ਚਰਨਜੀਤ ਸਿੰਘ ਬਰਾੜ ਨੇ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ, ਮੁੱਢਲੀ ਮੈਂਬਰਸ਼ਿਪ ਵੀ ਛੱਡੀ

 

ਚਰਨਜੀਤ ਸਿੰਘ ਬਰਾੜ ਨੇ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ ਦਿੰਦਿਆਂ ਆਪਣੇ ਅਸਤੀਫੇ ਵਿਚ ਪਾਰਟੀ ਦੀਆਂ ਕਾਰਗੁਜ਼ਾਰੀਆਂ ‘ਤੇ ਸਵਾਲ ਚੁੱਕਦਿਆਂ ਲਿਖਿਆ ਹੈ ਕਿ:

ਸਤਿਕਾਰਯੋਗ,
ਸਟੇਟ ਡੈਲੀਗੇਟ ਸਹਿਬਾਨ ਅਤੇ ਭਰਤੀ ਕਰਤਾ ਸਰਕਲ ਡੈਲੀਗੇਟ ਸਹਿਬਾਨ ਜੀਉ!

ਸਤਿ ਸ੍ਰੀ ਅਕਾਲ ਜੀਉ!

ਵਿਸ਼ਾ:- ਬੜੇ ਹੀ ਭਰੇ ਮਨ ਨਾਲ ਪਾਰਟੀ ਦੇ ਜਨਰਲ ਸਕੱਤਰ, ਮੁੱਖ ਬਲਾਰਾ ਸਮੇਤ ਪਾਰਟੀ ਦੀ ਮੁੱਢਲੀ ਮੈਬਰਸਿੱਪ ਤੋਂ ਅਸਤੀਫਾ ਦੇਣ ਸਬੰਧੀ।

ਸਤਿਕਾਰਯੋਗ ਭਰਤੀ ਕਰਤਾ ਡੈਲੀਗੇਟ ਸਹਿਬਾਨ ਅਤੇ ਹਰੇਕ ਵਰਕਰ ਤੋਂ ਮੁਆਫੀ ਚਾਹੁੰਦਾ ਹੋਇਆ ਬੜੇ ਹੀ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਪੁੱਨਰ ਸੁਰਜੀਤ ਦੇ ਸਾਰੇ ਅਹੁੱਦਿਆਂ ਅਤੇ ਮੁੱਢਲੀ ਮੈਬਰਸਿੱਪ ਤੋ ਅਸਤੀਫਾ ਦੇ ਰਿਹਾਂ ਹਾਂ। ਭਾਵੇਕਿ ਆਪਣੇ ਹੱਥੀ ਮਕਾਨ ਬਣਾ ਕੇ ਛੱਡਣਾਂ ਬਹੁੱਤ ਆਉਖਾ ਹੁੰਦਾ ਹੈ ਪਰ ਹਾਲਾਤ ਹੀ ਅਜਿਹੇ ਬਣ ਗਏ ਹਨ ਕਿ ਕੋਈ ਚਾਰਾ ਨਹੀ ਬਚਿਆ। ਮੈਨੂੰ ਇਸ ਗੱਲ ਦਾ ਗਹਿਰਾ ਅਹਿਸਾਸ ਹੈ ਕਿ ਪੰਜ ਮੈਬਰੀ ਭਰਤੀ ਕਮੇਟੀ ਰਾਹੀ ਕਰਵਾਈ ਗਈ ਭਰਤੀ ਲਈ ਮੈ ਬਹੁੱਤ ਹੀ ਉਤਸਾਹਿਤ ਤਰੀਕੇ ਨਾਲ ਦਿੱਨ ਰਾਤ ਮਿਹਨਤ ਕਰਕੇ ਤੁਹਾਡੇ ਵਿੱਚੋ ਬਹੁੱਤ ਸਾਰਿਆਂ ਨੂੰ ਵਾਸਤਾ ਪਾ ਕੇ ਵੀ ਭਰਤੀ ਕਰਵਾਈ ਸੀ ਤੇ ਖਾਸ ਕਰ ਮਾਲਵੇ ਵਿੱਚ ਬਾਦਲ ਪਰਿਵਾਰ ਦਾ ਆਪਣਾਂ ਨਿੱਜੀ ਦਬਾਅ ਹੋਣ ਦੇ ਬਾਵਜੂਦ ਵੀ ਮਾਲਵੇ ਸਮੇਤ ਸਾਰੇ ਹੀ ਪੰਜਾਬ ਅਤੇ ਪੰਜਾਬ ਤੋ ਬਾਹਰ ਵੀ ਭਰਤੀ ਕਰਕੇ ਡੈਲੀਗੇਟ ਸਹਿਬਾਨ ਦੀ ਚੋਣ ਕਰਵਾਈ। ਜਿਸ ਨਾਲ ਸਭ ਨੂੰ ਆਸ ਬੱਝੀ ਕਿ ਪੰਥ ਤੇ ਪੰਜਾਬ ਪਰਸਤ ਨਵੀ ਨਰੋਈ ਲੀਡਰਸਿੱਪ ਚੁਣ ਕੇ ਪਾਰਟੀ ਦੀ ਪੁਨਰ ਸੁਰਜੀਤੀ ਹੋਵੇਗੀ।
ਪਰ ਬੜੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਤਰਾਂ ਸ਼੍ਰੋਮਣੀ ਅਕਾਲੀ ਦਲ ਵੱਲੋ ਸਿਧਾਂਤਕ ਤੌਰ ਤੇ ਬੜੀਆਂ ਵੱਡੀਆਂ ਕੁਤਾਹੀਆਂ ਕੀਤੀਆਂ ਸਨ, ਜਿਸ ਕਰਕੇ ਮੇਰੇ ਪਰਿਵਾਰ ਦੀ ਮੁੱਢ ਤੋ ਹੀ ਬਾਦਲ ਪਰਿਵਾਰ ਨਾਲ ਸਿਆਸੀ ਤੋ ਬਣੀ ਪਰਿਵਾਰਕ ਸਾਂਝ ਨੂੰ ਵੀ ਛੱਡਿਆ ਸੀ। ਭਾਵੇ ਪਾਰਟੀ ਪ੍ਰਧਾਨ ਨਾਲ ਸਿਧਾਤਕ ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਉਥੇ ਜਾਤੀ ਤੌਰ ਤੇ ਇਜਤ ਮਾਣ ਵਿੱਚ ਕੋਈ ਕਮੀ ਨਹੀ ਸੀ। ਪਰ ਸਿਧਾਤਕ ਤੌਰ ਤੇ ਆਈਆਂ ਵੱਡੀਆਂ ਉਣਤਾਈਆਂ ਕਰਕੇ ਸਾਰਾ ਕੁਝ ਖੁੱਦ ਛੱਡ ਕੇ ਸੁਧਾਰ ਵੱਲ ਨੂੰ ਹੋ ਤੁਰਿਆ ਸੀ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਨਵੀ ਪਾਰਟੀ ਦੀ ਪੁੱਨਰ ਸੁਰਜੀਤੀ ਵਿੱਚ ਵੀ ਸਿਧਾਤਾਂ ਤੇ ਪਹਿਰਾ ਨਹੀ ਦਿੱਤਾ ਜਾ ਰਿਹਾ ਹੈ। ਇੱਥੋ ਤੱਕ ਕਿ ਮਿੱਤੀ 11 ਅਗਸਤ ਨੂੰ ਪਾਰਟੀ ਪ੍ਰਧਾਨ ਦੀ ਚੋਣ ਤੋ ਬਾਅਦ ਪੰਜ ਮਹੀਨੇ ਵਿੱਚ ਕਿਸੇ ਵੀ ਲੋਕ ਮੁੱਦਿਆਂ ਲਈ ਧਰਤੀ ਤੇ ਕਿਤੇ ਵੀ ਲੜਦੇ ਨਜਰ ਨਹੀ ਆਏ ਅਤੇ ਨਾ ਹੀ ਪਾਰਟੀ ਨੂੰ ਕੋਈ ਵੀ ਠੋਸ ਪਰੋਗਰਾਮ ਦਿੱਤਾ ਗਿਆ। ਜਿਸ ਕਰਕੇ ਭਰਤੀ ਕਰਨ ਵਾਲੇ ਹਰੇਕ ਵਰਕਰ ਦਾ ਮਨੋਬਲ ਲਗਭਗ ਟੁਟ ਚੁੱਕਿਆ ਹੈ।
ਸੋ ਮੈਂ ਕਿਸੇ ਦੀ ਨੁਕਤਾਚੀਨੀ ਕਰਨ ਦੀ ਬਜਾਏ ਗੁਰੂ ਸਾਹਿਬ ਦੀ ਬਾਣੀ ਵਿੱਚੋ ਪੰਕਤੀ ਰਾਹੀ ਆਪਣਾ ਵਿਚਾਰ ਵਿਆਕਤ ਕਰਦਾਂ ਹਾਂ ਕਿ

“ਹਮ ਨਹੀ ਚੰਗੇ ਬੁਰਾ ਨਹੀ ਕੋਇ”

ਆਸ ਕਰਦਾਂ ਹਾਂ ਕਿ ਪੁਨਰ ਸੁਰਜੀਤੀ ਲਈ ਸੁਧਾਰ ਦੇ ਰਸਤੇ ਤੋ ਭੜਕੀ ਹੋਈ ਲੀਡਰਸਿੱਪ ਹਾਲੇ ਵੀ ਆਪਣੇ ਆਪ ਨੂੰ ਦਰੁੱਸਤ ਕਰ ਲੈਣ ਤਾਂ ਪਾਰਟੀ ਚ ਸੁਧਾਰ ਹੋ ਸਕਦਾ ਹੈ ਤੇ ਪਾਰਟੀ ਕਾਮਯਾਬ ਹੋਵੇ ਮੇਰੀਆਂ ਪਾਰਟੀ ਲਈ ਇਹੀ ਸੁਭਕਾਮਨਾਵਾਂ ਹਨ।

ਮੈ ਇਹ ਵੀ ਉਮੀਦ ਕਰਦਾਂ ਕਿ ਮੇਰੇ ਨਾਲ ਕਿਸੇ ਤਰਾਂ ਦੀ ਬਿਆਨ ਬਾਜੀ ਚ ਨਹੀ ਪੈਣਗੇ ਕਿਉਕਿ ਮੇਰੇ ਵੱਲੋਂ ਜਵਾਬ ਦੇਣ ਨਾਲ ਇਸ ਧੜੇ ਦਾ ਵੱਡਾ ਨੁਕਸਾਨ ਹੋਵੇਗਾ। ਮੇਰੇ ਦੁਆਰਾ ਹੀ ਪਹਿਲੀ ਚਿੱਠੀ ਲਿਖ ਕੇ ਸੁਰੂ ਕੀਤੀ ਇਹ ਦੂਸਰੀ ਸੁਧਾਰ ਲਹਿਰ ਦਾ ਨੁਕਸਾਨ ਕਿਸੇ ਕੀਮਤ ਵਿੱਚ ਮੈਂ ਨਹੀ ਕਰਨਾਂ ਚਾਹੁੰਦਾ। ਇਸੇ ਕਰਕੇ ਹੀ ਮੈਂ 13 ਅਕਤੂਬਰ 2025 ਤੋ ਕੰਮ ਛੱਡ ਕੇ ਚੁੱਪ-ਚਾਪ ਘਰ ਬੈਠ ਗਿਆ ਸੀ। ਪਰ ਜਿੰਦਗੀ ਬੈਠਣ ਦਾ ਨਾਮ ਨਹੀ ਇਹ ਪਹੀਆ ਚਲਦਾ ਰਹੇ ਫਿਰ ਜਿੰਦਗੀ ਕਹਾਉਦਾ ਹੈ।

ਵਾਹਿਗੁਰੂ ਸਾਹਿਬ ਜੀ ਜਿਥੇ ਚਾਹੁੰਣਗੇ ਉਥੇ ਆਉਣ ਵਾਲੇ ਸਮੇਂ ਵਿੱਚ ਪੰਥ ਅਤੇ ਪੰਜਾਬ ਲਈ ਸੇਵਾ ਲੈ ਲੈਣਗੇ।

ਧੰਨਵਾਦ ਸਹਿਤ।
ਚਰਨਜੀਤ ਸਿੰਘ ਬਰਾੜ