-ਡਾ. ਜਸਬੀਰ ਸਿੰਘ
ਚੜ੍ਹਦੀ ਕਲਾ ਨੂੰ ਸਿੱਖਾਂ ਦੇ ਬੁਲੰਦ ਹੌਂਸਲੇ ਦਾ ਕਨਸੈਪਟ ਵੀ ਆਖਿਆ ਜਾ ਸਕਦਾ ਹੈ। ਇਸ ਦੇ ਸੰਕਲਪ ਨੂੰ ਖੁਰਦਬੀਨੀ ਨਿਗਾਹਾਂ ਨਾਲ ਪਕੜਨਾ ਅਤੇ ਇਸ ਦਾ ਸਰੂਪ ਮਿਥਣਾ ਉਚਿਤ ਵੀ ਹੋ ਜਾਂਦਾ ਹੈ। ਚੜ੍ਹਦੀ ਕਲਾ ਦਾ ਫੌਲਾਦੀ ਜਜ਼ਬਾ ਇਕ ਅਜਿਹਾ ਲੋਹ ਸੰਕਲਪ ਹੈ ਜਿਸ ਦੇ ਚੁਕਾਨੇ ’ਚ ਆਤਮ-ਅਡੋਲਤਾ, ਦ੍ਰਿੜ੍ਹ ਨਿਸ਼ਚਾ, ਰੱਬੀ ਵਿਸ਼ਵਾਸ, ਰੱਬ ਦੀ ਰਜ਼ਾ ਵਿਚ ਰਹਿਣਾ ਆਦਿ ਕੇਂਦਰ-ਬਿੰਦੂ ਹੋ ਜਾਂਦੇ ਹਨ। ਇਹ ਮਨ ਦੀ ਬਿਜਲਾਣੂ ਅਵਸਥਾ ਦੀ ਟੀਸੀ ਹੈ।
ਚੜ੍ਹਦੀ ਕਲਾ ਖਾਲਸੇ ਦਾ ਇਕ ਅਜਿਹਾ ਬੋਲਾ ਹੈ ਜੋ ਸਤਾਰ੍ਹਵੀਂ-ਅਠਾਰ੍ਹਵੀਂ ਸਦੀ ਦੇ ਖਾਲਸੇ ਦੀ ਕਾਢ ਪ੍ਰਤੀਤ ਹੁੰਦਾ ਜਾਪਦਾ ਹੈ। ਇਸ ਸੰਕਲਪ ਦੇ ਅਰਥਾਂ ਦਾ ਘੇਰਾ ਵਿਸ਼ਾਲ ਹੈ। ਇਸ ਸੰਕਲਪ ਵਿਚ ਵੈਰੀ ਤੋਂ ਕਦੇ ਨਾ ਡਰਨਾ, ਵਿਸ਼ਵਾਸ ਨਾਲ ਰਣ ਵਿਚ ਜੂਝਣ ਦਾ ਵਿਿਨਯੋਗ ਮੂਲ ਰੂਪ ’ਚ ਇਕ ਪੁਖਤਾ ਮੁਸਮਿਮ ਅਤੇ ਦ੍ਰਿੜ੍ਹ ਲੋਹ-ਸੰਕਲਪ ਦੀ ਪ੍ਰਕ੍ਰਿਆ ਹੈ। ਇਸ ਸੰਕਲਪ ਵਿਚ ਵਿਚਾਰਕ ਲੀਹ ਹੈ। ਚੜ੍ਹਦੀ ਕਲਾ ਦਾ ਸੰਕਲਪ ਸੰਗਰਾਮੀਏ/ਘੁਲਾਟੀਏ ਸਿੱਖਾਂ ਨੂੰ ਸਮੇਂ ਸਮੇਂ ਉੱਦਾਤ ਦੇ ਉਚੇਰਾ ਬਣਾ ਦੇਂਦਾ ਹੈ ਅਤੇ ਪ੍ਰਕ੍ਰਿਆ ’ਚ ਇਕ ਸੰਤੁਲਨ ਬਿੰਦੂ ਪ੍ਰਗਟ ਕਰ ਦੇਂਦਾ ਹੈ। ਇਸ ਲਕਸ਼ ਨੂੰ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਨਾਲ ਸਹਿਿਮਸ਼ਰਤ ਕਰ ਕੇ ਚੜ੍ਹਦੀ ਕਲਾ ਦੀ ਸਦੀਵੀ ਸਮਾਨਤਾ ਦਾ ਪ੍ਰਤਿਪਾਦਨ ਕਰ ਦਿੱਤਾ ਗਿਆ ਸੀ। “ਨਿਸਚੈ ਕਰਿ ਅਪੁਨੀ ਜੀਤ ਕਰੋਂ” ਵਾਲਾ ਚੜ੍ਹਦੀ ਕਲਾ ਦਾ ਅਦੁੱਤੀ ਸੰਕਲਪ ਪੂਰਨ ਪ੍ਰਕ੍ਰਿਆ ਉਜਾਗਰ ਹੋ ਜਾਂਦਾ ਹੈ ਅਤੇ ਯੱੁਧ ਦੀ ਵੰਗਾਰ/ਧਰਮ ਦੀ ਵੰਗਾਰ ਧਰਮ-ਯੁੱਧ ਦਾ ਵਿਿਨਯੋਗ ਹੋ ਨਿਬੜਦੀ ਹੈ। ਇਸ ਸੰਕਲਪ ਦੀ ਟੀਸੀ ’ਤੇ ਜਾਣ ਲਈ ਪਹਿਲਾਂ ਮਰਨ ਕਬੂਲਣਾ ਪੈਂਦਾ ਹੈ ਅਤੇ ਮੌਤ ’ਤੇ ਜਿੱਤ ਦਾ ਹਲਫ਼ਨਾਮਾ ਲੈ ਕੇ ਸੰਗਰਾਮੀਏ ਲਈ ਅਨੰਦ ਭਰਿਆ ਉਤਸਵ ਹੋ ਜਾਂਦਾ ਹੈ। ਇਹ ਹੀ ਇਸ ਦੇ ਲਕਸ਼ ਦੀ ਪ੍ਰਤਿਪਾਦਨਾ ਹੈ। ਗੁਰਬਾਣੀ ਵਿਚ ਅਨੇਕ ਥਾਂਵਾਂ ਉੱਤੇ ਅੰਤਰ-ਮਨ ਸੰਘਰਸ਼ ਲਈ ਰੂਪਕਾਂ ਦੀ ਵਰਤੋਂ, ਅਸਲੋਂ ਪ੍ਰਤੱਖ ਰੂਪ ਵਿਚ ਯੁੱਧ-ਖੇਤਰ ਦਾ ਜ਼ਿਕਰ ਚੜ੍ਹਦੀ ਕਲਾ ਦਾ ਪ੍ਰਤੀਕ ਹੀ ਤਾਂ ਹਨ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਚੜ੍ਹਦੀ ਕਲਾ ਦੇ ਮਾਨਸਿਕ ਜੁਝਾਰੂ ਸੁਝਾਰੂ ਸੁਭਾਅ ਨੂੰ ਭਗਤ ਕਬੀਰ ਜੀ ਨੇ ਦਰਸਾਇਆ ਹੈ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਪੰਨਾ 1105)
ਚੜ੍ਹਦੀ ਕਲਾ ਦੇ ਸੰਕਲਪ ਨੂੰ ਪਰਖਣ ਲਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਗਨ ਕੁੰਡ ਦੀ ਤੱਤੀ ਤਵੀ ’ਤੇ ਬੈਠਾਇਆ ਗਿਆ ਪਰ ਗੁਰੂ ਸਾਹਿਬ ਨੇ ਬੇਇਨਸਾਫ਼ੀ ਦੀ ਈਨ ਨਹੀਂ ਮੰਨੀ। ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਇਹ ਅਨੁਭਵ ਕਰ ਲਿਆ ਸੀ ਕਿ ਇਕ ਦਿਨ ਮਨੁੱਖ-ਮਾਤਰ ਦੇ ਕਲਿਆਣ ਨੂੰ ਸਮਰਪਿਤ ਇਹ ਸ਼ਹੀਦੀ, ਕ੍ਰਾਂਤੀ ਲਹਿਰ, ਮਨੁੱਖਤਾ ਦੇ ਰਤ ਨਾਲ ਹੋਈ ਰਾਜਸੀ ਚਿਣਾਈ ਤੇ ਉਸਾਰੀ ਨੂੰ ਜ਼ਾਲਮ ਹੁਕਮਰਾਨਾਂ ਸਮੇਤ ਨੇਸਤ-ਓ-ਨਾਬੂਦ ਕਰ ਦੇਵੇਗੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਇਸ ਸੰਕਲਪ ਦੀ ਪੂਰਤੀ ਲਈ ਜ਼ੁਲਮ ਦੇ ਕੰਡੇ ਛਾਂਗਣੇ ਪਏ ਸਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ “ਹਿੰਦ ਦੀ ਚਾਦਰ” ਦਾ ਗੌਰਵ ਪ੍ਰਾਪਤ ਕਰ ਕੇ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦੀ ਪਾਉਣੀ ਪਈ। ਉਨ੍ਹਾਂ ਭਾਰਤੀ ਲੋਕਾਂ ਨੂੰ ਮੌਤ ਦੇ ਭੈਅ ਤੋਂ ਮੁਕਤ ਕਰ ਕੇ ਧਰਮ ਦੀ ਖਾਤਰ ਜੂਝ ਮਰਨ ਦਾ ਚਿਰਾਗ ਰੋਸ਼ਨ ਕੀਤਾ। ਇਹ ਮੀਰੀ-ਪੀਰੀ ਦੇ ਜੀਵਨ ਦਰਸ਼ਨ ਦਾ ਅਗਲਾ ਸੂਤਰ ਸੀ।
ਦਸਮੇਸ਼ ਪਿਤਾ ਜੀ ਨੂੰ ਜ਼ੁਲਮ ਦੀਆਂ ਜੜ੍ਹਾਂ ਪੁੱਟਣ ਲਈ ਹੱਥ ਵਿਚ ਸ਼ਮਸ਼ੀਰ ਫੜਨੀ ਪਈ। ਕਈ ਸ਼ਤਾਬਦੀਆਂ ਤਕ ਖਾਲਸੇ ਨੂੰ ਦੇਗਾਂ, ਆਰਿਆਂ, ਚਰਖੜੀਆਂ, ਸਰਹੰਦ ਦੀਆਂ ਦੀਵਾਰਾਂ ਆਦਿ ਭਿਅੰਕਰ ਦਿਸ਼ਾਵਾਂ ਦੇਖਣੀਆਂ ਪਈਆਂ, ਪਰ ਕਸਵੱਟੀ ’ਤੇ ਪਰਖ ’ਚ ਕੋਈ ਫ਼ਰਕ ਨਾ ਪਿਆ ਅਤੇ ਕੁਠਾਲੀ ਵਿਚ ਢਾਲਿਆ ਸੋਨਾ (ਖਾਲਸਾ ਪੰਥ) ਅਨੋਖੀ ਚਮਕ ਪੈਦਾ ਕਰਦਾ ਗਿਆ। ਇੰਝ ਸਿੱਖ ਕੌਮ ਦੇ ਜਾਹੋ-ਜਲਾਲ ਦਾ ਆਫ਼ਤਾਬ ਕਦੇ ਅਸਤ ਨਾ ਹੋਇਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰਕ ਅਰਥਾਂ ਵਿਚ ਆਪਣਾ ਸਭ ਕੁਝ ਵਾਰ ਕੇ ਗ਼ੈਰਤ ਤੇ ਸਵੈਮਾਣ ਦੇ ਰੂ-ਬ-ਰੂ ਚੜ੍ਹਦੀ ਕਲਾ ਦੇ ਸੰਕਲਪ ਰਾਹੀਂ ਭਾਰਤ ਦੀ ਨਿਮਾਣੀ, ਨਿਤਾਣੀ ਤੇ ਨਿਰਬਲ ਹੋ ਚੁੱਕੀ ਲੋਕਾਈ ਵਿਚ ਸਵੈਮਾਣ ਤੇ ਨਿਰਭੈਤਾ ਦੀ ਭਾਵਨਾ ਸੁਰਜੀਤ ਕਰ ਕੇ ਜ਼ਬਰ-ਜ਼ੁਲਮ ਵਿਰੁੱਧ ਜੂਝਣ ਦੀ ਪ੍ਰੇਰਨਾ ਦਿੱਤੀ ਅਤੇ ਨਿਰਾਸ਼ ਹੋ ਚੁੱਕੀ ਲੋਕਾਈ ਲਈ ਚਾਨਣ-ਮੁਨਾਰਾ ਬਣ ਕੇ ਰਾਹ ਰੋਸ਼ਨ ਕੀਤਾ। ਇਸੇ ਸੰਕਲਪ ਸਦਕਾ ਬਾਅਦ ਵਿਚ ਸਿੱਖਾਂ ਦੀਆਂ ਲੰਮੀਆਂ ਜੱਦੋ-ਜਹਿਦਾਂ ਵਿਚੋਂ ਮਨੁੱਖੀ ਕਦਰਾਂ-ਕੀਮਤਾਂ ਦੇ ਅਵਮੂਲਨ ਦੀਆਂ ਅਨੇਕ ਦਿਸ਼ਾਵਾਂ ਉਦਘਾਟਿਤ ਹੋਈਆਂ ਅਤੇ ਚੜ੍ਹਦੀ-ਕਲਾ ਦੇ ਸੰਕਲਪ ਨੇ ਧਾਰਮਿਕ, ਸੱਭਿਆਚਾਰਕ, ਸਾਂਸਕ੍ਰਿਿਤਕ ਤੇ ਸਮਾਜਿਕ ਧਰਾਤਲ ’ਤੇ ਘੋਰ ਸੰਗਰਾਮਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ।
ਗੁਰੂ ਸਾਹਿਬਾਨ ਨੂੰ ਦਸਾਂ ਜਾਮਿਆਂ ਦੀ ਯਾਤਰਾ ਦੇ ਦੌਰ ਵਿਚ ਭਿਆਨਕਤਰ ਸੰਘਰਸ਼ਾਂ ਵਿੱਚੋਂ ਲੰਘਣਾ ਪਿਆ ਸੀ। ਖਾਲਸਾ ਸਦੀਆਂ ਤੋਂ “ਸਰਬੱਤ ਦੇ ਭਲੇ” ਲਈ ਮਾਰੂ ਹੱਲਿਆਂ ਦਾ ਹਲਾਹਲ (ਭਿਆਨਕ ਜ਼ਹਿਰ) ਪਾਨ ਕਰਦਾ ਆ ਰਿਹਾ ਹੈ। ਸਿੱਖਾਂ ਨਾਲ ਜਦੋਂ ਵੀ ਵਿਦੇਸ਼ੀ ਤਾਕਤਾਂ ਦਾ ਟਕਰਾਅ ਹੋਇਆ ਤਾਂ ਇਕ ਮਹਾਨ ਸੰਘਰਸ਼ ਦੀ ਸ਼ੁਰੂਆਤ ਹੋਣੀ ਲਾਜ਼ਮੀ ਤੇ ਕੁਦਰਤੀ ਸੀ। ਪੰਜਾਬ ਦੀ ਸਰਜ਼ਮੀਨ ’ਤੇ ਵਿਦੇਸ਼ੀ ਹਮਲਾਵਰਾਂ ਦੇ ਹੱਲਿਆਂ ਨੇ ਸਿੱਖਾਂ ਦੇ ਚੜ੍ਹਦੀ ਕਲਾ ਵਾਲੇ ਫੌਲਾਦੀ ਸੰਕਲਪ ਨੂੰ ਆਪਣੇ ਪਹੀਏ ਹੇਠ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਹੀ ਭਾਰਤ ’ਚ ਇਕ ਅਜਿਹੀ ਕੌਮ ਸੀ ਜਿਸ ਨੇ ਮਨੁੱਖੀ ਰੱਤ ਦੇ ਧਾੜਵੀਆਂ ਨੂੰ ਚੱਟਾਨੀ ਹਿੱਕ ਨਾਲ ਰੋਕਿਆ ਅਤੇ ਹਿੰਦੋਸਤਾਨ ਦੇ ਖੜਗਧਾਰੀ ਹੋ ਨਿੱਬੜੇ। ਇਹ ਚੜ੍ਹਦੀ ਕਲਾ ਦੇ ਸੰਕਲਪ ਦਾ ਵਿਸ਼ੇਸ਼ ਯੋਗਦਾਨ ਹੈ। ‘ਯਾਰੜੇ ਦੇ ਸੱਥਰ’ ਤੇ ‘ਨਾਗ ਨਿਵਾਸਾਂ’ ਦੀ ਕਾਮਨਾ ਕਰਨ ਵਾਲੇ ਗੁਰੂ ਸਾਹਿਬ ਨੇ ਇਸ ਸੰਕਲਪ ਰਾਹੀਂ ਆਪਣੀ ਅਗੰਮੀ ਤੇ ਅਲੌਕਿਕ ਸ਼ਖ਼ਸੀਅਤ ਦੇ ਅਮਿਟ ਪ੍ਰਭਾਵ ਨਾਲ ਲੱਖਾਂ ਲੋਕਾਂ ਨੂੰ ਸਰਬ ਸਮਿਆਂ ਲਈ “ਨਿਰਭਉ ਨਿਰਵੈਰ” ਹੋ ਕੇ ਜੀਵਨ ਸੰਗਰਾਮ ਵਿਚ ਜੂਝਣ ਦੀ ਪੇ੍ਰਰਨਾ ਅਤੇ ਉਤਸ਼ਾਹ ਨਾਲ ਸਰਸ਼ਾਰ ਕਰ ਦਿੱਤਾ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ ॥22॥
“ਜ਼ਫ਼ਰਨਾਮਾ” ਦੀ ਇਕ ਇਕ ਸਤਰ ਵਿਚ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਤੇ ਨਿਡਰਤਾ ਦਾ ਸਬੂਤ ਮਿਲਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧਾਂ/ਲੜਾਈਆਂ ਵਿਚ ਅਹਿਮ ਨੁਕਤਾ ਹੀ ਚੜ੍ਹਦੀ ਕਲਾ ਦਾ ਸੰਕਲਪ ਸੀ, ਜਿਸ ਸਦਕਾ ਮੁੱਠੀ ਭਰ ਸਿੰਘਾਂ ਨੇ ਲੱਖਾਂ ਦੀ ਗਿਣਤੀ ਵਿਚ ਦੁਸ਼ਮਣ ਫੌਜਾਂ ਦੇ ਪੈਰ ਉਖਾੜ ਦਿੱਤੇ ਸਨ। ਇਹ ਹਿੰਮਤ, ਦਲੇਰੀ ਅਤੇ ਸੈਨਕੀ ਸੂਝ-ਬੂਝ ਸੀ ਜਿਸ ਨੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਸਿੰਘਾਂ ਦੇ ਇਹ ਗੁਣ ਸੰਸਾਰ ਦੇ ਫੌਜੀ ਇਤਿਹਾਸ ਵਿਚ ਅਭੁੱਲ ਯਾਦਾਂ ਵਾਂਗ ਅਜੇ ਤਕ ਸਾਂਭੇ ਪਏ ਹਨ। ਇਹ ਸਤਰਾਂ ਚੜ੍ਹਦੀ ਕਲਾ ਵਾਲਾ ਮਹਾਂਪੁਰਸ਼ ਹੀ ਲਿਖ ਸਕਦਾ ਹੈ:
ਗੁਰਸਨਹ ਚਿਹਕਾਰੇ ਕੁਨੱਦ ਚਿਹਲ ਨਰ ॥
ਕਿ ਦਹ ਲੱਕ ਬਿਆਯਦ ਬਰੋ ਬੇਖਬਰ ॥19॥
ਚਿਹਾ ਸ਼ੁਦ ਕਿ ਚੂੰ ਬੱਚਗਾ ਕੁਸ਼ਹ ਚਾਰ ॥
ਕਿ ਬਾਕੀ ਬਿਮਾਂਦਾ ਸਤ ਪੇਚੀਦਹ ਮਾਰ ॥78॥
ਇਹ ਹੀ ਅਣਖ ਅਤੇ ਇਰਾਦੇ ਦੀ ਦ੍ਰਿੜ੍ਹਤਾ ਦੇ ਯੁੱਧ-ਦਰਸ਼ਨ ਦੇ ਲੋਹ-ਵਜਰ ਸੰਕਲਪ ਦੀ ਗੂੰਜ ਆਖੀ ਜਾ ਸਕਦੀ ਹੈ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸਾਡੇ ਇਤਿਹਾਸਿਕ ਵਿਰਸੇ ਦੀਆਂ ਆਤਮਾਵਾਂ ਹਨ ਜੋ ਖਾਲਸੇ ਵਿਚ ਜੀਰ ਗਈਆਂ ਹਨ। ਮਲ੍ਹਿਆਂ ਦੇ ਬੇਰ, ਕਰੀਰਾਂ ਦੇ ਡੇਲੇ, ਵਣਿਆਂ ਦੇ ਪੀਲੂ ਖਾਣੇ ਤਾਂ ਮਨਜ਼ੂਰ ਕੀਤੇ ਪਰ ਘਰੋਂ ਬੇਘਰ ਅਤੇ ਪਰਵਾਰਾਂ ਤੋਂ ਵਿਛੋੜਿਆਂ ਦੇ ਬਾਵਜੂਦ “ਖਾਲਸਾ ਰਾਜ” ਦੀ ਆਸ ਉਨ੍ਹਾਂ ਨੂੰ ਚੜ੍ਹਦੀ ਕਲਾ ਦੇ ਸੰਕਲਪ ਨਾਲ ਜੋੜਦੀ ਗਈ। ਸਿੰਘ ਭਾਵੇਂ ਪਹਾੜਾਂ, ਜੰਗਲਾਂ, ਛੰਭਾਂ ਤੇ ਨਖਲਿਸਤਾਨਾਂ ਵਿਚ ਰਹੇ ਪਰ ਉਨ੍ਹਾਂ ਦੇ ਮਨ ਬਲਵਾਨ ਤੇ ਤਨ ਉੱਜਲੇ ਰਹੇ। ਅਸਲ ਵਿਚ ਚੜ੍ਹਦੀ ਕਲਾ ਵਿਚ ਤਨ ਉੱਜਲਾ ਤੇ ਮਨ ਬਲਵਾਨ ਰਹਿੰਦਾ ਹੈ।
ਭਾਈ ਤਾਰੂ ਸਿੰਘ ਜੀ ਦੀ ਜ਼ਕਰੀਆ ਖਾਂ ਦੇ ਹੁਕਮ ਨਾਲ ਖੋਪਰੀ ਲਾਹ ਦਿੱਤੀ ਪਰ ਭਾਈ ਸਾਹਿਬ ਆਪਣੀ ਖੋਪਰੀ ਤੋਂ ਬਿਨ੍ਹਾਂ ਸਿਦਕ ਦੇ ਆਸਰੇ 22 ਦਿਨ ਜ਼ਿੰਦਾ ਰਹੇ। ਅਠਾਰ੍ਹਵੀਂ ਸਦੀ ਵਿਚ ਖਾਲਸੇ ਦੀਆਂ ਇਤਿਹਾਸਿਕ ਘਟਨਾਵਾਂ ਚੜ੍ਹਦੀ ਕਲਾ ਦੇ ਸੰਕਲਪ ਨਾਲ ਭਰਪੂਰ ਹਨ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਦੋਂ ਅੱਖਾਂ ਕੱਢੀਆਂ ਗਈਆਂ ਤਾਂ ਉਨ੍ਹਾਂ ਨੂੰ ਖਾਲਸਾ ਰਾਜ ਦੇ ਕਲਸ਼ ਉੱਭਰਦੇ ਨਜ਼ਰੀਂ ਪਏ। ਜਦੋਂ ਉਨ੍ਹਾਂ ਦੀਆਂ ਲੱਤਾਂ ਵੱਢੀਆਂ ਗਈਆਂ ਤਾਂ ਉਨ੍ਹਾਂ ਨੂੰ ਨੀਲੇ ਘੋੜੇ ਦੀਆਂ ਟਾਪਾਂ ਦੀ ਆਵਾਜ਼ ਆਈ ਅਤੇ ਨਗਾਰਾ ਵੱਜਦਾ ਦਿੱਸਿਆ। ਜਦੋਂ ਬਾਬਾ ਜੀ ਦੇ ਹੱਥਾਂ ਨੂੰ ਕਲਮ ਕੀਤਾ ਗਿਆ ਤਾਂ ਉਨ੍ਹਾਂ ਨੂੰ ਜਾਪਿਆ ਜਿਵੇਂ ਅਨੇਕ ਹੱਥਾਂ ’ਚ ਸ਼ਮਸ਼ੀਰਾਂ ਲਿਸ਼ਕ ਰਹੀਆਂ ਹਨ।
ਨਾਦਰਸ਼ਾਹ ਜਦੋਂ ਹਿੰਦੁਸਤਾਨ ਨੂੰ ਲੁੱਟ ਕੇ ਜਾ ਰਿਹਾ ਸੀ ਤਾਂ ਮੁੱਠੀ ਭਰ ਚੜ੍ਹਦੀ ਕਲਾ ਵਾਲੇ ਸਿੰਘਾਂ ਨੇ ਉਸ ਦਾ ਮਾਲ ਤੇ ਖ਼ਜ਼ਾਨਾ ਖੋਹ ਲਿਆ। ਮੱਸੇ ਰੰਗੜ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਨਾਚ ਤੇ ਸ਼ਰਾਬ ਦਾ ਦੌਰ ਚਲਾ ਕੇ ਰੱਜ ਕੇ ਬੇਅਦਬੀ ਕੀਤੀ। ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਮੱਸੇ ਰੰਗੜ ਦਾ ਸਿਰ ਵੱਢ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ੍ਹ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਚੜ੍ਹਦੀ ਕਲਾ ਨਾਲ ਸਰਸ਼ਾਰ ਥੋੜੇ ਜਿਹੇ ਸਿੰਘਾਂ ਨੂੰ ਮੁਗ਼ਲ ਫੌਜਾਂ ਦੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੈ। ਦੁਸ਼ਮਣ ਕਿਲ੍ਹੇ ਦੇ ਦਰਵਾਜ਼ੇ ਵੱਲ ਸ਼ਰਾਬੀ ਮਸਤ ਹਾਥੀ ਨੂੰ ਰਵਾਨਾ ਕਰਦੇ ਹਨ। ਦੁਨੀ ਚੰਦ ਨੂੰ ਗੁਰੂ ਸਾਹਿਬ ਹਾਥੀ ਦੇ ਮੁਕਾਬਲੇ ਲਈ ਚੁਣਦੇ ਹਨ ਪਰ ਦੁਨੀ ਚੰਦ ਖਾਲਸੇ ਦੇ ਸਿਧਾਂਤਾਂ ਤੋਂ ਅਭਿੱਜਾ, ਕਰਨੀ ਤੋਂ ਬਾਂਝ ਅਤੇ ਬੋਣਾ ਹੋ ਕੇ, ਘਰ ਜਾ ਕੇ ਨਮੋਸ਼ੀ ਦੀ ਮੌਤ ਮਰਦਾ ਹੈ ਪਰ ਤੇਜਧਾਰਕ ਭਾਈ ਬਚਿੱਤਰ ਸਿੰਘ, ਚੜ੍ਹਦੀ ਕਲਾ ਦੀ ਸਾਕਾਰ ਮੂਰਤ, ਇਤਿਹਾਸਿਕ ਕਰਨੀ ਲਈ ਤਤਪਰ ਹੁੰਦਾ ਹੈ ਤੇ ਖਾਲਸੇ ਦੀ ਕਥਨੀ ਇਤਿਹਾਸਿਕ ਸੱਚ ਨੂੰ ਕਰਨੀ ਨਾਲ ਨਿਭਾਉਂਦਾ ਹੈ।
ਚੜ੍ਹਦੀ ਕਲਾ ਖਾਲਸਾ ਪੰਥ ਦੀ ਸੱਭਿਆਚਾਰਕ ਨਿਧੀ ਹੈ ਜੋ ਨਿਵੇਕਲੀ ਤੇ ਵਿਲੱਖਣ ਹੈ। ਸਿੱਖ ਇਤਿਹਾਸ ਚੜ੍ਹਦੀ ਕਲਾ ਦੇ ਕ੍ਰਿਸ਼ਮਿਆਂ ਨਾਲ ਸਰਸ਼ਾਰ ਪਿਆ ਹੈ। ਕਿਹੜੀ ਕਿਹੜੀ ਘਟਨਾ ਨੂੰ ਇੱਥੇ ਸੰਮਿਲਤ ਕਰਾਂ? ਅਕਾਲੀ ਲਹਿਰ, ਮੋਰਚਿਆਂ ਦਾ ਇਤਿਹਾਸ, ਘੱਲੂਘਾਰਾ ਜੂਨ,1984 ਅਤੇ ਅਜੋਕਾ ਪੰਥਕ ਸੰਘਰਸ਼, ਕੱਲ੍ਹ ਅਤੇ ਅੱਜ ਦੀਆ ਗੱਲਾਂ ਹਨ। ਚੜ੍ਹਦੀ ਕਲਾ ਦਾ ਸੰਕਲਪ ਤੇ ਜੂਝ ਮਰਨ ਦੀ ਉਮੰਗ (ਸਿੰਘਾਂ ਦੇ ਅੱਡ-ਅੱਡ ਥਾਂਵਾਂ ਦੇ ਹੋਣ ਵੀ ਕਾਰਨ ਇਨ੍ਹਾਂ ਵਿਚ) ਇਕਸੁਰਤਾ, ਧੀਰਜ, ਇਕ ਦੂਜੇ ਪ੍ਰਤੀ ਬਲੀਦਾਨ ਦੀ ਭਾਵਨਾ, ਸ਼ੇਰ ਸ਼ਕਤੀ ਤੇ ਬਾਜ਼ ਦੀ ਫੁਰਤੀ ਦਾ ਸੰਬੰਧ ਸੱਚ ਦੀ ਧਾਰ ’ਤੇ ਤੁਰਨ ਵਾਲੀ ਦ੍ਰਿੜ੍ਹ ਆਤਮਾ ਨਾਲ ਹੁੰਦਾ ਹੈ। ਇਹ ਚੜ੍ਹਦੀ ਕਲਾ ਦੇ ਮਰਜੀਵੜੇ ਹੀ ਹੁੰਦੇ ਹਨ ਜੋ ਜ਼ੁਲਮ ਦੇ ਆਏ ਹੜ੍ਹ ’ਚ ਦਰਿਆਵਾਂ ਦੇ ਪਾਣੀ ਦੀ ਬੇੜੀ ਵਾਂਗ ਸ਼ੂਕਦੇ ਹਨ ਅਤੇ ਰਾਹ ਵਿਚ ਆਈਆਂ ਰੋਕਾਂ ਨੂੰ ਰੋੜ੍ਹ ਕੇ ਲੈ ਜਾਂਦੇ ਹਨ।
ਸੱਚੀ-ਸੁੱਚੀ ਲਗਨ ਤੇ ਲਗਨ ਦੀ ਪੂਰਤੀ ਲਈ ਦਿੱਤਾ ਬਲੀਦਾਨ ਬੰਦੇ ਵਿਚ ਅਡੋਲਤਾ ਭਰਦਾ ਹੈ ਅਤੇ ਸਿੰਘਾਂ ਦੀ ਕਹਿਕਸ਼ਾਂ ਵਰਗੀ ਅਡੋਲਤਾ ਤੇ ਸਮੁੰਦਰ ਵਰਗੀ ਗੰਭੀਰਤਾ ਦੇਖ ਕੇ ਹੀ ਕਾਲੀਆਂ ਹਨ੍ਹੇਰੀਆਂ ਦੇ ਸੁਆਮੀ ਦੰਗ ਰਹਿ ਜਾਂਦੇ ਹਨ। ਇਕ ਉਹ ਸਮਾਂ ਵੀ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਵਧਦੇ ਗਏ ਪਰ ਉਨ੍ਹਾਂ ਸਮਿਆਂ ਵਿਚ ਮਨ ਦੀ ਅੰਦਰੂਨੀ ਤਪਸ਼ ਨਾਲ ਜੀਉਂਦਿਆਂ ਚੜ੍ਹਦੀ ਕਲਾ ਦੇ ਸੰਕਲਪ ਨਾਲ ਸਿੱਖ ਜੁਝਾਰੂਆਂ ਨੇ ਮੋਢੇ-ਗੋਡੇ ਮਾਰ ਕੇ ਜ਼ਾਲਮਾਂ ਦੀਆਂ ਕਾਲੀਆਂ ਕੰਧਾਂ ’ਚ ਸ਼ਿਗਾਫ਼ ਹੀ ਨਹੀਂ ਕੀਤੇ, ਸਗੋਂ ਚੜ੍ਹਦੀ ਕਲਾ ਦੇ ਰੂ-ਬ-ਰੂ ਅਜ਼ਾਦੀ ਦਾ ਸੰਕਲਪ, ਖਾਲਸੇ ਦਾ ਬੋਲਬਾਲਾ ਹੌਲੀ-ਹੌਲੀ ਬਾਹਰ ਆ ਕੇ ਵਿਕਾਸਕ ਪ੍ਰਵਿਰਤੀ ਹੋ ਨਿੱਬੜਿਆ। ਚੜ੍ਹਦੀ ਕਲਾ ਦਾ ਜਲੌ ਝੱਲਿਆ ਨਹੀਂ ਸੀ ਜਾਂਦਾ। ਇਹੀ ਸੰਕਲਪ ਬਾਅਦ ਵਿਚ ਭੁਝੰਗੀ ਖਾਲਸੇ ਨੂੰ ਮਾਨਵਤਾ ਦੀ ਬਾਦਸ਼ਾਹਤ ਹਿੱਤ ਜੁਝਾਰੂ ਘੋਲ ਦਾ ਪ੍ਰੇਰਨਾ-ਸ੍ਰੋਤ ਬਣਾ ਦੇਂਦਾ ਹੈ। ਚੜ੍ਹਦੀ ਕਲਾ ਵਿਚ ਬੱਚਾ, ਮਰਦ, ਇਸਤਰੀ ਸਿਰ ਤਲੀ ਉੱਤੇ ਧਰ, ਸੱਚ ਦੀ ਕੁਠਾਲੀ ਵਿਚ ਢਲ ਕੇ ਖਾਲਸੇ ਦੇ ਕੁਟੰਬ ਵਿਚ ਸ਼ਾਮਲ ਹੋ ਜਾਵੇ ਤਾਂ ਮਨ ਨਹੀਂ ਡੋਲਦਾ, ਸਿਰੜ ਨਹੀਂ ਟੁੱਟਦਾ। ਇਹੀ ਸਿੰਘਾਂ ਦੀ ਅਰਦਾਸ ਹੋ ਨਿੱਬੜਦਾ ਹੈ।
ਸਿੱਖ ਇਤਿਹਾਸ ਦੱਸਦਾ ਹੈ ਕਿ ਜਦੋਂ-ਜਦੋਂ ਮਨੁੱਖਤਾ ਘਾਤੀ ਕਾਲੀਆਂ ਤਾਕਤਾਂ ਦਾ ਸੰਘਰਸ਼ ਭਖਦਾ ਗਿਆ, ਉਦੋਂ ਉਦੋਂ ਚੜ੍ਹਦੀ ਕਲਾ ਦੇ ਵਿਿਨਯੋਗ ਦੀ ਆਚਰਣਗਤ ਵਿਆਖਿਆ ਦੇ ਅਸਲੋਂ ਨਵੇਂ ਅਧਿਆਏ ਆਣ ਜੁੜਦੇ ਗਏ। ਚੜ੍ਹਦੀ ਕਲਾ ਦੇ ਸੰਕਲਪ ਨੇ ਖਾਲਸੇ ਦੀਆਂ ਆਉਣ ਵਾਲੀਆਂ ਨਸਲਾਂ ਲਈ ਵਿਆਪਕ ਦਿਸ਼ਾਵਾਂ ਪ੍ਰਦਾਨ ਹੀ ਨਹੀਂ ਕੀਤੀਆਂ, ਸਗੋਂ ਇਸ ਸੰਕਲਪ ਦੇ ਬਿੰਦੂ ਨੂੰ ਵਿਸਥਾਰਿਆ ਵੀ। ਸਿੱਖ ਸ਼ਹੀਦੀ ਇਸੇ ਲਈ ਸੰਸਾਰ ਵਿਚ ਵਿਲੱਖਣ ਹੈ ਕਿ ਉਸ ਵਿਚ ਪਾਕੀ ਤੇ ਨੂਰੀ ਦਾ, ਦੁਖ ਸਹਿਣ ਤੇ ਬੀਰਤਾ ਦਾ, ਪ੍ਰਣ ਤੇ ਦਾਈਏ ਦਾ ਅਤੇ ਸਿੱਦਕ ਤੇ ਅਭੈਤਾ ਦਾ ਅਨੋਖਾ ਸੁਮੇਲ ਹੈ।
ਚੜ੍ਹਦੀ ਕਲਾ ਖਾਲਸਾ ਰੂਪ ਵਿਚ ਮਾਨਵ ਸਮੂਹ, ਮੀਰ ਦੀ ਮੀਰੀ ਨੂੰ ਹੌਲੀ ਹੌਲੀ ਵੰਡਣ ਦੇ ਉਦੇਸ਼ ਨਾਲ ਸੰਗਰਾਮ ਕਰਦੀ ਹੋਈ ਬਾਦਸ਼ਾਹਤ ਦੇ ਤੇਜ਼ ਨੂੰ ਧਾਰਨ ਕਰਦੀ ਹੈ। ਸਿੱਖ ਕੌਮ ਨੂੰ ਫਿਰਕਾ ਕਹਿਣ ਵਾਲੇ ਮਾਨਵਤਾ ਦੀ ਬਾਦਸ਼ਾਹਤ ਦੇ ਧਰੋਹੀ ਤੇ ਅਗਿਆਨੀ ਹਨ, ਕੇਂਦਰੀਕਰਨ ਦੇ ਸੁਆਮੀਆਂ ਦੇ ਹੱਥ ਠੋਕੇ ਤੇ ਪਿੱਠੂ ਹਨ।
ਚੜ੍ਹਦੀ ਕਲਾ ਸਿੰਘਾਂ ਦਾ ਵਿਰਸਾ ਹੈ, ਕੁਰਬਾਨੀ ਦਾ ਅੰਗਿਆਰ ਹੈ, ਸਵੈਮਾਣ ਦੀ ਚਿਣਗ ਹੈ। ਖਾਲਸੇ ਨੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿ ਕੇ ਨਵੇਂ ਸੱਚ ਦੀ ਕਥਨੀ ’ਤੇ ਪਹਿਰਾ ਦਿੱਤਾ। ਖਾਲਸੇ ਦੀ ਸਵੈ-ਪ੍ਰਗਾਸ ਦੀ ਪੀਰੀ ਖਾਲਸਾ ਮਾਨਵ ਸਮੂਹ ਨੂੰ ਸੈ੍ਵ-ਪ੍ਰਬੰਧ ਦੀ ਮੀਰੀ ਲਈ ਜਾਗਰੂਪਤਾ ਦੇਂਦੀ ਹੈ। ਸ੍ਵੈ-ਪ੍ਰਬੰਧ ਲਈ ਮਾਨਵਤਾ ਦਾ ਜੁਝਾਰੂ ਘੋਲ ਲੜਨਾ ਖਾਲਸੇ ਦੇ ਚੜ੍ਹਦੀ ਕਲਾ ਦੇ ਸੰਕਲਪ ਦਾ ਮਾਰਗ ਹੈ:
ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾ ਕੁਨੀ ॥
ਕਿ ਆਤਸ਼ ਦਮਾਂ ਫ਼ਰਾਬ ਦੌਰਾਂ ਕੁਨੀ ॥79॥
