76 views 4 secs 0 comments

ਚਾਲਬਾਜ਼ੀਆਂ

ਲੇਖ
June 26, 2025

*ਮਨ* ਬੜਾ ਚਾਲਬਾਜ਼ ਹੈ, ਜਦੋਂ ਇਹ ਚਾਲਬਾਜ਼ੀ ‘ਤੇ ਆਉਂਦਾ ਹੈ ਤਾਂ ਚਿਹਰੇ ਉੱਪਰ ਮੀਸਣੇਪਣ ਦੀ ਛਾਪ ਲਗਾ ਲੈਂਦਾ ਹੈ।
ਮਨ ਸਾਨੂੰ ਇਹ ਵਿਸ਼ਵਾਸ ਦਿਖਾਈ ਰੱਖਦਾ ਹੈ ਕਿ ਅਸੀਂ ਇਸ ਦੇ ਮਾਲਕ, ਇਸ ਦੇ ਚਾਲਕ ਹਾਂ । ਏਹੋ ਕੂੜਾਵਾ ਭਰੋਸਾ ਦੇ ਕੇ ਇਹ ਸਾਨੂੰ ਬੇਵਕੂਫ਼ ਬਣਾਈ ਫਿਰਦਾ ਹੈ। ਇਸ ਦੇ ਛਲ-ਕਪਟ ਤੇ ਇਸ ਦੀਆਂ ਹੇਰਾਂ-ਫੇਰੀਆਂ ਅਤਿ ਚੁਸਤ ਤੇ ਬਹੁਤ ਦੁਰਬੋਧ ਹੁੰਦੀਆਂ ਹਨ; ਛੇਤੀ ਕੀਤੇ ਸਮਝ ਨਹੀਂ ਆਉਂਦੀਆਂ। ਸਾਨੂੰ ਗੁਮਰਾਹ ਕਰਨ ਲਈ ਤੇ ਆਪਣੀ ਹੁਕਮਰਾਨੀ ਸਾਡੇ ਉੱਪਰ ਬਣਾਈ ਰੱਖਣ ਲਈ ਇਹ ਧਰਮ-ਗ੍ਰੰਥਾਂ ਦੇ ਸਲੋਕ ਵੀ ਆਸਾਨੀ ਨਾਲ ਵਰਤ ਲੈਂਦਾ ਹੈ। ਅਉਗੁਣਾ ਨੂੰ ਗੁਣਾਂ ਦਾ ਮੁਲੰਮਾ ਦੇ ਕੇ ਪੇਸ਼ ਕਰ ਦੇਂਦਾ ਹੈ। ਬਦੀ ਨੂੰ ਨੇਕੀ ਦਾ ਨਕਾਬ ਪਹਿਨਾ ਲੈਂਦਾ ਹੈ। ਇਹ ਜਮਾਂਦਰੂ ਤੌਰ ‘ਤੇ ਪਥ-ਭ੍ਰਿਸ਼ਟ ਤੇ ਕੁਰਾਹੀਆ ਹੈ। ਅੰਦਰ ਇਸ ਦੇ ਕਰੜੀ ਖੋਟ ਹੈ। ਪਾਖੰਡ ਇਹ ਬੜੀ ਕਾਮਯਾਬੀ ਨਾਲ ਵਰਤ ਸਕਦਾ ਹੈ। ਕਪਟ ਇਸ ਦੀਆਂ ਰਗਾਂ ਵਿਚ ਵੜਿਆ ਹੋਇਆ ਹੈ। “ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ ॥” (ਬਸੰਤੁ ਮ:੩ ,ਅੰਗ ੧੧੬੯)।

ਭੈੜੇ ਕੰਮਾਂ ਨੂੰ ਯੋਗ ਸਿੱਧ ਕਰਨ ਲਈ ਬੜੀਆਂ ਪ੍ਰਭਾਵਸ਼ਾਲੀ ਦਲੀਲਾਂ ਦੇ ਲੈਂਦਾ ਹੈ। ਸਦਾਚਾਰਕ ਸਿਧਾਂਤਾਂ ਦੇ ਹਵਾਲੇ ਪੇਸ਼ ਕਰਦਾ ਹੈ। ਫ਼ਲਸਫ਼ੇ ਘੋਟਦਾ ਹੈ। ਮਾਇਆ ਦੇ ਲੁਭਾਉਣੇ ਰਸਤੇ ‘ਤੇ ਆਪ ਭੁੱਲਾ ਫਿਰਦਾ ਹੈ ਤੇ ਸਾਨੂੰ ਉਂਗਲੀ ਲਾ ਕੇ ਤੋਰੀ ਲਿਜਾਂਦਾ ਹੈ। “ਮਨੁ ਭੂਲਉ ਭਰਮਸਿ ਆਇ ਜਾਇ॥ ਅਤਿ ਲੁਬਧ ਲੁਭਾਨਉ ਬਿਖਮ ਮਾਇ॥” ( ਬਸੰਤੁ ਮ:੧, ਅੰਗ ੧੧੮੭)

ਇਹ ਬੜਾ ਕਮੀਨਾ ਹੈ, ਕਮਤਰੀਨ ਹੈ। “ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ॥”(ਵਾਰ ਮਲਾਰ, ਮ: ੧.ਅੰਗ ੧੨੯੧)

ਇਸ ਬੇਅਸੂਲੇ ਦਾ ਆਪਣਾ ਕੋਈ ਅਸੂਲ ਨਹੀਂ, ਕੋਈ ਨਿਯਮ ਨਹੀਂ। ਸਦਾ ਚੁਸਤੀਆਂ ਚਾਲਾਕੀਆਂ ਵਿਚ ਹੀ ਪਿਆ ਰਹਿੰਦਾ ਹੈ। ਜਦ ਤਕ ਗੰਭੀਰਤਾ ਨਾਲ ਇਸ ਦੀ ਜਾਂਚ-ਪੜਤਾਲ ਨਾ ਕਰੀਏ, ਇਸ ਦੀਆਂ ਚਾਲਬਾਜ਼ੀਆਂ ਦਾ ਪੂਰਾ ਪਤਾ ਨਹੀਂ ਲੱਗ ਸਕਦਾ। ਇਹੋ ਕਾਰਨ ਹੈ ਕਿ ਹਰ ਕੋਈ ਇਸ ਦੇ ਪਿੱਛੇ ਲੱਗਾ ਫਿਰਦਾ ਹੈ :
ਮਨ ਕਾ ਸੁਭਾਉ ਸਭੁ ਕੋਈ ਕਰੈ ॥ ਕਰਤਾ ਹੋਇ ਸੁ ਅਨਭੈ ਰਹੈ ॥
(ਭੈਰਉ ਰਵਿਦਾਸ, ਅੰਗ ੧੧੬੭)

ਡਾ. ਜਸਵੰਤ ਸਿੰਘ ਨੇਕੀ