ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ, ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਵਿੱਚ ਵਿਸ਼ੇਸ਼ ਰੁਚੀ ਰੱਖਦੇ ਹਨ ਅਤੇ ਜਿਨ੍ਹਾਂ ਨੂੰ ਅਕਾਦਮਿਕ ਖੇਤਰ ਵਿੱਚ ਉੱਤਮ ਅਤੇ ਨਵੀਨਤਾਕਾਰੀ ਵਿਚਾਰਾਂ ਲਈ ਜਾਣਿਆ ਜਾਂਦਾ ਹੈ, ਦੀ ਵਿਸ਼ੇਸ਼ ਅਗਵਾਈ ਵਿੱਚ ਤਿੰਨ-ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ 20 ਤੋਂ 22 ਫ਼ਰਵਰੀ 2026 ਤੱਕ ਕੀਤਾ ਜਾ ਰਿਹਾ ਹੈ।
ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਵਿਸ਼ਾ “ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ” ਰੱਖਿਆ ਗਿਆ ਹੈ। ਕਾਨਫਰੰਸ ਦਾ ਉਦਘਾਟਨੀ ਸਮਾਰੋਹ 20 ਫ਼ਰਵਰੀ 2026 ਨੂੰ ਦੁਪਹਿਰ 2:30 ਵਜੇ ਯੂਨੀਵਰਸਿਟੀ ਦੇ ਕਨਵੈਂਸ਼ਨ ਸੈਂਟਰ, ਗੁਰੂ ਨਾਨਕ ਭਵਨ ਵਿਖੇ ਹੋਵੇਗਾ।ਇਸ ਸਮਾਰੋਹ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.( ਡਾ.) ਕਰਮਜੀਤ ਸਿੰਘ ਕਰਨਗੇ ਜਦੋਂ ਕਿ ਕੁੰਜੀਵਤ ਭਾਸ਼ਣ ਸ.ਕੇ.ਬੀ.ਐੱਸ ਸਿੱਧੂ (ਸਾਬਕਾ ਮੁੱਖ ਸਕੱਤਰ,ਪੰਜਾਬ) ਦੇਣਗੇ। ਇਸ ਕਾਨਫਰੰਸ ਦੇ ਮੁੱਖ ਮਹਿਮਾਨ ਸ. ਤਰਲੋਚਨ ਸਿੰਘ (ਸਾਬਕਾ ਮੈਂਬਰ ਪਾਰਲੀਮੈਂਟ) ਹੋਣਗੇ। ਇਸਦੇ ਨਾਲ ਹੀ ਡਾ. ਦੀਪਕ ਮਨਮੋਹਨ ਸਿੰਘ ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਕਾਨਫਰੰਸ ਵਿਚ ਸੰਤ ਬਾਬਾ ਮਹਿੰਦਰ ਸਿੰਘ ਯੂ.ਕੇ ਵਾਲੇ (ਮੁਖੀ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ),ਸ. ਸਰਦਾਰਾ ਸਿੰਘ ਜੌਹਲ (ਪਦਮ ਭੂਸ਼ਣ ਐਵਾਰਡੀ), ਸ. ਸੁਰਿੰਦਰਪਾਲ ਸਿੰਘ ਉਬਰਾਏ (ਪ੍ਰਸਿੱਧ ਸਮਾਜ-ਸੇਵੀ), ਸ. ਚਰਨਜੀਤ ਸਿੰਘ ਬਾਠ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ),ਸ. ਰਣਜੀਤ ਸਿੰਘ (ਪ੍ਰਸਿੱਧ ਕਾਰੋਬਾਰੀ ਅਤੇ ਸਮਾਜ-ਸੇਵੀ), ਸ.ਸਵਿੰਦਰਪਾਲ ਸਿੰਘ (ਗੁਰੂ ਘਰ ਦੇ ਟਹਿਲੀਏ) ਅਤੇ ਸ. ਕੰਵਰਪਾਲ ਸਿੰਘ ਸੂਰੀ (ਪ੍ਰਸਿੱਧ ਵਿਗਿਆਨੀ) ਵਰਗੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਉੱਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ, ਪ੍ਰਮੁੱਖ ਅਕਾਦਮਿਕ ਵਿਦਵਾਨ ਅਤੇ ਸਮਾਜਿਕ ਖੇਤਰ ਨਾਲ ਸੰਬੰਧਿਤ ਵਿਅਕਤੀਆਂ ਦੀ ਹਾਜ਼ਰੀ ਰਹੇਗੀ। ਇਸ ਕਾਨਫਰੰਸ ਵਿੱਚ ਵੱਖ-ਵੱਖ ਵਿਸ਼ਿਆਂ ’ਤੇ ਵਿਗਿਆਨਕ ਸੈਸ਼ਨ, ਵਿਚਾਰ-ਗੋਸ਼ਠੀਆਂ ਅਤੇ ਵਿਸ਼ੇਸ਼ ਲੈਕਚਰ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਇਤਿਹਾਸ ਉੱਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪ੍ਰਭਾਵਾਂ ਬਾਰੇ ਗਹਿਰਾਈ ਨਾਲ ਚਰਚਾ ਹੋਵੇਗੀ। ਵਿਦਵਾਨ ਆਪਣੇ ਖੋਜ-ਪੱਤਰ ਪੇਸ਼ ਕਰਕੇ ਪੰਜਾਬੀਅਤ ਦੇ ਵਿਸ਼ਵ ਪੱਧਰੀ ਪੱਖਾਂ ਨੂੰ ਉਜਾਗਰ ਕਰਨਗੇ ਅਤੇ ਭਵਿੱਖ ਲਈ ਨਵੇਂ ਦ੍ਰਿਸ਼ਟੀਕੋਣ ਪੇਸ਼ ਕਰਨਗੇ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਮੂਹ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਲਈ ਸੱਦਾ ਦਿੱਤਾ ਹੈ ਤਾਂ ਜੋ ਇਹ ਸਮਾਗਮ ਗਿਆਨ, ਸੰਵਾਦ ਅਤੇ ਸਭਿਆਚਾਰਕ ਸਾਂਝ ਦਾ ਵੱਡਾ ਮੰਚ ਬਣ ਸਕੇ।
ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਕਾਨਫਰੰਸ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜ ਕੇ ਨਵੇਂ ਮਾਪਦੰਡ ਸਥਾਪਿਤ ਕਰਨ ਵਾਲੇ ਡਾ. ਕਰਮਜੀਤ ਸਿੰਘ ਦੀ ਪ੍ਰੇਰਣਾ ਨਾਲ ਯੂਨੀਵਰਸਿਟੀ ਪੰਜਾਬੀ ਖੇਤਰ ਵਿੱਚ ਵੱਡੇ ਅਤੇ ਪ੍ਰਭਾਵਸ਼ਾਲੀ ਕੰਮ ਕਰ ਰਹੀ ਹੈ, ਜਿਸ ਨਾਲ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਗਿਆਨ ਅਤੇ ਸਭਿਆਚਾਰਕ ਸਾਂਝ ਦਾ ਇੱਕ ਵਿਸ਼ਾਲ ਮੰਚ ਮਿਲੇਗਾ।
