ਇਕ ਗੁਰਮੁਖ ਪਿਆਰਾ ਕਹਿੰਦਾ, ‘ਅਕਾਲੀ ਜੀ। ਇਸ ਸਮੇਂ ਸਾਡੀਆਂ ਬਹੁਗਿਣਤੀ ਲਿਖਤਾਂ ਅਤੇ ਸਟੇਜਾਂ ਦਾ ਪ੍ਰਚਾਰ ਨਿਰਾਸ਼ਾਵਾਦੀ ਜਿਹਾ ਹੋ ਗਿਆ ਐ, ਤੁਸੀਂ ਕੀ ਸੋਚਦੇ ਓ ?’
ਮੈਂ ਕਿਹਾ ਗੁਰਮੁਖਾ! ਗੱਲ ਤੇਰੀ ਸੋਲ੍ਹਾਂ ਆਨੇ ਖਰੀ ਐ। ਰੋਜ਼ਾਨਾ ਹੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਕੌਮ ਨੂੰ ਬਹੁਤੀਆਂ ਢਹਿੰਦੀ ਕਲਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਕ ਗੱਲ ਤਾਂ ਪੱਕੀ ਐ ਕਿ ਸਮਾਜ ਦੇ ਦੋ ਵਰਗ ਹੁੰਦੇ ਐ, ‘ਅਚੇਤ ਵਰਗ ਤੇ ਸੁਚੇਤ ਵਰਗ’। ਕਿਸੇ ਕੌਮ ਦੀ ਰਹਿਨੁਮਾਈ ਹਮੇਸ਼ਾਂ ਸੁਚੇਤ ਵਰਗ ਕਰਦਾ ਤੇ ਉਹ ਅਚੇਤ ਵਰਗ ਨੂੰ ਲਿਖ ਕੇ, ਬੋਲ ਕੇ, ਗੋਸ਼ਟੀਆਂ ਜਾਂ ਸਤਿ ਸੰਗਤ ਰਾਹੀਂ ਵਿਰਸੇ ਤੇ ਵਿਰਾਸਤ ਪ੍ਰਤੀ ਜਾਗ੍ਰਿਤ ਕਰਦਾ ਰਹਿੰਦਾ ਐ। ਇਹ ਗੱਲ ਵੀ ਕੌੜਾ ਸੱਚ ਐ ਕਿ ਜਦੋਂ ਚਾਰ ਚੁਫੇਰੇ ਜ਼ਿਆਦਾ ਗਿਰਾਵਟ ਦਿੱਸੇ ਤਾਂ ਉਸ ਕਰਮ ਦਾ ਪ੍ਰਤੀਕਰਮ ਹੀ ਲਿਖਤਾਂ ਤੇ ਬੋਲ-ਚਾਲ ‘ਚੋਂ ਪ੍ਰਗਟ ਹੁੰਦਾ ਐ। ਪਰ ਐਸੀ ਗੱਲ ਵੀ ਨਹੀਂ ਐਂ ਕਿ ਆਪਣੀ ਕੌਮ ਵਿਚੋਂ ਚੰਗਾ ਤੱਕੋ ਈ ਨਾ ਤੇ ‘ਲੁੱਟੇ ਗਏ, ਪੱਟੇ ਗਏ’ ਦਾ ਰੌਲਾ ਹੀ ਪਾਈ ਜਾਓ। ਆਪਣਾ ਨਜ਼ਰੀਆ ਆਸ਼ਾਵਾਦੀ ਹੋਵੇ ਤਾਂ ਬਹੁਤ ਕੁਝ ਚੰਗਾ ਵੀ ਨਜ਼ਰ ਆਉਣ ਲੱਗ ਪੈਂਦਾ ਤੇ ਹਮੇਸ਼ਾਂ ਆਸ਼ਾਵਾਦ ਈ ਨਿਰਾਸ਼ਾਵਾਦ ਨੂੰ ਦੂਰ ਕਰਦਾ ਹੁੰਦਾ ਐ।
ਗੁਰਮੁਖ ਸੱਜਣ ਕਹਿੰਦਾ, ‘ਅਕਾਲੀ ਜੀ! ਏਹੋ ਮੈਂ ਕਹਿਨਾਂ ਕਿ ਬਹੁਤਾ ਨਿਰਾਸ਼ਾਵਾਦ ਤਾਂ ਆਸ਼ਾਵਾਦੀਆਂ ਦੇ ਵੀ ਦਿਲ ਢਾਹ ਦਿੰਦਾ ਐ।’
ਮੈਂ ਕਿਹਾ, ਦੇਖੋ ਭਾਈ ਵੀਰ ਸਿੰਘ ਜੀ ਨੇ ਇਕ ਪੰਕਤੀ ‘ਚ ਕਿੰਨਾ ਸੋਹਣਾ ਸੰਦੇਸ਼ ਦਿੱਤਾ ਐ:
‘ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ,
ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ।’
ਬਈ ਸਿੱਖੀ ਕੀ ਐ? ਆਪਣੀ ਸੁਰਤ ਨੂੰ ਬਲਵਾਨ ਕਰਨਾ ਤੇ ਮਨ ਦੀ ਅਵਸਥਾ ਹਮੇਸ਼ਾਂ ਚੜ੍ਹਦੀ ਕਲਾ ‘ਚ ਰੱਖਣੀ ਐਂ। ਇਥੋਂ ਈ ਮਨੁੱਖ ਦੀ ਮਾਨਸਿਕਤਾ ਦਾ ਪਤਾ ਚੱਲਦੈ, ਜਿਵੇਂ ਇਕ ਕਹਿੰਦਾ ਕਿ ਘੜਾ ਅੱਧਾ ਖ਼ਾਲੀ ਐ ਤੇ ਦੂਜਾ ਕਹਿੰਦਾ ਕਿ ਘੜਾ ਅੱਧਾ ਭਰਿਆ ਹੋਇਆ ਐ। ਗੱਲ ਇਕੋ ਈ ਐ, ਪਰ ਆਸ਼ਾ ਅਤੇ ਨਿਰਾਸ਼ਾ ਦਾ ਭਾਵ ਸਪਸ਼ਟ ਹੋ ਜਾਂਦਾ ਐ। ਹੁਣ ਇਹ ਖ਼ਾਲਸਾ ਪੰਥ ਦੇ ਸੁਚੇਤ ਵਰਗ ‘ਤੇ ਸੁਆਲ ਐ ਕਿ ਬੀਤੇ ਸਮੇਂ ਤੋਂ ਕਿਸੇ ਵੀ ਖੇਤਰ ਵਿਚ ਪੰਥ ਪ੍ਰਤੀ ਕਾਰਜਸ਼ੀਲ ਮਨੁੱਖ, ਸੰਸਥਾ ਜਾਂ ਪ੍ਰਬੰਧਕਾਂ ਨੂੰ ਅਸੀਂ ਚੰਗੇਰੇ ਕਾਰਜ ਲਈ ਸ਼ਾਬਾਸ਼ੇ ਘੱਟ ਈ ਦਿੱਤੀ ਐ। ਬਸ ਕੁਝ ਕੁ ਕਿਸੇ ਦੇ ਮੁੱਦੇ ਲੱਭ ਕੇ, ਭੰਡੀ ਪ੍ਰਚਾਰ ਕਰ ਕੇ ਸਮਝ ਲੈਨੇ ਆਂ ਕਿ ਪੰਥ ਦੀ ਸੇਵਾ ‘ਚ ਹਿੱਸਾ ਪਾ ਦਿੱਤਾ ਐ। ਕਿਸੇ ਦਾ ਔਗੁਣ ਵੀ ਦੱਸਣਾ ਹੋਵੇ ਤਾਂ ਪਹਿਲਾਂ ਉਹਦੇ ਗੁਣਾਂ ਦੀ ਸਿਫ਼ਤ ਜ਼ਰੂਰ ਕੀਤੀ ਜਾਵੇ ਤੇ ਫੇਰ ਸੁਧਾਰਵਾਦੀ ਨਜ਼ਰੀਏ ਤੋਂ ਸੁਲਝੇ ਸ਼ਬਦਾਂ ‘ਚ ਅਹਿਸਾਸ ਕਰਵਾਇਆ ਜਾਵੇ। ਦੂਜੇ ਬੰਨੇ ਅਸੀਂ ਇਸ ਤਰ੍ਹਾਂ ਦੇ ਹੋ ਗਏ ਹਾਂ ਕਿ ਗਿਰਝ ਵਾਂਗੂੰ ਉੱਚੀ ਉਡਾਰੀ ਮਾਰ ਕੇ ਵੀ ਕਈ ਵਾਰੀ ਸਿਰਫ਼ ਮੁਰਦਾਰ ਈ ਲੱਭਦੇ ਆਂ।
ਗੁਰਮੁਖ ਸੱਜਣ ਕਹਿੰਦਾ, “ਅਕਾਲੀ ਜੀ ! ਅਸਲ ਵਿਚ ਮਸਲਾ ਈ ਏਥੇ ਆ ਕੇ ਵਿਗੜਦਾ ਐ।”
ਮੈਂ ਕਿਹਾ, ਦੇਖੋ, ਸਾਡੇ ਵੱਡੇ-ਵਡੇਰਿਆਂ ਨੇ ਕਿਵੇਂ ਚੜ੍ਹਦੀ ਕਲਾ ਦੇ ਬੋਲ ਘੜੇ ਨੇ, ‘ਕੱਲੇ ਨੂੰ ‘ਸਵਾ ਲੱਖ’, ਨੇਤਰਹੀਣ ਨੂੰ ‘ਸੂਰਮਾ ਸਿੰਘ’, ਕੰਨਾਂ ਤੋਂ ਬੋਲ਼ੇ ਨੂੰ ‘ਚੁਬਾਰੇ ਚੜ੍ਹਿਆ’, ਲੱਤੋਂ ਲੰਗਾ ਕੇ ਤੁਰਨ ਵਾਲੇ ਨੂੰ ‘ਸੁਚਾਲਾ ਸਿੰਘ’ ਕਹਿ ਕੇ ਉਹਨੂੰ ਮਾਨਸਿਕ ਤੌਰ ‘ਤੇ ਸਰੀਰਕ ਕਮੀ ਦਾ ਸਿਰਫ਼ ਅਹਿਸਾਸ ਈ ਨਹੀਂ ਹੋਣ ਦਿੱਤਾ ਸਗੋਂ ਸਤਿਕਾਰਤ ਸ਼ਬਦਾਂ ਨਾਲ ਨਿਵਾਜਿਆ ਐ। ਅਸੀਂ ਤਾਂ ਛੋਲਿਆਂ ਨੂੰ ਵੀ ਭੁੱਜੇ ਬਦਾਮ ਕਿਹਾ ਪਰ ਹੁਣ ਸਾਡੇ ਕਈ ਚਿੰਤਕ ਲੋਕ ਬਦਾਮਾਂ ਨੂੰ ਵੀ ਛੋਲਿਆਂ ਦੀ ਦਾਲ ਕਹਿ ਕੇ ਨਕਾਰ ਦਿੰਦੇ ਆਂ। ਗੁਰੂ-ਪੰਥ ਕੋਲ ਲੇਖਕਾਂ, ਚਿੰਤਕਾਂ, ਪ੍ਰਚਾਰਕਾਂ, ਵਿਦਵਾਨਾਂ, ਸੇਵਾਦਾਰਾਂ, ਬਹਾਦਰਾਂ, ਦਾਨੀਆਂ, ਵਿਗਿਆਨੀਆਂ ਦੀ ਘਾਟ ਨਹੀਂ ਮੈਂ ਤੇ ਇਹ ਵੀ ਕਾਲ ਨਹੀਂ ਪਿਆ ਕਿ ਹੁਣ ਸਾਰੇ ਸਿੱਖ ਗਏ-ਗੁਜ਼ਰੇ ਤੇ ਨਕਾਰਾ ਹੋ ਗਏ ਨੇ।
ਬਸ ਇਕੋ ਡਾਇਲਾਗ ਪ੍ਰਚੱਲਤ ਹੋ ਗਿਆ ਕਿ ਅਸੀਂ ਸਿੱਖ ਨਹੀਂ ਰਹੇ। ਯਾਦ ਕਰੋ ਜਦੋਂ ਪੰਥ ਦੇ ਵਾਰਸਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਉਨ੍ਹਾਂ ਦੇ ਘਰ ਵੀ ਘੋੜਿਆਂ ਦੀਆਂ ਕਾਠੀਆਂ ਸਨ ਤੇ ਉਧਰ ਮੁਗ਼ਲ ਹਕੂਮਤ ਵੀ ਕਹਿ ਰਹੀ ਸੀ ਕਿ ਹੁਣ ਸਿੱਖ ਕੋਈ ਨਹੀਂ ਰਿਹਾ ਤਾਂ ਅਸੀਂ ਫੇਰ ਵੀ ਉਨ੍ਹਾਂ ਤੋਂ ਖ਼ਤਮ ਨਾ ਹੋਏ।
ਹੁਦ ਜਦ ਅਸੀਂ ਢਾਈ ਕਰੋੜ ਦੀ ਗਿਣਤੀ ‘ਚ ਗੁਰੂ-ਪੰਥ ਦੇ ਵਾਰਸ ਵਿਸ਼ਵ ਦੇ ਅਨੇਕਾਂ ਮੁਲਕਾਂ ਤਕ ਗੁਰੂ ਦੇ ਨਿਸ਼ਾਨ ਝੁਲਾਈ ਬੈਠੇ ਆਂ ਤਾਂ ਸਾਨੂੰ ਆਸ਼ਾਵਾਦੀ ਹੋ ਕੇ ਸੋਚਣਾ ਚਾਹੀਦਾ ਐ। ਜੇਕਰ ਜੀਵਨ-ਜਾਚ ਵਾਲੇ ਸਿੱਖਾਂ ਪ੍ਰਤੀ ਸ਼ੱਕ ਐ ਤਾਂ ਆਪੋ-ਆਪਣਾ ਜੀਵਨ ਸੰਵਾਰੋ। ਹਾਲੇ ਤਾਂ ਸਿਕਲੀਗਰ, ਵਣਜਾਰੇ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਸਿੰਘ ਸਜ ਰਹੀ ਐ ਤੇ ਏਧਰ ਕੁਝ ਗੁਰਮੁਖ ਪਿਆਰੇ ਸਮਰਪਿਤ ਭਾਵਨਾ ਨਾਲ ਲੱਗੇ ਹਨ। ਸਾਨੂੰ ਤਾਂ ਸਗੋਂ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਐ।
“ਓ ਬਾਬਾ ਜੀ ! ਅਸੀਂ ਤਾਂ ਕਈ ਵਾਰ ਆਪਣਿਆਂ ਨੂੰ ਚੰਗੇ ਸ਼ਬਦਾਂ ਨਾਲ ਨਿਵਾਜਦੇ ਈ ਨਹੀਂ ਤੇ ਫਿਰ ਗੱਲਾਂ ਦੇ ਗਲੋਣ ਬਣ ਜਾਂਦੇ ਐ।”
ਬਿਲਕੁਲ ਠੀਕ ਐ, ਸੁੱਤਿਆਂ ਨੂੰ ਜਗਾਓ, ਸਮਝਾਓ ਪਰ ਸਤਿਕਾਰ ਨਾਲ । ਟੁੱਟਿਆਂ ਨੂੰ ਗਲ ਨਾਲ ਵੀ ਲਾਓ। ਨਿੱਕੀ ਜਿਹੀ ਗੱਲ ਕਿ ਤਕਰੀਬਨ ਸਾਡੇ ਹਰ ਦੀਵਾਨ ਵਿਚ ਸਿਰੋਂ-ਦਾੜ੍ਹੀਓਂ ਘੋਨੇ-ਮੋਨੇ ਹੋਏ ਸਿੱਖ ਪਰਵਾਰਾਂ ਨਾਲ ਸਬੰਧ ਰੱਖਦੇ ਨੌਜਵਾਨ ਵੀਰਾਂ ਨੂੰ ਆਪਾਂ ਪ੍ਰਚਾਰਕ ਹੀ ਬਹੁਤ ਹਲਕੀ ਸ਼ਬਦਾਵਲੀ ਨਾਲ ਨਿਵਾਜਣ ਲੱਗ ਪੈਂਦੇ ਆਂ। ਇਸ ਲਈ ਬਹੁਤੀ ਥਾਈਂ ਧਾਰਮਿਕ ਦੀਵਾਨ ‘ਚ ਪਤਿਤ ਸਿੱਖ ਆਉਂਦੇ ਈ ਨਹੀਂ। ਕਾਰਨ ਵੀ ਸਪਸ਼ਟ ਐ ਕਿ ਅਸੀਂ ਉਨ੍ਹਾਂ ਨੂੰ ਸਤਿਕਾਰਤ ਸ਼ਬਦਾਂ ਨਾਲ ਸਮਝਾਉਣ-ਬੁਝਾਉਣ ਦੀ ਥਾਂ ਬੁਰੇ ਬੋਲ, ਬੋਲ ਕੇ ਆਪਣੇ ਤੋਂ ਦੂਰ ਕਰ ਲਿਆ। ਹੋ ਸਕਦੈ ਕੁਝ ਕੁ ਨੂੰ ਪਤਿਤਪੁਣੇ ਦਾ ਅਹਿਸਾਸ ਈ ਨਹੀਂ, ਕਈਆ ਨੂੰ ਗੁਰੂ ਬਖ਼ਸ਼ੇ ਨਿਆਰੇ ਸਰੂਪ ‘ਤੇ ਮਾਣ ਕਰਨਾ ਨਹੀਂ ਆਇਆ, ਪਰ ਸਾਡਾ ਬਹੁਗਿਣਤੀ ਪ੍ਰੇਰਨ ਦਾ ਤਰੀਕਾ ਵੀ ਤਾਂ ਚੰਗਾ ਨਹੀਂ ਐ । ਫੇਰ ਜਦ ਐਸੇ ਲੋਕਾਂ ਨੂੰ ਦੇਹਧਾਰੀ ਗੁਰੂ-ਡੰਮ੍ਹੀਆਂ ਜਾਂ ਡੇਰੇਦਾਰਾਂ ਨੇ ਬਿਨਾਂ ਰੋਕ-ਟੋਕ ਤੋਂ ਆਪਣੇ ਵੱਲੀਂ ਲਾ ਲਿਆ ਤਾਂ ਉਹ ਉਧਰ ਉਲਾਰ ਹੋ ਗਏ। ਡੇਰਾਵਾਦ ਦੀ ਵਧਦੀ ਭੀੜ ਵਿਚ ਹੋਰ ਅਗਿਆਨਤਾ ਦੇ ਨਾਲ ਨਾਲ ਇਹ ਵੀ ਇਕ ਕਾਰਨ ਜ਼ਰੂਰ ਐ।
ਗੁਰਮੁਖ ਪਿਆਰਾ ਕਹਿੰਦਾ, “ਅਕਾਲੀ ਜੀ! ਪੰਥ ਦੇ ਵਾਰਸਾਂ ਦੀਆਂ ਆਪਾ-ਵਿਰੋਧੀ ਲਿਖਤਾਂ, ਸਿਧਾਂਤਕ ਅਲੱਗ-ਅਲੱਗ ਵਿਆਖਿਆ ਤੇ ਘਰੇਲੂ ਜੰਗ ਵੀ, ਕੀ ਦੁਬਿਧਾ ਨਹੀਂ ਪੈਦਾ ਕਰਦੀ ?”
ਮੈਂ ਕਿਹਾ, ਗੱਲ ਸਿੱਟਣ ਵਾਲੀ ਨਹੀਂ ਐਂ। ਸਾਡਾ ਜਥੇਬੰਦਕ ਧਰਮ ਐਂ। ਕਈ ਵਾਰੀ ਅਸੀਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਕਤਲ ਕਰ ਕੇ ਆਪਣੀਆਂ ਜਾਤੀ ਸੋਚਾਂ ਪੂਰੀ ਜਮਾਤ ਉੱਤੇ ਠੋਸਣ ਦੀ ਕੋਸ਼ਿਸ਼ ਕਰਦੇ ਆਂ। ਅਸੀਂ ਕਈ ਬੇਲੋੜੇ ਮੁੱਦੇ ਉਠਾ ਕੇ ਕੌਮ ਦੀ ਸ਼ਕਤੀ ਨੂੰ ਵਿਅਰਥ ਗਵਾਇਆ ਹੈ। ਕਈਆਂ ਨੇ ਤਾਂ ਦਸਮ ਪਿਤਾ ਦੇ ਰਚਿਤ ਸ਼ਬਦਾਂ ਦੀ ਵਿਆਖਿਆ ਏਨੀ ਨਿਰਾਸ਼ਾਜਨਕ ਕੀਤੀ ਕਿ ਉਹ ਚੜ੍ਹਦੀ ਕਲਾ ਦੀ ਗੱਲ ਕਰ ਹੀ ਨਹੀਂ ਸਕੇ। ਕੁਝ ਸਮਾਂ ਪਹਿਲਾਂ ‘ਗੁਰੂ ਗੋਬਿੰਦ ਸਿੰਘ ਜੀ’ ਦੀ ਚੇਅਰ ‘ਤੇ ਸਥਾਪਤ ਇਕ ਮੁਖੀ ਨੂੰ ਦੇਖ ਕੇ ਮੇਰੇ ਨਾਲ ਦਾ ਸੱਜਣ ਕਹਿੰਦਾ ਕਿ ਏਨਾ ਨਿਰਾਸ਼ਾਮਈ ਤੇ ਬੇਅੰਮ੍ਰਿਤੀਆ ਘੱਟੋ ਘੱਟ ਇਸ ਚੇਅਰ ਨਾਲ ਤਾਂ ਘੋਰ ਬੇਇਨਸਾਫ਼ੀ ਹੈ। ਮੈਂ ਕਿਹਾ, ਏਹੋ ਹਾਲ ਕਈ ਵਾਰੀ ਸਾਡੇ ਕੁਝ-ਕੁ ਲੇਖਕਾਂ-ਪ੍ਰਚਾਰਕਾਂ ਦਾ ਹੁੰਦਾ ਐ ਜੋ ਦਸਮੇਸ਼ ਪਿਤਾ ਜੀ ਦੀ ਜੀਵਨ-ਫ਼ਿਲਾਸਫ਼ੀ ‘ਤੇ ਤਾਂ ਬਹੁਤ ਵਧੀਆ ਲਿਖਦੇ-ਬੋਲਦੇ ਨੇ ਪਰ ‘ਅੰਮ੍ਰਿਤ ਛਕਣ’ ‘ਤੇ ਆ ਕੇ ਆਪਣੀਆਂ ਦਲੀਲਾਂ ਸ਼ੁਰੂ ਕਰ ਦਿੰਦੇ ਐ। ਇਹ ਕਲਾਵਾਨ ਲੋਕ ਜੇ ਧਰਮ ਪ੍ਰਤੀ ਸਮਰਪਿਤ ਹੋ ਜਾਣ ਤਾਂ ਚੜ੍ਹਦੀ ਕਲਾ ਵਾਲੀਆਂ ਸੰਗਤਾਂ ਸਿਰਜ ਸਕਦੇ ਨੇ। ਇਸ ਲਈ ਹਰ ਲੇਖਕ ਅਤੇ ਪ੍ਰਚਾਰਕ ਨੂੰ ਇਹ ਅਹਿਸਾਸ ਜੂਰ ਹੋਣਾ ਚਾਹੀਦਾ ਕਿ ਉਹ ਸਿਰਫ਼ ਲਿਖਣ ਲਈ ਨਹੀਂ ਲਿਖ ਰਿਹਾ, ਸਿਰਫ਼ ਬੋਲਣ ਲਈ ਨਹੀਂ ਬੋਲ ਰਿਹਾ, ਸਗੋਂ ਉਹਦੇ ਹਰ ਲਿਖੇ-ਬੋਲੇ ਸ਼ਬਦ ਵਿਚ ਕੌਮੀ ਹੋਂਦ ਦਾ ਸੁਆਲ ਐ। ਇਹਦੇ ਦੂਰ-ਅੰਦੇਸ਼ ਸਿੱਟੇ ਕੀ ਹੋਣਗੇ? ਇਹਦੇ ਨਾਲ ਪ੍ਰਚਾਰ ‘ਚ ਵਾਧਾ ਹੋਵੇਗਾ ਜਾਂ ਨਿਘਾਰ ਹੋਵੇਗਾ ? ਕੀ ਜੋ ਮੈਂ ਲਿਖ-ਬੋਲ ਰਿਹਾਂ ਉਹਦੇ ਉੱਤੇ ਖ਼ੁਦ ਪੂਰਾ ਉਤਰਦਾ ਹਾਂ। ਇਸ ਲਈ ਲਿਖਾਰੀ ਤੇ ਬੁਲਾਰੇ ਦਾ ਫ਼ਰਜ਼ ਬਣਦੈ ਕਿ ਉਹ ਗੁਰੂ-ਗ੍ਰੰਥ ਤੇ ਗੁਰੂ-ਪੰਥ ਦੀਆਂ ਸਿਫ਼ਤਾਂ ਕਰ ਕੇ ਕੁਝ ਚੰਗਿਆਂ ਦੇ ਗੁਣ ਪ੍ਰਗਟ ਕਰ ਕੇ ਫੇਰ ਕਮੀਆਂ-ਪੇਸ਼ੀਆਂ ‘ਚ ਉਲਝੀ ਬਿਮਾਰ ਮਾਨਸਿਕਤਾ ਨੂੰ ਬਦਲਣ ਲਈ ਆਸ਼ਾਵਾਦੀ ਢੰਗ ਵਰਤੇ। ਹੁਣ ਸੋਚੋ, ਜੇਕਰ ਮਰੀਜ਼ ਵੀ ਰੋ ਰਿਹਾ ਹੋਵੇ ਤੇ ਡਾਕਟਰ ਵੀ ਅੱਥਰੂ ਕੇਰ ਰਿਹਾ ਹੋਵੇ ਤਾਂ ਕੀ ਬੀਮਾਰੀ ਦਾ ਇਲਾਜ ਹੋ ਜਾਊ ? ਭਾਵੇਂ ਮਰੀਜ਼ ਦੇ ਬਚਣ ਦੀ ਉਮੀਦ ਵੀ ਨਾ ਹੋਵੇ ਤਾਂ ਵੀ ਚੰਗਾ ਡਾਕਟਰ ਢਹਿੰਦੀ ਕਲਾ ਦੀ ਗੱਲ ਨਹੀਂ ਕਰਦਾ। ਇਸ ਲਈ ਕੌਮ ਦਾ ਸੁਚੇਤ ਵਰਗ ਧਰਮ ਦੇ ਪ੍ਰਚਾਰ ਤੇ ਪਾਸਾਰ ਲਈ ਹਰ ਹੀਲਾ ਵਰਤੇ ਪਰ ਢਹਿੰਦੀ ਕਲਾ ‘ਚ ਨਹੀਂ ਹੋਣਾ ਚਾਹੀਦਾ, ਹਮੇਸ਼ਾ ਚੜ੍ਹਦੀ ਕਲਾ ‘ਚ ਹੋਣਾ ਚਾਹੀਦਾ ਐ।
ਗੁਰਮੁਖ ਪਿਆਰਾ ਕਹਿੰਦਾ, “ਅਕਾਲੀ ਜੀ! ਫੇਰ ਚੜ੍ਹਦੀ ਕਲਾ ‘ਚ ਰਹਿਣ ਦਾ ਰਾਜ਼ ਕੀ ਐ ?”
ਮੈਂ ਕਿਹਾ, ਗੁਰਮੁਖਾ! ਇਹ ਮਨੁੱਖ ਦੇ ਮਨ ਦੀ ਅਵਸਥਾ ਐ ਜੋ ਦ੍ਰਿੜ ਤੇ ਆਤਮ-ਵਿਸ਼ਵਾਸ ‘ਤੇ ਨਿਰਭਰ ਐ। ਇਥੇ ਮਨੁੱਖ ਚਿੰਤਾ-ਮੁਕਤ, ਗ਼ਮ-ਮੁਕਤ ਡਰ-ਮੁਕਤ ਹੋ ਜਾਂਦਾ ਐ। ਕਹਿੰਦੇ, ਮਾਛੀਵਾੜੇ ਦੇ ਜੰਗਲਾਂ ‘ਚ ਸਿੱਖ, ਦਸਮ ਪਿਤਾ ਜੀ ਨੂੰ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ! ਤੁਸੀਂ ਕਿੰਨੀਆਂ ਰੀਝਾਂ ਨਾਲ ਅਨੰਦਪੁਰ ਵਸਾਇਆ ਸੀ, ਹੁਣ ਮੁਗ਼ਲਾਂ ਨੇ ਪਤਾ ਨਹੀਂ ਕੀ ਹਾਲ ਕੀਤਾ ਹੋਊ ?’ ਦਸਮ ਪਿਤਾ. ਮੁਸਕਰਾ ਕੇ ਕਹਿੰਦੇ, “ਪਿਆਰੇ ਸਿੱਖੋ ! ਅਨੰਦਪੁਰ ਸਿਰਫ਼ ਧਰਤੀ ਜਾਂ ਕਸਬੇ ਦਾ ਨਾਉਂ ਨਹੀਂ ਐ। ਅਨੰਦ ਤਾਂ ਮਨ ਦੀ ਅਵਸਥਾ ਐ, ਮੈਂ ਤਾਂ ਅਜੇ ਵੀ ਅਨੰਦ ਵਿਚ ਹਾਂ। ਮੈਂ ਅਨੰਦਪੁਰ ਇਸ ਕਰਕੇ ਵਸਾਇਆ ਸੀ ਕਿ ਇਥੇ ਆ ਕੇ ਹਰ ਇਨਸਾਨ ਪੱਕੇ ਤੌਰ ‘ਤੇ ਅਨੰਦਮਈ ਅਵਸਥਾ ਵਾਲਾ ਹੋ ਜਾਵੇਗਾ, ਇਸ ਲਈ ਤੁਸੀਂ ਵੀ ਅਨੰਦਮਈ ਅਵਸਥਾ ਦੀਆਂ ਬਾਤਾਂ ਕਰੋ।”
ਇਸ ਕਰਕੇ ਚੜ੍ਹਦੀ ਕਲਾ ਜੀਵਨ ਦੀ ਇਕ ਕਲਾ ਐ, ਜੀਹਦਾ ਪਹਿਲਾ ਨੁਕਤਾ ਕਿ ‘ਹੁਕਮਿ ਰਜਾਈ ਚਲਣਾ’ ਭਾਣੇ ‘ਚ ਰਹਿਣ ਵਾਲਾ ਹਮੇਸ਼ਾਂ ਚੜ੍ਹਦੀ ਕਲਾ ਵਾਲਾ ਹੁੰਦਾ ਐ। ਸਬਰ, ਸੰਤੋਖ, ਸੰਜਮ ਤੇ ਸ਼ਾਂਤੀ ‘ਚ ਸਭ ਭਟਕਣਾਂ ਖ਼ਤਮ ਹੋ ਜਾਂਦੀਆਂ ਨੇ। ਦੂਜਾ ਨੁਕਤਾ ਹੈ, ‘ਨਿਰਭਉ ਜਪੈ ਸਗਲ ਭਉ ਮਿਟੈ’ ਡਰ ਰਹਿਤ ਪਰਮਾਤਮਾ ਦਾ ਨਾਮ ਸਿਮਰਨ ਵਾਲੇ ਦੇ ਸਭ ਡਰ ਦੂਰ ਹੋ ਜਾਂਦੇ ਨੇ। ਜ਼ਿੰਦਗੀ ਦੇ ਨਿੱਕੇ-ਨਿੱਕੇ ਡਰਾਂ ਤੋਂ ਲੈ ਕੇ ਮੌਤ ਦੇ ਵੱਡੇ ਡਰ ਤਕ ਮਨੁੱਖ ਸਹਿਮਿਆਂ ਰਹਿੰਦਾ ਹੈ। ਤੀਜਾ ਨੁਕਤਾ-ਹਰ ਸਿੱਖ ਦਾ ਗੁਰੂ-ਗ੍ਰੰਥ ਅਤੇ ਗੁਰੂ-ਪੰਥ ਉੱਤੇ ਦ੍ਰਿੜ੍ਹ ਨਿਸਚਾ ਹੋਵੇ ਤੇ ਭੁੱਲ ਕੇ ਵੀ ਗੁਰੂ ਦੇ ਬਚਨਾਂ, ਸਿਧਾਂਤਾਂ ਉੱਤੇ ਸ਼ੰਕਾ ਨਹੀਂ ਕਰਨਾ । ਸ਼ੰਕਾਵਾਦੀ ਹਮੇਸ਼ਾਂ ਢਹਿੰਦੀ ਕਲਾ ਵਾਲਾ ਹੁੰਦਾ ਐ। ਚੌਥਾ ਨੁਕਤਾ-ਆਪਣੇ ਸਿੱਖੀ ਸਰੂਪ ਉਤੇ ਹਮੇਸ਼ਾਂ ਫ਼ਖ਼ਰ ਕਰਨਾ ਅਤੇ ਬਾਣੀ ਤੇ ਬਾਣੇ ‘ਚ ਪ੍ਰਪੱਕ ਰਹਿਣਾ ਚੜ੍ਹਦੀ ਕਲਾ ਦਾ ਰਾਜ਼ ਐ। ਜੀਵਨ ਦੀ ਕਿਸੇ ਅਸਫਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਦ੍ਰਿੜ੍ਹ ਇਰਾਦੇ ਨਾਲ ਅਰਦਾਸ ਕਰ ਕੇ ਸਫਲਤਾ ਲਈ ਕਾਰਜਸ਼ੀਲ ਰਹਿਣਾ ਐਂ। ਅੱਜਕਲ੍ਹ ਨਿੱਕੀ ਜਿਹੀ ਗੱਲ ‘ਤੇ ਘਬਰਾ ਕੇ ਆਤਮ-ਹੱਤਿਆ, ਥੋੜ੍ਹੇ ਜਿਹੇ ਰੋਸੇ ਤੋਂ ਤਲਾਕ ਤੇ ਚਿੰਤਾ ਗ੍ਰਸਤ ਹੋਣ ਦੀਆਂ ਘਟਨਾਵਾਂ ਢਹਿੰਦੀ ਕਲਾ ‘ਚੋਂ ਜਨਮ ਲੈ ਰਹੀਆਂ ਹਨ। ਸਰਬੱਤ ਦਾ ਭਲਾ ਮੰਗਣ ਵਾਲਾ, ਦਇਆਵਾਨ, ਮਿੱਠ-ਬੋਲੜਾ ਇਨਸਾਨ, ਚੜ੍ਹਦੀ ਕਲਾ ‘ਚ ਰਹਿੰਦਾ ਐ। ਸਭ ਤੋਂ ਵੱਡੀ ਗੱਲ ਵਿਹਲ ਤੇ ਨਿਖੱਟੂਪੁਣਾ ਜ਼ਿੰਦਗੀ ਜੀਣ ਦਾ ਉਤਸ਼ਾਹ ਖ਼ਤਮ ਕਰ ਦਿੰਦੇ ਨੇ। ਜ਼ਿੰਦਗੀ ਜੀਣ ਦਾ ਕੋਈ ਆਸ਼ਾ ਵੀ ਹੋਵੇ ! ਚੰਗਾ ਸ਼ੌਕ, ਚੰਗੀ ਸੰਗਤ, ਚੰਗੀਆਂ ਆਦਤਾਂ ਤੇ ਚੰਗੀ ਜੀਵਨ-ਜਾਚ ਚੜ੍ਹਦੀ ਕਲਾ ਦਾ ਹੁਲਾਰਾ ਐ। ਗੁਰਬਾਣੀ ਸਿੱਖ ਨੂੰ ਉੱਚੀ-ਸੁੱਚੀ ਜੀਵਨ-ਜਾਚ ਬਖ਼ਸ਼ਦੀ ਐ, ਬਾਣੀ ਪੜ੍ਹਨਾ ਤੇ ਅਮਲ ਕਰਨਾ ਜ਼ਰੂਰੀ ਐ। ਵਾਹਿਗੁਰੂ ਦੀ ਬੰਦਗੀ ਤੇ ਸਿਮਰਨ ਮਨੁੱਖੀ ਮਨ ਨੂੰ ਇਕਾਗਰਤਾ, ਸ਼ਾਂਤੀ ਤੇ ਦ੍ਰਿੜ੍ਹਤਾ ਬਖ਼ਸ਼ਦੇ ਹਨ। ਆਹ ਵਿਖਾਵੇ ਦੀ ਦੁਨੀਆਂ, ਫੋਕੇ ਰਸਮ-ਰਿਵਾਜ, ਬੇਲੋੜੇ ਫ਼ੈਸ਼ਨ, ਅਨੇਕ ਤਰ੍ਹਾਂ ਦੇ ਨਸ਼ੇ, ਈਰਖਾ ਤੇ ਸਾੜਿਆਂ ਨੇ ਹਮੇਸ਼ਾਂ ਨਿਰਾਸ਼ਾਵਾਦ ਨੂੰ ਜਨਮ ਦਿੱਤਾ ਐ।
ਇਸ ਲਈ ਗੁਰੂ ਦਾ ਸਿੱਖ ਜੋ ਕਿਰਤ ਕਰਦਾ, ਨਾਮ ਜਪਦਾ, ਵੰਡ ਛਕਦਾ ਐ ਹਮੇਸ਼ਾਂ ਚੜ੍ਹਦੀ ਕਲਾ ‘ਚ ਹੋਵੇਗਾ। ਸੋ ਪਿਆਰਿਆ ! ਰੋਂਦੂ ਬੱਚੇ ਨੂੰ ਤਾਂ ਹੋਰ ਕਿਸੇ ਨੇ ਕੀ ਖਿਡਾਉਣਾ ਐਂ, ਕਈ ਵਾਰੀ ਮਾਂ ਵੀ ਅੱਕ ਕੇ ਚਪੇੜ ਜੜ੍ਹ ਦਿੰਦੀ ਐ ਕਿ ਇਹ ਕੀ ਬਲਾ ਗਲ਼ ਪੈ ਗਈ। ਖੇੜੇ ‘ਚ ਰਹਿਣਾ ਜੀਵਨ ਦੀ ਕਲਾ ਐ। ਸਭ ਤੋਂ ਵੱਡੀ ਗੱਲ ਜੀਹਦਾ ਧਰਮ ਪਿਤਾ ਹੋਵੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧਰਮ ਦੀ ਮਾਤਾ ਹੋਵੇ ਮਾਤਾ ਸਾਹਿਬ ਕੌਰ ਤੇ ਵਾਸੀ ਹੋਵੇ ਅਨੰਦਪੁਰ ਦਾ, ਉਹ ਸਦਾ ਚੜ੍ਹਦੀ ਕਲਾ ਵਾਲਾ ਹੀ ਹੋਵੇਗਾ। ਬਹੁਤੇ ਸ਼ੰਕਾਵਾਦੀ ਤੇ ਨਿਰਾਸ਼ਾਵਾਦੀ ਸਿੱਖਾਂ ‘ਤੇ ਸ਼ੰਕਾ ਜਿਹਾ ਜ਼ਰੂਰ ਐ ਕਿ ਉਹ ਹਾਲੇ ਅਨੰਦਪੁਰ ਦੇ ਵਾਸੀ ਨਹੀਂ ਬਣੇ ਕਿਉਂਕਿ ਅਨੰਦਪੁਰ ਦੇ ਸਿਦਕਵਾਨ ਵਾਸੀਆਂ ਦੇ ਜੀਵਨ-ਮਾਰਗ ਅਤੇ ਸੋਚਾਂ ‘ਚੋਂ ਸਭ ਰੁਕਾਵਟਾਂ, ਦੁੱਖ-ਦਰਦ, ਬੇਲੋੜੇ ਵਾਦ-ਵਿਵਾਦ, ਨਿਰਾਸ਼ਾਵਾਂ ਆਪੇ ਖ਼ਤਮ ਹੋ ਜਾਂਦੇ ਨੇ। ਇਸ ਲਈ ਚੜ੍ਹਦੀ ਕਲਾ ਵਾਲੇ ਪਾਤਸ਼ਾਹ ਦੇ, ਚੜ੍ਹਦੀ ਕਲਾ ਵਾਲੇ ਫ਼ਸਲਫ਼ੇ ਨੂੰ, ਚੜ੍ਹਦੀ ਕਲਾ ਵਿਚ ਰਹਿ ਕੇ ਚੜ੍ਹਦੀ ਕਲਾ ਨਾਲ ਅਮਲੀ ਜੀਵਨ ‘ਚ ਧਾਰਨ ਕਰ ਲਈਏ ਤਾਂ ਹਮੇਸ਼ਾਂ ਚੜ੍ਹਦੀ ਕਲਾ ਹੀ ਰਹੇਗੀ।
ਡਾ. ਇੰਦਰਜੀਤ ਸਿੰਘ ਗੋਗੋਆਣੀ