ ਦੀ ਆਦਤ ਪਾਉਂਦੇ ਹਨ ।
-ਭਗਤ ਪੂਰਨ ਸਿੰਘ