ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਮਸ਼ੇਦਪੁਰ ਵਿਖੇ ਗੁਰਮਤਿ ਸਿੱਖਿਆ ਕੈਂਪ ਦੌਰਾਨ ਬੱਚਿਆਂ ਨੂੰ ਕੀਤਾ ਸਨਮਾਨਿਤ

ਦੇਸ਼
October 06, 2025

ਜਮਸ਼ੇਦਪੁਰ/ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਨਗੋ, ਜਮਸ਼ੇਦਪੁਰ, ਦ ਸਿੱਖ ਫੋਰਮ ਕੋਲਕਾਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਮਾਨਗੋ ਗੁਰੂ ਘਰ ਵਿਖੇ ਲਗਾਏ ਗਏ 55ਵੇਂ ਗੁਰਮਤਿ ਸਿੱਖਿਆ ਕੈਂਪ ਦੀ ਸੰਪੂਰਨਤਾ ਵੇਲੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਦਾਰ ਗੜਗੱਜ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ਵੱਖ-ਵੱਖ ਗੁਰਮਤਿ ਮੁਕਾਬਲਿਆਂ (ਗੁਰਮਤਿ ਸੰਗੀਤ, ਦਸਤਾਰ, ਖੇਡਾਂ ਆਦਿ) ਵਿੱਚ ਮੋਹਰੀ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਇਨਾਮ ਵੰਡੇ। ਕੈਂਪ ਵਿੱਚ ਝਾਰਖੰਡ, ਪੱਛਮ ਬੰਗਾਲ, ਓਡੀਸ਼ਾ ਤੇ ਨੇੜਲੇ ਇਲਾਕਿਆਂ ਦੇ 185 ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਮਤਿ ਰਹਿਣੀ, ਸਿੱਖ ਰਹਿਤ ਮਰਯਾਦਾ, ਸਿੱਖ ਇਤਿਹਾਸ, ਸਿਧਾਂਤ ਤੇ ਪਰੰਪਰਾਵਾਂ, ਸਿੱਖੀ ਵਿੱਚ ਔਰਤਾਂ ਦੀ ਭੂਮਿਕਾ, ਸੇਵਾ, ਮਹਾਨ ਸਿੱਖ ਸ਼ਖ਼ਸੀਅਤਾਂ ਬਾਰੇ ਸਿੱਖਿਆ ਦਿੱਤੀ ਗਈ।

ਕੈਂਪ ਦੇ ਸੰਪੂਰਨਤਾ ਸਮਾਗਮ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਬੱਚਿਆਂ ਨੂੰ ਸੰਬੋਧਨ ਕਰਕੇ ਪ੍ਰੇਰਿਤ ਕੀਤਾ। ਜਥੇਦਾਰ ਗੜਗੱਜ ਨੇ ਖੁਦ ਕੈਂਪ ਦੀ ਸੰਪੂਰਨਤਾ ਦੀ ਅਰਦਾਸ ਕੀਤੀ।

ਜਥੇਦਾਰ ਗੜਗੱਜ ਨੇ ਗੁਰਮਤਿ ਕੈਂਪ ਦੀ ਸੰਪੂਰਨਤਾ ਦੌਰਾਨ ਸੰਬੋਧਨ ਕਰਦਿਆਂ ਬੱਚਿਆਂ ਨਾਲ ਸਿੱਖ ਇਤਿਹਾਸ ਨਾਲ ਸਬੰਧਤ ਸਵਾਲ ਜਵਾਬ ਕੀਤੇ ਅਤੇ ਉਨ੍ਹਾਂ ਤੋਂ ਗੁਰਮੁਖੀ ਪੈਂਤੀ ਅੱਖਰੀ ਸੁਣੀ ਤੇ ਗੁਰਮਤਿ ਰਹਿਣੀ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਹਰ ਬੱਚੇ ਨੇ ਪੰਜਾਬੀ ਗੁਰਮੁਖੀ ਭਾਸ਼ਾ ਸਿੱਖਣੀ ਤੇ ਬੋਲਣੀ ਹੈ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਅਸਾਨੀ ਨਾਲ ਜੁੜਿਆ ਜਾ ਸਕੇ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਤੇ ਫ਼ਲਸਫ਼ੇ ਅਨੁਸਾਰ ਜੀਵਨ ਬਤੀਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਮਾਵਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਊੜਾ ਤੇ ਜੂੜਾ ਕਾਇਮ ਰੱਖਣ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਕ ਖ਼ਾਲਸਾ ਪਰਿਵਾਰ ਹਾਂ ਤੇ ਅਸੀਂ ਆਪਸ ਵਿੱਚ ਪ੍ਰੇਮ ਤੇ ਕੌਮੀ ਭਾਵਨਾ ਨਾਲ ਰਹਿਣਾ ਹੈ। ਉਨ੍ਹਾਂ ਬੱਚਿਆਂ ਨੂੰ ਸਿੱਖੀ ਦੇ ਪੰਗਤ ਤੇ ਸੰਗਤ, ਮੀਰੀ ਪੀਰੀ, ਸਰੋਵਰ, ਬਾਉਲੀਆਂ ਦੇ ਸਿਧਾਂਤ ਦੀ ਸਿੱਖਿਆ ਬਾਰੇ ਵੀ ਜਾਣਕਾਰੀ ਦਿੱਤੀ ਕਿ ਗੁਰੂ ਸਾਹਿਬਾਨ ਨੇ ਸਮਾਜ ਵਿੱਚੋਂ ਭੇਦਭਾਵ ਤੇ ਵਿਤਕਰੇ ਨੂੰ ਕਈ ਸਦੀਆਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਬਾਟੇ ਵਿੱਚ ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਛਕਾ ਕੇ ਖ਼ਾਲਸੇ ਬਣਾਇਆ। ਇੱਕ ਪਰਿਵਾਰ ਹੋਣ ਕਰਕੇ ਹੀ ਸਾਡੇ ਨਾਂਵਾਂ ਪਿੱਛੇ ਦਸਮ ਪਾਤਸ਼ਾਹ ਜੀ ਦੀ ਬਖ਼ਸ਼ਿਸ਼ ਸਦਕਾ ਸਿੰਘ ਤੇ ਕੌਰ ਲੱਗਦਾ ਹੈ। ਉਨ੍ਹਾਂ ਇਸ ਮੌਕੇ ਇਕਜੁੱਟ ਰਹਿਣ ਦਾ ਸੰਦੇਸ਼ ਵੀ ਦਿੱਤਾ ਤੇ ਸਿੱਖ ਪਰੰਪਰਾਵਾਂ ਅਨੁਸਾਰ ਅਸੀਂ ਸੰਤ ਤੇ ਸਿਪਾਹੀ ਵਾਂਗੂੰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਕੀਤੀ। ਉਨ੍ਹਾਂ ਹਮੇਸ਼ਾ ਹੀ ਸਮਾਜ ਵਿੱਚ ਲੋੜਵੰਦਾਂ ਦੀ ਮਦਦ ਕਰਨ ਦੀ ਪ੍ਰੇਰਨਾ ਕੀਤੀ।
ਜਥੇਦਾਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਨਗੋ ਜਮਸ਼ੇਦਪੁਰ ਦੀ ਪ੍ਰਬੰਧਕ ਕਮੇਟੀ, ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਸ਼ੇਦਪੁਰ ਅਤੇ ਦ ਸਿੱਖ ਫੋਰਮ ਕੋਲਕਾਤਾ ਦੇ ਸਮੂਹ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਤੇ ਨੌਜਵਾਨਾਂ ਵਿਚਕਾਰ ਸਿੱਖੀ ਪ੍ਰਚਾਰ ਪ੍ਰਸਾਰ ਤੇ ਸਿੱਖਿਆ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਕੈਂਪ ਦੇ ਪ੍ਰਬੰਧਕਾਂ ਤੇ ਗੁਰਦੁਆਰਾ ਕਮੇਟੀ ਵੱਲੋਂ ਜਥੇਦਾਰ ਗੜਗੱਜ ਤੇ ਭਾਈ ਗਰੇਵਾਲ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਦ ਸਿੱਖ ਫੋਰਮ ਵੱਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਤੇ ਇਹ ਚੰਗੀ ਗੱਲ ਹੈ ਕਿ ਹਰ ਸਾਲ ਸੈਂਕੜੇ ਬੱਚੇ ਇਨ੍ਹਾਂ ਕੈਂਪਾਂ ਰਾਹੀਂ ਗੁਰਮਤਿ ਤੇ ਸਿੱਖੀ ਦੀ ਸਿੱਖਿਆ ਲੈਂਦੇ ਹਨ। ਉਨ੍ਹਾਂ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਆਪਣੇ ਧੁਰੇ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਜਮਸ਼ੇਦਪੁਰ ਵਿੱਚ ਰਹਿੰਦੇ ਸਿੱਖ ਸ਼ੁਰੂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰਦੁਆਰਾ ਸਾਹਿਬ ਨਾਲ ਜੁੜੇ ਹਨ, ਇਸੇ ਲਈ ਇੱਥੇ ਵੱਸਦੇ ਸਿੱਖ ਚੜ੍ਹਦੀ ਕਲਾ ਵਿੱਚ ਹਨ।

ਇਸ ਮੌਕੇ ਸ. ਭਗਵਾਨ ਸਿੰਘ ਪ੍ਰਧਾਨ ਕੇਂਦਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਮਸ਼ੇਦਪੁਰ, ਸ. ਸ਼ੈਲੇਂਦਰ ਸਿੰਘ, ਸ. ਜਗਮੋਹਨ ਸਿੰਘ ਇੰਚਾਰਜ ਸਿੱਖ ਮਿਸ਼ਨ ਪੂਰਬੀ ਭਾਰਤ, ਸ. ਬਲਦੇਵ ਸਿੰਘ ਨਿੱਜੀ ਸਹਾਇਕ, ਸ. ਜਸਕਰਨ ਸਿੰਘ ਮੀਡੀਆ ਸਲਾਹਕਾਰ, ਸਿੱਖ ਫ਼ੋਰਮ ਕੋਲਕਾਤਾ ਤੋਂ ਪ੍ਰਧਾਨ ਸ. ਦਲਬੀਰ ਸਿੰਘ, ਜਨਰਲ ਸਕੱਤਰ ਸ. ਗੁਰਸ਼ਰਨ ਸਿੰਘ, ਸ. ਗੁਰਮੀਤ ਸਿੰਘ ਮੈਂਬਰ, ਸ. ਪ੍ਰਭਜੋਤ ਸਿੰਘ, ਡਾ. ਅਨੰਤਪਾਲ ਸਿੰਘ, ਸ. ਸੁਖਵੰਤ ਸਿੰਘ, ਸ. ਜਗਜੀਤ ਸਿੰਘ, ਸ. ਕੁਲਵੰਤ ਸਿੰਘ, ਸ. ਜਸਵਿੰਦਰ ਸਿੰਘ, ਗਿਆਨੀ ਜਰਨੈਲ ਸਿੰਘ, ਗਿਆਨੀ ਲਖਬੀਰ ਸਿੰਘ, ਭਾਈ ਗੁਰਵਿੰਦਰ ਸਿੰਘ ਜੰਮੂ ਪ੍ਰਚਾਰਕ, ਸ. ਗੁਰਚਰਨ ਸਿੰਘ ਗਿੱਲ, ਸ. ਦਲਜੀਤ ਸਿੰਘ, ਸ. ਸਵਿੰਦਰ ਸਿੰਘ ਆਦਿ ਹਾਜ਼ਰ ਸਨ।