
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਇ॥
ਤਿਸੁ ਠਾਕੁਰ ਕਉ ਰਖੁ ਮਨ ਮਾਹਿ॥
(ਅੰਗ ੨੬੯)
ਸਿੱਖ ਸੱਭਿਆਚਾਰ ਵਿਚ “ਛੱਤੀ ਪ੍ਰਕਾਰ ਦੇ ਭੋਜਨ” ਪ੍ਰਚਲਿਤ ਸ਼ਬਦ ਹੈ ਤੇ ਇਸ ਦਾ ਮੁੱਖ ਆਧਾਰ ਗੁਰੂ ਸਾਹਿਬਾਨ ਦੀ ਬਾਣੀ ਹੈ। ਉਸ ਕਾਦਰ ਦੀ ਕਿਰਪਾ ਨਾਲ ਅਸੀਂ ਬੇਅੰਤ ਪ੍ਰਕਾਰ ਦੇ ਭੋਜਨ ਜਾਂ ਰਸਾਂ ਦਾ ਅਨੰਦ ਮਾਣਦੇ ਹਾਂ। ਮਨੁੱਖ ਦੇ ਪੰਜ ਗਿਆਨ ਇੰਦਰਿਆਂ ਵਿੱਚੋਂ ਰਸਨਾ (ਜੀਭ) ਵੀ ਇਕ ਗਿਆਨ ਇੰਦਰਾ ਹੈ। ਛੱਤੀ ਪ੍ਰਕਾਰ ਦੇ ਰਸਾਂ ਦਾ ਅਨੰਦ ਜਾਂ ਅਨੁਭਵ ਜ਼ੁਬਾਨ ਪ੍ਰਗਟ ਕਰਦੀ ਹੈ। ਸਾਡੇ ਪੰਜਾਬੀ ਮੁਹਾਵਰਾ ਕੋਸ਼ ਵਿਚ ਹੈ, ਛੱਤੀ ਖਾਣੇ ਮਿਲਣੇ ਅਤੇ ਪੰਜਾਬੀ ਅਖਾਣ ਕੋਸ਼ ਵਿਚ (ਇਸ ਦੇ ਭਾਵ ਅਰਥ ਵੱਖਰੇ ਸੰਦਰਭ ਵਿਚ ਹਨ) ਇਉਂ ਦਰਜ ਹੈ, “ਛੱਤੀ ਭੋਜਨ ਖਾਣੇ ਤੇ ਬਹੱਤਰ ਰੋਗ ਲਾਣੇ।” ਫਿਰ ਛੱਤੀ ਭੋਜਨ ਜਾ ਛੱਤੀ ਪ੍ਰਕਾਰ ਦੇ ਭੋਜਨ ਕੀ ਹਨ?
ਵਿਦਵਾਨਾਂ ਨੇ ਖਾਣੇ ਦੇ ਪਦਾਰਥਾਂ ਵਿਚ ਛੇ ਰਸ ਮੰਨੇ ਹਨ। ਗੁਰਬਾਣੀ ਤੇ ਹੋਰ ਗ੍ਰੰਥਾਂ
ਵਿਚ ਦਰਜ ਖਟ ਰਸ (ਛੇ ਰਸ) ਇਹ ਹਨ :
1. ਮਿੱਠਾ
2. ਸਲੂਣਾ
3. ਚਰਪਟਾ
4. ਤਿੱਖਾ
5. ਕਸੈਲਾ
6. ਖੱਟਾ ਕੌੜਾ।
ਇਸੇ ਸੰਦਰਭ ਵਿਚ ਭਾਈ ਗੁਰਦਾਸ ਜੀ ਦੀ ਸੱਤਵੀਂ ਵਾਰ ਦੀ ਛੇਵੀਂ ਪਉੜੀ ਵਿਚ ਛੇ ਦੀ ਗਿਣਤੀ ਤੇ ਗੁਰਮੁਖ ਪਦਵੀ ਦੀ ਵਿਆਖਿਆ ਹੈ। ਪ੍ਰਮਾਣ ਵਜੋਂ :
“ਛਿਅ ਰਸ ਰਸਨਾ ਸਾਧਿ ਕੈ ਰਾਗ ਰਾਗਣੀ ਭਾਇ ਭਗਤੀ।”
ਇੱਥੇ ਭਾਈ ਵੀਰ ਸਿੰਘ ਜੀ ਨੇ ਛੇ ਰਸ ਦੀ ਵਿਆਖਿਆ ਕੀਤੀ ਹੈ. ਜੀਭ ਦੇ ਛੇ ਰਸ (ਖੱਟਾ, ਮਿੱਠਾ, ਕਸੈਲਾ, ਕੌੜਾ, ਤਿੱਖਾ, ਸਲੂਣਾ।)
ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ‘ਮਹਾਨ ਕੋਸ਼’ ਵਿਚ ਛਤੀਹ ਅੰਮ੍ਰਿਤ ਦਾ ਹਵਾਲਾ ਇਉਂ ਦਿੱਤਾ ਹੈ, “ਭਾਈ ਗੁਰਦਾਸ ਜੀ ਨੇ ਛਤੀਹ ਭੋਜਨ ਦਾ ਸੁੰਦਰ ਨਿਰਣਾ ਕੀਤਾ ਹੈ-
“ਖਟੁ ਰਸ ਮਿਠ ਰਸ ਮੇਲਿ ਕੈ ਛਤੀਹ ਭੋਜਨ ਹੋਨਿ ਰਸੋਈ।”
ਇੱਕ-ਇੱਕ ਰਸ ਦੇ ਛੀ-ਛੀ ਭੇਦ ਪਰਸਪਰ ਮੇਲ ਤੋਂ ਹੋ ਜਾਂਦੇ ਹਨ ਅਤੇ ਇਹ ਅਰਥ ਸਾਰੇ ਦੇਸਾਂ ਵਿਚ ਘਟ ਸਕਦਾ ਹੈ, ਭਾਵ ਸਰਵ ਪ੍ਰਕਾਰ ਦੇ ਭੋਜਨ।
ਇਸੇ ਸੰਦਰਭ ਵਿਚ ਪਾਵਨ ਗੁਰਬਾਣੀ ਵਿਚ ਬਹੁਤ ਸਾਰੇ ਫਰਮਾਨ ਹਨ, ਪਰ ਅਸੀਂ ਪੰਚਮ ਪਾਤਸ਼ਾਹ ਜੀ ਦੇ ਇੱਥੇ ਦੋ ਫਰਮਾਨ ਦਿਆਂਗੇ ਜੋ ਇਸ ਪ੍ਰਕਾਰ ਹਨ :
-ਜਿਸ ਦਾ ਦਿਤਾ ਸਭੁ ਕਿਛੁ ਲੈਣਾ॥ ਛਤੀਹ ਅੰਮ੍ਰਿਤ ਭੋਜਨੁ ਖਾਣਾ॥
(ਅੰਗ ৭০০)
-ਛਤੀਹ ਅੰਮ੍ਰਿਤ ਜਿਨਿ ਭੋਜਨ ਦੀਏ॥ ਅੰਤਰਿ ਥਾਨ ਠਹਰਾਵਨ ਕਉ ਕੀਏ॥
(ਅੰਗ ੯੧੩)
ਭਾਵ ਅਰਥ ਕਿ ਛਤੀਹ (ਛੱਤੀ) ਪ੍ਰਕਾਰ ਦੇ ਭੋਜਨ ਉਸ ਪ੍ਰਭੂ ਦੀ ਹੀ ਬਖ਼ਸ਼ਿਸ਼ ਹੈ। ਇਨ੍ਹਾਂ ਨੂੰ ਮਨੁੱਖ ਖਾਂਦਾ, ਭੁੰਚਦਾ ਤੇ ਰਸ ਮਾਣਦਾ ਹੈ।
ਸ. ਗੁਰਬਖਸ਼ ਸਿੰਘ ਕੇਸਰੀ ਜੀ ਨੇ ‘ਸੰਖਿਆ ਕੋਸ਼’ ਵਿਚ ਛੱਤੀ ਪ੍ਰਕਾਰ ਦੇ ਭੋਜਨਾਂ ਦੀ ਗਿਣਤੀ ਇਉਂ ਵੀ ਦਿੱਤੀ ਹੈ :-
(1) ਸਭ ਤਰ੍ਹਾਂ ਦੀ ਰੋਟੀ (2) ਹਰ ਤਰ੍ਹਾਂ ਦੀ ਪੂਰੀ (3) ਕਚੌਰੀ (4) ਪੂੜੇ (5) ਹਰ ਪ੍ਰਕਾਰ ਦੇ ਚਾਵਲ (6) ਦਾਲਾਂ (7) ਸਾਗ, ਤਰਕਾਰੀ, ਭੁਰਜੀਆਂ (8) ਕੜੀਆਂ (9) ਵੜੀਆਂ (10) ਸੇਵੀਆਂ (11) ਖਿਚੜੀ (12) ਸਭ ਤਰਾਂ ਦੀਆਂ ਸਲੂਣੀਆਂ ਚੀਜ਼ਾਂ, ਚਣੇ ਪਕੋੜੇ ਆਦਿ (13) ਚਟਨੀਆਂ (14) ਆਚਾਰ (15) ਮੁਰੱਬੇ (16) ਬੂੰਦੀ ਭੱਲੇ ਅਤੇ ਦਹੀਂ (17) ਰਾਇਤੇ (18) ਪਾਪੜ (19) ਕੜਾਹ (20) ਖੀਰਾਂ (21) ਕਚਾਰ, ਸੱਤੂ, ਪੰਜੀਰੀ ਅਤੇ ਚੂਰਮਾ (22) ਲੱਡੂ, ਜਲੇਬੀ, ਅੰਮ੍ਰਤੀ, ਪੇੜਾ ਆਦਿ ਸ਼ੀਰਨੀਆਂ (23) ਲਾਪਸੀ (ਮਿੱਠੀ ਕੜੀ) (24) ਰਬੜੀ (25) ਮਲਾਈ (26) ਮਿਸ਼ਰੀ ਮੱਖਣ ਆਦਿ (27) ਸਿਖਰਣੀ (ਸਮ ਅਰਥ ਕੋਸ਼ ਅਨੁਸਾਰ ਦਹੀਂ ਦਾ ਬਣਾਇਆ ਪਦਾਰਥ) (28) ਬੁਧ ਮਿਸਰਤ ਆਂਬ ਰਸਾ (29) ਦਧਿਕਤਰ (ਦਧਿ ਤੋਂ ਭਾਵ ਦਹੀਂ ਹੈ) (30) ਕਾਂਜੀ (31) ਫਲ ਮੇਵੇ (32) ਹਰ ਤਰ੍ਹਾਂ ਦੀ ਮਠਿਆਈ (33) ਮੱਠੀ ਮੱਠੇ (34) ਫੈਣੀਆਂ (35) ਘੈਵਰ (ਬਹੁਤ ਘਿਉ ਨਾਲ ਬਣੀ ਵਸਤ) (36) ਚੂਰਣ ਸ੍ਵਾਦ।
ਹੁਣ ਜੇਕਰ 36 ਪ੍ਰਕਾਰ ਦੇ ਭੋਜਨ ਉਸ ਪ੍ਰਭੂ ਨੇ ਮਨੁੱਖ ਨੂੰ ਬਖ਼ਸ਼ਿਸ਼ ਕੀਤੇ ਹਨ ਤਾਂ ਪੰਚਮ ਪਾਤਸ਼ਾਹ ਜੀ ਦੇ ਉੱਪਰ ਦਿੱਤੇ ਫ਼ਰਮਾਨ ਨੂੰ ਵੀ ਸਮਝਣ ਦੀ ਅਹਿਮ ਲੋੜ ਹੈ। ਸਤਿਗੁਰਾਂ ਦਾ ‘ਸੁਖਮਨੀ ਸਾਹਿਬ ਦੀ ਬਾਣੀ ਵਿਚ ਪਾਵਨ ਉਪਦੇਸ਼ ਹੈ ਤੇ ਇਸ ਦਾ ਭਾਵ ਅਰਥ ਇਸ ਪ੍ਰਕਾਰ ਹੈ :
ਹੇ ਭਾਈ ! ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਛੱਤੀ ਪ੍ਰਕਾਰ ਦੇ ਸੁਆਦਲੇ ਖਾਣੇ ਖਾਂਦਾ ਹੈਂ, ਉਸ ਨੂੰ ਮਨ ਵਿਚ ਚੇਤੇ ਰੱਖ। ਸਤਿਗੁਰਾਂ ਦਾ ਇਹ ਸਮੁੱਚੀ ਮਾਨਵਤਾ ਨੂੰ ਉਪਦੇਸ਼ ਹੈ ਕਿ ਉਸ ਪ੍ਰਭੂ ਦਾ ਸ਼ੁਕਰਾਨਾ ਕਰਨਾ ਤੇ ਸਿਫਤ-ਸਲਾਹ ਕਰਨੀ ਵੀ ਮਨੁੱਖ ਦਾ ਪਰਮ ਧਰਮ ਹੈ।
-ਡਾ. ਇੰਦਰਜੀਤ ਸਿੰਘ ਗੋਗੋਆਣੀ