ਸ੍ਰੀ ਗੁਰੂ ਗੰ੍ਰਥ ਸਾਹਿਬ ਸਮੁੱਚੇ ਸੰਸਾਰ ਦਾ, ਸਾਰੀ ਮਨੁੱਖਤਾ ਦਾ, ਵਿਸ਼ੇਸ਼ ਤੌਰ ’ਤੇ ਸਿੱਖ ਧਰਮ ਦਾ ਅਨਮੋਲ ਅਦੁੱਤੀ ਖਜ਼ਾਨਾ ਹੈ। ਐਸੀ ਸਾਖ, ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸੰਪਾਦਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖ਼ੁਦ ਨਿਮਨ ਸ਼ਬਦ ਵਿਚ ਭਰੀ ਹੈ:
ਹਮ ਧਨਵੰਤ ਭਾਗਠ ਸਚ ਨਾਇ॥ ਹਰਿ ਗੁਣ ਗਾਵਹ ਸਹਜਿ ਸੁਭਾਇ॥੧॥ਰਹਾਉ॥
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥੧॥
ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥੨॥
ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥੩॥
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ॥੪॥
(ਪੰਨਾ ੧੮੫)
ਅਰਥਾਤ: ਗੁਰਬਾਣੀ ਰਾਹੀਂ ਜਿਵੇਂ-ਜਿਵੇਂ ਅਸੀਂ ਪਰਮਾਤਮਾ ਦੇ ਗੁਣ ਮਿਲ ਕੇ ਗਾਉਂਦੇ ਹਾਂ, ਸੱਚੇ ਪ੍ਰਭੂ ਦੇ ਨਾਮ ਦੀ ਬਰਕਤ ਨਾਲ, ਅਸੀਂ ਨਾਮ-ਧਨ ਦੇ ਧਨੀ ਬਣਦੇ ਜਾ ਰਹੇ ਹਾਂ, ਭਾਗਾਂ ਵਾਲੇ ਬਣਦੇ ਜਾ ਰਹੇ ਹਾਂ, ਆਤਮਿਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪੇ੍ਰਮ ਵਿਚ ਮਗਨ ਰਹਿੰਦੇ ਹਾਂ॥੧॥ਰਹਾਉ॥
੨. ਜਦੋਂ ਮੈਂ (ਗੁਰੂ ਮਹਾਰਾਜ ਨੇ) ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖਜ਼ਾਨਾ ਖੋਲ੍ਹ ਕੇ ਵੇਖਿਆ, ਤਦੋਂ ਮੇਰੇ ਮਨ ਵਿਚ ਆਤਮਕ ਅਨੰਦ ਦਾ ਭੰਡਾਰ ਭਰਿਆ ਗਿਆ।
੩. ਬਾਣੀ ਦੇ ਇਸ ਖਜ਼ਾਨੇ ਵਿਚ ਪਰਮਾਤਮਾ ਦੀ ਸਿਫਤ-ਸਾਲਾਹ ਦੇ ਅਮੋਲਕ ਰਤਨਾਂ, ਲਾਲਾਂ ਦੇ ਭੰਡਾਰੇ ਭਰੇ ਹੋਏ (ਮੈਂ ਵੇਖੇ), ਜਿਹੜੇ ਕਦੇ ਮੁੱਕ ਨਹੀਂ ਸਕਦੇ, ਜਿਹੜੇ ਤੋਲੇ ਨਹੀਂ ਜਾ ਸਕਦੇ।
੪. ਜਿਹੜੇ ਮਨੁੱਖ ਸਤਿਸੰਗ ਵਿਚ ਇਕੱਠੇ ਹੋ ਕੇ ਇਨ੍ਹਾਂ ਅਨਮੋਲ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਵੀ ਵੰਡਦੇ ਹਨ, ਉਨ੍ਹਾਂ ਦੇ ਪਾਸ ਇਸ ਖਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ-ਹੋਰ ਵਾਧਾ ਹੁੰਦਾ ਹੈ।
੫. ਗੁਰੂ ਮਹਾਰਾਜ ਫੁਰਮਾਨ ਕਰਦੇ ਹਨ ਕਿ ਜਿਸ ਮਨੁੱਖ ਦੇ ਮੱਥੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਦਾ ਲੇਖ ਲਿਖਿਆ ਹੁੰਦਾ ਹੈ, ਉਹੀ ਇਸ ਅਨਮੋਲ ਖਜ਼ਾਨੇ ਵਿਚ ਸਾਂਝੀਵਾਲ ਬਣਾਇਆ ਜਾਂਦਾ ਹੈ ਅਰਥਾਤ ਓਹੀ ਸਾਧ-ਸੰਗਤਿ ਵਿਚ ਆ ਕੇ ਸਿਫਤਿ-ਸਾਲਾਹ ਦੀ ਬਾਣੀ ਦਾ ਅਨੰਦ ਮਾਣਦਾ ਹੈ।
ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਸੰਪਾਦਨਾ ਸ੍ਰੀ ਰਾਮਸਰ ਸ੍ਰੀ ਅੰਮ੍ਰਿਤਸਰ ਵਿਖੇ ੧੬੦੧-੧੬੦੪ ਵਿਚ ਸੰਪੰਨ ਹੋਈ। ਸੰਪਾਦਨਾ ਉਪਰੰਤ ਇਸ ਦਾ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ੩੦ ਅਗਸਤ, ੧੬੦੪ ਈ. ਨੂੰ ਹੋਇਆ। ਬਾਬਾ ਬੁੱਢਾ ਜੀ ਇਸ ਦੇ ਪਹਿਲੇ ਗੰ੍ਰਥੀ ਥਾਪੇ ਗਏ।
ਅੰਮ੍ਰਿਤ ਸਰੋਵਰ ਵਿਚ ਸਥਿਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਨੁੱਖਤਾ ਨੂੰ ਪਹਿਲੀ ਅਦੁੱਤੀ ਦੇਣ ਸੀ ਜਿਸ ਦੇ ਚਾਰ ਦਰਵਾਜ਼ੇ ਨਾ ਕੇਵਲ ਹਿੰਦੂ ਸਮਾਜ ਦੇ ਸਭ ਵਰਗਾਂ- ਬ੍ਰਾਹਮਣ, ਖੱਤਰੀ, ਸ਼ੂਦਰ, ਵੈਸ਼ ਨੂੰ ਸਾਂਝੇ ਧਰਮ ਅਸਥਾਨ ਵਿਚ ਜੀ ਆਇਆਂ ਕਹਿ ਰਹੇ ਹਨ, ਸਗੋਂ ਇਸ ਦੇ ਨਾਲ ਹੀ ਪ੍ਰਸਿੱਧ ਸੂਫੀ ਫਕੀਰ ਹਜ਼ਰਤ ਸਾਈਂ ਮੀਆਂ ਮੀਰ ਜੀ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਉਣ ਦੀ ਕਿਰਿਆ ਨੇ ਮੁਸਲਮਾਨ ਵੀਰਾਂ ਨੂੰ ਵੀ ਇਸ ਮੰਦਰ ਦੀ ਸਾਂਝੀਵਾਲਤਾ ਵਿਚ ਜੀ-ਆਇਆਂ ਕਿਹਾ। ਇੰਜ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਨਾਲ ਈਰਖਾ, ਦ੍ਵੈਤ, ਵੈਰ-ਵਿਰੋਧ ਦੇ ਝੋਰੇ ਖਤਮ ਹੋਣ ਲੱਗੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਦੇ ਬੋਹਿਥ ਆਦਿ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਗੁਰੂ-ਸਰੂਪ ਨਾਲੋਂ ਉੱਚ ਅਸਥਾਨ ’ਤੇ ਸਥਾਪਿਤ ਕਰ ਕੇ ਇਹ ਸੁਨੇਹਾ ਦਿੱਤਾ ਕਿ ਗੁਰੂ-ਸ਼ਬਦ ਉਨ੍ਹਾਂ ਦੀ ਹਸਤੀ ਤੋਂ ਵਧੇਰੇ ਸਤਿਕਾਰਯੋਗ ਹੈ। ਰਾਤ ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਸੁਖ-ਆਸਨ ਪਲੰਘ ’ਤੇ ਹੁੰਦਾ ਤੇ ਆਪ ਜੀ ਥੱਲੇ ਫਰਸ਼ ’ਤੇ ਹੀ ਬਿਰਾਜਮਾਨ ਹੁੰਦੇ। ਆਪ ਜੀ ਦੀ ਪਾਰਦਰਸ਼ੀ ਦ੍ਰਿਸ਼ਟੀ ਇਸ ਤੱਥ ਤੋਂ ਜਾਣੂ ਸੀ ਕਿ ਸਮਾਂ ਪਾ ਕੇ ਪੋਥੀ ਪਰਮੇਸਰ ਕਾ ਥਾਨੁ ਲਵੇਗੀ ਅਤੇ ਨਾਨਕ ਜੋਤ ਦੇ ਦਸਵੇਂ ਜਾਮੇਂ ਤੋਂ ਬਾਅਦ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਜੁਗੋ-ਜੁਗ ਅਟੱਲ ਗੁਰੂ ਰੂਪ ਹੋ ਕੇ ਪ੍ਰਵਾਨਿਤ ਹੋਣਗੇ।
ਸਮਾਂ ਪਾ ਕੇ ਐਸਾ ਹੀ ਹੋਇਆ। ੭ ਅਕਤੂਬਰ, ੧੭੦੮ ਈ. ਵਿਚ ਨਾਂਦੇੜ (ਸ੍ਰੀ ਹਜ਼ੂਰ ਸਾਹਿਬ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤ ਸਮਾਉਣ ਸਮੇਂ ਆਪਣੀ ਜੋਤ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਵਲੀਨ ਕਰ ਦਿੱਤੀ, ਮੱਥਾ ਟੇਕਿਆ ਤੇ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗੰ੍ਰਥ ਦਾ ਆਦੇਸ਼ ਦਿੱਤਾ। ਇਵੇਂ ਸਮੁੱਚੇ ਮਾਨਵ-ਸਮਾਜ ਨੂੰ ਅਤੇ ਵਿਸ਼ੇਸ਼ ਰੂਪ ਵਿਚ ਸਿੱਖ ਪੰਥ ਨੂੰ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਛਤਰ ਛਾਇਆ ਹੇਠ ਕਰਕੇ ਬਾਣੀ ਗੁਰੂ ਗੁਰੂ ਹੈ ਬਾਣੀ ਦਾ ਪ੍ਰਤੱਖ ਪ੍ਰਮਾਣ ਪੇਸ਼ ਕੀਤਾ। ਇਸ ਮੌਕੇ ’ਤੇ ਜੋ ਹੁਕਮਨਾਮਾ ਪ੍ਰਾਪਤ ਹੋਇਆ ਉਹ ਇਸ ਪ੍ਰਕਾਰ ਹੈ:
ਖੁਲਿਆ ਕਰਮੁ ਕ੍ਰਿਪਾ ਭਈ ਠਾਕੁਰ ਕੀਰਤਨੁ ਹਰਿ ਹਰਿ ਗਾਈ॥
ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ॥੧॥
ਅਬ ਮੋਹਿ ਜੀਵਨ ਪਦਵੀ ਪਾਈ॥
ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ॥੧॥ਰਹਾਉ॥
ਕਾਮੁ ਕ੍ਰੋਧੁੁ ਲੋਭੁ ਮੋਹੁ ਨਿਵਾਰੇ ਨਿਵਰੇ ਸਗਲ ਬੈਰਾਈ॥
ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ॥੨॥
ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ॥
ਪਾਵਨ ਪਤਿਤ ਕੀਏ ਖਿਨ ਭੀਤਰਿ ਮਹਿਮਾ ਕਥਨੁ ਨ ਜਾਈ॥੩॥
ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ॥
ਨਾਨਕੁ ਜਸੁ ਗਾਵੈ ਠਾਕੁਰ ਕਾ ਰੈਣਿ ਦਿਨਸੁ ਲਿਵ ਲਾਈ॥੪॥ (ਪੰਨਾ ੧੦੦੦)
ਇਹ ਹੁਕਮਨਾਮਾ, ਇਹ ਫੁਰਮਾਨ ਵੀ ਮਾਨੋ ਅਕਾਲ ਪੁਰਖ ਵੱਲੋਂ ਸਰਬ ਮਾਨਵਤਾ ਨੂੰ ਪ੍ਰਭੂ ਪਰਮੇਸਰ ਦੇ ਹਰਿ-ਕੀਰਤ ਜਸੁ ਗਾਉਣ ਦਾ ਉਪਦੇਸ਼ ਹੈ। ਜਗਿਆਸੂ ਦੀ ਨੱਠ-ਭੱਜ ਅਤੇ ਘਾਲਣਾ ਖਤਮ ਹੋ ਗਈ, ਸ਼ਬਦ ਗੁਰੂ ਨੇ ਬਿਸਰਾਮ, ਟਿਕਾਉ, ਬਖਸ਼ਿਸ਼ ਕੀਤਾ ਅਤੇ ਜੀਵਨ-ਪਦਵੀ ਦੀ ਪ੍ਰਾਪਤੀ ਹੋਈ। ਗੁਰੂ ਦੀ ਸ਼ਰਨ ਵਿਚ ਆ ਕੇ ਅਕਾਲ ਪੁਰਖ ਚਿੱਤ ਵਿਚ ਆ ਵਸਿਆ ਹੈ, ਜਿਸ ਕਾਰਨ ਕਾਮ, ਕ੍ਰੋਧ, ਲੋਭ, ਮੋਹ ਅਤੇ ਸਾਰੇ ਵੈਰ-ਵਿਰੋਧ ਝਗੜੇ ਖਤਮ ਹੋ ਗਏ ਹਨ। ਗੁਰੂ-ਸ਼ਬਦ ਨੇ ਸਦ-ਹਜ਼ੂਰੀ ਬਖਸ਼ਿਸ਼ ਕੀਤੀ ਦੁਰੀਆਂ ਮੁੱਕ ਗਈਆਂ ਹਨ, ਪ੍ਰਭੂ ਨਿਕਟ, ਪ੍ਰਤੱਖ, ਹਾਜ਼ਰ ਨਾਜ਼ਰ ਦਿਖ ਰਿਹਾ ਹੈ। ਗੁਰੂ ਸਹਾਇਕ ਹੋਏ ਹਨ, ਸਭ ਇੱਛਾਵਾਂ ਦੀ ਪੂਰਤੀ ਹੋ ਗਈ ਹੈ, ਅੰਦਰ ਸੁਖ, ਸੀਤਲਤਾ ਦਾ ਨਿਵਾਸ ਹੋ ਗਿਆ ਹੈ। ਗੁਰੂ-ਸ਼ਬਦ ਦੀ ਮਹਿਮਾ ਦੱਸੀ ਨਹੀਂ ਜਾ ਸਕਦੀ ਜਿਸ ਨੇ ਪਤਿਤ ਨੂੰ ਪਲ ਭਰ ਵਿਚ ਪਵਿੱਤਰਤਾ ਬਖਸ਼ਿਸ਼ ਕਰ ਦਿੱਤੀ ਹੈ, ਸਾਰੇ ਭੈ ਖਤਮ ਕਰ ਕੇ ਨਿਰਭੈ ਪਦਵੀ ਪ੍ਰਦਾਨ ਕੀਤੀ ਹੈ। ਹੁਣ ਟਿਕੇ ਹੋਏ ਮਨ ਵਿਚ ਦਿਨ-ਰਾਤ ਪ੍ਰਭੂ ਜਸ ਗਾਇਨ ਕਰਨ ਦੀ ਅਵਸਥਾ ਬਣ ਆਈ ਹੈ। ਐਸਾ ਮਹਾਨ ਉਪਦੇਸ਼ ਸੰਗਤ ਨੂੰ, ਸਾਰੀ ਮਨੁੱਖਤਾ ਨੂੰ ਪ੍ਰਾਪਤ ਹੋਇਆ ਹੈ।
ਨਿਰਸੰਦੇਹ ਸ੍ਰੀ ਗੁਰੂ ਗੰ੍ਰਥ ਸਾਹਿਬ ਰੂਹਾਨੀਅਤ ਦਾ ਅਥਾਹ ਸਮੁੰਦਰ ਹਨ ਜਿਸ ਵਿਚ ਬਿਨਾ ਕਿਸੇ ਜਾਤੀ ਜਿਨਸੀ ਨਸਲੀ ਭੇਦ-ਭਾਵ ਤੋਂ ਸਰਬ ਮਨੁੱਖਤਾ ਚੁੱਭੀ ਲਾ ਕੇ ਚੌਥੇ ਪਦ ਅਰਥਾਤ ਪਰਮ ਪਦਵੀ ਨੂੰ ਪ੍ਰਾਪਤ ਕਰ ਸਕਦੀ ਹੈ। ਏਕੁ ਪਿਤਾ ਏਕਸ ਕੇ ਹਮ ਬਾਰਿਕ ਦਾ ਉਪਦੇਸ਼ ਦਿੰਦੀ ਗੁਰਬਾਣੀ, ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ਦਾ ਜਾਪ ਜਪਾਉਂਦੀ ਗੁਰਬਾਣੀ ਵੈਰ ਵਿਰੋਧ ਦੀਆਂ ਵਿੱਥਾਂ ਨੂੰ ਸਮੇਟ ਕੇ ਸਰਬ ਮਨੁੱਖਤਾ ਨੂੰ ਇਕ ਪ੍ਰਭੂ-ਪਿਆਰ ਅਤੇ ਸਾਂਝੀਵਾਲਤਾ ਦੇ ਕਲਾਵੇ ਵਿਚ ਲੈਂਦੀ ‘ਬੇਗਮਪੁਰੇ’ ਦਾ ਵਾਸੀ ਬਣਨ ਲਈ ਉਤਸ਼ਾਹਤ ਕਰਦੀ ਹੈ। ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ੬ ਸਿੱਖ ਗੁਰੂ ਸਾਹਿਬਾਨ (ਪਹਿਲੀਆਂ ਪੰਜ ਪਾਤਸ਼ਾਹੀਆਂ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ) ਦੀ ਬਾਣੀ ਦੇ ਨਾਲ-ਨਾਲ ਹੋਰ ਮਹਾਂਪੁਰਸ਼ਾਂ ਦੀ ਬਾਣੀ ਨੂੰ ਵੀ ਉਹੋ ਸਤਿਕਾਰ ਪ੍ਰਾਪਤ ਹੈ ਜੋ ਗੁਰੂ ਦੀ ਬਾਣੀ ਨੂੰ ਪ੍ਰਾਪਤ ਹੈ। ਇਸ ਵਿਚ ਸ਼ਾਮਲ ਭਗਤ-ਜਨ ਉੱਚੀਆਂ ਜਾਤੀਆਂ ਵਿੱਚੋਂ ਵੀ ਹਨ, ਅਖੌਤੀ ਨੀਵੀਆਂ ਜਾਤਾਂ ਵਿੱਚੋਂ ਵੀ ਹਨ। ਜਿੱਥੇ ਹਿੰਦੂ, ਖੱਤਰੀ, ਬ੍ਰਾਹਮਣ, ਜੱਟ, ਛੀਂਬੇ, ਨਾਈ ਆਦਿ ਭਗਤ ਜਨਾਂ ਦੀ ਬਾਣੀ ਪ੍ਰਵਾਨ ਹੋਈ, ਉੱਥੇ ਮੁਸਲਮਾਨ ਪੀਰਾਂ-ਫਕੀਰਾਂ ਦਰਵੇਸ਼ਾਂ ਦੇ ਕਲਾਮ ਨੂੰ ਵੀ ਸਨਮਾਨ ਮਿਲਿਆ। ਭਗਤ ਬਾਣੀ ਪ੍ਰਵਾਨ ਕਰਨ ਦੀ ਕਸਵੱਟੀ ਇੱਕੋ ਸੀ:
ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ॥ (ਪੰਨਾ ੨੨)
ਜੋ ਸੱਚ ਦੀ ਕਸਵੱਟੀ ’ਤੇ ਪੂਰੇ ਉਤਰੇ, ਸਤਿਕਾਰੇ ਗਏ। ਆਸ਼ਾ ਇਹ ਸੀ ਕਿ ਬਾਣੀ ਰਾਹੀਂ ਰੱਬੀ ਪਿਆਰ, ਸੱਚ, ਸ਼ਾਂਤੀ, ਸਹਿਜ, ਨਿਮਰਤਾ, ਮਿੱਠਤ, ਸਾਂਝੀਵਾਲਤਾ ਅਤੇ ਮਾਨਵਤਾ ਦਾ ਉਪਦੇਸ਼ ਦ੍ਰਿੜ੍ਹ ਹੋਵੇ, ਆਤਮਿਕ ਸ਼ਾਂਤੀ ਦੇ ਨਾਲ-ਨਾਲ ਸਮਾਜ ਅਤੇ ਦੇਸ਼ ਦਾ ਉਧਾਰ ਹੋਵੇ। ਗੁਰੂ ਸਾਹਿਬਾਨ ਨੇ ਇਨ੍ਹਾਂ ਉਪਦੇਸ਼ਾਂ ਨੂੰ ਅਮਲੀ ਰੂਪ ਵਿਚ ਦ੍ਰਿੜ੍ਹ ਕਰਵਾਇਆ। ਸਰਬ ਸਾਂਝੇ ਧਰਮ ਸਥਾਨ ਸਾਂਝੀ ਸੰਗਤ, ਸਾਂਝੀ ਪੰਗਤ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਾਂਝੇ ਉਪਦੇਸ਼ ਸਰਬੱਤ ਦੇ ਭਲੇ ਲਈ ਅਰਦਾਸ ਗੁਰਬਾਣੀ ਦੇ ਉੱਚੇ ਸਿਧਾਂਤਾਂ ਨੂੰ ਅਮਲੀ ਰੂਪ ਪ੍ਰਦਾਨ ਕਰਦੇ ਹਨ। ਇਸ ਤਰ੍ਹਾਂ ਗੁਰਬਾਣੀ ਮਨੁੱਖਤਾ ਨੂੰ ਤੰਗ-ਦਿਲੀਆਂ, ਸੰਕੀਰਣਤਾ, ਫਿਰਕਾ-ਪ੍ਰਸਤੀ, ਜਾਤ ਅਤੇ ਪਦਵੀ ਅਭਿਮਾਨ ਤੋਂ ਮੁਕਤ ਕਰ ਕੇ ਸਰਵ-ਹਿਤਕਾਰੀ ਤੇ ਪਰਉਪਕਾਰੀ ਮਨੁੱਖ ਬਣਨ ਲਈ ਉਤਸ਼ਾਹਤ ਕਰਦੀ ਹੈ। ਇਹ ਸਿਧਾਂਤ ਦਿੱਤਾ ਕਿ ਮਨੁੱਖ ਦਾ ਨਬੇੜਾ ਚੰਗੇ ਅਮਲਾਂ ਰਾਹੀਂ ਹੋਣਾ ਹੈ ਨਾ ਕਿ ਉੱਚੀ ਜਾਤ ਜਾਂ ਕੁਲ ਵਿਚ ਜਨਮ ਲੈਣ ਕਾਰਨ:
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ॥
ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ॥ (ਪੰਨਾ ੧੩੩੦)
ਮਾਇਆਧਾਰੀ ਅਭਿਮਾਨੀ ਨੂੰ ਚੇਤਾਵਨੀ ਦਿੱਤੀ ਕਿ ਪਾਪਾਂ ਤੋਂ ਬਿਨਾ ਧਨ ਇਕੱਠਾ ਨਹੀਂ ਹੁੰਦਾ ਤੇ ਇਹ ਸੱਚ ਹੈ ਕਿ ਇਕੱਠਾ ਕੀਤਾ ਧਨ ਕਦੇ ਨਾਲ ਨਹੀਂ ਜਾਂਦਾ:
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ (ਪੰਨਾ ੪੧੭)
ਸੱਚੀ-ਸੁੱਚੀ ਕਿਰਤ ਕਰ ਕੇ ਨਿਰਬਾਹ ਕਰੋ ਅਤੇ ਇਸ ਕਿਰਤ ਵਿਚੋਂ ਲੋੜਵੰਦਾਂ ਦੀ ਸਹਾਇਤਾ ਕਰੋ। ਇਹੋ ਠੀਕ ਰਸਤਾ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)
ਲੁੱਟ-ਖਸੁੱਟ ਕਰ ਕੇ, ਦੂਜਿਆਂ ਦੇ ਹੱਕਾਂ ਤੇ ਛਾਪਾ ਮਾਰਨ ਵਾਲਾ ਮਨੁੱਖ ਕਦੀ ਧਰਮੀ ਨਹੀਂ ਹੁੰਦਾ:
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਪੰਨਾ ੧੪੧)
ਸਭਨਾਂ ਵਿਚ ਵਾਹਿਗੁਰੂ ਦੀ ਜੋਤ ਵਿਦਮਾਨ ਹੈ, ਉਸ ਦਾ ਚਾਨਣ ਹੀ ਸਭ ਪਾਸੇ ਪਸਰ ਰਿਹਾ ਹੈ ਪਰ ਇਹ ਜੋਤ ਗੁਰੂ ਦੀ ਸਿੱਖਿਆ ਰਾਹੀਂ ਪ੍ਰਗਟ ਹੁੰਦੀ ਹੈ
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥ (ਪੰਨਾ ੧੩)
ਨਾਮ, ਜਪ, ਸਿਮਰਨ ਨੂੰ ਸਰਵੋਤਮ ਧਰਮ ਮੰਨਿਆ ਹੈ:
ਸਰਬ ਧਰਮ ਮਹਿ ਸ੍ਰੇਸਟ ਧਰਮੁ॥
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਪੰਨਾ ੨੬੬)
ਇਸ ਲਈ ਗੁਰਸਿੱਖ ਦੀ ਪਰਿਭਾਸ਼ਾ ਵਿਚ ਪਹਿਲੀ ਸ਼ਰਤ ਨਾਮ ਜਪਣਾ ਹੈ:
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥ (ਪੰਨਾ ੬੧੧)
ਗੁਰਬਾਣੀ ਨੂੰ ਗੁਰੂ ਰੂਪ ਜਾਣਨ ਦੀ ਬਾਰ-ਬਾਰ ਤਾਕੀਦ ਕੀਤੀ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਪੰਨਾ ੯੮੨)
ਗੁਰਬਾਣੀ ਅਨੁਸਾਰ ਜੀਵਨ-ਮੁਕਤ ਅਵਸਥਾ ਪ੍ਰਾਪਤ ਕਰਨੀ ਸਰਵੋਤਮ ਪ੍ਰਾਪਤੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਜੀਵਨ-ਮੁਕਤ ਹੋਣ ਲਈ ਮਾਰਗ-ਦਰਸ਼ਨ ਕਰਦੇ ਫੁਰਮਾਨ ਕਰਦੇ ਹਨ:
ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥
ਤੈਸਾ ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀ ਬਿਓਗੁ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥
ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥
ਜੋ ਵਰਤਾਏ ਸਾਈ ਜੁਗਤਿ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ॥
(ਪੰਨਾ ੨੭੫)
ਗੁਰਬਾਣੀ ਈਰਖਾ, ਦ੍ਵੈਤ ਦੀ ਅਗਨ ਵਿਚ ਜਲਦੇ ਮਨੁੱਖ ਦਾ ਕਲਿਆਣ ਮੰਗਦੀ ਹੈ। ਵਿਸ਼ਵ ਦੀ ਸਰਬ-ਮਨੁੱਖਤਾ ਲਈ ਸੁੱਖ, ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹੈ ਭਾਵੇਂ ਇਸ ਦੀ ਪ੍ਰਾਪਤੀ ਲਈ ਕੋਈ ਵੀ ਰਾਹ ਅਪਣਾਇਆ ਜਾਵੇ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ ੮੫੩)
ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਬਹੁਤੀ ਮਨੁੱਖਤਾ ਧਰਮਾਂ ਦੀ ਸੰਕੀਰਣਤਾ ਕਾਰਨ ਵੈਰ-ਵਿਰੋਧ ਦੇ ਝਗੜਿਆਂ ਤੇ ਫਸਾਦਾਂ ਵਿਚ ਜੀਵਨ ਬਰਬਾਦ ਕਰ ਰਹੀ ਹੈ। ਅੱਜ ਸਾਰੀ ਮਨੁੱਖਤਾ ਨੂੰ ਏਕੁ ਪਿਤਾ ਏਕਸ ਕੇ ਹਮ ਬਾਰਿਕ ਦਾ ਸੰਦੇਸ਼ ਦੇਣ ਦੀ ਲੋੜ ਹੈ। ਗੁਰਬਾਣੀ ਬਾਰ-ਬਾਰ ਦ੍ਰਿੜ੍ਹ ਕਰਵਾਉਂਦੀ ਹੈ:
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰਨਾ ੯੭)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਸਾਰੀ ਮਨੁੱਖਤਾ ਦਾ ਇੱਕੋ ਧਰਮ ਹੈ, ਸੱਚ ਨੂੰ ਧਾਰਨ ਕਰਨਾ, ਸੱਚੇ ਅਮਲਾਂ ਰਾਹੀਂ ਮਨੁੱਖਤਾ ਦੀ ਸੇਵਾ ਕਰਨੀ ਅਤੇ ਸਚਿਆਰ ਪਦ ਨੂੰ ਪ੍ਰਾਪਤ ਕਰਨਾ:
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ॥ (ਪੰਨਾ ੪੬੯)
ਗੁਰਬਾਣੀ ਅਨੁਸਾਰ ਸਾਰੀ ਮਨੁੱਖਤਾ ਆਪੋ-ਆਪਣੇ ਵਿਰਸੇ ਵਿਚ ਪ੍ਰਾਪਤ ਹੋਏ ਧਰਮ/ਮਜ਼ਹਬ ਵਿਚ ਰਹਿ ਕੇ, ਸੱਚੇ-ਸੁੱਚੇ ਮਨੁੱਖ ਬਣਨ, ਫੇਰ ਭਾਵੇਂ ਕੋਈ ਹਿੰਦੂ ਹੋਵੇ ਜਾਂ ਮੁਸਲਮਾਨ, ਈਸਾਈ ਜਾਂ ਯਹੂਦੀ, ਸਿੱਖ ਹੋਵੇ ਜਾਂ ਬੋਧੀ। ਬਾਹਰਲੇ ਪਹਿਰਾਵੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਮੁੱਢਲੇ ਗੁਣਾਂ ਦਾ ਧਾਰਨੀ ਹੋਣਾ ਆਵੱਸ਼ਕ ਹੈ, ਤਾਂ ਹੀ ਜੀਵਨ ਸੁਖੀ ਸੁਹੇਲਾ ਹੋਵੇਗਾ, ਗੁਰਬਾਣੀ ਵਿਚ ਐਸੇ ਅਨੇਕ ਪ੍ਰਮਾਣ ਪ੍ਰਾਪਤ ਹਨ ਜਿਨ੍ਹਾਂ ਵਿਚ ਚੰਗੇ ਸਿੱਖ, ਸੱਚੇ-ਸੁੱਚੇ ਮੁਸਲਮਾਨ, ਪੂਜਯ ਬ੍ਰਾਹਮਣ, ਅਸਲ ਖੱਤਰੀ, ਸੱਚੇ ਯੋਗੀ ਦੀ ਪਰਿਭਾਸ਼ਾ ਅਤੇ ਲੱਛਣ ਦੱਸੇ ਹਨ। ਸੱਚਾਈ ਅਤੇ ਨੇਕੀ ਉੱਚੇ ਕਿਰਦਾਰ ਵਿਚ ਹੈ ਨਾ ਕਿ ਬਾਹਰੀ ਦਿਖਾਵੇ ਦੇ ਭੇਖਾਂ ਵਿਚ।
-ਡਾ. ਜਗਜੀਤ ਸਿੰਘ
