ਗੁਰਦੁਆਰਾ ਇਕ ਟਕਸਾਲ ਹੈ:
ਘੜੀਐ ਸਬਦੁ ਸਚੀ ਟਕਸਾਲ ॥
(ਜਪੁ ਜੀ, ਅੰਗ 8)
ਇਥੇ ਆਪਣੇ ਆਪ ਨੂੰ ਘੜਨਾ ਹੈ । ਐਸਾ ਆਪਣੇ ਆਪ ਨੂੰ ਘੜਨਾ ਹੈ ਕਿ ਗੁਰੂ ਜੀ ਨੂੰ ਜੀਵਨ ਕਬੂਲ ਹੋ ਜਾਏ। ਗੱਲ ਤਾਂ ਇੰਨੀ ਹੈ। ਪਰ ਅਧਰਮੀ ਮਨੁੱਖ ਦੀ ਇਹ ਪਹਿਚਾਣ ਹੈ ਕਿ ਉਹ ਆਪਣੇ ਮੂੰਹ, ਹੱਥਾਂ, ਅੱਖਾਂ, ਪੈਰਾਂ ਦੀ ਗ਼ਲਤ ਵਰਤੋਂ ਕਰੇਗਾ। ਆਪਣੀ ਰਸਨਾ ਦਾ ਗ਼ਲਤ ਇਸਤੇਮਾਲ ਕਰੇਗਾ, ਗ਼ਲਤ ਬੋਲੇਗਾ। ਆਪਣੇ ਦਿਮਾਗ਼ ਦੀ ਗ਼ਲਤ ਵਰਤੋਂ ਕਰੇਗਾ, ਗ਼ਲਤ ਸੋਚੇਗਾ। ਜੋ ਆਪਣੇ ਜੀਵਨ ਦਾ ਹੀ ਗ਼ਲਤ ਇਸਤੇਮਾਲ ਕਰ ਰਿਹਾ ਹੈ, ਕੀ ਉਹ ਗੁਰਦੁਆਰੇ ਦਾ ਸਹੀ ਇਸਤੇਮਾਲ ਕਰੇਗਾ? ਕਦੇ ਨਹੀਂ ਕਰੇਗਾ। ਹੋ ਸਕਦਾ ਹੈ ਕਿ ਉਹ ਇਥੇ ਬੈਠ ਕੇ ਵੀ ਸ਼ਰਾਬ ਪੀਵੇ ਜਾਂ ਸ਼ਰਾਬ ਪੀ ਕੇ ਆਵੇਗਾ। ਹੋ ਸਕਦਾ ਹੈ ਕਿ ਉਹ ਇਥੇ ਵੀ ਤਾਸ਼ ਖੇਡੇ। ਤਾਸ਼ ਖੇਡਣ ਵਾਸਤੇ ਤਾਂ ਗੁਰਦੁਆਰਾ ਨਹੀਂ ਬਣਾਇਆ, ਉਹ ਕਲੱਬ ‘ਚ ਜਾ ਕੇ ਖੇਡ। ਆਪਣੇ ਘਰ ਵਿਚ ਖੇਡ। ਇਥੇ ਸਤਿਸੰਗ ਕਰਨਾ ਹੈ:
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥
(ਸਿਰੀਰਾਗੁ ਮਹਲਾ ੧, ਅੰਗ , ੭੨)
ਫਿਰ ਕਹਿੰਦੇ ਕਿ ਸਮਾਂ ਨਹੀਂ ਪਾਸ ਹੁੰਦਾ। ਪੁਰਖਾ! ਸਮਾਂ ਪਾਸ ਨਹੀਂ ਕਰਨਾ, ਸਫਲ ਕਰਨਾ ਹੈ। ਜ਼ਿੰਦਗੀ ਪਾਸ ਨਹੀਂ ਕਰਨੀ, ਸਫਲ ਕਰਨੀ ਹੈ। ਸਮਾਂ ਪਾਸ ਕਰਨ ਦੇ ਹੋਰ ਬਥੇਰੇ ਥਾਂ ਨੇ, ਥੀਏਟਰ ਹੈ, ਟੀ.ਵੀ. ਹੈ, ਨਾਵਲ ਹੈ। ਗੁਰੂ ਕੋਲ ਤਾਂ ਸਮਾਂ ਸਫਲ ਕਰਨਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ
