
(ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ)
ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਕਾਨ੍ਹ ਸਿੰਘ ਜੀ ਨੇ ਇਕ ਬੜੀ ਹੀ ਦਿਲਚਸਪ ਟਿੱਪਣੀ ਕੀਤੀ ਸੀ ਕਿ ਹਜ਼ੂਰ ਨੇ ਆਪਣੀ ਕਲਮ ਅਤੇ ਕ੍ਰਿਪਾਨ ਕਦੇ ਵੀ ਸੁੱਕਣ ਨਹੀਂ ਸੀ ਦਿੱਤੀ। ਦੀਨ ਦੁਨੀ ਦੇ ਮਾਲਕ ਬਚਿਤ੍ਰ ਗੁਰੂ ਦੀ ਬਚਿਤ੍ਰ ਗਾਥਾ ਹੈ ਕਿ ਜਿੱਥੇ ਉਹ ਕ੍ਰਿਪਾਨ ਨਾਲ ਸਿਰ ਕਲਮ ਕਰ ਕੇ ਮੁਕਤੀ ਪ੍ਰਦਾਨ ਕਰਦੇ ਸਨ ਉੱਥੇ ਕਲਮ ਨਾਲ ਹਉਮੇ ਦਾ ਸਿਰ ਕਲਮ ਕਰ ਦਿੰਦੇ ਸਨ। ਸਤਿਗੁਰੂ ਜੀ ਦੀ ਲੋਹ ਕਲਮ ਦੀ ਝਾਲਾ ਕੌਣ ਝਲ ਸਕਦੈ। ਉਹ ਤਾਂ ਤੇਗ ਵੀ ਵਾਹੁੰਦੇ ਹਨ ਅਤੇ ਕਲਮ ਵੀ। ਵੱਖ ਵੱਖ ਭਾਸ਼ਾਵਾਂ, ਵੱਖ ਵੱਖ ਵਿਸ਼ਿਆਂ, ਵੱਖ ਵੱਖ ਰੰਗਾ, ਵੱਖ ਵੱਖ ਰਸਾਂ, ਵੱਖ
ਵੱਖ ਛੰਦਾਂ ਤੇ ਸਤਿਗੁਰ ਜੀ ਜਦੋਂ ਕਲਮ ਚੁਕਦੇ ਹਨ ਤਾਂ ਉਸਨੂੰ ਸਮਝਣ ਲਈ ਬਿਬੇਕ ਬੁਧਿ ਦੀ ਅਰਦਾਸ ਕਰਨੀ ਬਣਦੀ ਹੈ। ਵਿਸ਼ੇਸ਼ ਕਰ ਕੇ ਜਦੋਂ ਸਤਿਗੁਰੂ ਜੀ ਨੇ ਵੱਡ ਅਕਾਰੀ ‘ਪਖ੍ਯਾਨ ਚਰਿਤ੍ਰ’ ਦੀ ਰਚਨਾ ਕੀਤੀ ਤਾਂ ਕੇਵਲ ਉੱਤੋਂ ਉੱਤੋਂ ਵੇਖ ਕੇ ਹੀ ਕਈਆਂ ਨੇ ਆਪਣੀ ਬੁਧੀ ਮੁਤਾਬਕ ਨਿਰਣੇ ਦੇਣੇ ਸ਼ੁਰੂ ਕਰ ਦਿੱਤੇ। ਇਸ ਨਾਲ ਆਪ ਵੀ ਖ੍ਵਾਰ ਹੋਏ ਅਤੇ ਦੁਬਿਧਾ ਫੈਲਾਣ ਦਾ ਕੰਮ ਕੀਤਾ। ਚਰਿਤ੍ਰੋ ਪਖ੍ਯਾਨ ਨੂੰ ਸਮਝਣ ਲਈ ਕੁਝ ਬੁਨਿਆਦੀ ਨੁਕਤੇ ਧਿਆਨ ਵਿਚ ਰਖਣੇ ਪੈਣੇ ਹਨ। ਪਹਿਲੀ ਗਲ ਤਾਂ ਇਹ ਹੈ ਕਿ ਇਸਦਾ ਨਾਮ ‘ਪਖ੍ਯਾਨ ਚਰਿਤ੍ਰ’ ਹੈ। ਇਸ ਵਿਚ ਪਖ੍ਯਾਨ ਦਾ ਅਰਥ ਹੈ ਪਹਿਲਾਂ ਵਾਪਰ ਚੁਕੀ ਘਟਨਾ ਜਾਂ ਜਾਂ ਕਹਾਣੀ ਦਾ ਵਰਣਨ "पूर्ववृत्त की उक्ति"। ਸੋ ਚਰਿਤ੍ਰੋਪਾਖਯਾਨ ਆਤਮ ਕਥਾ, ਸਵੈ ਜੀਵਨੀ. ਇਤਿਹਾਸ ਜਾਂ ਮਿਥਿਹਾਸ ਬਿਲਕੁਲ ਨਹੀਂ ਬਲਕਿ ਬਹੁਤ ਹੀ ਉੱਚ ਕੋਟੀ ਦੀਆਂ ਕਾਲਪਨਿਕ ਗਲਪ ਗਾਥਾਵਾਂ ਹਨ। ਹਰ ਚਰਿਤ੍ਰ ਦੇ ਅਖੀਰ ਵਿਚ ਸਤਿਗੁਰੂ ਜੀ ‘ਸਮਾਪਤਮ ਸਤ ਸੁਭਮ ਸਤ’ ਲਿਖਦੇ ਹਨ। ਯਾਨਿ ਕਿ ਇਹ ਕਹਾਣੀ ਸਮਾਪਤ ਹੋਈ, ਜੋ
ਕਿ ਦੁਨੀਆਂ ਦਾ ਸਦੀਵੀ ਸਚ ਹੈ, ਸੁਭਮ ਸਚ ਹੈ। ਪਰ ਪੂਰੇ ਚਰਿਤ੍ਰੋ ਪਾਖਯਾਨ ਦੀ ਸਮਾਪਤੀ ਤੇ ਗੁਰੂ ਪਿਤਾ ‘ਸਮਾਪਤਮ’ ਯਾਨਿ ਕਿ ਗ੍ਰੰਥ ਸਪਾਪਤ ਹੋਇਆ ਅੰਕਤ ਕਰਦੇ ਹਨ। ਇਕ ਨੁਕਤਾ ਹੋਰ ਸਮਝਣ ਵਾਲਾ ਹੈ ਕਿ ਚਰਿਤ੍ਰੋ ਪਾਖ੍ਯਾਨ ਮੰਤ੍ਰੀ ਭੁਪਤ ਸੰਵਾਦ ਜਾਂ ਮੰਤਰੀ ਵਲੋਂ ਰਾਜੇ ਨੂੰ ਸੁਣਾਈ ਗਈ ਕਹਾਣੀ ਹੈ। ਇਹ ‘ਅਨਯ ਪੁਰਸ਼’ ਜਾਂ third person ਵਿਚ ਹੈ। ਸਾਧਾਰਣ ਬੁਧੀ ਵਾਲਾ ਵੀ ਇਹ ਸਮਝ ਸਕਦਾ ਹੈ। ਇਸ ਨਾਲ ਕਿਹੜਾ ਭੁਲੇਖਾ ਬਾਕੀ ਰਹਿ ਜਾਂਦਾ ਹੈ ਕਿ ਇਹ ਆਤਮ ਕਥਾ ਜਾਂ ਇਤਿਹਾਸ ਨਹੀਂ ਬਲਕਿ ਨਿਰੋਲ ਕਾਲਪਨਿਕ ਅਫਸਾਨੇ ਹਨ।
ਇਸ ਦੇ ਬਾਅਦ ਦੂਸਰਾ ਲਫ਼ਜ਼ ਹੈ ਚਰਿਤ੍ਰ। ਇਸਦਾ ਸਿੱਧਾ ਸਾਦਾ ਮਤਲਬ ਹੈ ਕਰਨੀ, ਆਚਾਰ ਜਾਂ ਆਚਰਣ। ਸਤਿਗੁਰੂ ਜੀ ਤਾਂ ਚੰਡੀ ਦੀ ਵਾਰਤਾ ਨੂੰ ਚੰਡੀ ਚਰਿਤ੍ਰ ਕਰ ਕੇ ਕਲਮ ਬਧ ਕਰਦੇ ਹਨ। ਇਹ ਚਰਿਤ੍ਰ ਹੈ, ਚਲਿੱਤ੍ਰ ਨਹੀਂ ਜਿਵੇਂ ਕਈਆਂ ਨੇ ਜਾਣ ਬੁਝ ਕੇ ਇਸਨੂੰ ਚਲਿਤ੍ਰ ਕਰ ਕੇ ਲਿਖਿਆ ਹੈ। ਇਸਦੇ ਨਾਲ ਹੀ ਇਸ ਵਿਚ ਇਸਤ੍ਰੀਆਂ ਦੇ ਹੀ ਚਰਿਤ੍ਰ ਨਹੀਂ ਬਲਕਿ ਇਸਤ੍ਰੀਆਂ ਦੇ ਵੀ ਚਰਿਤ੍ਰ ਹਨ। ਹੀ ਨਹੀਂ ਵੀ। ਇਸ ਤੋਂ ਸਪਸ਼ਟ ਹੈ ਕਿ ਇਸ ਵਿਚ ਵੱਖ ਵਿਸ਼ਿਆਂ, ਇਸਤ੍ਰੀ-ਪੁਰਸ਼ਾਂ, ਰਾਜੇ ਰਾਣੀਆਂ, ਵੱਖ ਵੱਖ ਦੇਸ਼ਾਂ, ਬੋਲੀਆਂ, ਧਰਮਾਂ ਪੌਰਾਣਿਕ ਗਾਥਾਵਾਂ, ਇਲਾਕਿਆਂ ਅਤੇ ਸਾਹਿਤ ਦੇ ਕਈ ਅੰਗਾਂ ਬਾਰੇ ਵਿਸਥਾਰ ਸਹਿਤ ਕਹਾਣੀਆਂ ਦੀ ਕਾਲਪਨਿਕ ਰਚਨਾ ਕੀਤੀ ਹੈ। ਇਸ ਵਿਚਲੀਆਂ ਪ੍ਰੇਮ ਕਥਾਵਾਂ ਬਾਰੇ ਮੋਹਨ ਸਿੰਘ ਦੀਵਾਨਾ ਲਿਖਦੇ ਹਨ ਕਿ ਇਹ ਪ੍ਰੇਮ ਗਾਥਾਵਾਂ ਦਾ ਵਿਸ਼ਵ ਕੋਸ਼ (encyclopedia of world’s love literature) ਹੈ। ਮਕਸਦ ਇਸਦਾ ਇਹਨਾਂ ਰਾਹੀਂ ਮਨੁੱਖੀ ਆਚਰਣ ਨੂੰ ਉੱਚਾਈਆਂ ਤਕ ਪਹੁੰਚਾਣਾ। ਇਹ ਕਹਾਣੀਆਂ ਪੁਰਾਣੇ ਕਿੱਸਾ ਸਾਹਿਤ ਦੀ ਨਕਲ ਨਹੀਂ ਬਲਕਿ ਪੁਰਾਣੇ ਕਥਾ ਸਾਹਿਤ ਨੂੰ ਬਿਲਕੁਲ ਨਵਾਂ ਰੂਪ ਦੇ ਕੇ ਉਸ ਦੇ ਅਰਥ ਅਤੇ ਆਸ਼ੇ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇਸ ਵਿਚ ਹਿੰਦੁਸਤਾਨ, ਬੰਗਾਲ, ਚੀਨ, ਰਾਜਪੂਤਾਨਾ, ਇੰਗਲੈਂਡ, ਆਸਾਮ ਆਦਿ ਦੀਆਂ ਪੁਰਾਤਨ ਕਾਲਪਨਿਕ ਗਾਥਾਵਾਂ ਨੂੰ ਨਵਾਂ ਆਯਾਮ dimension ਦੇ ਕੇ ਨਵਾਂ ਰੂਪ ਦਿੱਤਾ। ਭਾਵੇਂ ਇਹ ਗਾਥਾਵਾਂ ਕਾਲਪਨਿਕ ਹਨ ਪਰ ਹਨ ਇਨਸਾਨੀ ਜਗਤ ਦੀਆਂ ਤਲਖ਼ ਸੱਚਾਈਆਂ। ਇਹ ਸਾਰਾ ਕੁਝ ਪਹਿਲਾਂ ਵੀ ਵਾਪਰਦਾ ਰਿਹਾ ਹੈ ਅਤੇ ਹੁਣ ਵੀ ਵਾਪਰ ਰਿਹਾ ਹੈ। ਮੇਰਾ ਚੋਜੀ ਪ੍ਰੀਤਮ ਸਤਿਗੁਰੂ ਤ੍ਰਿਲੋਕੀ ਦਾ ਮਾਲਕ ਅਤੇ ਤ੍ਰਿਕਾਲ ਦਰਸ਼ੀ ਹੈ। ਇਸ ਵਿਚ ਆਉਣ ਵਾਲੇ ਸਮੇਂ ਲਈ ਵੀ ਦੱਸ ਪਾਈ ਜਾ ਰਹੀ ਹੈ ਕਿ ਇਹਨਾਂ ਤੋਂ ਸੇਧ ਲੈ ਕੇ ਸੁਚੇਤ ਹੋਣਾ ਹੈ। ਰੱਬ ਨੇ ਬੰਦੇ ਬਣਾਏ ਹਨ ਪਰ ਮੇਰਾ ਮਾਹੀ ਬੰਦਿਆਂ ਨੂੰ ਬੰਦਾ ਬਣਾਂਦਾ ਹੈ। ਇਸਦੇ ਅਲਾਵਾ ਸਤਿਗੁਰੂ ਜੀ ਨੇ ਸਾਹਿਤ ਦੀ ਰਚਨਾ ਕਰਦਿਆਂ ਇਸ ਵਿਚ ਇਕ ਹੋਰ ਪ੍ਰਯੋਗ ਵੀ ਕੀਤਾ ਹੈ। ਉਹ ਹੈ ਰੋਮਆਂ ਕਲੈ (Roma café)। ਇਸ ਦਾ ਅਰਥ ਹੈ ਕੁੰਜੀਵਤ ਸਾਹਿਤ ਜਾਂ ਘੁੰਡੀਸਹਿਤ ਸਾਹਿਤ। ਇਸ ਵਿਚ ਪ੍ਰਚਲਤ ਕਹਾਣੀ ਜਾਂ ਕਿਸੇ ਕਾਲਪਨਿਕ ਘਟਨਾ ਦਾ ਵਰਣਨ ਕਰਦਿਆਂ ਉਸ ਵਿਚ ਇਤਿਹਾਸਕ ਪਾਤਰ ਪਾ ਦਿੱਤੇ ਜਾਂਦੇ ਹਨ। ਜਿਸ ਨਾਲ ਪਾਠਕ ਆਪਣੇ ਆਪ ਨੂੰ ਇਕ ਦਮ ਕਾਲਪਨਿਕ ਜਗਤ ਤੋਂ ਆਲੇ ਦੁਆਲੇ ਚਰਿਤ੍ਰੋ ਪਾਖ੍ਯਾਨ – ਪਠਨ ਪਾਠਨ ਵਾਪਰ ਰਹੀਆਂ ਘਟਨਾਵਾਂ ਨਾਲ ਜੋੜਦਾ ਹੈ। ਮਕਸਦ ਸਾਹਿਤ ਨੂੰ ਯਥਾਰਥ ਜਾਂ ਵਾਸਤਵਿਕਤਾ ਦੇ ਨੇੜੇ ਲੈ ਆਣਾ। ਜਿਵੇਂ ਗੁਰੂ ਜੀ ਨੇ ਕ੍ਰਿਸ਼ਨਾਵਤਾਰ
ਵਿਚ ਖੜਗ ਸਿੰਘ, ਬੀਰ ਸਿੰਘ, ਗਜ ਸਿੰਘ ਅਤੇ ਨਿਹੰਗ ਖਾਂ, ਵਾਹਿਦ ਖਾਂ, ਨਿਜਾਬਤ ਖਾਂ, ਆਦਿ ਪਾਤਰ ਖੜੇ ਕਰ ਦਿੱਤੇ। ਇਸ ਤਰ੍ਹਾਂ ਚਰਿਤ੍ਰੋ ਪਾਖਯਾਨ ਵਿਚ ਜਹਾਂਗੀਰ, ਰਾਧਾ ਕ੍ਰਿਸ਼ਨ, ਦਸ਼ਰਥ ਕੈਕੇਈ, ਸਸੀ ਪੰਨੂ, ਗੌਹਰ ਬੇਗਮ, ਸੋਹਣੀ ਮਹੀਵਾਲ, ਅਹਿਲਿਆ, ਦਰੋਪਦੀ, ਵ੍ਰਿੰਦਾ ਜਲੰਧਰ, ਰਾਮ ਰਾਵਣ, ਪਾਰਬਤੀ, ਨਲ ਦਮਯੰਤੀ, ਸੰਮੀ ਢੋਲਾ, ਲਛਮੀ ਵਿਸ਼ਣੂ, ਯੂਸਫ਼ ਜ਼ੁਲੈਖਾਂ, ਕ੍ਰਿਸ਼ਨ ਰੁਕਮਣੀ, ਬ੍ਰਹਮਾ ਮੁਨੀ, ਕਾਂਧਲ ਦੇਵੀ ਅਲਾਉਦੀਨ, ਅਤੇ ਹੀਰ ਰਾਂਝੇ ਨੂੰ ਅਪਸਰਾ ਅਤੇ ਇੰਦਰ ਦਾ ਰੂਪ ਦੇ ਦਿੱਤਾ। ਇਸਨੂੰ ਸਮਝਣ ਲਈ ਸਮਝ ਲੁੜੀਂਦੀ ਹੈ, ਬੇ-ਸਮਝ ਸਿਆਣਾ ਕੀ ਸਮਝੇ? ਇਹੀ
ਰੋਮਆਂ ਕਲੈ (Roma café) ਜਾਂ ਕੁੰਜੀਵਤ ਸਾਹਿਤ ਹੈ। ਹੁਣ ਤਾਂ ਇਸ ਦੀ ਵਰਤੋਂ ਕਈ ਥਾਵੇਂ ਕੀਤੀ ਜਾ ਰਹੀ ਹੈ। ਜਿਵੇਂ ਸਲਮਾਨ ਰੁਸ਼ਦੀ ਨੇ ਸੈਟੇਨਿਕ ਵਰਸਿਸ ਨਾਵਲ ਲਿਖਦਿਆਂ ਉਸ ਵਿਚ ਭਾਈ ਮਾਨ ਸਿੰਘ, ਬੂਟਾ ਸਿੰਘ ਅਤੇ ਤਵਲੀਨ ਸਿੰਘ ਦੇ ਨਾਮ ਵਰਤੇ ਹਨ। ‘ਪਖ੍ਯਾਨ ਚਰਿਤ੍ਰ’ ਨੂੰ ਬੁਨਿਆਦੀ ਤੌਰ ਤੇ ਤਿੰਨ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਆਪਣੇ ਇਸ਼ਟ ਅਕਾਲ ਪੁਰਖ ਦਾ ਮੰਗਲ ਅਤੇ ਭੂਮਿਕਾ। ਇਸ ਵਿਚ ਰਚਨਾ ਦਾ ਮਨੋਰਥ ਅਤੇ ਚਿਤਾਵਨੀ ਦਰਜ ਹੈ। ਦੂਸਰਾ ਹੈ ਪਾਖ੍ਯਾਨ, ਕਹਾਣੀਆਂ ਜਾਂ ਅਫਸਾਨੇ ਜੋ ਕਿ ਨਿਰੋਲ fiction ਜਾਂ ਗਲਪ ਹਨ। ਤੀਸਰਾ ਅਤੇ ਅੰਤਿਮ ਹੈ ਗ੍ਰੰਥ ਦੀ ਸਮਾਪਤੀ ਅਤੇ ਅਕਾਲ ਪੁਰਖ ਅੱਗੇ ਸ਼ੁਕਰਾਨੇ ਦੀ ਅਰਦਾਸ, ਬੇਨਤੀ ਚੌਪਈ ਦੇ ਰੂਪ ਵਿਚ। ਜੇਕਰ ਇਸ ਮਹਾਨ ਰਚਨਾ ਨੂੰ ਇਸ ਤਰ੍ਹਾਂ ਨਹੀਂ ਸਮਝਿਆ ਜਾਏਗਾ ਤਾਂ ਇਸਦਾ ਤੱਤਸਾਰ ਸਮਝ ਨਹੀਂ ਆਏਗਾ। ਪਹਿਲੇ ਹਿੱਸੇ ਵਿਚ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ åਸ੍ਰੀ ਵਾਹਿਗੁਰੂ ਜੀ ਕੀ ਫਤਹਿ ॥ ਸ੍ਰੀ ਭਗੌਤੀ ਏ ਨਮ ॥ ਨਾਲ ਅਕਾਲ ਪੁਰਖ ਦਾ ਮੰਗਲ ਕੀਤਾ ਹੈ। ਉਪਰੰਤ ਪਾਤਿਸ਼ਾਹੀ ੧੦ ਅੰਕਤ ਕੀਤਾ ਹੈ ਕਿ ਇਹ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚੀ ਹੋਈ ਹੈ। ਇਸ ਤੋਂ ਬਾਅਦ ਅਕਾਲ ਪੁਰਖ ਨੂੰ ਸਾਰੇ ਦੇਵੀ ਦੇਵਤਿਆਂ ਦਾ ਸਿਰਜਕ ਦਸ ਕੇ ਉਸਦੀ ਅਸੀਮ ਸ਼ਕਤੀ ਦਾ ਵਰਣਨ ਹੈ ਅਤੇ ਦ੍ਰਿੜ ਕੀਤਾ ਹੈ ਕਿ ਇਸ਼ਟ ਕੇਵਲ ਅਕਾਲ ਪੁਰਖ ਹੈ। ਹੁਣ ਸਤਿਗੁਰੂ ਜੀ ਇਕ ਬਹੁਤ ਹੀ ਗੰਭੀਰ ਬਚਨ ਕਰਦੇ ਹਨ ਕਿ ਜਿਸ ਵਿਅਕਤੀ ਨੂੰ ਤੈਰਨਾ ਨਹੀਂ ਆਂਦਾ, ਉਹ ਬਿਨਾਂ ਬੇੜੀ ਦੇ ਕਿਵੇਂ ਪਾਰ ਜਾ ਸਕਦਾ ਹੈ। ਪਰ ਜੇ ਵਾਹਿਗੁਰੂ ਦੀ ਕਿਰਪਾ ਹੋ ਜਾਏ ਤਾਂ ਗੁੰਗਾਂ ਸ਼ਾਸਤ੍ਰਾਂ ਦਾ ਵਕਤਾ ਬਣ ਸਕਦਾ ਹੈ, ਪਿੰਗਲਾ ਪਹਾੜਾਂ ਤੇ ਚੜ੍ਹ ਸਕਦਾ ਹੈ, ਅੰਨ੍ਹਾਂ ਵੇਖਣ
ਲਗ ਜਾਂਦਾ ਹੈ ਅਤੇ ਬੋਲਾ ਸੁਣ ਸਕਦਾ ਹੈ ।
ਅਨਤਰਯਾ ਜ੍ਯੋ ਸਿੰਧੁ ਕੋ ਚਹਤ ਤਰਨ ਕਰਿ ਜਾਉ ॥
ਬਿਨੁ ਨੌਕਾ ਕੈਸੇ ਤਰੈ ? ਲਏ ਤਿਹਾਰੋ ਨਾਉ ॥੪੨॥
ਮੂਕ ਉਚਰੈ ਸਾਸਤ੍ਰ ਖਟ ਪਿੰਗ ਗਿਰਨ ਚੜਿ ਜਾਇ ॥
ਅੰਧ ਲਖੈ ਬਦਰੋ ਸੁਨੈ ਜੋ ਤੁਮ ਕਰੌ ਸਹਾਇ ॥੪੩॥
ਹੁਣ ਸਤਿਗੁਰੂ ਜੀ ਚਰਿਤ੍ਰੋ ਪਾਖ੍ਯਾਨ ਗ੍ਰੰਥ ਦੀ ਰਚਨਾ ਕਰਨ ਤੋਂ ਪਹਿਲਾਂ ਇਕ ਬਹੁਤ ਹੀ ਮਹੱਤਵ ਪੂਰਨ ਚਿਤਾਵਨੀ ਦੇ ਰਹੇ ਹਨ ਕਿ ਗਰਭ ਵਿਚ ਪਲ ਰਹੇ ਬਾਲਕ, ਇਸਤ੍ਰੀਆਂ ਅਤੇ ਰਾਜੇ ਦੇ ਹਿਰਦੇ ਵਿਚ ਕੀ ਹੈ ਕੋਈ ਨਹੀਂ ਜਾਣ ਸਕਦਾ। ਫਿਰ ਵੀ ਤੇਰੀ ਕਿਰਪਾ ਨਾਲ ਕਛੁ ਕਛੁ ਕਹੋ ਬਨਾਇ ਕਵਿਤਾ ਰਚਨ ਜਾ ਰਿਹਾ ਹਾਂ। ਇਹ ਦਿਲ ਪਰਚਾਵੇ ਲਈ ਨਹੀਂ। ਇਸ ਲਈ ਇਸਨੂੰ ਪੜ੍ਹ ਕੇ ਹਾਸ ਨ ਕਰਿਯਹੁ ਕੋਇ। ਇਹ ਕੋਈ ਮਜ਼ਾਕ ਦਾ ਵਿਸ਼ਾ ਨਹੀਂ ਹੈ। ਇਸਦਾ ਉਦੇਸ਼ ਬਹੁਤ ਉੱਚਾ ਹੈ। ਇਸ ਨੁਕਤੇ ਨੂੰ ਧਿਆਨ ਵਿਚ ਲਿਆਏ ਬਿਨਾ ਪਾਣੀ ਵਿਚ ਮਧਾਣੀ ਮਾਰਨ ਤੁਲ ਹੋਏਗਾ।
ਅਰਘ ਗਰਭ ਨ੍ਰਿਪ ਤ੍ਰਿਯਨ ਕੋ ਭੇਦ ਨ ਪਾਯੋ ਜਾਇ ॥
ਤਊ ਤਿਹਾਰੀ ਕ੍ਰਿਪਾ ਤੇ ਕਛੁ ਕਛੁ ਕਹੋ ਬਨਾਇ ॥੪੪॥
ਪ੍ਰਥਮ ਮਾਨਿ ਤੁਮ ਕੋ ਕਹੋ ਜਥਾ ਬੁਧਿ ਬਲੁ ਹੋਇ ॥
ਘਟਿ ਕਬਿਤਾ ਲਖਿ ਕੈ ਕਬਹਿ ! ਹਾਸ ਨ ਕਰਿਯਹੁ ਕੋਇ ॥੪੫॥
ਹੁਣ ਸਤਿਗੁਰੂ ਜੀ ਅਕਾਲ ਪੁਰਖ ਦੇ ਸਨਮੁਖ ਜੋਦੜੀ ਕਰਦੇ ਹਨ ਹੇ ਵਾਹਿਗੁਰੂ ਆਪ ਖੁਦ ਨਦੀ ਦੀਆਂ ਲਹਿਰਾਂ ਵਾਂਗ ਮੇਰੇ ਹਿਰਦੇ ਵਿਚ ਵਾਕ ਤਰੰਗਾਂ ਦੀ ਤਰ੍ਹਾਂ ਪ੍ਰਵਾਹ ਕਰੋ।
ਪ੍ਰਥਮ ਧ੍ਯਾਇ ਸ੍ਰੀ ਭਗਵਤੀ ਬਰਨੌ ਤ੍ਰਿਯਾ ਪ੍ਰਸੰਗ ॥
ਮੋ ਘਟ ਮੈ ਤੁਮ ਹ੍ਵੈ ਨਦੀ ਉਪਜਹੁ ਬਾਕ ਤਰੰਗ ॥੪੬॥
ਇਸ ਤੋਂ ਬਾਅਦ ਸਤਿਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਅਤੇ ਚਰਿਤ੍ਰ ਪਾਖ੍ਯਾਨ ਦੇ ਪਹਿਲੇ ਅਧਿਆਇ ਦੀ ਸਮਾਪਤੀ ਕਰਦੇ ਹਨ,
ਚਰਿਤ੍ਰੋ ਪਾਖ੍ਯਾਨ – ਪਠਨ ਪਾਠਨ – gslamba
3
ਸਵੈਯਾ ॥ ਮੇਰੁ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋਸੌ ॥
ਭੂਲ ਛਿਮੋ ਹਮਰੀ ਪ੍ਰਭੁ ! ਆਪੁਨ ਭੂਲਨਹਾਰ ਕਹੂੰ ਕੋਊ ਮੋ ਸੌ ? ॥
ਸੇਵ ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੌ ॥
ਯਾ ਕਲਿ ਮੈ ਸਭਿ ਕਲਿ ਕ੍ਰਿਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੌ ॥੪੭॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਚੰਡੀ ਚਰਿਤ੍ਰੇ ਪ੍ਰਥਮ ਧ੍ਯਾਇ ਸਮਾਪਤਮ ਸਤੁ ਸੁਭਮ ਸਤੁ ॥੧॥੪੮॥ਅਫਜੂੰ॥
ਬਾਅਦ ਵਿਚ ਚਰਿਤ੍ਰੋਪਾਖ੍ਯਾਨ ਦੇ ਚਰਿਤ੍ਰਾਂ ਦੇ ਆਖਿਰ ਵਿਚ ਮੰਤ੍ਰੀ ਭੂਪਤ ਸੰਵਾਦ ਹੈ ਪਰ ਇੱਥੇ ਨਹੀਂ। ਇਸ ਦਾ ਅਰਥ ਹੈ ਕਿ ਸਤਿਗੁਰੂ ਜੀ
ਇਹ ਭੂਮਿਕਾ ਅਤੇ ਜੋਦੜੀ ਖੁਦ ਕਰ ਰਹੇ ਹਨ। ਉਪਰੰਤ ਲਫਜ਼ ॥ਅਫਜੂੰ॥ ਦਾ ਅਰਥ ਹੈ ਕਿ ਇਹ ਵਾਰਤਾ ਹੁਣ ਅੱਗੇ ਵੱਧੇਗੀ। ਜਿਵੇਂ ਜਨਮ ਸਾਖੀ
ਵਿਚ ਆਂਦਾ ਹੈ ਸਾਖੀ ਹੋਰ ਚਲੀ।
ਇਸ ਤੋਂ ਬਾਅਦ ਚਰਿਤ੍ਰ ਅਰੰਭ ਹੁੰਦੇ ਹਨ। ਇਸ ਦਾ ਸੂਤਰ ਚਿਤ੍ਰਵਤੀ ਦੇਸ਼ ਦੇ ਰਾਜੇ ਚਿਤ੍ਰ ਸਿੰਘ ਵਲੋਂ ਦੂਸਰੀ ਰਾਣੀ ਲੈ ਆਣ, ਉਸ ਰਾਣੀ ਵਲੋਂ ਰਾਜੇ ਦੇ ਪੁੱਤਰ ਹਨਿਵਤਿ ਸਿੰਘ ਤੇ ਆਚਰਣ ਹੀਣਤਾ ਦੇ ਦੋਸ਼ ਲਗਾਣ ਅਤੇ ਰਾਜੇ ਵਲੋਂ ਆਪਣੇ ਪੁੱਤਰ ਨੂੰ ਮੌਤ ਦੀ ਸਜ਼ਾ ਦੇਣ ਦੀ ਕਹਾਣੀ ਹੈ। ਰਾਜੇ ਦੇ ਸਿਆਣੇ ਵਜ਼ੀਰ ਵਲੋਂ ਰਾਜੇ ਨੂੰ ਸੁਣਾਈਆਂ ਕਹਾਣੀਆਂ ਮੰਤ੍ਰੀ ਭੂਪਤ ਸੰਵਾਦ ਵਿਚ ਇਹ ਸਾਰੇ ਚਰਿਤ੍ਰੋ ਪਾਖ੍ਯਾਨ ਦਾ ਗ੍ਰੰਥ ਹੈ। ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ। ਇਹ ਬਿਲਕੁਲ ਉਸੇ ਤਰਜ਼ ਤੇ ਹੈ ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਸਾ ਕੀ ਵਾਰ ਦੀ ਰਚਨਾ ਕੀਤੀ ਤਾਂ
ਉਸ ਦੀ ਅਰੰਭਤਾ ਵੀ ਟੁੰਡੇ ਅਸਰਾਜੇ ਕੀ ਧੁਨੀ ਤੇ ਅਧਾਰਤ ਕੀਤੀ। ਟੁੰਡੇ ਅਸਰਾਜ ਦੀ ਕਹਾਣੀ ਵੀ ਇੰਨ ਬਿੰਨ ਚਰਿਤ੍ਰੋ ਪਾਖ੍ਯਾਨ ਦੇ ਚਿਤ੍ਰ ਸਿੰਘ ਅਤੇ ਹਨਿਵਤਿ ਸਿੰਘ ਵਰਗੀ ਹੈ। ਜਿੱਥੇ ਅਸ ਰਾਜੇ ਦੀ ਮਤ੍ਰੇਈ ਮਾਂ ਵੀ ਉਸ ਤੇ ਅਜ਼ਮਤ ਰੇਜ਼ੀ ਦਾ ਦੋਸ਼ ਲਗਾ ਦੇਂਦੀ ਹੈ ਅਤੇ ਉਸਦਾ ਬਾਪ ਅਸਰਾਜ ਨੂੰ ਮਰਵਾਣ ਦਾ ਹੁਕਮ ਜਾਰੀ ਕਰ ਦਿੰਦਾ ਹੈ। ਰਾਜਿ ਰੰਗੁ ਮਾਲਿ ਰੰਗੁ।। ਰੰਗਿ ਰਤਾ ਨਚੈ ਨੰਗੁ।। (ਮ:੧-੧੪੨) ਅਤੇ ਅਰਥ ਧਰਮ ਕਾਮ ਮੋਖ ਕਾ ਦਾਤਾ।। (ਮ:੫-੮੦੬) ਦਾ ਹਵਾਲਾ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ। ਪਰ ਇਹਨਾਂ ਦਾ ਨ੍ਰਿਤ ਅਤੇ ਕਲਾਬਾਜੀਆਂ ਸਤਿਗੁਰੂ ਜੀ ਨੇ ਇਸ ਬਾਣੀ ਵਿਚ ਚਿਤ੍ਰਣ ਕੀਤਾ ਹੈ। ਇਸ ਮਹਾਨ ਰਚਨਾ ਵਿਚ ਸਾਹਿਤ ਦੇ ਨੌਂ ਦੇ ਨੌਂ ਰਸ ਹਨ। ਇਸ ਲਈ ਇਸਦੇ ਪਠਨ ਪਾਠਨ ਅਤੇ ਸਮਝਣ ਵਿਚ ਵੀ ਬਿਬੇਕ ਦੀ ਲੋੜ ਹੈ। ਇਸ ਲਈ ਇਸ ਦੇ ਪਠਨ ਪਾਠਨ ਵਿਚ ਬਿਬੇਕ ਬੁਧਿ ਦੀ ਲੋੜ ਹੈ। ਉਪਰੰਤ ਇਹਨਾਂ ਕਾਲਪਨਿਕ ਗਾਥਾਵਾਂ ਦੀ ਸਮਪਾਪਤੀ ਤੇ ਸਤਿਗੁਰੂ ਜੀ ਇਕ ਵਾਰ ਫਿਰ ਅਕਾਲ ਪੁਰਖ ਅੱਗੇ ਬੇਨਤੀ ਕਰਦੇ ਹਨ ਜਿਹੜੀ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਦਾ ਹਿੱਸਾ ਹੈ।
ਕਬ੍ਯੋ ਬਾਚ ਬੇਨਤੀ ॥ ਚੌਪਈ ॥
ਹਮਰੀ ਕਰੋ ਹਾਥ ਦੈ ਰਛਾ ॥ ਪੂਰਨ ਹੋਇ ਚਿਤ ਕੀ ਇਛਾ ॥
ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥
ਇਸ ਚਰਿੱਤ੍ਰੋ ਪਾਖ੍ਯਾਨ ਗ੍ਰੰਥ ਦੀ ਸੰਪੂਰਨਤਾ ਸਤਿਗੁਰੂ ਜੀ ਗ੍ਰੰਥ ਦੀ ਸੰਪੂਰਨਤਾ ਦੀ ਅਰਦਾਸ ਕਰਦੇ ਹਨ ਅਤੇ ਮੁੜ ਬਚਨ ਕਰਦੇ ਹਨ ਕਿ ਇਸ ਗ੍ਰੰਥ ਦੇ ਪੜ੍ਹਨ ਨਾਲ ਗੁੰਗੇ ਨੂੰ ਰਸਨਾ ਮਿਲੇਗੀ, ਮੂਰਖ ਨੂੰ ਸਿਆਣਪ ਦਾ ਦਾਨ ਮਿਲੇਗਾ ਅਤੇ ਸਾਰੇ ਦੁਖ ਕਲੇਸ਼ ਸਮਾਪਤ ਹੋਣਗੇ।
ਸ੍ਰੀ ਅਸਿਧੁਜ ਜਬ ਭਏ ਦਯਾਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥
ਮਨ ਬਾਛਤ ਫਲ ਪਾਵੈ ਸੋਈ ॥
ਦੂਖ ਨ ਤਿਸੈ ਬਿਆਪਤ ਕੋਈ ॥੪੦੩॥
ਅੜਿਲ ॥ ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ॥
ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ ॥
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥
ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ॥੪੦੪॥
ਗੁਰੂ ਸਾਹਿਬ ਜੀ ਦੀ ਮਹਾਨ ਰਚਨਾ ਚਰਿਤ੍ਰੋ ਪਾਖ੍ਯਾਨ ਦੇ ਅਖ਼ੀਰ ਵਿਚ ਸਤਿਗੁਰੂ ਜੀ ਇਸ ਗ੍ਰੰਥ ਦੀ ਸੰਪੁਰਨਤਾ ਦੀ ਸੂਚਨਾ ਦਿੰਦੇ ਹਨ ਕਿ ਸੰਬਤ ਸਤਾਰਾਂ ਸੌ ਤਿਰਵੰਜਾਂ ਦੀ ਭਾਦਰੋਂ ਸੁਦੀ ਅਸ਼ਟਮੀ ਰਵੀ ਵਾਰ ਵਾਲੇ ਦਿਨ ਸਤਲੁਜ ਦੇ ਕੰਢੇ ਇਸ ਗ੍ਰੰਥ ਨੂੰ ਸੰਪੂਰਨ ਕੀਤਾ ਗਿਆ।
ਚੌਪਈ ॥ ਸੰਬਤ ਸਤ੍ਰਹ ਸਹਸ ਭਣਿਜੈ ॥
ਅਰਧ ਸਹਸ ਫੁਨਿ ਤੀਨਿ ਕਹਿਜੈ ॥
ਚਰਿਤ੍ਰੋ ਪਾਖ੍ਯਾਨ – ਪਠਨ ਪਾਠਨ – gslamba
4
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥
ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥੪੦੫॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ
॥੪੦੪॥੭੫੩੯॥ ਸਮਾਪਤਮ ॥
:ਇਸ ਤੋਂ ਬਾਅਦ ਲਫ਼ਜ਼ ।।ਸਮਾਪਤਮ।। ਹੈ, ਪਰ ਅਫਜੂੰ ਨਹੀਂ ਹੈ। ਯਾਨਿ ਕਿ ਇਹ ਗ੍ਰੰਥ ਦੀ ਪੂਰੀ ਸਮਾਪਤੀ ਹੈ। ਇਸ ਵਿਸ਼ੇ ਤੇ ਇਕ ਬੇਨਤੀ ਹੈ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਕਈ ਗ੍ਰੰਥਾਂ ਦਾ ਸਮੂਹ ਜਾਂ ਕੁਲਿਯਾਤ ਹੈ। ਚਰਿਤ੍ਰੋਪਾਖ੍ਯਾਨ ਇਸ ਵਿਚਲਾ ਇਕ ਗ੍ਰੰਥ ਹੈ। ਇਹ ਜਾਪ ਸਾਹਿਬ ਜਾਂ ਅਕਾਲ ਉਸਤਿਤ ਵਾਂਗ ਅਧਿਆਤਮਕ ਬਾਣੀ ਨਹੀਂ ਹੈ। ਪਰ ਇਸ ਦਾ ਮਕਸਦ ਅਧਿਆਤਮਕਤਾ ਅਤੇ ਚਰਿਤ੍ਰ ਉੱਥਾਨ ਇਕ ਨਵੇਂ ਢੰਗ ਨਾਲ ਦਿੱਤਾ ਗਿਆ ਹੈ। ਇਸ ਲਈ ਇਸ ਵਿਚ ਗੁਰੂ ਸਾਹਿਬ ਵਲੋਂ ਰਹਿਤ ਮਰਯਾਦਾ, ਗੁਰਮਤਿ ਆਸ਼ਾ ਇਹਨਾਂ ਚਰਿੱਤ੍ਰਾਂ ਵਿਚ ਬਾਖੂਬੀ ਪਿਰੋਇਆ ਗਿਆ ਹੈ। ਇਸ ਲਈ ਜਿਵੇਂ ਕਲਗੀਧਰ ਪਿਤਾ ਨੇ ਅਰੰਭ ਵਿਚ ਹੀ ਚਿਤਾਵਨੀ ਦਿੱਤੀ ਸੀ ਕਿ ਇਸਨੂੰ ਪੜ੍ਹ ਕੇ ਹਾਸ ਨ ਕਰਿਯਹੁ ਕੋਇ। ਨਹੀਂ ਤਾਂ ਫਿਰ ਜਿਵੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਦਰਬਾਰੀ ਕਵੀ ਵ੍ਰਿੰਦ ਦੇ ਬੋਲ ਬਹੁਤ ਮਹੱਤਵ ਪੂਰਨ ਹਨ ਕਿ ਮੂਰਖ ਦੇ ਹੱਥ ਪੋਥੀ ਫੜਾ ਦਿੱਤੀ ਜਾਂ ਬਾਣੀਏ ਨੂੰ ਗੁਣਾਂ ਦੀ ਗੁੱਥਲੀ ਦੇ ਦਿੱਤੀ ਇਸ ਤਰ੍ਹਾਂ ਹੀ ਹੈ ਜਿਵੇਂ ਕਿਸੇ ਅੰਨ੍ਹੇ ਨੂੰ ਸਾਫ਼ ਸ਼ੀਸ਼ਾ ਫੜਾ ਦਿੱਤਾ, ਮੂਰਖ ਕੋ ਪੋਥੀ ਦਈ ਵਾਯਨ ਕੌ ਗੁਨ ਗਾਥ।
ਜੈਸੇ ਨਿਰਮਲ ਆਰਸੀ ਦਈ ਅੰਚ ਕੈ ਹਾਥ।੫੩।
ਗਿਆਨ ਅਲੂਫਾ ਸਤਿਗੁਰ ਦੀਨਾ ਦੁਰਮਤਿ ਸਭ ਹਿਰ ਲਈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਅਲੂਫਾ, ਪਸ਼ੂਆਂ ਦੇ ਰੋਗ ਦੂਰ
ਕਰਣ ਹਿਤ ਦਿੱਤੀ ਜਾਣ ਵਾਲੀ ਦਵਾਈ ਚਰਿਤ੍ਰੋਪਾਖ੍ਯਾਨ ਦੇ ਰੂਪ ਵਿਚ ਦਿੱਤੀ ਹੈ ਤਾਂ ਕਿ ਸਾਡੇ ਪੰਚ ਦੋਖ ਮਿਟ ਸਕਣ। ਇਸ ਲਈ ਲਾਜ਼ਮੀ ਹੈ ਕਿ
ਕਲਗੀਧਰ ਪਿਤਾ ਦੀ ਮਹਾਨਤਮ ਸਾਹਿਤਕ ਰਚਨਾ ਚਰਿਤ੍ਰੋ ਪਾਖ੍ਯਾਨ ਨੂੰ ਸਹੀ ਪਰਿਪੇਖ ਵਿਚ ਪਠਨ ਪਾਠਨ ਅਤੇ ਸਮਝਣ ਦੀ ਅਰਦਾਸ ਕਰੀਏ,
ਵਰਨਾ ਐਸਾ ਨਾ ਹੋਏ ਕਿ ਜਾਣੇ ਅਣਜਾਣੇ ਵਿਚ ਗੁਰੂ ਨਿੰਦਾ ਦੇ ਵੱਡੇ ਪਾਪ ਦੇ ਭਾਗੀ ਬਣ ਜਾਈਏ। ਨਰ ਅਚੇਤ ਪਾਪ ਤੇ ਡਰੁ ਰੇ।। (ਮ:੯ ੨੨੦)
ਗੁਰਚਰਨਜੀਤ ਸਿੰਘ ਲਾਂਬਾ
ਨਿਉ ਜਰਸੀ. ਯੂ.ਐਸ.ਏ www.santsipahi.org; www.patshahi10.org