ਜਗਜੀਤ ਡੱਲੇਵਾਲ ਵੱਲੋਂ ਕੇਂਦਰੀ ਮੰਤਰੀ ਦੀ ਮੀਟਿੰਗ ਦੀ ਅਪੀਲ ਰੱਦ, ਸਰਕਾਰ ’ਤੇ ਵਿਸ਼ਵਾਸਘਾਤ ਦਾ ਦੋਸ਼

ਜਗਜੀਤ ਡੱਲੇਵਾਲ ਵੱਲੋਂ ਕੇਂਦਰੀ ਮੰਤਰੀ ਦੀ ਮੀਟਿੰਗ ਦੀ ਅਪੀਲ ਰੱਦ, ਸਰਕਾਰ ’ਤੇ ਵਿਸ਼ਵਾਸਘਾਤ ਦਾ ਦੋਸ ਫਤਿਹਗੜ੍ਹ ਸਾਹਿਬ ਵਿੱਚ ਹੋਈ ਕਿਸਾਨ ਮਹਾਪੰਚਾਇਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਦੀ ਨੀਤੀ ’ਤੇ ਗੰਭੀਰ ਸਵਾਲ ਖੜੇ ਕੀਤੇ।

ਉਨ੍ਹਾਂ ਆਰੋਪ ਲਾਇਆ ਕਿ ਸਰਕਾਰ ਇੱਕ ਪਾਸੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਂਦੀ ਹੈ, ਜਦਕਿ ਦੂਜੇ ਪਾਸੇ ਰਾਤ ਦੇ ਹਨੇਰੇ ’ਚ ਕਿਸਾਨ ਮੋਰਚਿਆਂ ’ਤੇ ਬਲ ਪ੍ਰਯੋਗ ਕਰਦੀ ਹੈ। ਡੱਲੇਵਾਲ ਨੇ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ 4 ਮਈ ਲਈ ਦਿੱਤੀ ਗਈ ਮੀਟਿੰਗ ਦੀ ਅਪੀਲ ਨਕਾਰ ਦਿਤੀ। ਉਨ੍ਹਾਂ ਕਿਹਾ ਕਿ ਪਿਛਲੇ ਤਜਰਬਿਆਂ ਦੇ ਆਧਾਰ ‘ਤੇ ਸਰਕਾਰ ਦੇ ਵਾਅਦਿਆਂ ‘ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਹਿਲਾਂ ਵੀ ਕਈ ਵਾਰ ਵਾਅਦੇ ਤੋੜੇ ਗਏ ਹਨ।

ਉਨ੍ਹਾਂ ਨੇ ਮੱਖੀ ਮੋਰਚੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਅਖੰਡ ਪਾਠ ਰੁਕਵਾਉਣ ਦੇ ਮਾਮਲੇ ਨੂੰ ਵੀ ਉਭਾਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਨਸਾਫ਼ ਦੀ ਮੰਗ ਕੀਤੀ। ਇਸ ਮਸਲੇ ਨੇ ਕਿਸਾਨ ਅੰਦੋਲਨ ਨੂੰ ਧਾਰਮਿਕ ਸੰਵੇਦਨਸ਼ੀਲਤਾ ਨਾਲ ਜੋੜ ਦਿੱਤਾ ਹੈ। ਪੰਜਾਬ ਭਰ ਵਿੱਚ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਚੱਲ ਰਹੇ ਮੋਰਚਿਆਂ ਦੇ ਹੱਕ ਵਿੱਚ ਕਈ ਥਾਵਾਂ ’ਤੇ ਮਹਾਪੰਚਾਇਤਾਂ ਹੋ ਰਹੀਆਂ ਹਨ। ਡੱਲੇਵਾਲ ਨੇ ਸਾਫ਼ ਕੀਤਾ ਕਿ ਜਦ ਤੱਕ ਸਰਕਾਰ ਕਿਸਾਨਾਂ ਦੀਆਂ ਮੁੱਖ ਮੰਗਾਂ ਨੂੰ ਨਹੀਂ ਮੰਨਦੀ, ਤਦ ਤੱਕ ਅੰਦੋਲਨ ਜਾਰੀ ਰਹੇਗਾ।