3 views 24 secs 0 comments

ਗੁਰ ਰਾਮਦਾਸ ਰਾਖਹੁ ਸਰਣਾਈ

ਲੇਖ
October 12, 2025

ਸ੍ਰੀ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਮਹਾਰਾਜ ਹਨ। ਆਪ ਜੀ ਦਾ ਪ੍ਰਕਾਸ਼ ਲਾਹੌਰ ਵਿਖੇ, ਪਿਤਾ ਸ੍ਰੀ ਹਰਿਦਾਸ ਜੀ ਅਤੇ ਮਾਤਾ ਸ੍ਰੀ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ ਪਿਤਾ ਦੀ ਪਹਿਲੀ ਸੰਤਾਨ ਹੋਣ ਕਾਰਨ ਆਪ ਜੀ ਨੂੰ ‘ਜੇਠਾ’ ਕਹਿ ਕੇ ਸੱਦਿਆ ਜਾਂਦਾ ਸੀ ਅਤੇ ਇਹੋ ਨਾਮ ਪ੍ਰਸਿੱਧ ਹੋ ਗਿਆ। ਆਪ ਜੀ ਦਾ ਇਕ ਛੋਟਾ ਭਰਾ ਸੀ ਹਰਦਿਆਲ ਤੇ ਇਕ ਛੋਟੀ ਭੈਣ ਸੀ ਰਾਮਦਾਸੀ। ਛੋਟੀ ਉਮਰ ੭ ਸਾਲ ਦੇ ਹੀ ਸਨ ਜਦੋਂ ਆਪ ਜੀ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ। ਪਰਵਾਰ ਮੁਸ਼ਕਲਾਂ ਵਿਚ ਘਿਰ ਗਿਆ। ਅਜੇ ਥੋੜ੍ਹਾ ਸਮਾਂ ਹੀ ਲੰਘਿਆ ਸੀ ਕਿ ਪਿਤਾ ਹਰਦਾਸ ਜੀ ਵੀ ਰੱਬ ਨੂੰ ਪਿਆਰੇ ਹੋ ਗਏ। ਪਰਵਾਰ ਨੂੰ ਦੁਖਾਂ ਵਿਚ ਤੇ ਆਰਥਿਕ ਤੰਗੀ ਨੇ ਆ ਘੇਰਿਆ। ਆਪ ਦੇ ਨਾਨਕੇ, ਪਿੰਡ ਬਾਸਰਕੇ, ਦੇ ਰਹਿਣ ਵਾਲੇ ਸਨ। ਸ੍ਰੀ (ਗੁਰੂ) ਅਮਰਦਾਸ ਜੀ ਦਾ ਜਨਮ ਸਥਾਨ ਅਤੇ ਪਰਵਾਰ ਦਾ ਨਿਵਾਸ ਸਥਾਨ ਬਾਸਰਕੇ ਹੀ ਸੀ। ਨਾਨੀ ਜੀ ਆਪ ਜੀ ਅਤੇ ਆਪ ਜੀ ਦੇ ਛੋਟੇ ਭੈਣ-ਭਰਾ ਨੂੰ ਬਾਸਰਕੇ ਲੈ ਆਏ। ਸ੍ਰੀ (ਗੁਰੂ) ਅਮਰਦਾਸ ਜੀ ਦੇ ਪਰਵਾਰ ਵੱਲ ਪੁਰਾਣੀ ਜਾਣ ਪਹਿਚਾਣ ਸੀ। ਉਨ੍ਹਾਂ ਨੇ ਹੌਂਸਲਾ ਦਿੱਤਾ ਅਤੇ ਹਰ ਤਰ੍ਹਾਂ ਦੀ ਸਹਾਇਤਾ ਦੇ ਮਿੱਠੇ ਬਚਨ ਕਹੇ ਜਿਸ ਨਾਲ ਪਰਵਾਰ ਵਿਚ ਧੀਰਜ ਬੱਝਾ। ਪਰਵਾਰ ਦੇ ਗੁਜ਼ਾਰੇ ਲਈ ਆਪ ਕਈ ਵਰ੍ਹੇ ਨਾਨੀ ਜੀ ਦੀਆਂ ਬਣਾਈਆਂ ਘੁੰਗਣੀਆਂ ਵੇਚਦੇ ਰਹੇ ਅਤੇ ਸ੍ਰੀ (ਗੁਰੂ) ਅਮਰਦਾਸ ਜੀ ਦੇ ਸਤਿਸੰਗ ਦਾ ਅਨੰਦ ਮਾਣਦੇ ਰਹੇ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਆਦੇਸ਼ ਮੰਨਦਿਆਂ ਸ੍ਰੀ (ਗੁਰੂ) ਅਮਰਦਾਸ ਜੀ ਗੋਇੰਦਵਾਲ ਆ ਬਿਰਾਜੇ ਅਤੇ ਕਈ ਪਰਵਾਰਾਂ ਨੂੰ ਏਥੇ ਆ ਵੱਸਣ ਲਈ ਉਤਸ਼ਾਹਿਤ ਕੀਤਾ। ਭਾਈ ਜੇਠਾ ਜੀ ਦਾ ਪਰਵਾਰ ਵੀ ਏਥੇ ਆ ਗਿਆ। ਆਪ ਜੀ ਪਹਿਲਾਂ ਵਾਂਗ ਹੀ ਦਿਨ ਨੂੰ ਘੁੰਗਣੀਆਂ ਵੇਚਦੇ ਅਤੇ ਸ਼ਾਮ ਨੂੰ ਸ੍ਰੀ (ਗੁਰੂ) ਅਮਰਦਾਸ ਜੀ ਵੱਲੋਂ ਲਗਾਏ ਜਾਂਦੇ ਸਤਿਸੰਗ ਦਾ ਅਨੰਦ ਮਾਣਦੇ। ਸ੍ਰੀ (ਗੁਰੂ) ਅਮਰਦਾਸ ਜੀ ਵੀ ਬਾਲਕ ਜੇਠਾ ਜੀ ਨੂੰ ਬਹੁਤ ਪਿਆਰ ਕਰਦੇ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਦੀ ਭਗਤੀ ਤੇ ਸੇਵਾ ਨੂੰ ਮੁੱਖ ਰੱਖਦਿਆਂ ਸ੍ਰੀ (ਗੁਰੂ) ਅਮਰਦਾਸ ਜੀ ਨੂੰ ਗੁਰਿਆਈ ਬਖ਼ਸ਼ਿਸ਼ ਕੀਤੀ ਅਤੇ ਆਪ ਜੀ ਨੂੰ ਤੀਜੀ ਪਾਤਸ਼ਾਹੀ ਦਾ ਪਦ ਪ੍ਰਾਪਤ ਹੋਇਆ। ਭਾਈ ਜੇਠਾ ਜੀ ਪੂਰੀ ਮਿਹਨਤ ਨਾਲ ਕਿਰਤ ਕਰਦੇ, ਗੁਰੂ-ਘਰ ਦੀ ਪੂਰੀ ਲਗਨ ਨਾਲ ਸੇਵਾ ਕਰਦੇ ਅਤੇ ਗੁਰੂ ਬਚਨਾਂ ਦਾ ਪਾਲਣ ਕਰਦੇ। ਆਪ ਨੇ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਇਆ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਆਰ ਦੇ ਪਾਤਰ ਬਣੇ। ਅਨੰਦਮਈ ਜੀਵਨ ਜੁਗਤਿ ਵਿਚ ਵਿਚਰਦੇ, ਸੁਹਣੇ ਸੁਣੱਖੇ ਨੌਜਵਾਨ, ਗੁਰੂ ਜੀ ਦੇ ਮਿਹਰਾਂ ਭਰੀ ਨਜ਼ਰ ਵਿਚ ਪ੍ਰਵਾਨ ਹੋਏ। ਜਦੋਂ ਮਾਤਾ ਜੀ ਨੇ ਬੀਬੀ ਭਾਨੀ ਲਈ ਚੰਗੇ ਵਰ ਦੀ ਭਾਲ ਲਈ ਇੱਛਾ ਜ਼ਾਹਿਰ ਕੀਤੀ ਕਿ ਬੇਟੀ ਭਾਨੀ ਲਈ ਭਾਈ ਜੇਠਾ ਜੀ ਵਰਗਾ ਸੁੰਦਰ ਤੇ ਸੁਸ਼ੀਲ ਵਰ ਹੋਵੇ, ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਹਿਜ ਹੀ ਫੁਰਮਾਇਆ ਕਿ ਇਹੋ ਜਿਹਾ ਤਾਂ ਇਹੋ ਹੀ ਹੈ, ਹੋਰ ਕੋਈ ਨਹੀਂ। ਗੁਰੂ ਜੀ ਦੀਆਂ ਮਿਹਰਾਂ ਪ੍ਰਾਪਤ ਹੋਈਆਂ ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬੱਚੀ ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ (ਸ੍ਰੀ ਗੁਰੂ ਰਾਮਦਾਸ ਜੀ) ਨਾਲ ਕਰ ਦਿੱਤਾ। ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਸੇਵਾ ਵਿਚ ਭਾਈ ਜੇਠਾ ਜੀ, ਗੁਰੂ-ਘਰ ਦੇ ਜਵਾਈ ਹੁੰਦੇ ਹੋਏ ਵੀ, ਪੂਰੀ ਲਗਨ ਤੇ ਮਿਹਨਤ ਨਾਲ ਗਾਰਾ, ਮਿੱਟੀ, ਚੂਨਾ ਆਦਿ ਦੀ ਟੋਕਰੀ ਢੋਂਦੇ ਰਹੇ। ਲਾਹੌਰ ਤੋਂ ਆਏ ਰਿਸ਼ਤੇਦਾਰਾਂ ਨੇ ਮਿਹਣੇ ਦਿੱਤੇ, ਪਰ ਆਪ ਜੀ ਨੇ ਕੋਈ ਪਰਵਾਹ ਨਾ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਦਿੱਤੇ ਗਏ ਮਿਹਣਿਆਂ ਦਾ ਹਲੀਮੀ ਵਿਚ ਉੱਤਰ ਦਿੱਤਾ, “ਸਿਰ ’ਤੇ ਚੁੱਕੀ ਟੋਕਰੀ ਦਾ ਕੋਈ ਭਾਰ ਨਹੀਂ, ਪਰਮਾਤਮਾ ਨੇ ਲੋਕ-ਭਲਾਈ ਦੇ ਪਤਾ ਨਹੀਂ ਕਿੰਨੇ ਮਹਾਨ ਕਾਰਜਾਂ ਦਾ ਬੋਝ ਇਨ੍ਹਾਂ ਦੇ ਸਿਰ ਤੇ ਰੱਖਣਾ ਹੈ ਅਤੇ ਇਨ੍ਹਾਂ ਰਾਹੀਂ ਬੇਅੰਤ ਮਨੁੱਖਤਾ ਦਾ ਕਲਿਆਣ ਹੋਣਾ ਹੈ।” ‘ਸਾਧ ਬਚਨ ਅਟਲਾਧਾ’ ਅਨੁਸਾਰ ਐਸਾ ਹੀ ਵਾਪਰਿਆ। ਸਿੱਖੀ ਦੇ ਦਾਇਰੇ ਨੂੰ ਵਿਸ਼ਾਲ ਹੁੰਦਾ ਵੇਖ ਕੇ ਸੰਨ ੧੫੭੦ ਈ. ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ (ਗੁਰੂ) ਰਾਮਦਾਸ ਜੀ ਨੂੰ ਨਵਾਂ ਸਥਾਨ ਵਸਾਉਣ ਲਈ ਪ੍ਰੇਰਿਤ ਕੀਤਾ। ਆਪ ਜੀ ਅਤੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਪਹਿਲਾਂ ਸੰਤੋਖਸਰ ਸਰੋਵਰ ਦੀ ਖੁਦਾਈ ਅਰੰਭੀ। ਉਪਰੰਤ ਨਵੇਂ ਨਗਰ ਦੀ ਨੀਂਹ ਰੱਖੀ। ਨਾਮ ਰੱਖਿਆ, ‘ਗੁਰੂ ਕਾ ਚੱਕ’ ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਨਾਂ ‘ਚੱਕ ਰਾਮਦਾਸ’ ਰੱਖ ਦਿੱਤਾ ਤੇ ਅੰਮ੍ਰਿਤ ਸਰੋਵਰ ਦੀ ਮਾਨਤਾ ਕਾਰਨ ਵਸੋਂ ਵੱਧ ਜਾਣ ਤੇ ਸ਼ਹਿਰ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਸਿੱਧ ਹੋਇਆ। ੧੫੭੪ ਈ. ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਦੇ ਸਨਮੁਖ ਗੁਰਿਆਈ ਭਾਈ ਜੇਠਾ ਜੀ (ਸ੍ਰੀ ਗੁਰੂ ਰਾਮਦਾਸ ਜੀ) ਨੂੰ ਗੁਰਿਆਈ ਬਖਸ਼ਿਸ਼ ਕੀਤੀ ਤੇ ਆਪ ਜੀ ਸ੍ਰੀ ਗੁਰੂ ਰਾਮਦਾਸ ਜੀ ਕਰ ਕੇ ਸੰਬੋਧਨ ਹੋਣ ਲੱਗੇ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਬਖਸ਼ਿਸ਼ ਕਰ ਕੇ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਮੱਥਾ ਟੇਕਿਆ, ਤਾਂ ਗੁਰੂ ਜੀ ਦੇ ਅੰਦਰ ਜੋ ਵੈਰਾਗ ਪੈਦਾ ਹੋਇਆ, ਉਸ ਨੂੰ ਯਾਦ ਕਰ ਕੇ ਉਹ ਭਾਵ ਆਪ ਜੀ ਨੇ ਨਿਮਨ ਸ਼ਬਦ ਰਾਹੀਂ ਪ੍ਰਗਟ ਕੀਤੇ ਹਨ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
(ਪੰਨਾ ੧੬੭)
ਭਾਈ ਗੁਰਦਾਸ ਜੀ ਨੇ ਵੀ ਇਸ ਅਨੂਠੀ ਘਟਨਾ ਨੂੰ ਆਪਣੇ ਅਨੁਭਵ ਰਾਹੀਂ ਪ੍ਰਗਟ ਕੀਤਾ:
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ। (ਵਾਰ ੧:੪੭)
ਸ੍ਰੀ ਗੁਰੂ ਰਾਮਦਾਸ ਜੀ ਦਾ ਅਭਿਨੰਦਨ ਕਰਦਿਆਂ ਭਾਈ ਬਲਵੰਡ ਜੀ ਤੇ ਭਾਈ ਸੱਤਾ ਜੀ ਨੇ ਵੀ ਗੁਰੂ ਜੀ ਨੂੰ ਧੰਨਤਾ ਯੋਗ ਕਿਹਾ:
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ (ਪੰਨਾ ੯੬੮)
ਗੁਰਿਆਈ ਮਿਲਣ ਉਪਰੰਤ ਆਪ ਜੀ ਨੇ ਅਨੇਕਾਂ ਮਹਾਨ ਕਾਰਜ ਕੀਤੇ, ਪਰ ਨਿਮਰਤਾ, ਸਹਿਣਸ਼ੀਲਤਾ, ਉਦਾਰਤਾ ਦਾ ਪੱਲਾ ਕਦੀ ਨਹੀਂ ਢਿੱਲਾ ਹੋਣ ਦਿਤਾ। ਆਪ ਜੀ ਦੀਆਂ ਰਚਨਾਵਾਂ ਵਿੱਚੋਂ ਆਪ ਜੀ ਨਿਮਰਤਾ ਦੀ ਮੂਰਤ ਬਾਰ-ਬਾਰ ਪ੍ਰਤੱਖ ਹੁੰਦੀ ਹੈ:
-ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ॥
(ਪੰਨਾ ੧੦)
-ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ॥
(ਪੰਨਾ ੬੬੬)
-ਕਿਆ ਹਮ ਕਿਰਮ ਨਾਨੑ ਨਿਕ ਕੀਰੇ ਤੁਮੑ ਵਡ ਪੁਰਖ ਵਡਾਗੀ॥ (ਪੰਨਾ ੬੬੭)
ਸ੍ਰੀ ਗੁਰੂ ਰਾਮਦਾਸ ਜੀ ਹੱਥੋਂ ਸੰਪੰਨ ਹੋਏ ਕੁਝ ਵਿਸ਼ੇਸ਼ ਕਾਰਜ:-
੧. ਚੱਕ ਰਾਮਦਾਸ ਦੀ ਨੀਂਹ ਰੱਖੀ ਜੋ ਸਹਿਜੇ-ਸਹਿਜੇ ਸਿੱਖੀ ਦਾ ਇਕ ਮਹਾਨ ਕੇਂਦਰ ਹੋ ਕੇ ਪ੍ਰਗਟ ਹੋਇਆ। ਦੁਖ ਭੰਜਨੀ ਬੇਰੀ ਪਾਸ ਆਪ ਜੀ ਨੇ ੧੫੭੭ ਈ. ਵਿਚ ਇਕ ਸਰੋਵਰ ਦਾ ਨਿਰਮਾਣ ਕਰਵਾਇਆ, ਜੋ ਬਾਅਦ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਅੱਜ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ‘ਸਿਫਤੀ ਦਾ ਘਰੁ’ ਸੰਸਾਰ ਦੇ ਨਕਸ਼ੇ ’ਤੇ ਇਕ ਅਦੁੱਤੀ ਸਥਾਨ ਕਰਕੇ ਪ੍ਰਸਿੱਧ ਹੈ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਐਸੀ ਉਪਮਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖ਼ੁਦ ਕੀਤੀ ਹੈ:
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ॥ (ਪੰਨਾ ੧੩੬੨)
੨. ਸਿੱਖੀ ਦੇ ਪ੍ਰਚਾਰ ਹਿੱਤ ਮਸੰਦ ਪ੍ਰਥਾ ਚਾਲੂ ਕੀਤੀ, ਜਿਸ ਨਾਲ ਉੱਚੇ-ਸੁੱਚੇ ਕਥਨੀ ਤੇ ਕਰਨੀ ਵਾਲੇ ਗੁਰਸਿੱਖ ਸਿੱਖੀ ਦੀ ਸੇਵਾ ਨਿਭਾਉਣ ਲੱਗੇ।
੩. ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਪਰੰਪਰਾਵਾਂ ਨੂੰ ਅੱਗੇ ਤੋਰਿਆ। ਸੰਗਤ, ਪੰਗਤ, ਕੀਰਤਨ, ਸੇਵਾ, ਭਾਈਚਾਰਕ ਸੰਗਠਨ ਅਤੇ ਸਵੇਰ ਸ਼ਾਮ ਦੇ ਦੀਵਾਨ ਆਦਿ ਚੜ੍ਹਦੀ ਕਲਾ ਵਿਚ ਹੁੰਦੇ ਰਹੇ।
੪. ਆਪ ਜੀ ਨੇ ਚਾਰ ਲਾਵਾਂ ਦੀ ਰਚਨਾ ਕੀਤੀ। ਸਿੱਖੀ ਪਰਵਿਰਤੀ ਅਤੇ ਨਰਵਿਰਤੀ ਦਾ ਸੁਚੱਜਾ ਸੁਮੇਲ ਹੈ। ਅੱਜ ਲਾਵਾਂ ਦੇ ਪਾਠ ਅਤੇ ਗਾਇਨ ਹੀ ਸਿੱਖ ਵਿਆਹ ਦਾ ਮੂਲ ਧੁਰਾ ਹੈ, ਜੋ ਸਿੱਖ ਧਰਮ, ਸਮਾਜ ਅਤੇ ਸਰਕਾਰ ਵੱਲੋਂ ਪ੍ਰਵਾਨਿਤ ਹੈ।
੫. ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪ ਜੀ ਦੀ ਬਾਣੀ ਪਰੰਪਰਾ ਅਨੁਸਾਰ ਰਾਗਾਂ ਵਿਚ ਹੈ। ਕੁੱਲ ੩੧ ਰਾਗਾਂ ਵਿੱਚੋਂ ੩੦ ਰਾਗਾਂ ਵਿਚ ਆਪ ਜੀ ਨੇ ਬਾਣੀ ਦਾ ਉਚਾਰਨ ਕੀਤਾ, ਸਿਵਾਏ ਇਕ ਰਾਗ ਜੈਜਾਵੰਤੀ ਦੇ ਜਿਸ ਵਿਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਹੈ। ਆਪ ਜੀ ਨੇ ੨੪੬ ਪਦੇ ਰਚੇ ਜਿਨ੍ਹਾਂ ਵਿਚ ਦੁਪਦੇ, ਚੌਪਦੇ ਤੇ ਪੰਚ ਪਦੇ ਸ਼ਾਮਲ ਹਨ। ੩੧ ਅਸਟਪਦੀਆਂ ਲਿਖੀਆਂ। ਲੋਕ ਕਾਵਿ-ਰੂਪਾਂ ਵਿਚ ਪਹਿਰੇ, ਵਣਜਾਰਾ, ਕਰਹਲੇ, ਘੋੜੀਆਂ ਤੇ ਛੰਤ ਰਚੇ, ੧੩੮ ਸਲੋਕ ਉਚਾਰਨ ਕੀਤੇ ਅਤੇ ੮ ਵਾਰਾਂ ਲਿਖੀਆਂ ਜਿਨ੍ਹਾਂ ਵਿਚ ੧੮੩ ਪਉੜੀਆਂ ਹਨ। ‘ਪੜਤਾਲਾਂ’ ਵਿਚ ਕੀਤੀ ਰਚਨਾ ਆਪ ਜੀ ਦੀ ਵਿਲੱਖਣ ਦੇਣ ਹੈ। ਇਨ੍ਹਾਂ ਦਾ ਗਾਇਨ ਕੋਈ ਵਿਰਲਾ ਸੰਗੀਤ ਦਾ ਮਾਹਿਰ ਰਾਗੀ ਹੀ ਕਰ ਸਕਦਾ ਹੈ। ਆਪ ਜੀ ਦੀ ਬਾਣੀ ਦਾ ਪ੍ਰਧਾਨ ਵਿਸ਼ਾ-ਪ੍ਰਭੂ ਪਿਆਰ, ਵੈਰਾਗ, ਮਿਲਾਪ ਲਈ ਤੜਪ ਹੈ। ਇਨ੍ਹਾਂ ਦੇ ਸਾਧਨ ਵਜੋਂ ਗੁਰੂ ਦਾ ਧਿਆਨ, ਨਾਮ ਸਿਮਰਨ, ਸਾਧ ਸੰਗ, ਸੇਵਾ, ਬਾਣੀ ਕੀਰਤਨ, ਸ਼ਬਦ-ਵਿਚਾਰ ਦੱਸੀ ਹੈ, ਜਿਸ ਦੀ ਪ੍ਰਾਪਤੀ ਲਈ ਅੰਮ੍ਰਿਤ ਵੇਲਾ, ਸੌਚ ਇਸ਼ਨਾਨ, ਸਦਾਚਾਰਕ ਚਲਣ ਆਦਿ ਜ਼ਰੂਰੀ ਦੱਸੇ। ਆਪ ਜੀ ਦੀ ਦਰਸਾਈ ਗੁਰਸਿੱਖ ਦੀ ਪਰਿਭਾਸ਼ਾ ਸਾਰੇ ਸਿੱਖ ਜਗਤ ਵਿਚ ਮਕਬੂਲ ਹੋਈ ਹੈ, ਪੜ੍ਹੀ ਅਤੇ ਗਾਇਨ ਕੀਤੀ ਜਾਂਦੀ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
(ਪੰਨਾ ੩੦੫)
ਸ੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਸਨ। ਸਭ ਤੋਂ ਵੱਡੇ ਪ੍ਰਿਥੀ ਚੰਦ ਸੰਸਾਰਕ ਬਿਰਤੀ ਵਾਲੇ, ਚੰਗੀ ਪ੍ਰਬੰਧਕੀ ਸੂਝ ਵਾਲੇ, ਕਾਰ-ਵਿਹਾਰ ਦਾ ਸਾਰਾ ਪ੍ਰਬੰਧ ਤੇ ਸਾਂਭ-ਸੰਭਾਲ ਕਰਦੇ ਸਨ, ਨਾਮ ਬਾਣੀ, ਸਿਮਰਨ ਸਾਧਨਾ ਵਿਚ ਧਿਆਨ ਨਹੀਂ ਸੀ। ਦੂਜੇ ਪੁੱਤਰ ਮਹਾਂਦੇਵ ਜੀ ਵੈਰਾਗਮਈ ਸੁਭਾਅ ਵਾਲੇ ਨਿਰਵਿਰਤ ਬਿਰਤੀ ਦੇ ਮਾਲਕ, ਉਪਰਾਮ ਰਹਿਣ ਵਾਲੇ ਕਿਸੇ ਕੰਮ ਵਿਚ ਰੁਚੀ ਨਹੀਂ ਸੀ ਰੱਖਦੇ। ਤੀਜੇ ਸ੍ਰੀ (ਗੁਰੂ) ਅਰਜਨ ਦੇਵ ਜੀ, ਗੁਣਵਾਨ, ਆਗਿਆਕਾਰੀ, ਨਾਮ-ਰਸੀਏ, ਹਰਮਨ ਪਿਆਰੇ ਸਪੁੱਤਰ ਸਨ, ਜਿਨ੍ਹਾਂ ਨੂੰ ਗੁਰਿਆਈ ਦੇ ਯੋਗ ਸਮਝਦਿਆਂ ਸੰਨ ੧੫੮੧ ਵਿਚ ਗੁਰਤਾ ਬਖਸ਼ਿਸ਼ ਕੀਤੀ। ਸਤੰਬਰ ੧੫੮੧ ਈ. ਵਿਚ ਆਪ ਜੀ ਜੋਤੀ ਜੋਤ ਸਮਾਏ।
ਭੱਟ ਸਾਹਿਬਾਨ ਦੇ ਸਵਈਆਂ ਵਿਚ ਪ੍ਰਾਪਤ ਸ੍ਰੀ ਗੁਰੂ ਰਾਮਦਾਸ ਜੀ ਦੀ ਮਨੋਹਰ ਸ਼ਖ਼ਸੀਅਤ:-
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਸਤਾਰ-ਬੰਦੀ ਦੀ ਰਸਮ ਵੇਲੇ ਦੂਰੋਂ-ਦੂਰੋਂ ਸਿੱਖ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ-ਦੀਦਾਰ ਨੂੰ ਆਈਆਂ। ਪ੍ਰੋ. ਸਾਹਿਬ ਸਿੰਘ ਅਨੁਸਾਰ ਉਨ੍ਹੀਂ ਹੀ ਦਿਨੀਂ ਭੱਟ ਭੀ ਸੰਗਤਾਂ ਦੇ ਨਾਲ ਗੋਇੰਦਵਾਲ ਸਾਹਿਬ ਆਏ। ਦੀਦਾਰ ਦੀ ਬਰਕਤ ਨਾਲ ਚਿੱਤ ਗੁਰੂ ਦੀ ਸਿਫਤ ਕਰਨ ਦੇ ਉਮਾਹ ਵਿਚ ਆਇਆ ਅਤੇ ਗੁਰੂ-ਉਪਮਾ ਵਿਚ ਉਨ੍ਹਾਂ ਇਹ ‘ਸਵਈਏ’ ਉਚਾਰੇ, ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਮੁਖਵਾਕ ਸਵਈਆਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ। ਕੁੱਲ ੧੧ ਭੱਟ ਸਾਹਿਬਾਨ ਹਨ, ਜਿਨ੍ਹਾਂ ਦੇ ਨਾਮ ਇਹ ਹਨ:-
੧. ਭੱਟ ਕੱਲਸਹਾਰ ਜੀ (ਜਿਨ੍ਹਾਂ ਦੇ ਦੂਜੇ ਨਾਮ ‘ਕਲ੍ਹ’ ਅਤੇ ‘ਟਲ੍ਹ’ ਹਨ)
੨. ਭੱਟ ਜਾਲਪ ਜੀ (ਜਿਨ੍ਹਾਂ ਦਾ ਦੂਜਾ ਨਾਮ ਜਲ੍ਹ ਹੈ) ੩. ਭੱਟ ਕੀਰਤ ਜੀ ੪. ਭੱਟ ਭਿੱਖਾ ਜੀ ੫. ਭੱਟ ਸਲ੍ਹ ਜੀ ੬. ਭੱਟ ਭਲ੍ਹ ਜੀ ੭. ਭੱਟ ਨਲ੍ਹ ਜੀ ੮. ਭੱਟ ਗਯੰਦ ਜੀ ੯. ਭੱਟ ਮਥੁਰਾ ਜੀ ੧੦. ਭੱਟ ਬਲ੍ਹ ਜੀ ਅਤੇ ੧੧. ਭੱਟ ਹਰਿਬੰਸ ਜੀ।
ਸਵਈਆਂ ਵਿਚ ਕੇਵਲ ਗੁਰੂ ਦੀ ਵਡਿਆਈ ਕੀਤੀ ਗਈ ਹੈ। ਗੁਰੂ ਦੀ ਉਪਮਾ ਕਰਨ ਲੱਗਿਆਂ ‘ਗੁਰ ਵਿਅਕਤੀ’ ਦੀ ਉਪਮਾ ਹੋਣੀ ਕੁਦਰਤੀ ਗੱਲ ਸੀ। ਸੋ ਇਨ੍ਹਾਂ ਭੱਟ ਸਾਹਿਬਾਨ ਨੇ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਸਾਹਿਬ ਤਕ ਹਰੇਕ ‘ਗੁਰ ਮਹਲੇ’ ਦੀ ਸਿਫਤਿ ਉਚਾਰੀ ਹੈ। ਭੱਟ ਕਲਸਹਾਰ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ੧੩ ਸਵਈਏ ਉਚਾਰੇ ਹਨ। ਪਹਿਲੇ ਸਵਈਏ ਵਿਚ ਹੀ ਆਪ ਜੀ ਬੇਨਤੀ ਕਰਦੇ ਹਨ ਤੇ ਸਤਿਗੁਰੂ (ਸ੍ਰੀ ਗੁਰੂ ਰਾਮਦਾਸ ਜੀ) ਮੈਂ ਦਾਸ ਦੀ ਆਸ ਪੂਰੀ ਕਰੋ ਕਿ ਮੈਂ ਇਕਾਗਰ ਚਿੱਤ ਹੋ ਕੇ ਮਾਇਆ ਤੋਂ ਰਹਿਤ ਅਕਾਲ ਪੁਰਖ ਨੂੰ ਸਿਮਰਾਂ, ਗੁਰੂ ਦੀ ਕਿਰਪਾ ਨਾਲ ਸਦਾ ਹਰੀ ਦੇ ਗੁਣ ਗਾਵਾਂ ਅਤੇ ਗੁਣ ਗਾਇਨ ਕਰਦਿਆਂ-ਕਰਦਿਆਂ ਮੇਰੇ ਮਨ ਵਿਚ ਖਿੜਾਉ ਪੈਦਾ ਹੋਵੇ:
ਇਕ ਮਨਿ ਪੁਰਖੁ ਨਿਰੰਜਨੁ ਧਿਆਵਉ॥
ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਉ॥
ਗੁਨ ਗਾਵਤ ਮਨਿ ਹੋਇ ਬਿਗਾਸਾ॥
ਸਤਿਗੁਰ ਪੂਰਿ ਜਨਹ ਕੀ ਆਸਾ॥ (ਪੰਨਾ ੧੩੯੬)
ਅੱਗੇ ਫੁਰਮਾਉਂਦੇ ਹਨ:
ਸਤਿਗੁਰੁ ਸੇਵਿ ਪਰਮ ਪਦੁ ਪਾਯਉ॥
ਅਬਿਨਾਸੀ ਅਬਿਗਤੁ ਧਿਆਯਉ॥
ਤਿਸੁ ਭੇਟੇ ਦਾਰਿਦ੍ਰੁ ਨ ਚੰਪੈ॥
ਕਲੵ ਸਹਾਰੁ ਤਾਸੁ ਗੁਣ ਜੰਪੈ॥ (ਪੰਨਾ ੧੩੯੬)
ਅਰਥਾਤ – ਜਿਸ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੇਵ ਕੇ ਉੱਚੀ ਪਦਵੀ ਪਾਈ ਹੈ ਅਤੇ ਅਬਿਨਾਸ਼ੀ ਤੇ ਅਦ੍ਰਿਸ਼ਟ ਹਰੀ ਨੂੰ ਸਿਮਰਿਆ ਹੈ, ਉਸ ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗਿਆਂ, ਦਲਿੱਦ੍ਰ ਨਹੀਂ ਚੰਬੜਦਾ, ਕਲਸਹਾਰ ਭੱਟ ਉਸ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਣ ਗਾਉਂਦਾ ਹੈ। ਭੱਟ ਕਲਸਹਾਰ ਜੀ ਅੱਗੇ ਫੁਰਮਾਉਂਦੇ ਹਨ:
ਜੰਪਉ ਗੁਣ ਬਿਮਲ ਸੁਜਨ ਜਨ ਕੇਰੇ ਅਮਿਅ ਨਾਮੁ ਜਾ ਕਉ ਫੁਰਿਆ॥
ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ ਨਾਮੁ ਨਿਰੰਜਨ ਉਰਿ ਧਰਿਆ॥
(ਪੰਨਾ ੧੩੯੬)
ਅਰਥਾਤ – ਮੈਂ ਉਸ ਸ੍ਰੇਸ਼ਟ ਜਨ (ਸ੍ਰੀ ਗੁਰੂ ਅਮਰਦਾਸ ਜੀ) ਦੇ ਨਿਰਮਲ ਗੁਣ ਗਾਉਂਦਾ ਹਾਂ, ਜਿਸ ਨੂੰ ਆਤਮਕ ਜੀਵਨ ਦੇਣ ਵਾਲੇ ਨਾਮ ਦਾ ਅਨੁਭਵ ਹੋਇਆ ਹੈ, ਇਸ (ਸ੍ਰੀ ਗੁਰੂ ਰਾਮਦਾਸ ਜੀ) ਨੇ ਸ੍ਰੀ ਗੁਰੂ (ਅਮਰਦਾਸ ਜੀ) ਨੂੰ ਸੇਵ ਕੇ ਸ਼ਬਦ ਦਾ ਅਨੰਦ ਪ੍ਰਾਪਤ ਕੀਤਾ ਹੈ ਤੇ ਨਿਰੰਜਨ ਦਾ ਨਾਮ ਹਿਰਦੇ ਵਿਚ ਵਸਾਇਆ ਹੈ। ਸਵਈਏ ਦੀਆਂ ਆਖਰੀ ਪੰਕਤੀਆਂ ਹਨ:
ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ॥
ਕਵਿ ਕਲੵ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ॥ (ਪੰਨਾ ੧੩੯੬)
ਅਰਥਾਤ – ਹੇ ਕਲਸਹਾਰ ਕਵੀ! ਠਾਕੁਰ ਹਰਿਦਾਸ ਜੀ ਦੇ ਸਪੁੱਤਰ (ਸ੍ਰੀ ਗੁਰੂ ਰਾਮਦਾਸ ਜੀ) (ਹਿਰਦੇ ਰੂਪੀ) ਖਾਲੀ ਸਰੋਵਰਾਂ ਨੂੰ ਨਾਮ ਨਾਲ ਭਰਨ ਵਾਲੇ ਹਨ। ਸ੍ਰੀ ਗੁਰੂ ਰਾਮਦਾਸ ਜੀ ਅਕਾਲ ਪੁਰਖ ਦੇ ਨਾਮ ਦੇ ਰਸੀਏ ਹਨ, ਗੋਬਿੰਦ-ਗੁਣਾਂ ਦੇ ਗਾਹਕ ਹਨ, ਅਕਾਲ ਪੁਰਖ ਨਾਲ ਪਿਆਰ ਕਰਨ ਵਾਲੇ ਹਨ ਅਤੇ ਸਮਦ੍ਰਿਸ਼ਟਤਾ ਦਾ ਸਰੋਵਰ ਹਨ। ਪੰਜਵੇਂ ਸਵਈਏ ਵਿਚ ਆਪ ਜੀ ਫੁਰਮਾਨ ਕਰਦੇ ਹਨ ਕਿ ਸ੍ਰੀ ਗੁਰੂ ਰਾਮਦਾਸ ਜੀ ਨੂੰ ਅਬਿਨਾਸ਼ੀ ਪ੍ਰਭੂ ਨਾਲ ਅਭੇਦਤਾ ਪ੍ਰਾਪਤ ਹੋਈ:
ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ॥
ਗੁਰ ਰਾਮਦਾਸ ਕਲ੍ਹੁਚਰੈ ਤੈਂ ਅਟਲ ਅਮਰ ਪਦੁ ਪਾਇਓ॥ (ਪੰਨਾ ੧੩੯੭)
ਅਰਥਾਤ- ਕਲਸਹਾਰ ਆਖਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਖਸ਼ੀ ਸੁੰਦਰ ਬੁੱਧ ਨਾਲ, ਸ੍ਰੀ ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦਾ ਹੁਕਮ ਵਰਤੋਂ ਵਿਚ ਲਿਆਂਦਾ ਹੈ, ਹੇ ਸ੍ਰੀ ਗੁਰੂ ਰਾਮਦਾਸ ਜੀ! ਆਪ ਜੀ ਸਦਾ ਥਿਰ ਰਹਿਣ ਵਾਲੇ ਹੋ ਅਤੇ ਅਬਿਨਾਸ਼ੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ। ਭੱਟ ਕਲ੍ਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਅਕਾਲ ਪੁਰਖ ਵੱਲੋਂ ਬਖਸ਼ਿਸ਼ ਹੋਈ ਇੱਕੋ ਜੋਤਿ ਦਾ ਪ੍ਰਕਾਸ਼ ਮੰਨਿਆ ਹੈ:
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖੵ ਜਨ ਕੀਅਉ ਪ੍ਰਗਾਸ॥
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ॥
(ਪੰਨਾ ੧੩੯੯)
ਅਰਥਾਤ- ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਚੰਦਰਮਾ ਰੂਪ ਪ੍ਰਗਟ ਹੋਏ, ਮਨੁੱਖਾਂ ਨੂੰ ਤਾਰਨ ਲਈ ਆਪ ਜੀ ਨੇ ਚਾਨਣਾ ਕੀਤਾ ਤੇ ਸਾਰੇ ਸੰਸਾਰ ਨੂੰ ਖੁਸ਼ੀ ਹੋਈ। ਫਿਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਹਰੀ ਦੀ ਅਕਥ ਕਥਾ ਦਾ ਗਿਆਨ ਰੂਪ ਬਖਸ਼ਿਆ, ਜਿਸ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਾਮਾਦਿਕ ਪੰਜੇ ਵੈਰੀ ਵੱਸ ਵਿਚ ਕਰ ਲਏ ਤੇ ਇਨ੍ਹਾਂ ਦਾ ਡਰ ਨਾ ਰਿਹਾ।
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ
ਅਘਨ ਦੇਖਤ ਗਤੁ ਚਰਨ ਕਵਲ ਜਾਸ॥
ਸਭ ਬਿਧਿ ਮਾਨਿੵਉ ਮਨੁ ਤਬ ਹੀ ਭਯਉ ਪ੍ਰਸੰਨੁ
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ॥ (ਪੰਨਾ ੧੩੯੯)
ਅਰਥਾਤ – ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਛੋਹ ਨਾਲ ਸ੍ਰੀ ਗੁਰੂ ਅਮਰਦਾਸ ਜੀ ਪ੍ਰਗਟ ਹੋਏ। ਉਨ੍ਹਾਂ ਨੇ ਕਲਿਜੁਗ ਦੀ ਪੱਤ ਰੱਖੀ, ਆਪ ਜੀ ਦੇ ਚਰਨ-ਕਮਲਾਂ ਦਾ ਦਰਸ਼ਨ ਕਰ ਕੇ ਕਲਿਜੁਗ ਦੇ ਪਾਪ ਭੱਜ ਗਏ। ਜਦੋਂ ਸ੍ਰੀ ਗੁਰੂ ਅਮਰਦਾਸ ਜੀ ਦਾ ਮਨ ਪੂਰਨ ਤੌਰ ’ਤੇ ਪਤੀਜ ਗਿਆ, ਤਦੋਂ ਉਹ ਗੁਰੂ ਰਾਮਦਾਸ ਜੀ ਉੱਤੇ ਤਰੁੱਠੇ ਤੇ ਉਨ੍ਹਾਂ ਨੂੰ ਰਾਜ ਜੋਗ ਵਾਲਾ ਤਖਤ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਆ। ਅਗਲੇ ੧੩ ਸਵਈਏ ਭੱਟ ਗਯੰਦ ਜੀ ਦੇ ਹਨ। ਆਪ ਜੀ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਦਾ ਪ੍ਰਕਾਸ਼ ਦੂਜੀ, ਤੀਜੀ ਅਤੇ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਵਿਚ ਪ੍ਰਗਟ ਹੋਇਆ ਦੱਸਿਆ ਹੈ:
ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ॥ ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ॥
ਲਹਣੈ ਪੰਥੁ ਧਰਮ ਕਾ ਕੀਆ॥ ਅਮਰਦਾਸ ਭਲੇ ਕਉ ਦੀਆ॥
ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪੵਉ॥ ਹਰਿ ਕਾ ਨਾਮੁ ਅਖੈ ਨਿਧਿ ਅਪੵਉ॥
(ਪੰਨਾ ੧੪੦੧)
ਅਰਥਾਤ – ਸ੍ਰੀ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦੇ ਨਿਕਟ ਵਸਦੇ ਹਨ। ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਨਿਵਾਜ ਕੇ ਰੱਬੀ ਜੋਤ ਜਗਤ ਵਿਚ ਪ੍ਰਕਾਸ਼ਮਾਨ ਕੀਤੀ। ਭਾਈ ਲਹਿਣਾ ਜੀ ਨੇ ਧਰਮ ਦਾ ਰਾਹ ਚਲਾਇਆ ਅਤੇ ਨਾਮ-ਧਰਮ ਦੀ ਦਾਤ ਭਲੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਨਾਮ ਦਾ ਅਖੁੱਟ ਖ਼ਜ਼ਾਨਾ ਸੋਢੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਆ।
ਇਕ ਗੱਲ ਵਿਸ਼ੇਸ਼ ਧਿਆਨ ਯੋਗ ਹੈ ਕਿ ਭੱਟ ਗਯੰਦ ਜੀ ਦੇ ਇਨ੍ਹਾਂ ਸਵਈਆਂ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਵਿਚ ‘ਵਾਹਿਗੁਰੂ’ ਸ਼ਬਦ ਦਾ ਪਹਿਲੀ ਵਾਰੀ ਪ੍ਰਯੋਗ ਹੋਇਆ ਹੈ:
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ॥ (ਪੰਨਾ ੧੪੦੨)
ਅਰਥਾਤ – ਹੇ ਗੁਰੂ! ਤੂੰ ਅਸਚਰਜ ਹੈਂ, ਤੂੰ ਅਟੱਲ ਹੈਂ, ਤੂੰ ਆਦਿ ਪੁਰਖ ਹੈਂ, ਤੂੰ ਸਦਾ ਥਿਰ ਹੈ। ਸ੍ਰੀ ਗੁਰੂ ਰਾਮਦਾਸ ਜੀ ਦੀ ਸਿਫਤ ਸਾਲਾਹ ਵਿਚ ਇਸ ਦਾ ਗਾਇਨ ਸਾਧ ਸੰਗਤ ਵਿਚ ਵਿਸ਼ੇਸ਼ ਤੌਰ ’ਤੇ ਕੀਤਾ ਤੇ ਸੁਣਿਆ-ਮਾਣਿਆ ਜਾਂਦਾ ਹੈ, ਜਿਵੇਂ ਨਿਮਨ ਸਵਈਆਂ:
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥
ਨਿਰੰਕਾਰੁ ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ॥
ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ ਭਯਾ ਮਨ ਮਦ ਕਾ॥
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ॥
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ॥ (ਪੰਨਾ ੧੪੦੩)
ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਵਿਚ ਭੱਟ ਮਥੁਰਾ ਜੀ ਨੇ ੭ ਸਵਈਏ ਉਚਾਰਨ ਕੀਤੇ ਹਨ। ਭੱਟ ਮਥੁਰਾ ਜੀ ਅਨੁਸਾਰ ਸਾਰੇ ਜੁਗਾਂ ਵਿਚ ਭਉਂਦਾ ਹੋਇਆ ਕੋਈ ਮੁਨੀ ਪਰਮਾਤਮਾ ਦਾ ਧਿਆਨ ਧਰਦਾ ਹੈ, ਅੰਦਰ ਦਾ ਚਾਨਣ ਲੱਭਦਾ ਹੈ, ਜਿਸ ਦਾ ਜਸ ਬ੍ਰਹਮਾ ਵੇਦ-ਬਾਣੀ ਸਣੇ ਗਾਉਂਦਾ ਹੈ, ਜਿਸ ਦੇ ਦਰਸ਼ਨਾਂ ਖਾਤਰ ਅਨੇਕਾਂ ਜੋਗੀ, ਜਤੀ, ਸਿੱਧ ਤੇ ਸਾਧਿਕ ਤਪ ਕਰਦੇ ਹਨ, ਜਟਾ-ਜੂਟ ਰਹਿ ਕੇ ਉਦਾਸ ਭੇਖ ਧਾਰ ਕੇ ਫਿਰਦੇ ਹਨ, ਉਸ ਹਰੀ-ਰੂਪ ਸ੍ਰੀ ਗੁਰੂ ਅਮਰਦਾਸ ਜੀ ਨੇ ਸਹਜ-ਸੁਭਾਇ ਜੀਆਂ ਉੱਤੇ ਕਿਰਪਾ ਕੀਤੀ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਹਰੀ ਨਾਮ ਦੀ ਵਡਿਆਈ ਬਖਸ਼ੀ:
ਜਾ ਕਉ ਮੁਨਿ ਧ੍ਹਾਨ ਧਰੈ ਫਿਰਤ ਸਗਲ ਜੁਗ
ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ॥
ਬੇਦ ਬਾਣੀ ਸਹਿਤ ਬਿਰੰਚਿ ਜਸੁ ਗਾਵੈ ਜਾ ਕੋ
ਸਿਵ ਮੁਨਿ ਗਹਿ ਨ ਤਜਾਤ ਕਬਿਲਾਸ ਕੰਉ॥
ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ॥
ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ
ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ॥ (ਪੰਨਾ ੧੪੦੪)
ਭੱਟ ਬਲ੍ਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਵਿਚ ਪੰਜ ਸਵਈਏ ਉਚਾਰੇ ਹਨ, ਜਿਨ੍ਹਾਂ ਦਾ ਉਚਾਰਨ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪ੍ਰਕਾਸ਼ ਸਮੇਂ ਹੋਰ ਭੱਟ ਬਾਣੀ ਦੇ ਨਾਲ ਬੜੇ ਪਿਆਰ ਨਾਲ ਉਚਾਰਨ ਕੀਤਾ ਜਾਂਦਾ ਹੈ। ਉਦਾਹਰਨ ਵਜੋਂ ਇਕ ਸਵਈਆਂ ਨਿਮਨ ਲਿਖਤ ਹੈ:
ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ॥
ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ॥
ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ॥
ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ॥
ਸੋਈ ਰਾਮਦਾਸੁ ਗੁਰੁ ਬਲੵ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ॥
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ॥
(ਪੰਨਾ ੧੪੦੫)
ਅਰਥਾਤ- ਜਿਸ ਸਤਿਗੁਰੂ (ਸ੍ਰੀ ਗੁਰੂ ਰਾਮਦਾਸ ਜੀ) ਦਾ ਸਿਮਰਨ ਕੀਤਿਆਂ ਅੱਖਾਂ ਦੇ ਛੌੜ ਖਿਨ ਵਿਚ ਕੱਟੇ ਜਾਂਦੇ ਹਨ, ਜਿਸ ਗੁਰੂ ਦਾ ਸਿਮਰਨ ਕੀਤਿਆਂ ਹਿਰਦੇ ਵਿਚ ਹਰੀ ਦਾ ਨਾਮ ਦਿਨੋਂ ਦਿਨ ਹੋਰ ਪ੍ਰਪੱਕ ਹੁੰਦਾ ਹੈ। ਜਿਸ ਗੁਰੂ ਨੂੰ ਸਿਮਰਿਆਂ ਜੀਵ ਦੇ ਹਿਰਦੇ ਦੀ ਤਪਤ ਮਿਟਦੀ ਹੈ, ਜਿਸ ਗੁਰੂ ਨੂੰ ਯਾਦ ਕਰ ਕੇ ਜੀਵ ਰਿੱਧੀਆਂ ਸਿੱਧੀਆਂ ਤੇ ਨੌਂ ਨਿਧੀਆਂ ਪਾ ਲੈਂਦਾ ਹੈ; ਭੱਟ ਬਲ੍ਹ ਜੀ ਕਹਿੰਦੇ ਹਨ – ਹੇ ਜਨੋਂ! ਜਿਸ ਸ੍ਰੀ ਗੁਰੂ ਰਾਮਦਾਸ ਜੀ ਦੀ ਚਰਨੀਂ ਲੱਗ ਕੇ ਪ੍ਰਭੂ ਨੂੰ ਮਿਲੀਦਾ ਹੈ, ਉਸ ਨੂੰ ਸਿਮਰੋ ਤੇ ਸੰਗਤ ਵਿਚ ਮਿਲ ਕੇ ਆਖੋ, ਤੂੰ ਧੰਨ ਹੈਂ, ਤੂੰ ਧੰਨ ਹੈਂ। ਭੱਟ ਕੀਰਤ ਦੇ ੪ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਹਨ। ਇਕ ਸਵਈਆਂ ਜੋ ਬਹੁਤ ਪ੍ਰਸਿੱਧ ਹੈ ਅਤੇ ਲੱਗਭਗ ਰੋਜ਼ ਸ੍ਰੀ ਦਰਬਾਰ ਸਾਹਿਬ ਰਾਗੀ ਸਿੰਘਾਂ ਵਲੋਂ ਜਾਂ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਗਾਇਨ ਕੀਤਾ ਜਾਂਦਾ ਹੈ, ਇਹ ਹੈ:
-ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ॥
(ਪੰਨਾ ੧੪੦੬)
ਅਰਥਾਤ – ੧. ਅਸੀਂ ਅਉਗਣਾਂ ਨਾਲ ਭਰੇ ਹੋਏ ਹਾਂ, ਸਾਡੇ ਵਿਚ ਇਕ ਵੀ ਗੁਣ ਨਹੀਂ ਹੈ, ਅੰਮ੍ਰਿਤ ਰੂਪੀ ਨਾਮ ਨੂੰ ਛੱਡ ਕੇ ਅਸੀਂ ਨਿਰੀ ਵਿਸ਼ੇ ਵਿਕਾਰਾਂ ਦੀ) ਵਿਹੁ ਹੀ ਖਾਂਦੇ ਰਹਿੰਦੇ ਹਾਂ। ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ ਜੀਵਨ ਰਾਹ ਤੋਂ ਭੁੱਲੇ ਹੋਏ ਹਾਂ ਅਤੇ ਪੁੱਤਰ ਇਸਤਰੀ ਦੇ ਪਿਆਰ ਵਿਚ ਰੁਝੇ ਹੋਏ ਹਾਂ।
੨. ਅਸੀਂ ਸਤਿਗੁਰੂ ਜੀ ਦੀ ਸੰਗਤ ਵਾਲਾ ਉੱਤਮ ਰਾਹ ਸੁਣਿਆ ਹੈ ਜਿਸ ’ਤੇ ਚੱਲਿਆਂ ਜਮਾਂ ਦਾ ਡਰ ਮਿਟ ਜਾਂਦਾ ਹੈ। ਭੱਟ ਕੀਰਤ ਜੀ ਦੀ ਇੱਕੋ ਬੇਨਤੀ ਹੈ ਕਿ ਹੇ ਸ੍ਰੀ ਗੁਰੂ ਰਾਮਦਾਸ ਜੀ! ਆਪਣੀ ਸ਼ਰਨ ਵਿਚ ਰੱਖੋ ਜੀ। ਸਲ੍ਹ ਭੱਟ ਦੇ ਕੇਵਲ ਦੋ ਸਵਈਏ ਹਨ। ਆਪ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ਵਿਚ ਫੁਰਮਾਉਂਦੇ ਹਨ:
ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ॥
ਗੁਰ ਰਾਮਦਾਸ ਸਚੁ ਸਲੵ ਭਣਿ ਤੂ ਅਟਲੁ ਰਾਜਿ ਅਭਗੁ ਦਲਿ॥ (ਪੰਨਾ ੧੪੦੬)
ਅਰਥਾਤ- (ਸ੍ਰੀ ਗੁਰੂ ਰਾਮਦਾਸ ਜੀ) ਆਪ ਜੀ ਦੇ ਸਿਰ ਉੱਤੇ ਛਤਰ ਹੈ, ਆਪ ਜੀ ਦਾ ਤਖਤ ਸਦਾ-ਥਿਰ ਹੈ, ਆਪ ਰਾਜ ਅਤੇ ਜੋਗ ਦੋਵੇਂ ਮਾਣਦੇ ਹੋ ਤੇ ਆਤਮ ਬਲੀ ਹੋ। ਹੇ ਕਲ੍ਹ ਕਵੀ! ਤੂੰ ਸੱਚ ਆਖ, ਹੇ ਗੁਰੂ ਰਾਮਦਾਸ ਜੀ! ਤੁਸੀਂ ਅਟੱਲ ਰਾਜ ਵਾਲੇ ਤੇ (ਦੈਵੀ-ਸਰੂਪ) ਨਾ ਨਾਸ਼ ਹੋਣ ਵਾਲੀ ਫੌਜ ਵਾਲੇ ਹੋ ਜੀ।

-ਡਾ. ਜਗਜੀਤ ਸਿੰਘ