35 views 0 secs 0 comments

ਛਾਬੇ ਰਹਿ ਗਈਆਂ ਰੋਟੀਆਂ, ਤੇ ਚੁਲ੍ਹੇ ਰਹਿ ਗਿਆ ਸਾਗ। ਚਰਨ ਲਿਖਾਰੀ ਮੁਕ ਗਏ, ਧੀਆਂ ਦੇ ਸੁਹਾਗ ।

ਲੇਖ
August 14, 2025

ਏਸ਼ੀਆ ਦੀ ਤਵਾਰੀਖ਼ ਦਾ ਸਭ ਤੋ ਵੱਡਾ ਭਿਆਨਕ ਸਾਕਾ ਜਿਸ ਵਿਚ ਦਸ ਲੱਖ ਲੋਕਾਂ ਦਾ ਕਤ੍ਹਲੇਆਮ ਹੋਇਆ,ਅੱਸੀ ਲੱਖ ਲੋਕਾਂ ਦੀ ਦੇਸ਼ ਬਦਲੀ,ਹਜਾਰਾਂ ਜਵਾਨ ਔਰਤਾਂ ਬੇਪੱਤ ਹੋਈਆ,ਭਾਰੀ ਜਾਨ ਮਾਲ ਦਾ ਨੁਕਸਾਨ,ਜਾਨ ਤੋ ਵੀ ਪਿਆਰੇ ਸੈਕੜੇ ਇਤਿਹਾਸਕ ਗੁਰੂਘਰਾਂ ਦਾ ਵਿਛੋੜਾ।

ਇਸ ਤੋਂ ਪਹਿਲਾਂ ਸਿੱਖਾਂ ਤੇ ਦੋ ਘੱਲਘਾਰੇ ਵਾਪਰੇ ਮਈ 1746 ਤੇ ਫਰਵਰੀ 1762 ਜਿਸ ਵਿੱਚ ਸਪੱਸ਼ਟ ਪਤਾ ਸੀ ਸਾਡਾ ਦੁਸ਼ਮਣ ਕੌਣ ਹੈ,ਪਰ ਅਗਸਤ 1947 ਜਦੋਂ ਆਪਣੇ ਹੀ ਵੈਰੀ ਬਣੇ ਉਦੋਂ ਆਪਣਿਆਂ ਤੇ ਦੁਸ਼ਮਣਾਂ ਵਿਚਾਲੇ ਫੈਸਲਾ ਕਰਨਾ ਬੜਾ ਔਖਾ ਸੀ,ਹਿੰਦੂ ਮਹਾਂ ਸਭਾ ਤੇ ਮੁਸਲਿਮ ਲੀਗ ਦੇ ਅੱਗ ਲਾਊ ਮੁਤਸਬੀ ਭਾਸ਼ਣਾਂ ਨੇ ਪੰਜਾਬ ਦੀ ਧਰਤੀ ਲਹੂ ਲੁਹਾਨ ਕਰਵਾਈ।

ਇਸ ਕਹਿਰੀ ਸਾਕੇ ਨੇ ਸ਼ੇਖ਼ ਫਰੀਦ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਵਾਰਿਸਾਂ ਵਿਚ ਪੱਕੀ ਲਕੀਰ ਖਿੱਚੀ। ਜਦੋਂ ਦਿੱਲੀ ਤੇ ਕਰਾਚੀ ਵਿਖੇ ਅਜਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ। ਦੂਜੇ ਪਾਸੇ ਜੰਗੇ ਅਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਪੰਜਾਬ ਤੇ ਬੰਗਾਲ ਦੀ ਹਿੱਕ ਤੇ ਕੰਡਿਆਲੀਆਂ ਤਾਰਾ ਵਿਛਾਈਆਂ ਜਾ ਰਹੀਆਂ ਸਨ,ਅਨਾਥ ਹੋਏ ਬਾਲਕ ਕੁਰਲਾ ਰਹੇ ਸਨ,ਕਤਲੇਆਮ ਦੇ ਸ਼ਿਕਾਰ ਲੋਕਾਂ ਦੀਆਂ ਲਾਸ਼ਾਂ ਨਹਿਰਾਂ ਦਰਿਆਵਾਂ ਜੰਗਲ ਬੇਲਿਆਂ ਕੰਢੇ ਰੁਲ੍ਹ ਰਹੀਆਂ ਸਨ।

ਇਹਨਾਂ ਕਹਿਰੀ ਹਾਲਾਤਾਂ ਨੂੰ ਵੇਖਣ ਵਾਲਿਆਂ ਚੋਂ ਇਕ ਚਸ਼ਮਦੀਦ ਜੋ ਲਹਿੰਦੇ ਪੰਜਾਬ ਸਥਿਤ 19 ਕਿੱਲਿਆਂ ਦੇ ਮਾਲਕ ਸਨ ਸਰਦਾਰ ਕੁਲਵੰਤ ਸਿੰਘ,ਬਦਕਿਸਮਤੀ ਅਗਸਤ 1947 ਨੂੰ ਪਿੰਡ ਭੁਲੇਰ ਸ਼ਾਹਕੋਟ ਤੋਂ ਚੱਲ ਅੰਮ੍ਰਿਤਸਰ ਦੇ ਪਿੰਡ ਪੰਧੇਰ ਆ ਕੇ ਰਫਿਊਜੀ ਬਣ ਰਹੇ,ਤਾਏ ਚਾਚੇ ਗੱਡਿਆਂ ਦੇ ਕਾਫਲੇ ਨਾਲ ਫਿਰੋਜ਼ਪੁਰ ਚਲੇ ਗਏ।
ਬਾਅਦ ਵਿੱਚ ਪਤਾ ਲੱਗਾ ਕਿ ਸਾਡੇ ਏਰੀਏ ਦੇ ਜਿੰਮੀਦਾਰਾਂ ਨੂੰ ਗੁਰਦਾਸਪੁਰ ਵਿਚ ਜਮੀਨ ਅਲਾਟ ਹੋਣੀ ਹੈ,ਪੰਧੇਰ ਤੋਂ ਅਸੀ ਭੰਗਾਲੀ ਤੋਂ ਕਾਸ਼ਤੀਵਾਲ ਆਣ ਟਿਕੇ।

ਬਾਪੂ ਕੁਲਵੰਤ ਸਿੰਘ ਜੀ ਨੇ ਦੱਸਿਆ ਕਿ ਸੰਨ 1947 ਦੀ ਵੰਡ ਵੇਲੇ ਮੈਂ ਗਿਆਰਾਂ ਵਰ੍ਹਿਆਂ ਦਾ ਸੀ,ਪਿਤਾ ਜੀ ਬਚ੍ਹਪਨ ਵਿਚ ਚੜਾਈ ਕਰ ਗਏ ਸਨ,ਇਕ ਭੈਣ,ਇਕ ਭਰਾ ਮਾਤਾ ਨੇ ਤਿੰਨਾਂ ਨੂੰ ਮਾਂ ਪਿਓ ਦਾ ਪਿਆਰ ਦਿੱਤਾ। ਉਦੋਂ ਘਰ ਕੱਠੇ ਹੁੰਦੇ ਸੀ ਚਾਚਿਆਂ ਤਾਇਆਂ ਕਰਕੇ ਸਾਨੂੰ ਇਕੱਲਤਾ ਜਾਂ ਕਿਸੇ ਬਾਹਰੀ ਡਰ ਨੇ ਨਹੀ ਸਤਾਇਆ,ਪਰ ਵੰਡ ਵੇਲੇ ਦਾ ਦ੍ਰਿਸ਼ ਬਹੁਤ ਭਿਆਨਕ ਸੀ ਜਦੋਂ ਸਭ ਨੂੰ ਆਪਣੀ ਆਪਣੀ ਜਾਨ ਬਚਾ ਕੇ ਭੱਜਣਾ ਪਿਆ,ਅਜਾਦੀ ਕਾਹਦੀ ਸਾਡਾ ਤੇ ਸਭ ਕੁਝ ਬਰਬਾਦ ਹੋ ਗਿਆ,ਅੱਜ ਵੀ ਸ਼ਹਿਰ ਲਾਹੌਰ ਦੇ ਪਿੰਡ ਦੀਆਂ ਗਲੀਆਂ ਨਹੀ ਭੁੱਲਦੀਆਂ ਜਿਥੇ ਹਾਂਣੀਆਂ ਨਾਲ ਖੇਡ ਵੱਡੇ ਹੋਏ।

ਸਰਦਾਰ ਕੁਲਵੰਤ ਸਿੰਘ ਬੀਬੀ ਸੰਦੀਪ ਕੌਰ ਦੇ ਪਿਤਾ ਜੀ ਹਨ ,ਜੋ ਸ਼ਹੀਦ ਭਾਈ ਧਰਮ ਸਿੰਘ ਟਰੱਸਟ ਦੇ ਚੇਅਰਮੈਨ ਹਨ। ਜਿੰਨਾ 1984 ਤੋਂ ਬਾਅਦ ਸਿੱਖ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਈ,ਲੰਮਾ ਸਮਾਂ ਜੇਲ਼ ਕੱਟ ਕੇ ਰਿਹਾਈ ਤੋਂ ਬਾਅਦ ਸ਼ਹੀਦ ਸਿੰਘਾਂ ਦੇ ਬੱਚੇ ਬੱਚੀਆਂ ਲਈ ਟਿਕਾਣਾ ਬਣਾ ਕੇ ਸ਼ਹੀਦ ਪਰਿਵਾਰਾਂ ਦੀ ਬਾਂਹ ਫੜ੍ਹੀ ਚੰਗਾ ਪੜ੍ਹਾਇਆ,ਦੁਨੀਆਂ ਦਾ ਇਕੋ ਇਕ ਟਰੱਸਟ ਹੋਵੇਗਾ ਜਿਥੇ ਬੱਚਿਆਂ ਨੂੰ ਵਕਾਲਤ,ਡਾਕਟਰੀ,ਇੰਜੀਨੀਅਰਿੰਗ,ਪੀ.ਐਚ.ਡੀ,ਤੱਕ ਫਰੀ ਪੜ੍ਹਾਇਆ ਜਾਂਦਾ ਹੈ ਖੈਰ ਪੋਸਟ ਦਾ ਇਹ ਵਿਸ਼ਾ ਨਹੀ ।

ਸਾਉਣ ਮਹੀਨੇ ਦੇ ਚਮਾਸਿਆਂ ਵਿਚ ਏ.ਸੀ ਰੂਮਾਂ ਨੂੰ ਛੱਡ ਤੂਤਾਂ ਦੀ ਛਾਂਵੇਂ ਬਹਿਣ ਵਾਲੇ ਸਾਦਗੀ ਪਸੰਦ ਬਜੁਰਗਾਂ ਦਾ ਮੇਰੀ ਜਿੰਦਗੀ ਤੇ ਬਹੁਤ ਪ੍ਰਭਾਵ ਹੈ,ਨਿਮਰਤਾ ਸ਼ਰਾਫ਼ਤ ਐਸੀ ਕਿ ਟਰੱਸਟ ਦੇ ਸਾਲਾਨਾਂ ਸ਼ਹੀਦੀ ਸਮਾਗਮ ਮੌਕੇ ਸੰਗਤਾਂ ਵਿਚ ਪਿਛਲੇ ਪਾਸੇ ਬੈਠੇ ਵੇਖ ਮੈਂ ਹੈਰਾਨ ਸੀ ਕਿ ਸਾਡੇ ਪਿੰਡਾਂ ਵਿਚ ਸਮਾਗਮਾਂ ਮੌਕੇ ਜਿਸਦਾ ਕੋਈ ਸਹਿਯੋਗ ਨਹੀ ਹੁੰਦਾ ਉਹ ਵੀ ਸਟੇਜ ਤੇ ਆਣ ਬੈਠਦਾ ਹੈ,ਪਰ ਧੰਨ ਹਨ ਇਹ ਬਜੁਰਗ ਜਿੰਨਾ ਨੂੰ ਮੋਢੇ ਨਾਲ ਮੋਢਾ ਖਹਿ ਲੰਘਦੀ ਦੁਨੀਆਂ ਨਾਲ ਕੋਈ ਬਹੁਤਾ ਵਾਸਤਾ ਨਹੀ ਆਪਣੇ ਇਲਾਹੀ ਅਨੰਦ ਵਿਚ ਵਿਚਰਨਾ ਵਿਰਲੀਆਂ ਰੂਹਾਂ ਦੇ ਹਿੱਸੇ ਆਉਦਾ ਹੈ।

ਇਹਨਾਂ ਦਾ ਜੀਵਨ ਅਜੋਕੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਹੈ ਜੋ ਜਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਜੂਝਦੇ ਨਿਰਾਸ਼ ਹੋ ਕੇ ਗਲਤ ਫੈਸਲੇ ਲੈ ਲੈਂਦੇ ਹਨ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਸਾਡੇ ਵਡੇਰੇ ਕਿੰਨੀ ਵਾਰ ਉੱਜੜ ਪੁੱਜੜ ਕੇ ਫੇਰ ਆਬਾਦ ਹੋਏ ਧਰਮ ਨਹੀ ਹਾਰਿਆ ।

ਉਥੇ ਰਹਿਗੀਆਂ ਮੱਝਾਂ ਗਾਵਾਂ,
ਕਿੱਦਾਂ ਮੁਲ੍ਹਕ ਲੁਟਾਏ ਸ਼ਾਹਾਂ,
ਅੰਮ੍ਰਿਤਸਰ ਨੂੰ ਕਿਹੜੀਆਂ ਰਾਹਵਾਂ,
ਬੱਚੇ ਹਿੱਕ ਨਾਲ ਲਾ ਕੇ ਮਾਵਾਂ,
ਜਾਨ ਬਚਾ ਕੇ ਦੌੜ੍ਹਦੀਆਂ….
ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ।

【ਸ਼ਮਸ਼ੇਰ ਸਿੰਘ ਜੇਠੂਵਾਲ】