ਸਿੱਖ ਗੁਰੂਆਂ ਦੀ ਵਿਚਾਰਧਾਰਾ ਦਾ ਪ੍ਰਤੀਕ ਗੁਰਦੁਆਰਾ ਸਾਹਿਬ ਦਾ ਝੂਲਦਾ ਨਿਸ਼ਾਨ ਸਾਹਿਬ ਸਿੱਖ ਧਰਮ ਦੀ ਵਿਲੱਖਣਤਾ ਅਤੇ ਸ਼ਾਨ ਦਾ ਪ੍ਰਤੀਕ ਹੈ। ਜਦੋਂ ਪੰਜਾਬ ਦੀ ਧਰਤੀ ਤੋਂ ਬਾਹਰ ਕਿਸੇ ਗੈਰ ਪੰਜਾਬੀ ਧਰਤੀ ਤੇ ਗੁਰਦੁਆਰਾ ਸਾਹਿਬ ਦਾ ਉੱਚਾ ਝੂਲਦਾ ਨਿਸ਼ਾਨ ਸਾਹਿਬ ਅਤੇ ਉੱਚਾ ਗੁੰਬਦ ਨਜ਼ਰੀਂ ਪੈਂਦਾ ਹੈ ਤਾਂ ਸਿੱਖ ਸ਼ਰਧਾਲੂ ਉਸ ਪਾਸੇ ਆਕ੍ਰਸ਼ਿਤ ਹੋ ਜਾਂਦਾ ਹੈ ਅਤੇ ਉਸਦੇ ਪੈਰ ਆਪ ਮੁਹਾਰੇ ਉਸ ਪਾਸੇ ਨੂੰ ਤੁਰ ਪੈਂਦੇ ਹਨ। ਪਿਛਲੇ ਦਿਨੀਂ ਮੇਰਾ ਕੁਦਰਤ ਦੀ ਨਿਆਮਤਾਂ ਨਾਲ ਭਰਪੂਰ ਜੰਨਤ ਦੀ ਗੋਦ ਵਰਗੀ ਧਰਤੀ ਗੋਆ ਜਾਣ ਦਾ ਸਬੱਬ ਬਣਿਆ।
ਉੱਥੇ ਉੱਤਰੀ ਗੋਆ ਵਿੱਚ ਅਰਬ ਸਾਗਰ ਦੇ ਕੰਢੇ ਗੋਆ ਦੀ ਰਾਜਧਾਨੀ ਪਣਜੀ ਵਿਚ ਬੀਚ ਤੇ ਘੁੰਮਦਿਆਂ ਬੇਟਿਮ ਵਿੱਚ ਮਨਦੋਵੀ ਬਰਿੱਜ਼ ਨੇੜੇ ਸਿੱਖ ਧਰਮ ਦੀ ਸ਼ਾਨ ਉੱਚਾ ਝੂਲਦਾ ਨਿਸ਼ਾਨ ਸਾਹਿਬ ਦੇਖ ਕੇ ਮਨ ਅਚੰਭਿਤ ਹੋ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਲਈ ਮਨ ਉਤਾਵਲਾ ਹੋ ਗਿਆ ਅਤੇ ਗਿਰਜਾਘਰਾਂ ਦੀ ਦੁਨੀਆਂ ਵਿੱਚ ਗੁਰਦੁਆਰਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਖਿੱਚ ਨੇ ਮਨ ਚ ਉਤਸੁਕਤਾ ਪੈਦਾ ਕਰ ਦਿੱਤੀ। ਡਰਾਇਵਰ ਨੂੰ ਕਹਿ ਕੇ ਗੱਡੀ ਗੁਰੂਦੁਆਰਾ ਸਾਹਿਬ ਵੱਲ ਮੋੜ ਲਈ।ਗੋਆ ਦੇ ਬੇਟਿਮ ਸ਼ਹਿਰ ਵਿੱਚ ਸੜਕ ਦੇ ਕੰਢੇ ਅਰਧ ਪਹਾੜੀ ਇਲਾਕੇ ਚ ਸਥਿਤ ਇਸ ਗੁਰਦੁਆਰਾ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ’ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾ ਕੇ ਨਤਮਸਤਕ ਹੋ ਗਏ। ਗੁਰਦੁਆਰਾ ਸਾਹਿਬ ਦੀ ਸੁੰਦਰ ਅਤੇ ਆਲੀਸ਼ਾਨ ਇਮਾਰਤ ਦੇਖ ਕੇ ਮਨ ਬਾਗ਼ੋ ਬਾਗ਼ ਹੋ ਗਿਆ। ਗੁਰਦੁਆਰਾ ਸਾਹਿਬ ਦੀ ਐਂਟਰੀ ਤੇ ਖੱਬੇ ਪਾਸੇ ਜੋੜਾ ਘਰ ਬਣਿਆ ਹੋਇਆ ਹੈ।ਉੱਪਰ ਪਹਿਲੀ ਮੰਜ਼ਿਲ ਤੇ ਦਰਬਾਰ ਸਾਹਿਬ ਜਾਣ ਲਈ ਪੌੜੀਆਂ ਬਣੀਆਂ ਹੋਈਆਂ ਹਨ। ਪੌੜੀਆਂ ਚੜ੍ਹਦਿਆਂ ਹੀ ਸਾਹਮਣੇ ਹੁਕਮਨਾਮਾ ਸਾਹਿਬ ਦਾ ਬੋਰਡ ਲੱਗਾ ਹੋਇਆ ਹੈ, ਜਿੱਥੋਂ ਮੁੱਖ ਵਾਕ ਪੜ੍ਹਨ ਉਪਰੰਤ ਸੰਗਤਾਂ ਅੱਗੇ ਜਾਂਦੀਆਂ ਹਨ।
ਪਹਿਲੀ ਮੰਜ਼ਿਲ ਤੇ ਦਰਬਾਰ ਸਾਹਿਬ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੈ ਅਤੇ ਦਰਬਾਰ ਸਾਹਿਬ ਦੀ ਇਮਾਰਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸ਼ਿੰਗਾਰੀ ਹੋਈ ਹੈ।
ਪ੍ਰਸ਼ਾਦਿ ਲੈਣ ਉਪਰੰਤ ਉੱਥੇ ਬੈਠੇ ਗਿਆਨੀ ਪ੍ਰੇਮ ਸਿੰਘ ਨਾਲ ਇਸ ਗੁਰੂ ਘਰ ਬਾਰੇ ਗੱਲਬਾਤ ਕਰਕੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਧੱਮ ਨਾਲ ਮਿਲਵਾ ਦਿੱਤਾ। ਪ੍ਰਬੰਧਕੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਲੈਫਟੀਨੈਂਟ ਜਨਰਲ ਡਾ. ਗੋਪਾਲ ਸਿੰਘ, ਗਵਰਨਰ ਗੋਆ,ਦਮਨ ਤੇ ਦੀਓ ਨੇ ਇਸ ਕੁਦਰਤੀ ਜੰਨਤ ਰੂਪੀ ਧਰਤੀ ਤੇ ਗੁਰਦੁਆਰਾ ਸਾਹਿਬ ਬਣਾਉਣ ਦਾ ਸੁਪਨਾ ਲਿਆ ਸੀ। ਉਹਨਾਂ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਨਾਲ ਮਿਲਕੇ ਅਤੇ ਸਲਾਹ ਮਸ਼ਵਰਾ ਕਰਕੇ ਇੱਥੇ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਸਰਕਾਰ ਵੱਲੋਂ ਪੂਰਾ ਸਾਥ ਦੇਣ ਦਾ ਦ੍ਰਿੜ੍ਹ ਵਿਸ਼ਵਾਸ ਦੁਆਇਆ।ਸੰਨ 2011 ਦੇ ਜਨ ਸੰਖਿਆ ਅੰਕੜਿਆਂ ਮੁਤਾਬਕ 1473 ਅਬਾਦੀ ਵਾਲੇ ਇਸ ਪਿੰਡ ਵਿੱਚ ਗਵਰਨਰ ਡਾ. ਗੋਪਾਲ ਸਿੰਘ ਲੈਫਟੀਨੈਂਟ ਜਨਰਲ ਨੇ ਕੋਸ਼ਿਸ਼ਾਂ ਨਾਲ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ 18 ਦਸੰਬਰ 1986 ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੋਂ ਰਖਵਾਇਆ ਸੀ।
ਹੁਣ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹਰਵਿੰਦਰ ਸਿੰਘ ਧੱਮ ਦੀ ਪ੍ਰਧਾਨਗੀ ਹੇਠ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਰੋਜ਼ਾਨਾ ਲੰਗਰ ਦਾ ਪ੍ਰਬੰਧ ਹੈ। ਗਿਆਨੀ ਪ੍ਰੇਮ ਸਿੰਘ ਇੱਥੇ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਦੱਸਿਆ ਕਿ ਇੱਥੇ ਹਰ ਐਤਵਾਰ ਨੂੰ 500-600 ਸਿੱਖ ਸੰਗਤ ਨਤਮਸਤਕ ਹੋ ਕੇ ਹਾਜ਼ਰੀ ਭਰਦੀ ਹੈ। ਕਮੇਟੀ ਵੱਲੋਂ ਮਨਾਏ ਜਾਂਦੇ ਸਿੱਖ ਧਰਮ ਨਾਲ ਸਬੰਧਿਤ ਗੁਰਪੁਰਬਾਂ ਮੌਕੇ 8000 ਤੋਂ ਵੱਧ ਭਾਰੀ ਗਿਣਤੀ ਚ ਸਿੱਖ ਸੰਗਤਾਂ ਦੂਰ ਨੇੜਿਓਂ ਆ ਕੇ ਇੱਥੇ ਨਤਮਸਤਕ ਹੋ ਕੇ ਗੁਰਬਾਣੀ ਸਰਵਣ ਕਰਦਿਆਂ ਗੁਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇੱਥੇ ਹਰ ਰੋਜ਼ ਸਵੇਰੇ ਸ਼ਾਮ ਰਾਗੀ ਜਥੇ ਵੱਲੋਂ ਰਸਭਿੰਨਾ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ।
ਕਮੇਟੀ ਪ੍ਰਧਾਨ ਹਰਵਿੰਦਰ ਸਿੰਘ ਧੱਮ ਨੇ ਦੱਸਿਆ ਕਿ ਇੱਥੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਬਾਥਰੂਮਾਂ, ਇਸ਼ਨਾਨ ਘਰ ਅਤੇ ਰਿਹਾਇਸ਼ੀ ਕਮਰਿਆਂ ਦਾ ਖੂਬਸੂਰਤ ਪ੍ਰਬੰਧ ਹੈ।ਲਗਭਗ 800 ਵਰਗ ਫੁੱਟ ਵਿੱਚ ਬਣੇ ਇਸ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਦੇ ਰਹਿਣ ਲਈ 7 ਕਮਰੇ ਏਸੀ ਅਤੇ ਅਟੈਚਡ ਬਾਥਰੂਮ ਸਹੂਲਤ ਨਾਲ ਲੈਸ, 4 ਕਮਰੇ ਅਟੈਚਡ ਬਾਥਰੂਮ ਬਿਨਾਂ ਏਸੀ, ਲੰਗਰ ਹਾਲ, ਪਖਾਨੇ , ਬਾਥਰੂਮ ਆਦਿ ਦੀ ਉਸਾਰੀ ਕੀਤੀ ਗਈ ਹੈ। ਕਮੇਟੀ ਪ੍ਰਧਾਨ ਦਾ ਅਧੁਨਿਕ ਸਹੂਲਤਾਂ ਨਾਲ ਲੈਸ ਦਫ਼ਤਰ, ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਦੇ ਭੰਡਾਰ ਵਾਲੀ ਲਾਇਬ੍ਰੇਰੀ,ਮੁੱਖ ਗ੍ਰੰਥੀ ਦੀ ਰਿਹਾਇਸ਼, ਕੀਰਤਨੀ ਜਥੇ ਦੀ ਰਿਹਾਇਸ਼ ਹੋਰ ਮੁਲਾਜ਼ਮਾਂ ਦੀ ਰਿਹਾਇਸ਼ ਦਾ ਵਧੀਆ ਅਤੇ ਸੁਚੱਜਾ ਪ੍ਰਬੰਧ ਹੈ।
ਇਹ ਗੁਰੂ ਘਰ ਜੰਗਲ ਵਿੱਚ ਮੰਗਲ ਦੇ ਅਖਾਣ ਦੀ ਸੱਚਾਈ ਸਾਬਤ ਕਰਦਾ ਹੈ।
ਇੰਜੀ ਸਤਨਾਮ ਸਿੰਘ ਮੱਟੂ
