ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ ਇਤਿਹਾਸ ਨੂੰ ਦੇਖਣ ਦੇ ਹੋਰ ਪੱਖ’ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ
ਗੁਰੂ ਨਾਨਕ ਦੇਵ ਯੂਨਵਿਰਸਿਟੀ ਵਿਖੇ ਜਲਿਆਂਵਾਲਾ ਬਾਗ ਭਾਸ਼ਣ ਲੜੀ ਦੀ ਸ਼ੁਰੂਆਤ
ਅੰਮ੍ਰਿਤਸਰ-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਪਹਿਲ ‘ਤੇ ਜਲਿਆਂਵਾਲਾ ਬਾਗ ਚੇਅਰ ਵੱਲੋਂ ਜਲਿਆਂਵਾਲਾ ਬਾਗ ਭਾਸ਼ਣ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲੜੀ ਦੇ ਤਹਿਤ ਪੰਜਵਾਂ ਭਾਸ਼ਣ ਆਯੋਜਿਤ ਕੀਤਾ ਗਿਆ ਜਿਸ ਮੌਕੇ ਪ੍ਰਸਿੱਧ ਵਿਦਵਾਨ ਪ੍ਰੋ. ਕਮਲੇਸ਼ ਮੋਹਨ, ਪ੍ਰੋਫੈਸਰ ਐਮੇਰਿਟਸ, ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮੁੱਖ ਵਕਤਾ ਵਜੋਂ ਹਾਜ਼ਰੀ ਭਰੀ ਅਤੇ “ਜਲਿਆਂਵਾਲਾ ਬਾਗ ਕਤਲੇਆਮ : ਇਤਿਹਾਸ ਨੂੰ ਦੇਖਣ ਦੇ ਹੋਰ ਪੱਖ” ਵਿਸ਼ੇ ‘ਤੇ ਆਪਣਾ ਭਾਸ਼ਣ ਪੇਸ਼ ਕੀਤਾ।
ਭਾਸ਼ਣ ਦੀ ਸ਼ੁਰੂਆਤ ਮੌਕੇ ਸਭ ਨੂੰ ਜੀ ਆਇਆਂ ਆਖਦਿਆਂ ਜਲਿਆਂਵਾਲਾ ਬਾਗ ਚੇਅਰ ਦੀ ਚੇਅਰਪਰਸਨ ਪ੍ਰੋ. ਅਮਨਦੀਪ ਬਲ ਨੇੇ ਕਿਹਾ ਕਿ ਇਸ ਲੜੀ ਦਾ ਮਕਸਦ ਸਿਰਫ ਉਸ ਦਿਨ ਵਾਪਰੀ ਘਟਨਾ ਅਤੇ ਉਸ ਦੇ ਨਤੀਜਿਆਂ ਬਾਰੇ ਜਾਣਕਾਰੀ ਦੇਣਾ ਹੀ ਨਹੀਂ, ਸਗੋਂ ਸਮਰਾਜਵਾਦ ਦੇ ਵੱਖ-ਵੱਖ ਪੱਖਾਂ ਦੀ ਆਲੋਚਨਾਤਮਕ ਸਮਝ ਵੀ ਪੈਦਾ ਕਰਨਾ ਹੈ।
ਪ੍ਰੋ. ਕਮਲੇਸ਼ ਮੋਹਨ ਨੇ ਕਿਹਾ ਕਿ ਜਲਿਆਂਵਾਲਾ ਬਾਗ ਕਤਲੇਆਮ ਨੂੰ ਸਮਝਣ ਲਈ ਬਰਤਾਨਵੀ ਅਭਿਲੇਖਾਂ ਨੂੰ ਵੱਖ-ਵੱਖ ਨਜ਼ਰੀਆਂ ਤੋਂ ਵੇਖਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬਰਤਾਨਵੀ ਹਕੂਮਤ ਨੇ ਕਤਲੇਆਮ ਅਤੇ ਜਨਰਲ ਡਾਇਰ ਦੀ ਕਾਰਵਾਈ ਨੂੰ ਠੀਕ ਸਾਬਤ ਕਰਨ ਲਈ ਤਸਵੀਰੀ ਸਬੂਤਾਂ ਦਾ ਸਹਾਰਾ ਲਿਆ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ 10 ਅਪ੍ਰੈਲ ਨੂੰ ਹੋਈ ਅਸ਼ਾਂਤੀ ਦੇ ਜਵਾਬ ਵਜੋਂ ਇਹ ਹਿੰਸਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ ਦੀ ਸਮੂਹਕ ਯਾਦ ਅਤੇ ਸਾਡੀ ਸਾਂਝੀ ਯਾਦ ਵਿੱਚ ਕਾਫ਼ੀ ਅੰਤਰ ਦਿਖਾਈ ਦਿੰਦਾ ਹੈ।
ਉਨ੍ਹਾਂ ਹੋਰ ਕਿਹਾ ਕਿ ਇਸ ਘਟਨਾ ਨੇ ਨਾ ਸਿਰਫ਼ ਰਾਸ਼ਟਰੀ ਅੰਦੋਲਨ ਨੂੰ ਹੋਰ ਤੇਜ਼ ਕੀਤਾ, ਸਗੋਂ ਸਮਾਜ ਦੇ ਪਹਿਲਾਂ ਚੁੱਪ ਰਹਿੰਦੇ ਵਰਗਾਂ ਵਿੱਚ ਵੀ ਰਾਜਨੀਤਿਕ ਚੇਤਨਾ ਜਗਾਈ। ਖਾਸ ਕਰਕੇ ਉਨ੍ਹਾਂ ਨੇ ਮਹਿਲਾਵਾਂ ਦੀ ਭੂਮਿਕਾ ਉੱਤੇ ਚਾਨਣ ਪਾਇਆ ਅਤੇ ਦੱਸਿਆ ਕਿ ਜਲਿਆਂਵਾਲਾ ਬਾਗ ਦੀ ਘਟਨਾ ਨੇ ਮਹਿਲਾਵਾਂ ਨੂੰ ਜਨਤਕ ਜੀਵਨ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਉੱਚ ਵਰਗ ਦੀਆਂ ਮਹਿਲਾਵਾਂ ਹੀ ਨਹੀਂ, ਸਗੋਂ ਅਰਧ-ਸ਼ਿੱਖਿਆ ਪ੍ਰਾਪਤ ਕਈ ਮਹਿਲਾਵਾਂ ਨੇ ਆਪਣਾ ਦੁੱਖ ਕਵਿਤਾਵਾਂ ਅਤੇ ਹੋਰ ਰੂਪਾਂ ਰਾਹੀਂ ਪ੍ਰਗਟ ਕੀਤਾ।
ਪ੍ਰੋ. ਮੋਹਨ ਨੇ ਸਰਲਾ ਦੇਵੀ ਚੌਧੁਰਾਣੀ ਦੇ ਯੋਗਦਾਨ ਅਤੇ ਮਹਾਤਮਾ ਗਾਂਧੀ ਦੀ ਭੂਮਿਕਾ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਦੱਸਿਆ ਕਿ ਕਿਵੇਂ ਗਾਂਧੀ ਜੀ ਨੇ ਮਹਿਲਾਵਾਂ ਨੂੰ ਜਨਤਕ ਜੀਵਨ ਵਿੱਚ ਆਉਣ ਲਈ ਪ੍ਰੇਰਿਤ ਕੀਤਾ।
