151 views 8 secs 0 comments

ਜਤ ਕਲਾ

ਲੇਖ
April 07, 2025

ਡਾ. ਇੰਦਰਜੀਤ ਸਿੰਘ ਗੋਗੋਆਣੀ

ਆਸ ਨਿਰਾਸੀ ਤਉ ਸੰਨਿਆਸੀ॥
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ॥ (ਅੰਗ 356)

ਮਾਨਵੀ ਸ਼ਖਸੀਅਤ ਦੀ ਸੰਪੂਰਨਤਾ ਸਬੰਧੀ ਸੋਲਾਂ ਕਲਾਵਾਂ ਵਿੱਚੋਂ ਬਾਰਵੀਂ ਕਲਾ ਜਤ ਕਲਾ ਹੈ। ਗੁਰਮਤਿ ਮਾਰਤੰਡ ਅਨੁਸਾਰ ਜਤ ਤੋਂ ਭਾਵ ਕਾਮ ਨੂੰ ਵੱਸ ਰੱਖਣਾ ਅਰ ਉਸ ਦਾ ਵਰਤਾਉ ਧਰਮ ਅਨੁਸਾਰ ਸੰਜਮ ਨਾਲ ਕਰਨਾ ਗੁਰਮਤਿ ਵਿਚ ਜਤ ਹੈ। ਮਹਾਨ ਕੋਸ਼ ਵਿਚ ਜਤ ਤੋਂ ਭਾਵ ਇੰਦ੍ਰੀਆਂ ਨੂੰ ਕਾਬੂ ਕਰਨਾ ਹੈ।

ਸਮ ਅਰਥ ਕੋਸ਼ ਵਿਚ ਜਤ ਦੇ ਸਮਾਨਾਰਥੀ ਸ਼ਬਦ- ਸੀਲ ਤੇ ਸ਼ੀਲ ਹਨ ਪਰ ਜਤੀ ਦੇ ਸਮਾਨਾਰਥੀ ਵਿਸ਼ੇਸ਼ਣ ਅਹੇਹ, ਜਿਤੇਂਦ੍ਰੀ, ਯਤਿ,ਯਤਿਨ, ਯਤੀ ਆਦਿ ਹਨ।

ਦਰਅਸਲ ਇਸ ਸੰਸਾਰ ਵਿਚ ਬਹੁਤੀ ਭਟਕਣਾ ਖਤਰਨਾਕ ਰੋਗ ਲੜਾਈਆਂ ਕਤਲੋਗਾਰਤ ਆਦਿ ਦੇ ਪਿਛੋਕੜ ਵਿਚ ਕਾਮ ਦਾ ਵਿਕਾਰ ਹੀ ਪ੍ਰਬਲ ਹੈ। ਧਾਰਮਿਕ ਜਗਤ ਵਿਚ ਵੀ ਵਾਰ-ਵਾਰ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਨੂੰ ਮਾਰਨ ਤੋਂ ਭਾਵ ਇਨ੍ਹਾਂ ਵਿੱਚੋਂ ਬੁਰਿਆਈ ਨੂੰ ਖ਼ਤਮ ਕਰਨ ਤੇ ਸੀਲ ਸੰਜਮ ਅਨੁਸਾਰ ਸਦਵਰਤੋਂ ਦੀ ਪ੍ਰੇਰਨਾ ਹੈ। ਇਸ ਜਗਤ ਦੀ ਉਤਪਤੀ ਦਾ ਆਧਾਰ ਵੀ ਕਾਮ ਹੀ ਹੈ ਪਰ ਰਿਸ਼ੀਆਂ-ਮੁਨੀਆਂ ਦੀਆਂ ਕਥਾਵਾਂ ਤੋਂ ਲੈ ਕੇ ਵਰਤਮਾਨ ਸਮੇਂ ਤਕ ਸਮਾਜ ਦੀ ਪੱਤ ਵੀ ਕਾਮ ਨੇ ਹੀ ਰੋਲੀ ਹੈ। ਮਾਨਵਤਾ ਦੀਆਂ ਬਹੁਤੀਆਂ ਸਰੀਰਿਕ ਤੇ ਮਾਨਸਿਕ ਸਮੱਸਿਆਵਾਂ ਦਾ ਕੇਂਦਰ ਬਿੰਦੂ ਵੀ ਕਾਮ ਹੀ ਹੈ। ਇਸੇ ਲਈ ਸਤਿਗੁਰਾਂ ਨੇ ਚੰਗੇ ਸਮਾਜ ਅਤੇ ਉੱਚ ਆਚਰਨਧਾਰੀ ਮਨੁੱਖ ਦੀ ਘਾੜਤ ਘੜਨ ਲਈ ਵਾਰ-ਵਾਰ ਮਾਨਵਤਾ ਨੂੰ ਸੁਚੇਤ ਕੀਤਾ ਹੈ। ਪੰਚਮ ਪਾਤਸ਼ਾਹ ਜੀ ਦਾ ਫ਼ਰਮਾਨ ਹੈ:-

ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ॥ ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ॥(ਅੰਗ 403)

ਇਹ ਸੰਬੋਧਨਕ ਸ਼ਬਦ ਹੈ ਕਿ ਹੇ ਜੀਵ ! ਥੋੜਾ ਜਿਹਾ ਸਮਾਂ ਕਾਮ-ਵਾਸ਼ਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈ। ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈ ਤੇ ਉਸ ਤੋਂ ਪਿੱਛੋਂ ਮੁੜ-ਮੁੜ ਪਛਤਾਉਂਦਾ ਹੈ।

ਇਸੇ ਸੰਦਰਭ ਵਿਚ ਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ:-
ਸਾਧੋ ਮਨ ਕਾ ਮਾਨੁ ਤਿਆਗਉ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ॥ (ਅੰਗ 219)

ਭਾਵ – ਹੇ ਸੰਤ ਜਨੋ! ਆਪਣੇ ਮਨ ਦਾ ਅਹੰਕਾਰ ਛੱਡ ਦਿਓ। ਕਾਮ ਕ੍ਰੋਧ ਭੀ ਭੈੜੇ ਮਨੁੱਖ ਦੀ ਸੰਗਤ ਵਾਂਗ ਹੀ ਹੈ ਤੇ ਇਸ ਤੋਂ ਭੀ ਦਿਨ-ਰਾਤ ਦੂਰ ਰਹੋ। ਸੰਸਾਰ ਵਿਚ ਕਾਮ, ਕ੍ਰੋਧ ਤੇ ਬੁਰੇ ਦੀ ਸੰਗਤ ਹੀ ਮਾਨਵਤਾ ਲਈ ਅਤਿ ਖਤਰਨਾਕ ਹੁੰਦੀ ਹੈ। “ਜੈਸੀ ਸੰਗਤ ਵੈਸੀ ਰੰਗਤ” ਜਾਂ “ਜੈਸਾ ਅੰਨ ਤੈਸਾ ਮਨ” ਆਦਿ ਲੋਕ ਮੁਹਾਵਰੇ ਵੀ ਐਸੀ ਜਾਗ੍ਰਿਤੀ ਦਾ ਆਧਾਰ ਹਨ। ਜਤ ਨੂੰ ਤਿਆਗ ਕੇ ਕਾਮ ਵਿਚ ਗ੍ਰਸੇ ਮਨੁੱਖ ਦੀ ਕੀ ਹਾਲਤ ਹੁੰਦੀ ਹੈ। ਸਲੋਕ ਸਹਸਕ੍ਰਿਤੀ ਵਿਚ ਪੰਚਮ ਪਾਤਸ਼ਾਹ ਜੀ ਦਾ ਫ਼ਰਮਾਨ ਹੈ:-

ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ।।
(ਅੰਗ 1358)

ਭਾਵ – ਹੇ ਕਾਮ ! ਤੂੰ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਨਰਕ ਵਿਚ ਪਹੁੰਚਾਉਣ ਵਾਲਾ ਹੈ ਅਤੇ ਕਈ ਜੂਨਾਂ ਵਿਚ ਭਟਕਾਉਣ ਵਾਲਾ ਹੈਂ। ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ, ਤੇਰੀ ਤਿੰਨਾ ਹੀ ਲੋਕਾਂ ਵਿਚ ਪਹੁੰਚ ਹੈ ਅਤੇ ਤੂੰ ਜੀਵਾਂ ਦੇ ਜਪ ਤਪ ਤੇ ਚੰਗੇ ਆਚਰਨ ਨਾਸ਼ ਕਰ ਦਿੰਦਾ ਹੈ।

ਜੀਵਨ ਦਾ ਸੱਚ ਹੈ ਕਿ ਕਿਸੇ ਧਰਤੀ ਉੱਪਰ ਚੰਗੇ ਵਿਚਾਰਾਂ ਵਾਲੇ ਲੋਕ ਹੀ ਚੰਗਾ ਸਮਾਜ ਸਿਰਜਦੇ ਹਨ। ਜਤ ਕਲਾ ਦੀ ਅਹਿਮੀਅਤ ਤੋਂ ਅਗਿਆਨੀ ਸਮਾਜ ਇਸ ਦੈਵੀ ਸ਼ਕਤੀ ਨੂੰ ਵਿਅਰਥ ਗਵਾ ਰਿਹਾ ਹੈ। ਮਨ ਦੀ ਭਟਕਣਾ ਬੇਚੈਨੀ ਤੇ ਬਲਾਤਕਾਰੀ ਦੇ ਕਿੱਸੇ ਇਸ ਇੱਕੀਵੀਂ ਸਦੀ ਵਿਚ ਸਭ ਤੋਂ ਵੱਧ ਸ਼ਰਮਨਾਕ ਰੂਪ ਵਿਚ ਸਾਡੇ ਸਾਹਮਣੇ ਹੀ ਹਨ। ਇਹ ਸੱਭਿਅਕ ਸਮਾਜ ਦੇ ਮੱਥੇ ‘ਤੇ ਵੱਡਾ ਕਲੰਕ ਹੈ। ਗ੍ਰਿਹਸਤੀ ਜੀਵਨ ਜਿਸ ਨੂੰ ਗ੍ਰਿਹਸਤ ਧਰਮ ਕਿਹਾ ਹੈ, ਬਰਬਾਦ ਹੋ ਰਹੇ ਹਨ ਅਤੇ ਤਲਾਕ ਤੇ ਝਗੜੇ ਵਧ ਰਹੇ ਹਨ। ਲੱਖਾਂ ਦੀ ਤਾਦਾਦ ਵਿਚ ਏਡਜ਼ ਦੇ ਰੋਗੀ ਜੇਲਾਂ ਵਿਚ ਕਾਮ ਦੇ ਕੈਦੀ ਨਮੋਸ਼ੀਜਨਕ ਆਤਮ ਹੱਤਿਆਵਾ ਸੜਕਾਂ-ਚੋਰਾਹਿਆਂ ‘ਚ ਅਵਾਰਾਗਰਦਾਂ ਦੀ ਭੀੜ,ਬੇਢੱਬੇ ਤੇ ਅੱਧਨੰਗੇ ਫੈਸ਼ਨ ਇਸ ਸਮਾਜ ਨੂੰ ਕਿੱਧਰ ਲੈ ਜਾਣਗੇ? ਇਹ ਸੋਚਣ ਤੇ ਵਿਚਾਰਨ ਦੀ ਲੋੜ ਹੈ। ਇਸ ਪੱਖੋਂ ਅਵੇਸਲਾ ਮਨੁੱਖ ਵਿਕਾਰਾਂ ਦੀ ਭਾਰੀ ਪੰਡ ਚੁੱਕ ਕੇ ਜੀਵਨ-ਯਾਤਰਾ ਬਰਬਾਦ ਕਰ ਰਿਹਾ ਹੈ।

ਇਸ ਰਚਨਾ ਦੇ ਅਰੰਭ ਵਿਚ ਦਿੱਤੀਆਂ ਪੰਕਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਹਨ। ਸਤਿਗੁਰਾਂ ਦਾ ਆਦੇਸ਼ ਹੈ ਕਿ ਜੇਕਰ ਮਨੁੱਖ ਸਭ ਮਾਇਕ ਆਸਾਂ ਵੱਲੋਂ ਉਪਰਾਮ ਹੈ ਤਾਂ ਸਮਝੋ ਇਹ ਸੰਨਿਆਸੀ ਹੈ। ਇਸੇ ਤਰਾਂ ਜੇ (ਗ੍ਰਿਹਸਤੀ ਹੁੰਦਿਆਂ) ਜੋਗੀ ਵਾਲਾ ਜਤ ਕਾਇਮ ਹੈ ਤਾਂ ਉਸ ਨੂੰ ਅਸਲ ਗ੍ਰਿਹਸਤੀ ਕਿਹਾ ਜਾ ਸਕਦਾ ਹੈ। ਇਸ ਲਈ ਅਜੋਕੇ ਮਨੁੱਖ ਨੂੰ ਜੇਕਰ ਜਤ ਕਲਾ ਦਾ ਗਿਆਨ ਹੋਵੇ ਤਾਂ ਉਹ ਬਹੁਤ ਸਾਰੇ ਸਰੀਰਿਕ ਤੇ ਮਾਨਸਿਕ ਰੋਗਾਂ ਤੋਂ ਅਰੋਗ ਰਹਿ ਸਕਦਾ ਹੈ। ਬਾਕੀ ਗਿਆਨ ਦੇ ਨਾਲ ਜਤ ਦੀ ਸ਼ਕਤੀ ਤੇ ਸੰਜਮ ਦਾ ਅਧਿਐਨ ਜ਼ਰੂਰੀ ਹੈ।