ਮੈਂ ਜ਼ਿਹਨੀ ਤੌਰ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਤਾਬਦੀ (ਸਤਾਰ੍ਹਵੀਂ ਸਦੀ) ‘ਤੇ ਨਜ਼ਰ ਮਾਰਦਾ ਹਾਂ ਤਾਂ ਮੈਨੂੰ ਗੁਰੂ ਸਾਹਿਬ ਨਾਲੋਂ ਕੋਈ ਵਡੇਰਾ ਵਿਅਕਤੀ ਨਹੀਂ ਦਿਸਦਾ। ਇੰਗਲੈਂਡ ਵਿਚ ਉਸ ਸਦੀ ਵਿਚ ਜਾਹਨ ਬਨੀਅਨ ਨੂੰ ਦੇਖਦਾ ਹਾਂ ਜਿਹੜਾ ਇਕ ਪੱਕਾ ਇਸਾਈ ਤੇ ਪੁਸਤਕ ‘The Pilgrims Progress’ ਦਾ ਕਰਤਾ ਸੀ । ਬਨੀਅਨ ਵੱਡਾ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਉਸ ਨਾਲੋਂ ਵਡੇਰਾ ਸੀ। ਮੈਂ ਸਵੀਡਨ ਵਿਚ ਝਾਤ ਮਾਰਦਾ ਹਾਂ। ਉਥੇ ਸਤਾਰ੍ਹਵੀਂ ਸਦੀ ਦੀ ਇਕ ਸ਼ਕਤੀਸ਼ਾਲੀ ਸ਼ਖ਼ਸੀਅਤ ਚਾਰਲਿਸ ਬਾਰ੍ਹਵੇਂ ਨੂੰ ਮੈਂ ਵੇਖਦਾ ਹਾਂ। ਇਹ ਮਹਾਨ ਸਮਰਾਟ, ਇਕ ਮਹਾਨ ਸਿਪਾਹੀ ਸੀ। ਇਸੇ ਤਰ੍ਹਾਂ ਹੀ ਮਹਾਨ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਸੀ ਪਰ (ਇਸ) ਮਹਾਨ ਗੁਰੂ ਦੀ ਅਨੰਤ-ਸੁਰਤੀ ਸਵੀਡਨ ਦੇ ਸਮਰਾਟ ਦੀ ਸੋਝੀ ਤੋਂ ਦੁਰਾਡੀ ਗੱਲ ਸੀ। ਰੂਸ ਵਿਚ ਮੈਂ ਪੀਟਰੇ ਆਜ਼ਮ ਨੂੰ ਯੂਰਪ ਦੇ ਸਭ ਤੋਂ ਮਹਾਨ ਵਿਅਕਤੀਆਂ ਵਿੱਚੋਂ ਇਕ ਸਮਝਦਾ ਹਾਂ । ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਨੇ ਖਾਲਸਾ ਸਾਜਿਆ। ਇਹ ਇਕ ਲਾਸਾਨੀ ਜਥੇਬੰਦੀ ਸੀ, ਜਿਹੜੀ ਭਗਤੀ ਤੇ ਪ੍ਰੇਮੀ ਸਿੱਖਾਂ ਵਿੱਚੋਂ ਬਣਾਈ ਸੀ। ਹਰ ਇਕ ਸਿੱਖ ਸਿੰਘ (ਸ਼ੇਰ) ਵਿਚ ਬਦਲ ਗਿਆ। ਪੀਟਰ ਵੱਡਾ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਦਮ ਸੁਭਾ, ਸਭਿਆਚਾਰ ਤੇ ਰੂਹਾਨੀ ਸ਼ਕਤੀ ਵਿਚ ਵਡੇਰੇ ਸਨ।
ਮੈਂ ਫ਼ਰਾਂਸ ਵਲ ਮੁੜਦਾ ਹਾਂ, ਉਥੋਂ ਮੈਂ ਰੂਸੋ ਦੀ ਮਹਾਨ ਸ਼ਖ਼ਸੀਅਤ ਦੇਖਦਾ ਹਾਂ। ਮੈਂ ਉਸ ਨੂੰ ਅੱਜਕਲ੍ਹ ਦੇ ਲੋਕ-ਰਾਜਾਂ ਪਿੱਛੇ ਹਿਲਦੀ ਰੂਹ ਸਮਝਦਾ ਹਾਂ । ਰੂਸੋ ਵੱਡਾ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਵਡੇਰਾ ਸੀ । ਕਿਉਂਕਿ ਜਦੋਂ ਰੂਸੋ ‘ਅਜ਼ਾਦੀ’ ਭਰੱਪਣ ਤੇ ਬਰਾਬਰੀ ਦੀਆਂ ਗੱਲਾਂ ਕਰਦਾ ਸੀ, ਉਸ ਨੇ ਰੱਬ ਨੂੰ ਵਿੱਚੋਂ ਉਡਾ ਛੱਡਿਆ ਸੀ । ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਬ ਅਤੇ ਮਨੁੱਖ ਦੇ ਪਿਆਰ ਵਿਚ ਸੁਤੰਤਰ ਖਾਲਸਾ ਰਾਜ ਬਣਾਇਆ। ਇਸ ਮਹਾਨ ਗੁਰੂ ਨੇ ਆਪਣੇ ਵਿਰੋਧੀ ਮਹਾਨ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਚਿੱਠੀ ਵਿਚ ਲਿਖਿਆ: “ਤੂੰ ਆਪਣੇ ਦੁਨਿਆਵੀ ਰਾਜ ਅਤੇ ਦੌਲਤ ਵਲ ਵੇਖਦਾ ਹੈਂ, ਮੈਂ ਪਰਮਾਤਮਾ ਦੇ ਅਮਰ ਰਾਜ ਵਲ ਵੇਖਦਾ ਹਾਂ”। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਰਤ ਨੂੰ ਅਗਾਂਹ ਧੱਕਣ ਵਾਲੀ ਸ਼ਕਤੀ ਸਨ । ਉਨ੍ਹਾਂ ਦੀ ਜ਼ਿੰਦਗੀ ਦੀ ਜੋਤਿ ਨੇ ਹਿੰਦੂ ਨਸਲ ਨੂੰ ਪ੍ਰਜਵਲਿਤ ਕਰ ਦਿੱਤਾ ਤੇ ਇਸ ਤਰ੍ਹਾਂ ਉਹ ਹਿੰਦੂ ਕੌਮ ਲਈ ਇਕ ਰਖਵਾਲਾ ਫ਼ਰਿਸ਼ਤਾ ਬਣ ਗਏ।
-ਸਾਧੂ ਟੀ. ਐਲ. ਵਾਸਵਾਨੀ
