ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੈ। ਇੱਕ ਮੁਸਲਿਮ ਵਿਅਕਤੀ ਇੱਕ ਗੱਡੇ ਨਾਲ ਲਾਹੌਰ ਸ਼ਹਿਰ ਦੇ ਬਾਹਰ ਜਾ ਰਿਹਾ ਸੀ। ਉਸਨੇ ਉਸ ਗੱਡੇ ਉਪਰ ਕੁਝ ਰੱਖਿਆ ਹੋਇਆ ਸੀ ਅਤੇ ਉਪਰ ਚਿੱਟਾ ਕੱਪੜਾ ਪਾਇਆ ਹੋਇਆ ਸੀ।
ਜਦੋਂ ਉਹ ਤੁਰਿਆ ਜਾ ਰਿਹਾ ਸੀ ਤਾਂ ਅਗਲੇ ਪਾਸੇ ਤੋਂ ਉਸਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆਉਂਦੇ ਹੋਏ ਮਿਲ ਗਏ। ਮਹਾਰਾਜਾ ਰਣਜੀਤ ਸਿੰਘ ਨੇ ਉਸ ਗੱਡੇ ਵਾਲੇ ਨੂੰ ਪੁੱਛਿਆ, ‘ਭਈ ਤੂੰ ਇਹ ਗੱਡੇ ਉਪਰ ਕੀ ਰੱਖਿਆ ਹੈ ਅਤੇ ਕਿਧਰ ਜਾ ਰਿਹਾ ਹੈਂ..?
ਉਸ ਗੱਡੇ ਵਾਲੇ ਨੇ ਜੁਆਬ ਦਿੱਤਾ ਕਿ ਮਹਾਰਾਜ ਮੈਂ ਕਈ ਸਾਲਾਂ ਦੀ ਮਿਹਨਤ ਨਾਲ ਇਹ ਸੁਨਹਿਰੀ ਕੁਰਾਨ ਸ਼ਰੀਫ਼ ਤਿਆਰ ਕੀਤਾ ਹੈ। ਇਹ ਏਨਾਂ ਕੀਮਤੀ ਹੈ ਕਿ ਇਥੇ ਇਸ ਦੀ ਕੀਮਤ ਪਾਉਣ ਵਾਲਾ ਕੋਈ ਨਹੀਂ ਹੈ। ਮੈਂ ਇਸ ਨੂੰ ਕਈ ਮੁਸਲਮਾਨ ਹਾਕਮਾਂ, ਨਵਾਬਾਂ, ਨਿਜ਼ਾਮਾਂ ਨੂੰ ਦਿਖਾ ਚੁੱਕਾ ਹਾਂ ਪਰ ਕੋਈ ਵੀ ਇਸਦੀ ਅਸਲ ਕੀਮਤ ਦੇਣ ਨੂੰ ਤਿਆਰ ਨਹੀਂ ਹੈ। ਇਸ ਲਈ ਇਸਨੂੰ ਹੈਦਰਾਬਾਦ ਲੈ ਕੇ ਜਾ ਰਿਹਾ ਹਾਂ, ਸ਼ਾਇਦ ਉਥੋਂ ਦੇ ਨਵਾਬ ਇਸਦੀ ਕੀਮਤ ਦੇ ਸਕਣ।
ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਦਿੱਤਾ ਕਿ ਗੱਡਾ ਮੋੜ ਕੇ ਵਾਪਸ ਲੈ ਆ। ਇਸ ਪਵਿੱਤਰ ਕੁਰਾਨ ਸ਼ਰੀਫ਼ ਦੀ ਜਿੰਨੀ ਵੀ ਤੂੰ ਕੀਮਤ ਲਗਾਵੇਂਗਾ ਉਸ ਤੋਂ ਵੱਧ ਅਸੀਂ ਤੈਨੂੰ ਦੇਵਾਂਗੇ। ਉਹ ਗੱਡੇ ਵਾਲਾ ਸ਼ਾਹੀ ਕਿਲੇ ਵੱਲ ਨੂੰ ਮੁੜ ਪਿਆ ਅਤੇ ਦਰਬਾਰ ਵਿੱਚ ਜਾ ਕੇ ਗੱਡੇ ਵਾਲੇ ਨੇ ਜਿੰਨੀ ਕੀਮਤ ਕਹੀ, ਮਹਾਰਾਜੇ ਨੇ ਸਤਿਕਾਰ ਵਜੋਂ ਉਸ ਤੋਂ ਵੱਧ ਕੀਮਤ ਦੇ ਕੇ ਉਸ ਕੁਰਾਨ ਸ਼ਰੀਫ਼ ਨੂੰ ਆਪ ਬੜੇ ਸਤਿਕਾਰ ਨਾਲ ਖਰੀਦ ਲਿਆ।
ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਹ ਖਰੜਾ ਖਰੀਦ ਲਿਆ ਤਾਂ ਉਨ੍ਹਾਂ ਨੇ ਫਕੀਰ ਅਜ਼ੀਜ਼ਉੱਦੀਨ ਨੂੰ ਉਸ ਖਰੜੇ ਵਿਚੋਂ ਕੋਈ ਹਿੱਸਾ ਪੜ੍ਹ ਕੇ ਸੁਨਾਉਣ ਲਈ ਕਿਹਾ। ਫਕੀਰ ਅਜ਼ੀਜ਼ਉੱਦੀਨ ਨੇ ਕੁਰਾਨ ਵਿਚੋਂ ਕੁਝ ਅੰਸ਼ ਪੜ੍ਹ ਕੇ (ਅਨੁਵਾਦ ਕਰਕੇ) ਸੁਣਾਏ ਤਾਂ ਮਹਾਰਾਜਾ ਸਾਹਿਬ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਜਿਹੇ ਵਿਚਾਰ ਹੀ ਪੇਸ਼ ਕੀਤੇ ਗਏ ਹਨ, ਫਿਰ ਫਰਕ ਕੀ ਹੈ…?
ਫਕੀਰ ਅਜ਼ੀਜ਼ਉੱਦੀਨ ਨੇ ਜੁਆਬ ਦਿੱਤਾ ਕਿ ਮਹਾਰਾਜ ਉਦੇਸ਼ ਇੱਕੋ ਹੀ ਹੈ ਸਿਰਫ ਰਾਹ ਵੱਖਰੇ-ਵੱਖਰੇ ਹਨ। ਇਹ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਬਹੁਤ ਪ੍ਰਸੰਨ ਹੋਏ ਅਤੇ ਉਹ ਕੁਰਾਨ ਦਾ ਖਰੜਾ ਇਨਾਮ ਵਜੋਂ ਫਕੀਰ ਅਜ਼ੀਜ਼ਉੱਦੀਨ ਨੂੰ ਦੇ ਦਿੱਤਾ।
ਫਕੀਰ ਅਜ਼ੀਜ਼ਉੱਦੀਨ ਨੇ ਮਹਾਰਾਜੇ ਦੀ ਦਰਿਆ ਦਿਲੀ ਦੀ ਪ੍ਰਸ਼ੰਸਾ ਕੀਤੀ ਤਾਂ ਮਹਾਰਾਜੇ ਨੇ ਕਿਹਾ ਕਿ “ਪ੍ਰਮਾਤਮਾ ਦੀ ਰਜ਼ਾ ਸੀ ਕਿ ਮੈਂ ਸਭ ਨੂੰ ਇਕੋ ਅੱਖ ਨਾਲ ਵੇਖਾਂ, ਇਹੋ ਕਾਰਨ ਹੈ ਕਿ ਉਸ ਨੇ ਮੇਰੀ ਦੂਸਰੀ ਅੱਖ ਦੀ ਰੌਸ਼ਨੀ ਖੋਹ ਲਈ”।
ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਦੇ ਰਾਜ ਵਿੱਚ ਸਾਰੇ ਹੀ ਧਰਮਾਂ ਦੇ ਲੋਕ ਪੂਰੀ ਧਾਰਮਿਕ ਅਜ਼ਾਦੀ ਨਾਲ ਮਿਲ-ਜੁਲ ਕੇ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਅਜਿਹੇ ਕਈ ਵਾਕਿਆ ਹੋਰ ਵੀ ਹਨ।
– ਇੰਦਰਜੀਤ ਸਿੰਘ ਹਰਪੁਰਾ, ਬਟਾਲਾ।
