-ਡਾ. ਸਰਬਜੀਤ ਕੌਰ ਸੰਧਾਵਾਲੀਆ
ਦਸਾਂ ਪਾਤਸ਼ਾਹੀਆਂ ਨੇ ਸਚਿਆਰ ਜੀਵਨ ਦੀ ਘਾੜਤ ਘੜੀ, ਜਿਸ ਦੀ ਸਿਖਰ ਖਾਲਸਾ ਹੈ। ਜਦੋਂ ਮੁਗ਼ਲ ਹਕੂਮਤ ‘ ਨੇ ਘੋੜ-ਸਵਾਰੀ, ਸ਼ਸਤਰ ਰੱਖਣੇ, ਦਸਤਾਰ ਬੰਨ੍ਹਣੀ, ਬਾਜ਼ ਤੇ ਤਾਜ ਰੱਖਣ ਦੀ ਮਨਾਹੀ ਕਰ ਦਿੱਤੀ ਸੀ, ਉਦੋਂ ਸ੍ਰੀ ਦਸਮੇਸ਼ ਜੀ ਨੇ ਚੜ੍ਹਦੀ ਕਲਾ ਦੀਆਂ ਇਹ ਸਾਰੀਆਂ ਨਿਸ਼ਾਨੀਆਂ ਖਾਲਸੇ ਨੂੰ ਸੌਂਪੀਆਂ। ਮਹਾਰਾਜ ਜੀ ਨੇ ਖਾਲਸੇ ਨੂੰ ਸੁਰਤ, ਸੁਹਜ, ਅਨੁਭਵ, ਸਦਾਚਾਰਕ ਪਵਿੱਤਰਤਾ ਦੇ ਰੰਗ ਵਿਚ ਰੰਗ ਕੇ ਜਿੱਥੇ ਆਪਣਾ ਨਿੱਜ ਰੂਪ ਬਖਸ਼ਿਆ, ਉੱਥੇ ਰਾਜ ਜੋਗੀਆਂ, ਬਾਦਸ਼ਾਹ ਦਰਵੇਸ਼ਾਂ ਵਾਲੀਆਂ ਅਨੋਖੀਆਂ ਨਿਸ਼ਾਨੀਆਂ ਨਾਲ ਨਿਵਾਜਿਆ। ਆਓ, ਕਲਗੀਧਰ ਪਾਤਸ਼ਾਹ ਜੀ ਦੀਆਂ ਇਨ੍ਹਾਂ ਬਖ਼ਸ਼ਿਸ਼ਾਂ ਦਾ ਦੀਦਾਰ ਕਰੀਏ !
ਨਗਾਰਾ : ਨਗਾਰਾ ਸੁਤੰਤਰ ਬਾਦਸ਼ਾਹੀ ਦਾ ਚਿੰਨ੍ਹ ਹੈ। ਸ੍ਰੀ ਦਸਮੇਸ਼ ਪਾਤਸ਼ਾਹ ਜੀ ਨੇ ਸੰਨ ੧੬੮੪ ਈ. ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਣਜੀਤ ਨਗਾਰਾ ਤਿਆਰ ਕਰਵਾਇਆ। ਨਗਾਰੇ ਦੀਆਂ ਗੂੰਜਾਂ ਨਾਲ ਜਦੋਂ ਸ਼ਿਵਾਲਿਕ ਦੀਆਂ ਪਹਾੜੀਆਂ ਕੰਬਦੀਆਂ ਸਨ ਤਾਂ ਪਹਾੜੀਆਂ ਦੇ ਦਿਲ ਦਹਿਲਦੇ ਸਨ ਅਤੇ ਸਿੱਖਾਂ ਦੇ ਹਿਰਦੇ ਉਤਸ਼ਾਹ ਨਾਲ ਭਰ ਜਾਂਦੇ ਸਨ। ਔਰੰਗਜ਼ੇਬ ਨੇ ਤਾਂ ਆਪਣੇ ਸ਼ਹਿਜ਼ਾਦੇ ਮੁਅੱਜ਼ਮ ਨੂੰ ਵੀ ਨਗਾਰਾ ਵਜਾਉਣ ਤੋਂ ਰੋਕ ਦਿੱਤਾ ਸੀ, ਉਹ ਸ੍ਰੀ ਦਸਮੇਸ਼ ਜੀ ਦੇ ਨਗਾਰੇ ਨੂੰ ਕਿਵੇਂ ਜਰ ਸਕਦਾ ਸੀ। ਉਸ ਨੇ ਸਰਹੰਦ ਦੇ ਨਵਾਬ ਨੂੰ ਲਿਖਿਆ ਕਿ (ਸਾਹਿਬ ਸ੍ਰੀ ਗੁਰੂ) ਗੋਬਿੰਦ ਸਿੰਘ ਜੀ ਝਰੋਖੇ ਵਿਚ ਬੈਠ ਕੇ ਸੰਗਤ ਨੂੰ ਦਰਸ਼ਨ ਦੇਣ, ਨਗਾਰਾ ਵਜਾਉਣ ਤੋਂ ਬਾਜ ਆਉਣ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ। ਨਗਾਰਾ ਵੱਜਣ ਨਾਲ ਮਸੰਦ ਵੀ ਪਰੇਸ਼ਾਨ ਹੋ ਗਏ। ਉਨ੍ਹਾਂ ਨੇ ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਕੋਲ ਜਾ ਕੇ ਕਿਹਾ ਕਿ ਇਕ ਤਾਂ ਦੇਗ ਤੇਗ ਦਾ ਹੀ ਬਹੁਤ ਖਰਚਾ ਹੈ, ਜੇ ਨਗਾਰਾ ਵੱਜਣਾ ਸ਼ੁਰੂ ਹੋ ਗਿਆ ਤਾਂ ਇੰਨੇ ਝਗੜੇ ਪੈਦਾ ਹੋ ਜਾਣੇ ਹਨ ਕਿ ਕੁਝ ਵੀ ਕੋਲ ਨਹੀਂ ਰਹਿਣਾ :
ਇਸ ਤੇ ਹੋਵ ਉਤਪਾਤ ਬਿਸਾਲਾ।
ਚਢੇ ਬਜਾਇ ਕਰਿ ਜਿਸ ਕਾਲਾ।
ਪਰ ਸ੍ਰੀ ਦਸਮੇਸ਼ ਜੀ ਨੇ ਮਾਤਾ ਜੀ ਨੂੰ ਧੀਰਜ ਦਿੰਦਿਆਂ ਸਮਝਾਇਆ ਕਿ ਨਗਾਰਾ ਅਕਾਲ ਪੁਰਖ ਦੀ ਹੋਂਦ ਦਾ ਹੀ ਜੈਕਾਰਾ ਹੈ। ਇਸ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਅੰਮ੍ਰਿਤ ਵੇਲੇ ਹੀ ਨਗਾਰਾ ਵਜਾਉਣ ਦਾ ਹੁਕਮ ਹੋਇਆ- ‘ਸੋ ਸਿਮਰ ਗੁਰੂ ਨਾਨਕ ਬਜਾਵਹੁ’ ਜਦੋਂ ਰਣਜੀਤ ਨਗਾਰੇ ਨੇ ਗੂੰਜਾਂ ਪਾਈਆਂ ਤਾਂ ਕਮਜ਼ੋਰ ਦਿਲ ਪਹਾੜੀਏ ਘਬਰਾਅ ਗਏ :
ਕਾਂਪਤ ਭਯੋ ਤਿਨ ਕੋ ਸੁਣ ਕੈ ਸਭ। ਪਾਰ ਪਹਾਰ ਕੀ ਤ੍ਰਾਸ ਅਪਾਰੀ।
ਮਹਾਰਾਜ ਜੀ ਦੇ ਨਗਾਰੇ ਦੀਆਂ ਚੋਟਾਂ ਨੇ ਸਭ ਤ੍ਰਾਸ ਮਿਟਾ ਕੇ ਕੌਮ ਨੂੰ ਨਿਰਭਉ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਤਾਂ ਕਿਹਾ ਕਰਦੇ ਸੀ ਕਿ ਮੈਨੂੰ ਰਣਜੀਤ ਸਿੰਘ ਨਾ ਕਿਹਾ ਕਰੋ, ਮੈਂ ਤਾਂ ਰਣਜੀਤ ਨਗਾਰਾ ਹਾਂ ਜੋ ਆਪਣੇ ਕਲਗੀਧਰ ਪਾਤਸ਼ਾਹ ਜੀ ਦਾ ਪੈਗ਼ਾਮ ਉੱਚੀ-ਉੱਚੀ ਲੋਕਾਂ ਤਕ ਪਹੁੰਚਾ ਰਿਹਾ ਹਾਂ।
ਨਿਸ਼ਾਨ ਸਾਹਿਬ : ‘ਨਿਸ਼ਾਨ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਝੰਡਾ, ਧੂਜਾ, ਧਰਮ ਦਾ ਨਿਸ਼ਾਨ, ਵੱਖਰੀ ਪਹਿਚਾਣ, ਨਾਮ-ਓ-ਨਿਸ਼ਾਨ, ਆਧਾਰ ਜਾਂ ਛਾਪਾ। ਸ੍ਰੀ ਦਸਮੇਸ਼ ਪਾਤਸ਼ਾਹ ਜੀ ਨੇ ਖਾਲਸੇ ਨੂੰ ਨਿਸ਼ਾਨ ਸਾਹਿਬ ਬਖ਼ਸ਼ ਕੇ ਇਸ ਨੂੰ ਅਕਾਲ ਪੁਰਖ ਦਾ ਪ੍ਰਤੀਕ ਮੰਨਿਆ। ਨਿਸ਼ਾਨ ਸਾਹਿਬ ਦੀ ਮਹਾਨਤਾ ਕਰ ਕੇ ਇਸ ਨੂੰ ਸਾਰੇ ਨਮਸਕਾਰ ਕਰਦੇ ਹਨ, ਸੀਸ ਨਿਵਾਉਂਦੇ ਹਨ। ਗੁਰਦੁਆਰਾ ਸਾਹਿਬਾਨ ਵਿਚ ‘ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ’ ਦੂਰੋਂ ਹੀ ਨਿਸ਼ਾਨ ਸਾਹਿਬ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਸੱਚੇ ਪਾਤਸ਼ਾਹ ਜੀ ਦਾ ਘਰ ਹੈ।
ਨਿਸ਼ਾਨ ਸਾਹਿਬ ਨੇਜੇ ਜਾਂ ਖੰਡੇ ਹੇਠਾਂ, ਤਿਕੋਨਾ ਫਰਲਾ ਹੁੰਦਾ ਹੈ ਜਿਸ ਦੇ ਆਹਮੋ-ਸਾਹਮਣੇ ਦੇ ਦੋਵੇਂ ਕੋਨ ੪੫ ਡਿਗਰੀ ’ਤੇ ਜੋੜੇ ਜਾਂਦੇ ਹਨ। ਭਾਈ ਨੰਦ ਲਾਲ ਜੀ ਨੇ ਜ਼ਿਕਰ ਕੀਤਾ ਹੈ ਕਿ ਕਲਗੀਧਰ ਜੀ ਦੇ ਨਿਸ਼ਾਨ ਸਾਹਿਬ ਉੱਪਰ ‘ਵਾਹਿਗੁਰੂ ਜੀ ਕੀ ਫਤਹ’ ਉਕਰੀ ਹੁੰਦੀ ਸੀ। ਨਿਸ਼ਾਨ ਸਾਹਿਬ ਦੇ ਵਿਚਕਾਰ ੴ ਤੇ ਖੰਡਾ ਬਣਿਆ ਹੁੰਦਾ ਹੈ। ਇਸ ਦੇ ਦਰਸ਼ਨ ਕਰਦਿਆਂ ਹੀ ਅਕਾਲ ਪੁਰਖ ਜੀ ਦੀ ਯਾਦ ਆਉਂਦੀ ਹੈ। ਖੰਡੇ ਦੀਆਂ ਦੋ ਕਿਰਪਾਨਾਂ ਅਤੇ ਚੱਕਰ ਅਨੰਤ ਦੀਆਂ ਨਿਸ਼ਾਨੀਆਂ ਹਨ। ਫਰਲੇ ਦਾ ਭਾਵ ਹੈ ਕਿ ਇਹ ਸਦਾ ਝੂਲਦਾ ਰਹੇ।
ਸ੍ਰੀ ਕਲਗੀਧਰ ਜੀ ਦੇ ਸਮੇਂ ਜੰਗਾਂ-ਯੁੱਧਾਂ ਵਿਚ ਨਿਸ਼ਾਨ ਸਾਹਿਬ ਅੱਗੇ ਰੱਖੇ ਜਾਂਦੇ ਸਨ। ਇਕ ਜੰਗ ਵਿਚ ਭਾਈ ਆਲਮ ਸਿੰਘ ਜੀ ਨੇ ਸਤਿਕਾਰ ਨਾਲ ਨਿਸ਼ਾਨ ਸਾਹਿਬ ਝੁਲਾਏ ਹੋਏ ਸਨ ਤਾਂ ਉਹ ਮੁਗ਼ਲਾਂ ਦੇ ਘੇਰੇ ਵਿਚ ਆ ਗਏ। ਫੌਜਦਾਰ ਨੇ ਕਿਹਾ ਕਿ ਝੰਡਾ ਸੁੱਟ ਦੇ ਨਹੀਂ ਤਾਂ ਤੇਰੇ ਹੱਥ ਕੱਟ ਦਿਆਂਗੇ। ਭਾਈ ਸਾਹਿਬ ਨੇ ਕਿਹਾ ਕਿ ਹੱਥ ਕੱਟੇ ਜਾਣ ਤੇ ਮੈਂ ਪੈਰਾਂ ਨਾਲ ਪਕੜ ਲਵਾਂਗਾ। ਮੁਗ਼ਲਾਂ ਨੇ ਕਿਹਾ ਕਿ ਪੈਰ ਵੀ ਕੱਟ ਦਿਆਂਗੇ ਤਾਂ ਭਾਈ ਸਾਹਿਬ ਨੇ ਕਿਹਾ ਕਿ ਮੈਂ ਮੂੰਹ ਨਾਲ ਪਕੜ ਲਵਾਂਗਾ। ਫੌਜਦਾਰ ਨੇ ਚਿੜ ਕੇ ਕਿਹਾ ਕਿ ਅਸੀਂ ਤੇਰਾ ਸਿਰ ਹੀ ਕੱਟ ਦਿਆਂਗੇ ਫਿਰ ਕਿਵੇਂ ਕਰੇਂਗਾ ਨਿਸ਼ਾਨ ਸਾਹਿਬ ਦੀ ਰੱਖਿਆ? ਇਸ ’ਤੇ ਭਾਈ ਸਾਹਿਬ ਦੇ ਬੋਲ ਸਨ ਕਿ— “ਫਿਰ ਉਹ ਹੀ ਰੱਖਿਆ ਕਰੇਗਾ ਜਿਸਦਾ ਇਹ ਨਿਸ਼ਾਨ ਸਾਹਿਬ ਹੈ।”
ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ੧੭੦੪ ਈ. ਨੂੰ ਸ੍ਰੀ ਅਨੰਦਪੁਰ ਸਾਹਿਬ ’ਤੇ ਹਮਲਾ ਕੀਤਾ। ਇਸ ਜੰਗ ਵਿਚ ਭਾਈ ਮਾਨ ਸਿੰਘ ਜੀ ਨਿਸ਼ਾਨਚੀ ਨਿਸ਼ਾਨ ਸਾਹਿਬ ਫੜ ਕੇ ਅੱਗੇ ਹੋ ਕੇ ਲੜ ਰਹੇ ਸਨ। ਭਾਈ ਸਾਹਿਬ ਪਹਾੜੀਆਂ ਦੀ ਗੋਲੀ ਨਾਲ ਡਿੱਗ ਪਏ ਅਤੇ ਨਿਸ਼ਾਨ ਸਾਹਿਬ ਵੀ ਥੱਲੇ ਡਿੱਗ ਪਏ। ਜਦੋਂ ਸ੍ਰੀ ਕਲਗੀਧਰ ਪਾਤਸ਼ਾਹ ਜੀ ਨੂੰ ਖ਼ਬਰ ਮਿਲੀ ਤਾਂ ਆਪ ਨੇ ਆਪਣੀ ਛੋਟੀ ਦਸਤਾਰ ਵਿੱਚੋਂ ਇਕ ਟੁੱਕੜਾ ਪਾੜ ਕੇ ਦਸਤਾਰ ਉੱਪਰ ਸਜਾ ਲਿਆ ਅਤੇ ਹੁਕਮ ਕੀਤਾ ਕਿ ਅੱਗੇ ਤੋਂ ਸਿੰਘ ਮੈਦਾਨ-ਏ-ਜੰਗ ਵਿਚ ਆਪਣੀ ਦਸਤਾਰ ਉੱਪਰ ਹੀ ਨਿਸ਼ਾਨ ਸਾਹਿਬ (ਫਰਹਰਾ) ਸਜਾਇਆ ਕਰੇਗਾ। ਆਪ ਜੀ ਨੂੰ ਦੇਖ ਕੇ ਭਾਈ ਉਦੈ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਆਲਮ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਵੀ ਆਪਣੀਆਂ ਕੇਸਕੀਆਂ ਵਿੱਚੋਂ ਲੀਰਾਂ ਪਾੜ ਕੇ ਦਸਤਾਰਾਂ ਉੱਪਰ ਸਜਾ ਲਈਆਂ। ਇਹ ਵੇਖ ਕੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਪੰਥ ਵਿਚ ਨਿਸ਼ਾਨ ਸਾਹਿਬ ਵਾਲੇ ਨੀਲੇ ਬਾਣੇ ਦਾ ਜਥਾ ਬੜਾ ਪ੍ਰਸਿੱਧ ਹੋਵੇਗਾ। ਇਸ ਤੋਂ ਨਿਹੰਗ ਸਿੰਘਾਂ ਦਾ ਜਥਾ ਬਣਿਆ। ਨਿਹੰਗ ਸਿੰਘਾਂ ਵੱਲੋਂ ਸਜਾਏ ਦਸਤਾਰੇ ਬਹੁਤ ਉੱਚੇ ਹੁੰਦੇ ਹਨ ਜਿਨ੍ਹਾਂ ਵਿਚ ਚੱਕਰ, ਛੋਟੀਆਂ ਕਿਰਪਾਨਾਂ ਅਤੇ ਖੰਡੇ ਸਜਾਏ ਹੁੰਦੇ ਹਨ। ਇਹ ਭੀ ਕਿਹਾ ਜਾਂਦਾ ਹੈ ਕਿ ਇਕ ਵੇਰ ਵੱਡੇ ਸਾਹਿਬਜ਼ਾਦਿਆਂ ਨਾਲ ਸ਼ਸਤਰ ਵਿੱਦਿਆ ਸਿੱਖਣ ਲਈ ਸਭ ਤੋਂ ਛੋਟੇ ਲਾਡਲੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਆਪਣਾ ਕੱਦ ਉੱਚਾ ਕਰਨ ਲਈ ਦੁਮਾਲਾ ਸਜਾ ਲਿਆ। ਪਾਤਸ਼ਾਹ ਜੀ ਉਨ੍ਹਾਂ ਨੂੰ ਦੇਖ ਕੇ ਪ੍ਰਸੰਨ ਹੋਏ ਅਤੇ ਉਨ੍ਹਾਂ ਨੂੰ ਨਿਹੰਗ ਸਿੰਘਾਂ ਦਾ ਮੁਖੀ ਥਾਪ ਕੇ ਲਾਡਲੀ ਫੌਜ ਦਾ ਖ਼ਿਤਾਬ ਬਖ਼ਸ਼ਿਆ। ਨਿਹੰਗ ਸ਼ਬਦ ਦਾ ਅਰਥ ਹੈ—ਬਹਾਦਰ, ਦਲੇਰ, ਨਿਡਰ।
ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਵਿਚ ਨਿਸ਼ਾਨ ਸਾਹਿਬ ਉੱਤੇ ‘ਅਕਾਲ ਸਹਾਇ” ਦੇ ਸ਼ਬਦ ਉੱਕਰੇ ਹੁੰਦੇ ਸਨ। ਸਿੱਖ ਮਿਸਲਾਂ ਵਿੱਚੋਂ ਇਕ ਮਿਸਲ ਦਾ ਨਾਮ ਹੀ ਨਿਸ਼ਾਨਵਾਲੀਆ ਸੀ ਜਿਸ ਵਿਚ ਚੋਣਵੇਂ ਸੂਰਮੇ ਸ਼ਾਮਲ ਕੀਤੇ ਜਾਂਦੇ ਸਨ। ਇਸ ਮਿਸਲ ਦਾ ਜਿੰਮਾ ਨਿਸ਼ਾਨ ਸਾਹਿਬ ਚੁੱਕ ਕੇ ਅਗਵਾਈ ਕਰਨਾ ਹੁੰਦਾ ਸੀ।
ਸਰਦਾਰੀ : ਸਰਦਾਰ ਫ਼ਾਰਸੀ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਸਿਰ ਫਾਂਸੀ ‘ਤੇ ਰੱਖਣ ਵਾਲਾ,
ਸੂਲੀ ‘ਤੇ ਚੜ੍ਹਨ ਲਈ ਤਿਆਰ, ਸਿਆਣਾ, ਅਣਖੀਲਾ, ਮੁਖੀ ਅਤੇ ਪਵਿੱਤਰ ਕਾਰਜ ਲਈ ਆਪਾ ਵਾਰਨ ਵਾਲਾ। ਗੁਰਬਾਣੀ ਅਨੁਸਾਰ ਪ੍ਰਭੂ ਦਾ ਪਿਆਰਾ ਅਤੇ ਆਗਿਆਕਾਰੀ ਹੁਕਮੀ ਬੰਦਾ ਸਰਦਾਰ ਹੈ :
ਸਚੇ ਦੀ ਸਰਕਾਰ ਜੁਗੁ ਜੁਗੁ ਜਾਣੀਐ ॥
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੨)
ਮਹਾਰਾਜ ਜੀ ਨੇ ਸਾਨੂੰ ਸਰਦਾਰ ਬਣਾਇਆ। ਸਾਡੇ ਵਿਚ ਸਰਦਾਰੀ ਦੇ ਗੁਣ ਭਰੇ- ਸੇਵਾ, ਸਿਮਰਨ, ਸਬਰ, ਸਿਦਕ, ਸਹਿਣਸ਼ੀਲਤਾ, ਸਮਾਨਤਾ, ਸੁਕ੍ਰਿਤ, ਵੰਡ ਛਕਣਾ, ਪਿਆਰ, ਨਿਰਭੈਤਾ, ਨਿਰਵੈਰਤਾ, ਤਿਆਗ ਅਤੇ ਨਿਰਮਾਣਤਾ। ਸਰਦਾਰੀ ਦਾ ਆਧਾਰ ਹੀ ਇਹ ਹੁੰਦਾ ਹੈ ਕਿ ਜਨਮ ਤੋਂ ਮਰਨ ਤਕ ਵਾਹਿਗੁਰੂ ਦੀ ਰਜ਼ਾ ਵਿਚ ਰਹਿਣਾ ਉਸ ਦੇ ਬਖ਼ਸ਼ੇ ਰੂਪ ਨੂੰ ਜਿਉਂ ਦਾ ਤਿਉਂ ਰੱਖਣਾ। ਉਸ ਨੂੰ ਇਹ ਹੱਕ ਨਹੀਂ ਕਿ ‘ਖਾਲਸਾ ਮੇਰੋ ਰੂਪ ਹੈ ਖਾਸ’ ਕਹਿਣ ਵਾਲੇ ਪਾਤਸ਼ਾਹ ਜੀ ਦੇ ਸਰੀਰਿਕ ਰੂਪ ਨੂੰ ‘ ਬਦਲਦਾ ਫਿਰੇ। ਜਦੋਂ ਹਜ਼ੂਰ ਨੇ ਖ਼ਾਲਸਾ ਸਾਜਿਆ ਤਾਂ ਉਸ ਦੀ ਇਕ ਵਿਸ਼ੇਸ਼ ਵਰਦੀ ਵੀ ਨਿਸ਼ਚਿਤ ਕੀਤੀ ਅਤੇ ਉਸ ਨੂੰ ਸਰਦਾਰੀ ਬਖ਼ਸ਼ੀ। ਸਰਦਾਰੀ ਰੱਬ ਦੀ ਖਾਸ ਜਾਗੀਰ ਖਾਲਸਾ ਪੰਥ ਦਾ ਅੰਗ ਹੈ। ਉਹ ‘ਸਾਬਤ ਸੂਰਤਿ ਦਸਤਾਰ ਸਿਰਾ’ ਹੈ। ਉਹ ਸਾਰੀ ਮਨੁੱਖਤਾ ਦੇ ਸਨਮੁਖ ਨਿਆਰਾ ਅਤੇ ਅਨੋਖਾ ਹੈ। ਅਨੇਕਾਂ ਸਿੱਖ ਸੇਵਕਾਂ ਨੇ ਮਹਾਰਾਜ ਜੀ ਦੇ ਇਸ਼ਾਰੇ ‘ਤੇ ਜਬਰ, ਬੇਇਨਸਾਫੀ ਅਤੇ ਅੱਤਿਆਚਾਰ ਵਿਰੁੱਧ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਸਰਦਾਰੀਆਂ ਪਾਈਆਂ।
ਸਰਦਾਰੀ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਮਹਾਰਾਜ ਜੀ ਦੀ ਵਿਸ਼ੇਸ਼ ਬਖਸ਼ਿਸ਼ ਦੇ ਤੋਹਫੇ ਸਰਦਾਰ, ਸਰਦਾਰਨੀ, ਕੌਰ ਆਦਿਕ ਸਾਡੇ ਨਾਵਾਂ ਦਾ ਸ਼ਿੰਗਾਰ ਹਨ। ਇਹ ਸਾਡੀ ਸਰਦਾਰੀ ਦੇ ਗੌਰਵ ਨੂੰ ਉਚਿਆਉਂਦੇ ਹਨ, ਸਾਡੀ ਸ਼ਾਨ ਵਧਾਉਂਦੇ ਹਨ ਅਤੇ ਸਾਡੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ। ਫਾਰਸ, ਈਰਾਨ ਅਤੇ ਅਫਗਾਨਿਸਤਾਨ ਵਿਚ ਸਰਦਾਰੀ ਦਾ ਦਰਜਾ ਸ਼ਹੀਦਾਂ ਨੂੰ ਦਿੱਤਾ ਜਾਂਦਾ ਸੀ। ਇਸ ਉੱਚੇ ਖ਼ਿਤਾਬ ਨੂੰ ਹਾਕਮ ਲੋਕ ਭੀ ਆਪਣੇ ਨਾਮ ਅੱਗੇ ਲਾਉਣ ਲੱਗੇ। ਉਨ੍ਹਾਂ ਨੇ ਮਹਿਸੂਸ ਕਰ ਲਿਆ ਸੀ ਕਿ ਸਿੱਖ ਆਪਣੀਆਂ ਅਨੋਖੀਆਂ ਸ਼ਹਾਦਤਾਂ ਅਤੇ ਕਾਰਨਾਮਿਆਂ ਕਰ ਕੇ ਇਕ ਦਿਨ ਦੇਸ਼ ਦੇ ਹਾਕਮ ਜਾਂ ਸਰਦਾਰ ਬਣ ਜਾਣਗੇ। ਇਹ ਗੱਲ ਸੱਚ ਹੋਈ ਅਤੇ ਸੰਗਠਿਤ ਸਰਦਾਰਾਂ ਦਾ ਰਾਜ ਚੀਨ, ਗਜ਼ਨੀ ਅਤੇ ਸਿੰਧ ਦੀਆਂ ਹੱਦਾਂ ਨਾਲ ਜਾ ਮਿਲਿਆ। ਕਿਲ੍ਹਾ ਜਮਰੌਦ ਉੱਤੇ ਲਹਿਰਾਉਂਦਾ ਕੇਸਰੀ ਨਿਸ਼ਾਨ ਸਾਹਿਬ ਸਰਦਾਰੀ ਦੀ ਪ੍ਰਭੁਤਾ ਦਾ ਪ੍ਰਤੀਕ ਸੀ। ਕੁਰਬਾਨੀਆਂ, ਕਮਾਈਆਂ ਅਤੇ ਬਖ਼ਸ਼ਿਸ਼ਾਂ ਦਾ ਫਲਸਰੂਪ ਸਿੱਖ ਦਾ ਜੰਮਦਾ ਬੱਚਾ ਵੀ ਸਰਦਾਰੀ ਦਾ ਪੂਰਨ ਅਧਿਕਾਰੀ ਹੈ। ਪਰ ਮਹਾਰਾਜ ਜੀ ਵੱਲੋਂ ਬਖ਼ਸ਼ੀ ਦਸਤਾਰਧਾਰੀ ਸਰਦਾਰੀ ਨੂੰ ਸੰਭਾਲਣਾ ਅੱਜ ਸਮੇਂ ਦੀ ਲੋੜ ਹੈ:
ਖੰਡੇ ਬਾਟੇ ਦੇ ਅੰਮ੍ਰਿਤ ਦੀ ਪਾਹੁਲ ਛਕ ਕੇ, ਅਕਾਲ ਪੁਰਖ ਦੀ ਫੌਜ ਅਖਵਾ ਲਈਏ
ਲੱਥੀ ਪੱਗ ਸਜਾ ਕੇ ਸੀਸ ਉੱਤੇ, ਆਉ ਸਿੰਘ ਸਰਦਾਰ ਅਖਵਾ ਲਈਏ।
ਪਾਤਸ਼ਾਹੀ : ਗ਼ਰੀਬ ਨਿਵਾਜ਼ ਪਾਤਸ਼ਾਹ ਨੇ ਜਦੋਂ ਗ਼ਰੀਬ ਸਿੰਘਾਂ ਨੂੰ ਪਾਤਸ਼ਾਹੀਆਂ ਬਖਸ਼ੀਆਂ ਤਾਂ ਬਾਬਾ ਬੁੱਲ੍ਹੇ ਸ਼ਾਹ ਵਰਗੇ ਫਕੀਰ ਵੀ ਅਸ਼-ਅਸ਼ ਕਰ ਕੇ ਬੋਲ ਉੱਠੇ :
ਭੂਰਿਆਂ ਵਾਲੇ ਰਾਜੇ ਕੀਤੇ। ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।
ਖਾਲਸੇ ਦੇ ਸਿਰਜਣਹਾਰ ਸ਼ਾਹ-ਇ-ਸ਼ਾਹਿਨਸ਼ਾਹ ਨੇ ਖ਼ਾਲਸੇ ਨੂੰ ਹੰਨੇ-ਹੰਨੇ ਦੀ ਬਾਦਸ਼ਾਹੀ ਦਾ ਵਰ ਦਿੱਤਾ ਭਾਵ ਹਰ ਇਕ ਸਿੰਘ ਆਪਣੇ ਘੋੜੇ ਦੀ ਕਾਠੀ ’ਤੇ ਬੈਠਾ ਹੀ ਰਾਜਾ ਹੋਵੇਗਾ। ਇਸੇ ਲਈ ਜਦੋਂ ਅਤਿ ਭੀੜਾਂ ਤੇ ਮੁਸੀਬਤਾਂ ਦੇ ਸਮੇਂ ਆਏ ਅਤੇ ਬੇਘਰ ਹੋਏ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ’ਤੇ ਹੀ ਰਹਿਣਾ ਪਿਆ ਤਾਂ ਵੀ ਉਨ੍ਹਾਂ ਨੇ ਚੜ੍ਹਦੀ ਕਲਾ ਵਿਚ ਆਪਣੇ ਆਪ ਨੂੰ ਬਾਦਸ਼ਾਹ ਹੀ ਸਮਝਿਆ ਅਤੇ ਦੁਨਿਆਵੀ ਬਾਦਸ਼ਾਹੀਆਂ ਠੁਕਰਾਈਆਂ। ਇਨ੍ਹਾਂ ਨੂੰ ਪਾਤਸ਼ਾਹ ਜੀ ਨੇ ਵਰ ਜੋ ਦਿੱਤਾ ਸੀ :
ਇਨ ਗ੍ਰੰਬ ਸਿੰਘਨ ਕੌ ਦਯੈ ਪਾਤਿਸ਼ਾਹੀ
ਏ ਯਾਦ ਰਖੇਂ ਹਮਰੀ ਗੁਰਿਆਈ।
(ਸ੍ਰੀ ਗੁਰ ਪੰਥ ਪ੍ਰਕਾਸ਼)
ਮਹਾਰਾਜ ਜੀ ਦੀਆਂ ਅਸੀਸਾਂ ਸਦਕਾ ਹੀ ਚੜ੍ਹਦੀ ਕਲਾ ਨਾਲ ਨਿਵਾਜ਼ੇ ਖਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ੧੭੧੦ ਈ. ਨੂੰ ਹੀ ਆਪਣੀ ਰਾਜਧਾਨੀ ਲੋਹਗੜ੍ਹ ਥਾਪ ਕੇ ਮਹਾਰਾਜ ਜੀ ਦੇ ਪਾਵਨ ਨਾਮ ਦਾ ਸਿੱਕਾ ਅਤੇ ਮੋਹਰ ਜਾਰੀ ਕਰ ਦਿੱਤੀ ਸੀ। ਆਪ ਜੀ ਦੇ ਨਿਵਾਜੇ ਖਾਲਸੇ ਨੇ ੮ ਮਾਰਚ, ੧੭੮੩ ਈ. ਨੂੰ ਦਿੱਲੀ ਵਿਖੇ ਦਾਖ਼ਲ ਹੋ ਕੇ ੧੧ ਮਾਰਚ ਨੂੰ ਲਾਲ ਕਿਲ੍ਹੇ ’ਤੇ ਜਾ ਝੰਡਾ ਝੁਲਾਇਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸ਼ਾਹੀ ਤਖ਼ਤ ’ਤੇ ਬਿਠਾ ਦਿੱਤਾ ਸੀ। ਫਿਰ ਮਹਾਰਾਜ ਜੀ ਦੀ ਮਹਾਨ ਬਚਨਾਂ ਨੂੰ ਸੱਚ ਕਰਦਿਆਂ ੧੭੯੯ ਈ. ਵਿਚ ਖਾਲਸੇ ਨੇ ਆਪਣਾ ਸੁਤੰਤਰ, ਸ਼ਕਤੀਸ਼ਾਲੀ, ਧਰਮ ਦਾ ਰਾਜ ਕਾਇਮ ਕਰ ਲਿਆ ਸੀ। ਵਾਹਿਗੁਰੂ ਦੀ ਮਿਹਰ, ਸਤਿਗੁਰੂ ਦੀ ਕਿਰਪਾ ਅਤੇ ਖਾਲਸੇ ਦੀ ਘਾਲ ਸਦਕਾ
‘ਸਰਕਾਰ ਖਾਲਸਾ’ ਨੇ ਇਹ ਵਾਕ ਸਿੱਧ ਕਰ ਦਿੱਤਾ ਸੀ:
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ
ਖ੍ਵਾਰ ਹੋਇ ਸਭ ਮਿਲੇਂਗੇ ਬਚੇ ਸਰਨ ਜੋ ਹੋਇ ॥੬੨॥
(ਤਨਖਾਹ ਨਾਮਾ, ਭਾਈ ਨੰਦ ਲਾਲ ਜੀ)
ਖਾਲਸੇ ਦੀ ਸੁਰਤਿ ਵਿਚ ਸਦਾ ਚੜ੍ਹਦੀ ਕਲਾ ਦਾ ਨਿਵਾਸ ਰਿਹਾ ਹੈ।
ਤਖ਼ਤ ਸਾਹਿਬ : ਮੀਰੀ-ਪੀਰੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ ਸੀ। ਤਖ਼ਤ ਦਾ ਅਰਥ ਹੈ ਰਾਜ ਸਿੰਘਾਸਨ। ਛੇਵੇਂ ਪਾਤਸ਼ਾਹ ਜੀ ਨੇ ਸੰਨ ੧੬੦੮ ਈ. ਵਿਚ ਅਕਾਲ ਬੁੰਗੇ ਦੀ ਸਥਾਪਨਾ ਕਰ ਕੇ ਇਸ ਨੂੰ ਸੁਤੰਤਰ ਤਖ਼ਤ ਬਣਾਇਆ। ਦੂਜਾ, ਤੀਜਾ ਅਤੇ ਚੌਥਾ ਤਖ਼ਤ ਸਾਹਿਬ ਸ੍ਰੀ ਦਸਮੇਸ਼ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ। ਪੰਜਵਾਂ ਤਖ਼ਤ ਖਾਲਸੇ ਨੇ ਸ੍ਰੀ ਕਲਗੀਧਰ ਜੀ ਦੀ ਯਾਦ ਵਿਚ ਥਾਪਿਆ। ਸ੍ਰੀ ਦਸਮੇਸ਼ ਪਾਤਸ਼ਾਹ ਜੀ ਦਾ ਪ੍ਰਕਾਸ਼ ਅਸਥਾਨ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਖਾਲਸਾ ਪੰਥ ਦਾ ਦੂਜਾ ਤਖ਼ਤ ਹੈ। ਖਾਲਸਾ ਪੰਥ ਦਾ ਪ੍ਰਗਟ ਅਸਥਾਨ ਜਿੱਥੇ ਮਹਾਰਾਜ ਜੀ ਨੇ ੧੬੯੯ ਈ. ਦੀ ਵੈਸਾਖੀ ਨੂੰ ਅੰਮ੍ਰਿਤ ਦਾਨ ਦੇ ਕੇ ਖਾਲਸਾ ਸਾਜਿਆ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਪੰਥ ਦਾ ਤੀਸਰਾ ਤਖ਼ਤ ਹੈ। ਸ੍ਰੀ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸਰੂਪ ਦੀ ਸੰਪੂਰਨਤਾ ਕੀਤੀ, ਖਾਲਸੇ ਦਾ ਚੌਥਾ ਤਖ਼ਤ ਹੈ। ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਖਾਲਸੇ ਦਾ ਪੰਜਵਾਂ ਤਖ਼ਤ ਹੈ।
ਇੱਥੇ ਆਪਣੇ ਬਚਿੱਤਰ ਜੀਵਨ ਦੇ ਅੰਤਿਮ ਸਮੇਂ ਦਸਵੇਂ ਪਾਤਸ਼ਾਹ ਜੀ ੧੭੦੮ ਈ. ਵਿਚ ਜੋਤੀ ਜੋਤ ਸਮਾ ਗਏ ਸਨ। ਰਾਜ ਸ਼ਕਤੀ ਦੇ ਪ੍ਰਤੀਕ ਇਹ ਤਖ਼ਤ ਸਾਹਿਬਾਨ ਗੁਰੂ ਪਾਤਸ਼ਾਹ ਜੀ ਦੇ ਅਮਰ ਨਿਸ਼ਾਨ ਹਨ। ਅਸੀਂ ਨਿੱਤ ਦੀ ਅਰਦਾਸ ਵਿਚ ਇਨ੍ਹਾਂ ਦਾ ਧਿਆਨ ਧਰਦੇ ਹਾਂ। ਇਨ੍ਹਾਂ ਸੱਚੇ ਤਖ਼ਤਾਂ ਤੇ ਫਤਿਹ ਦੇ ਨਿਸ਼ਾਨ ਸਾਹਿਬ ਝੂਲਦੇ ਹਨ। ਭਾਈ ਗੁਰਦਾਸ ਜੀ ਦੂਜੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਕਰਦੇ ਹੋਏ ਲਿਖਦੇ ਹਨ :
ਹਰਿ ਸਚੇ ਤਖਤ ਰਚਾਇਆ ਸਤਿਸੰਗਤਿ ਮੇਲਾ।
ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ।…
ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ।
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥੧॥
