
ਗਿ. ਸੰਤੋਖ ਸਿੰਘ ਆਸਟ੍ਰੇਲੀਆ
ਸਤਿਗੁਰੂ ਸਾਹਿਬਾਨ ਸਮੇ ਕਿਸੇ ਵਾਪਰੀ ਖਾਸ ਘਟਨਾ ਜਾਂ ਕਿਸੇ ਜਗਿਆਸੂ ਵੱਲੋਂ ਪੁੱਛੇ ਗਏ ਪ੍ਰਸ਼ਨ ਦੇ ਉਤਰ ਵਿਚ ਜੋ ਸਤਿਗੁਰੂ ਜੀ ਫੁਰਮਾਇਆ ਕਰਦੇ ਸਨ ਉਹ, “ਪ੍ਰਥਾਇ ਸਾਖੀ ਮਹਾਪੁਰਖ ਬੋਲਦੇ ਸਾਝੀ ਸਗਲ ਜਹਾਨੇ॥” ਦੇ ਕਥਨ ਅਨੁਸਾਰ, ਸਦੀਵ ਕਾਲ ਵਾਸਤੇ ਮਨੁਖਤਾ ਦੀ ਭਲਾਈ ਹਿਤ ਉਪਦੇਸ਼ ਹੁੰਦਾ ਸੀ ਤੇ ਹੈ।
ਅਜਿਹਾ ਹੀ ਇਕ ਵਾਕਿਆ ਛੇਵੇਂ ਪਾਤਿਸ਼ਾਹ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇ ਵਾਪਰਿਆ। ਗੁਰੂ ਘਰ ਦੇ ਸੂਝਵਾਨ, ਧੀਰਜਵਾਨ, ਅਨਿਨ ਸੇਵਕ, ਗੁਰੂ ਦਰਬਾਰ ਦੀ ਭਰਪੂਰ ਸੇਵਾ ਕਰਨ ਵਾਲ਼ੇ, ਭਾਈ ਦਰਗਾਹਾ ਭੰਡਾਰੀਆ ਨੇ ਗੁਰੂ ਜੀ ਪਾਸੋਂ ਪੁੱਛਿਆ ਕਿ ਕਈ ਵਾਰ ਸਿੱਖ ਗੁਰਬਾਣੀ ਦੀ ਚਰਚਾ ਕਰਨ ਸਮੇ, ਆਪਸ ਵਿਚ ਲੜ ਪੈਂਦੇ ਹਨ। ਆਪਣੀ ਆਪਣੀ ਸਮਝ ਵਿਚ ਆਏ ਗੁਰਬਾਣੀ ਦੇ ਅਰਥਾਂ ਉਪਰ ਅੜ ਕੇ, ਝਗੜ ਪੈਂਦੇ ਹਨ ਪਰ ਆਪੋ ਆਪਣੇ ਵਿਚਾਰਾਂ ਉਪਰ ਡਟੇ ਰਹਿੰਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਪਦੇਸ਼ ਬਖ਼ਸ਼ਦਿਆਂ ਫ਼ੁਰਮਾਇਆ ਕਿ ਚਰਚਾ ਚਾਰ ਪ੍ਰਕਾਰ ਦੀ ਹੁੰਦੀ ਹੈ; ਸਿੱਖਾਂ ਨੂੰ ਦੋ ਪ੍ਰਕਾਰ ਦੀ ਚਰਚਾ ਕਰਨੀ ਚਾਹੀਏ ਅਤੇ ਦੋ ਤੋਂ ਸਦਾ ਹੀ ਬਚਣਾ ਚਾਹੀਏ:-
ਪਹਿਲੀ ਹੈ ਵਾਦ ਚਰਚਾ:-
ਗੁਰਮੁਖ ਜਨ ਗੁਰਬਾਣੀ ਦੇ ਜੇਹੜੇ ਅਰਥਾਂ ਦੀ ਸਮਝ ਨਾ ਲੱਗੇ ਤਾਂ ਪਰੇਮ ਅਤੇ ਸਤਿਕਾਰ ਸਹਿਤ ਦੂਸਰੇ ਕੋਲੋਂ ਪੁੱਛ ਲੈਂਦੇ ਹਨ ਤੇ ਸੁਣ ਕੇ ਪ੍ਰੇਮ ਸਹਿਤ ਧਾਰਨ ਕਰਦੇ ਹਨ।
ਦੂਜੀ ਹੈ ਹੇਤ ਚਰਚਾ:-
ਜੋ ਖੁਦ ਨੂੰ ਪਤਾ ਹੈ ਉਸ ਦਾ ਬਿਆਨ ਕਰਨਾ ਤੇ ਜੋ ਦੂਜਾ ਕਹੇ ਉਸ ਨੂੰ ਪ੍ਰੇਮ ਸਹਿਤ ਧਿਆਨ ਦੇ ਕੇ ਸੁਣਨਾ। ਪਰਸਪਰ ਵਿਚਾਰ ਵਟਾਂਦਰੇ ਤੋਂ ਬਾਅਦ ਜੋ ਸਹੀ ਲੱਗੇ, ਬਿਨਾ ਸ਼ੰਕਾ ਉਸ ਨੂੰ ਮੰਨ ਲੈਣਾ। ਆਪ ਵਰਗੇ ਜਾਂ ਆਪ ਤੋਂ ਵਧੇਰੇ ਸਮਝਦਾਰ ਦੇ ਵਿਚਾਰਾਂ ਨੂੰ, ਜਿਵੇਂ ਉਹ ਸੁਣਾਵੇ, ਭਲੀ ਪ੍ਰਕਾਰ ਸੁਣਨਾ ਚਾਹੀਦਾ ਹੈ। ਹਉਮੈ, ਪੱਖਵਾਦ ਆਦਿ ਨੂੰ ਤਜ ਕੇ, ਸਹੀ ਨਿਰਨਾ ਕਰ ਕੇ, ਯਥਾਰਥਕ ਗਿਆਨ ਨੂੰ ਹਿਰਦੇ ਵਿਚ ਧਾਰਨਾ। ਇਕ ਨੂੰ ਅਰਥ ਸਮਝ ਨਾ ਆਇਆ ਤੇ ਦੂਜੇ ਤੋਂ ਸੁਣ ਲਿਆ; ਦੋਵਾਂ ਨੇ ਮਿਲ ਕੇ, ਬਹੁਤ ਪਰੇਮ ਨਾਲ ਆਪਣੀ ਆਪਣੀ ਸਮਝ ਅਨੁਸਾਰ, ਆਪਣਾ ਵਿਚਾਰ ਪਰਗਟ ਕਰ ਦਿਤਾ। ਇਉਂ ਦੋਹਾਂ ਦੇ ਗਿਆਨ ਵਿਚ ਵਾਧਾ ਹੋਇਆ। ਜਿਵੇਂ ਦੀਵੇ ਦੇ ਥੱਲੇ ਹਨੇਰਾ ਰਹਿ ਜਾਂਦਾ ਹੈ ਪਰ ਦੂਜੇ ਦੀਵੇ ਨਾਲ਼ ਦੋਹਾਂ ਦਾ ਹਨੇਰਾ ਦੂਰ ਹੋ ਜਾਂਦਾ ਹੈ। ਏਸੇ ਤਰ੍ਹਾਂ ਦੋਵੇਂ ਸ਼ਰਧਾਵਾਨ ਗੁਰਸਿੱਖ ਇਕ ਦੂਜੇ ਦਾ ਅਗਿਆਨ ਰੂਪੀ ਹਨੇਰਾ ਦੂਰ ਕਰ ਦਿੰਦੇ ਹਨ। ਦੂਜੇ ਦੀ ਗੱਲ ਨਾ ਸੁਣਨ ਵਾਲ਼ਾ ਇਕੱਲਾ ਆਪਣੀ ਵਿਦਵਤਾ ਦੇ ਹੰਕਾਰ ਵਿਚ ਰਹਿੰਦਾ ਹੈ ਤੇ ਉਸ ਦੇ ਗਿਆਨ ਵਿਚ ਵਾਧਾ ਨਹੀਂ ਹੁੰਦਾ ਪਰ ਦੋਵੇਂ ਮਿਲ ਕੇ ਸ਼ਬਦ ਦਾ ਸਹੀ ਅਨੰਦ ਲੈਂਦੇ ਹਨ। ਇਸ ਪ੍ਰਕਾਰ ਮਹਾਂ ਫਲ ਪ੍ਰਾਪਤ ਹੁੰਦਾ ਹੈ।
ਤੀਜੀ ਹੈ ਜਲਪਾ ਚਰਚਾ:-
ਜੋ ਆਪਣੀ ਗੱਲ ਹੀ ਸੁਣਾਉਂਦਾ ਹੈ ਤੇ ਦੂਸਰੇ ਦੀ ਨਹੀਂ ਸੁਣਦਾ। ਆਪਣੀ ਗ਼ਲਤ ਗੱਲ ‘ਤੇ ਵੀ ਅੜਿਆ ਰਹਿੰਦਾ ਹੈ। ਸਹੀ ਗੱਲ ਨੂੰ ਸਮਝ ਕੇ ਮੰਨਣ ਦੀ ਬਜਾਇ, ਦੋਵੇਂ ਆਪਣੀ ਆਪਣੀ ਗੱਲ ‘ਤੇ ਅੜੇ ਰਹਿੰਦੇ ਹਨ। ਉਕਤੀਆਂ ਜੁਗਤੀਆਂ ਕਰਕੇ ਦੋਵੇਂ ਆਪਣੇ ਆਪਣੇ ਪੱਖ ਨੂੰ, ਭਾਵੇਂ ਗਲਤ ਹੀ ਹੋਵੇ, ਸਿਧ ਕਰਨ ਦਾ ਯਤਨ ਕਰਦੇ ਹਨ। ਜਿਉਂ ਤਿਉਂ ਕਰਕੇ ਆਪਣੇ ਆਪਣੇ ਅਰਥਾਂ ਉਪਰ ਜਿਦ ਨਾਲ਼ ਦ੍ਰਿੜ੍ਹ ਰਹਿ ਕੇ, ਦੂਜੇ ਦੀ ਗੱਲ ਨੂੰ, ਭਾਵੇਂ ਸਹੀ ਹੀ ਹੋਵੇ, ਰੱਦ ਕਰਨ ਲਈ ਬਹਿਸ ਕਰਦੇ ਹਨ। ਇਉਂ ਆਪਣੇ ਕ੍ਰੋਧ ਵਿਚ ਵਾਧਾ ਕਰਦੇ ਹਨ। ਕਚਹਿਰੀ ਵਿਚਲੇ ਵਕੀਲਾਂ ਵਾਂਗ, ਅਨੇਕਾਂ ਦਲੀਲਾਂ ਦੇ ਦੇ ਕੇ, ਦੂਜੇ ਨੂੰ ਗਲਤ ਸਾਬਤ ਕਰਨ ਦੀ ਕੁਚੇਸ਼ਟਾ ਕਰਦੇ ਹਨ। ਇਸ ਤਰ੍ਹਾਂ ਕ੍ਰੋਧ ਦੇ ਵਸ ਹੋ ਕੇ, ਆਪਸ ਵਿਚ ਵੈਰ ਵਧਾਉਂਦੇ ਹਨ। ਇਕ ਦੂਜੇ ਨੂੰ ਜਰਦੇ ਨਹੀਂ ਤੇ ਨਾ ਹੀ ਇਕ ਨੂੰ ਦੂਜੇ ਦਾ ਜਸ ਭਾਉਂਦਾ ਹੈ। ਅਜਿਹਾ ਕਰਨ ਨਾਲ਼ ਵੈਰ ਭਾਵ ਉਪਜਦਾ ਹੈ।
ਚੌਥੀ ਹੈ ਵਿਤੰਡਾ ਚਰਚਾ :-
ਇਸ ਚਰਚਾ ਅਨੁਸਾਰ ਆਪ ਨੂੰ ਕੁਝ ਸਮਝ ਨਹੀਂ ਤੇ ਦੂਜਾ ਜੋ ਆਖੇ ਉਸ ਨੂੰ ਮੰਨਣਾ ਨਹੀਂ। ਵਿਦਵਾਨ ਲੋਕ ਅਜਿਹੇ ਵਿਅਕਤੀ ਦੇ ਰਵਈਏ ਤੋਂ ਦੁਖੀ ਹੁੰਦੇ ਹਨ। ਅਜਿਹੀ ਚਰਚਾ ਵੀ ਸਿੱਖ ਨੇ ਤਿਆਗਣੀ ਹੈ।
ਸਿੱਖ ਨੂੰ ਚਾਹੀਦਾ ਹੈ ਕਿ ਉਹ ਪਰੇਮ ਸਹਿਤ ਸਾਰ ਨੂੰ ਗ੍ਰਹਿਣ ਕਰੇ। ਕਿਸੇ ਦਾ ਵੀ ਮਨ ਬਹਿਸ ਕਰਕੇ ਦੁਖਾਵੇ ਨਾ। ਪਰੇਮ ਸਹਿਤ ਗੁਰਬਾਣੀ, ਗੁਰੂ ਕੀ ਸਾਖੀ ਉਚਾਰ ਕੇ ਸਭ ਹਿਰਦਿਆਂ ਵਿਚ ਪ੍ਰਸੰਨਤਾ ਉਪਜਾਵੇ।
ਗੁਰੂ ਜੀ ਦੇ ਮੁਖੋਂ ਇਹ ਬਚਨ ਸੁਣ ਕੇ ਸਭ ਨੇ ਹਿਰਦੇ ਵਿਚ ਸ਼ਰਧਾ ਧਾਰੀ।
(ਭਾਈ ਸੰਤੋਖ ਸਿੰਘ ਜੀ ਲਿਖਤ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅਧਿਆਇ ਇਕਤਾਲੀਵਾਂ,
ਰਾਸ ਪੰਜਵੀਂ, ਬੰਦ ੧ ਤੋਂ ੧੭ ਤੱਕ, ਉਪਰ ਆਧਾਰਤ)