ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀ:2
ਊਠਾਂ ਵਾਲਿਆਂ ਨਾਲ ਯਾਰੀਆਂ ਲਾ ਕੇ ਛੋਟੇ ਦਰਵਾਜ਼ੇ ਥੋੜ੍ਹਾ ਰੱਖੇ ਜਾ ਸਕਦੇ ਨੇ? ਵੱਡਿਆਂ ਘਰਾਂ ਦੇ ਵੱਡੇ ਦਰਵਾਜ਼ੇ। ਭਾਈ ਫੱਗੋ ਮੱਲ ਘਰ ਦੀ ਡਿਉੜੀ ਉਸਾਰ ਰਿਹਾ ਸੀ, ਜਿਸ ਦੇ ਦਰਵਾਜ਼ੇ ਵਿੱਚੋਂ ਦੀ ਹਾਥੀ ਲੰਘ ਜਾਵੇ, ਘੋੜ ਚੜ੍ਹਿਆ ਅਸਵਾਰ ਅਸਾਨੀ ਨਾਲ ਅੰਦਰ ਜਾ ਸਕੇ। ਆਂਢੀਆਂ-ਗੁਆਂਢੀਆਂ ਮਸ਼ਕਰੀ-ਖੋਰਿਆਂ ਆਖਿਆ- “ਚਾਚਾ! ਔਰੰਗਜ਼ੇਬ ਦੀ ਸਵਾਰੀ ਆਉਣੀ ਏ ਘਰੇ? ਦਰਵਾਜ਼ਾ ਜੁ ਇੰਨਾ ਵੱਡਾ ਰੱਖਿਆ ਏ।” ਤੇ ਉੱਤਰ ਵਿਚ ਭਾਈ ਫੱਗੋ ਮੱਲ ਮੁਸਕਰਾ ਪਿਆ ਤੇ ਆਖਣ ਲੱਗਾ- “ਔਰੰਗੇ ਦਾ ਇੱਥੇ ਕੀ ਕੰਮ? ਮੇਰੇ ਪਿਆਰੇ ਸਤਿਗੁਰਾਂ ਨੇ ਆਉਣਾ ਏ। ਮੇਰੇ ਦਿਲ ਦੀ ਭਾਵਨਾ, ਮੇਰੇ ਸਤਿਗੁਰੂ ਘੋੜੇ ‘ਤੇ ਚੜ੍ਹੇ-ਚੜ੍ਹਾਏ ਮੇਰੇ ਘਰ ਪ੍ਰਵੇਸ਼ ਕਰਨ, ਭਾਵਨਾ ਨੂੰ ਫਲ ਜ਼ਰੂਰ ਲੱਗੇਗਾ।” ਇਹ ਆਖਦਾ-ਆਖਦਾ ਭਾਈ ਫੱਗੋ ਮੱਲ ਵਿਸਮਾਦ ਵਿਚ ਗੁਆਚ ਗਿਆ।
ਭਾਈ ਫੱਗੋ ਮੱਲ ਆਪਣੇ ਇਲਾਕੇ ਦਾ ਪ੍ਰਸਿੱਧ ਗੁਰਮਤਿ-ਪ੍ਰਚਾਰਕ ਸੀ। ਸਤਿਗੁਰਾਂ ਵੱਲੋਂ ਉਸ ਨੂੰ ਮੰਜੀ ਬਖਸ਼ੀ ਹੋਈ ਸੀ— ਭਾਵ ਧਰਮ-ਪ੍ਰਚਾਰ ਕੇਂਦਰ ਤੇ ਉਸ ਦੀ ਮਸੰਦੀ ਭਾਈ ਫੱਗੋ ਮੱਲ ਕੋਲ ਸੀ। ਇਹ ਸੱਚਾ-ਸੁੱਚਾ ਭਲਾ ਮਸੰਦ ਸੀ। ਸਸਾਰਾਮ ਦੇ ਇਲਾਕੇ ਵਿਚ ਆਪ ਜੀ ਦਾ ਬੜਾ ਸਤਿਕਾਰ ਸੀ। ਮਸੰਦ ਪ੍ਰਥਾ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਅਰੰਭੀ ਗਈ ਸੀ। ਬਾਦਸ਼ਾਹ ਅਕਬਰ ਦੇ ਸਮੇਂ ਭਾਰਤ-ਦੇਸ਼ ਦੇ ਬਾਈ ਸੂਬੇ ਸਨ। ਉਸੇ ਹਿਸਾਬ ਨਾਲ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਬਾਈ ਪ੍ਰਚਾਰ ਕੇਂਦਰ ਮੰਜੀਆਂ ਦੇ ਰੂਪ ਵਿਚ ਕਾਇਮ ਕੀਤੇ ਹੋਏ ਸਨ ਤੇ ਇਨ੍ਹਾਂ ਹੀ ਨਹੀਂ ਬਹੱਤਰ ਪੀਹੜੇ ਸਿੱਖ ਬੀਬੀਆਂ ਨੂੰ ਵੀ ਬਖਸ਼ੇ ਹੋਏ ਸਨ। ਉਦੋਂ ਤੋਂ ਹੀ ਧਰਮ ਪ੍ਰਚਾਰ ਦਾ ਇਹ ਪ੍ਰਬੰਧ ਤੁਰਿਆ ਆਉਂਦਾ ਸੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸਮਾਂ ਆਇਆ। ਉਦੋਂ ਸਸਾਰਾਮ ਨਗਰ ਦੀ ਮੰਜੀ ਦਾ ਮੁਖੀ ਮਸੰਦ ਸੀ ਭਾਈ ਫੱਗੋ ਮੱਲ ਕਥਨੀ ਤੇ ਕਰਨੀ ਦਾ ਪੂਰਾ।
ਗੁਰਮੁਖੀ ਰੰਗਾਂ ਵਿਚ ਲੱਥ-ਪੱਥ ਰਹਿੰਦਾ। ਭਾਈ ਫੱਗੋ ਮੱਲ ਨੂੰ ਇਲਾਕੇ ਦੀਆਂ ਸੰਗਤਾਂ ‘ਚਾਚਾ ਫੱਗੋ’ ਦੇ ਨਾਂ ਨਾਲ ਪਿਆਰ ਸਹਿਤ ਪੁਕਾਰਿਆ ਕਰਦੀਆਂ ਸਨ। ਸਤਿਗੁਰੂ ਤੇਗ ਬਹਾਦਰ ਜੀ ਜਦੋਂ ਸਿੱਖੀ ਦਾ ਪ੍ਰਚਾਰ ਕਰਦੇ ਪਟਨੇ ਵੱਲ ਜਾ ਰਹੇ ਸਨ ਤਾਂ ਸਿੱਖ ਸੰਗਤਾਂ ਨੂੰ ਨਿਹਾਲ ਕਰਦੇ ਹੋਏ, ਜੌਨਪੁਰ ਤੋਂ ਬਨਾਰਸ ਪੁੱਜੇ, ਬਨਾਰਸ ਤੋਂ
ਪੁਰਬ ਵੱਲ ਤਕਰੀਬਨ ੮੦ ਕਿਲੋਮੀਟਰ ਦੀ ਵਿੱਥ ‘ਤੇ ਭਾਈ ਫੱਗੋ ਮੱਲ ਦੇ ਪ੍ਰੇਮ-ਪਿਆਰ ਦੇ ਖਿੱਚੇ, ਇਸ ਦੇ ਨਗਰ ਸੰਸਾਰਾਮ ਵੱਲ ਹੋ ਤੁਰੇ। ਇਸੇ ਸਾਖੀ ਦਾ ਜ਼ਿਕਰ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ‘ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ’ ਦੇ ਸਫ਼ਾ ੪੧੯੦ ਰਾਸਿ-੧੧, ਅੰਸੂ ੫੪ ‘ਤੇ ਕੀਤਾ ਹੈ ਜਿਸ ਵਿਚ ਲਿਖਿਆ ਹੈ :
– ਸਹਸਰਾਵ ਕੇ ਚਲੇ ਅਗਾਰੀ ।
ਤਹਿ ਇਕ ਬਸਹਿ ਪ੍ਰੇਮ ਧਰਿ ਭਾਰੀ।
ਗੁਰੂ ਕੋ ਸਿੱਖ ਹੁਤੋ ਅਭਿਰਾਮ।
ਚਾਚਾ ਫੱਗੋ ਤਿਸ ਕੋ ਨਾਮ।।੨੬॥
ਭਾਈ ਫੱਗੋ ਮੱਲ ਜੀ ਵੱਲੋਂ ਘਰ ਦਾ ਵੱਡਾ ਦਰਵਾਜ਼ਾ ਬਣਾਉਣ ਦਾ ਪ੍ਰਸੰਗ ਭਾਈ
ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ:
– ਬੂਝਨਿ ਕਰਯੋ ਸਭਿਨਿ ਨੇ ਐਸੇ। ‘ਪੋਰ ਇਤੇ ਕਰਿਵਾਯਹੁ ਕੈਸੇ?’।
ਸਰਬ ਸਦਨ ਕੋ ਤਜਯੋ ਪ੍ਰਮਾਨ। ਰਾਖਯੋ ਦ੍ਵਾਰਾ ਕੁਤੋ ਮਹਾਨ? ॥੩੦॥
ਸੁਨਿ ਫੱਗੋ ਨੇ ਉੱਤਰ ਦੀਨਾ। ਸਦਨ ਚਿਨਾਵਤਿ ਮੈਂ ਪ੍ਰਣ ਕੀਨਾ’॥
ਸਤਿਗੁਰ ਆਵਹਿੰਗੇ ਮਮ ਡੇਰੇ। ਅੰਤਰਜਾਮੀ ਘਟ ਘਟ ਕਰੇ ॥੩੧॥…
ਸ਼ਸਤ੍ਰਨਿ ਸਹਤਿ ਅਰੂਢਿ ਤੁਰੰਗ।
ਆਵਹਿੰਗੇ ਜਬਿ ਭਏ ਉਤੰਗ ॥੩੨॥
‘ਵਹਿਰ ਨਹੀਂ ਪ੍ਰਭ ਉਤਰਨਿ ਕਰੈਂ ।
ਚਢੇ ਤੁਰੰਗਮ ਮਮ ਘਰ ਬਰੈਂ॥’
ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਸਿੱਖ ਪ੍ਰੇਮੀ ਦੀ ਭਾਵਨਾ ਪੂਰਤੀ ਹਿਤ ਸਸਾਰਾਮ ਨਗਰ ਵਿਖੇ ਸਮੁੱਚੇ ਵਹੀਰ ਸਮੇਤ ਪ੍ਰਵੇਸ਼ ਹੋਏ। ਕਦੇ ਇਸੇ ਅਸਥਾਨ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਪਹੁੰਚੇ ਸਨ। ਚਾਚਾ ਫੱਗੋ ਪੁਰਾਤਨ ਮਸੰਦ ਸੀ ਤੇ ਸਾਲ ਦੋ ਸਾਲ ਪਿੱਛੋਂ ਸ੍ਰੀ ਅੰਮ੍ਰਿਤਸਰ ਸਤਿਗੁਰਾਂ ਦੇ ਦਰਸ਼ਨ ਕਰਦਾ ਤੇ ਕਾਰ-ਭੇਟਾਵਾਂ ਦਿੰਦਾ। ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿ ਰਾਇ ਸਾਹਿਬ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਤੱਖ ਦਰਸ਼ਨ ਕਰ ਚੁੱਕਾ ਸੀ ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਪਹਿਲੀ ਵਾਰ ਅਵਸਰ ਬਣ ਰਿਹਾ ਸੀ।
ਅਚਨਚੇਤ ਜਿਵੇਂ ਗੱਲ ਹੋਵੇ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਘੋੜੇ ‘ਤੇ ਅਸਵਾਰ ਚੜ੍ਹੇ-ਚੜ੍ਹਾਏ ਚਾਚਾ ਫੱਗੋ ਦੀ ਡਿਉ ਡਿਉੜੀ ਪ੍ਰਵੇਸ਼ ਕਰ ਗਏ। ਅੰਦਰ ਵੱਡੇ ਵਿਹੜੇ ਵਿਚ ਜਾ ਘੋੜਾ ਖੜ੍ਹਾਇਆ। ਘਰ ਦੇ ਸਾਰੇ ਜੀਅ ਸਮੇਤ ਚਾਚਾ ਫੱਗੋ ਜੀ ਹੈਰਾਨ ਰਹਿ ਗਏ, ਜਿਸ ਦਾ ਜ਼ਿਕਰ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਇੰਞ ਕੀਤਾ ਹੈ:
ਇਤ ਉਤ ਨਰ ਹੇਰਹਿੰ ਸਮੁਦਾਇ।
ਇਹ ਕੋ ਨਭ ਤੇ ਉਤਰਯੋ ਆਇ?
ਮਹਾਰਾਜ ਸਮ ਬਡ ਉਤਸ਼ਾਹੀ।
ਕਿਤ ਤੇ ਸ਼ੰਕਮਾਨ ਚਿਤ ਨਾਂਹੀ॥੨੦॥
(ਰਾਸਿ ੧੧ ਅੰਸੂ ੫੫)
ਚਾਚਾ ਫੱਗੋ ਜੀ ਦਾ ਦਿਲ ਗਦ-ਗਦ ਹੋ ਉੱਠਿਆ।
ਫਿਰ ਕੀ ਸੀ, ਪਲਾਂ ‘ਚ ਨਗਰ ਦੀਆਂ ਸਿੱਖ ਸੰਗਤਾਂ ਚਾਚਾ ਫੱਗੋ ਜੀ ਦੇ ਘਰੇ ਇਕੱਠੀਆਂ ਹੋ ਗਈਆਂ। ਸਤਿਗੁਰੂ ਜੀ ਲਈ ਵੱਡਾ ਤਖਤ-ਨੁਮਾ ਪਲੰਘ ਸਜਾ ਦਿੱਤਾ ਗਿਆ। ਸਭ ਤੋਂ ਪਹਿਲੋਂ ਭਾਈ ਫੱਗੋ ਮੱਲ ਜੀ ਦੇ ਪਰਵਾਰ ਨੇ ਭੇਟਾਵਾਂ ਸਹਿਤ ਮੱਥਾ ਟੇਕਿਆ। ਮਗਰੋਂ ਸਾਰੀਆਂ ਸੰਗਤਾਂ ਨੇ ਮੱਥਾ ਟੇਕਿਆ। ਦੁੱਧ ਦੇ ਛੰਨੇ ਭਰ-ਭਰ ਸੰਗਤਾਂ ਵਿਚ ਵਰਤਾਏ ਗਏ, (ਕੜਾਹ-ਪ੍ਰਸ਼ਾਦਿ) ਵਰਤੇ। ਭਾਈ ਫੱਗੋ ਜੀ ਵੱਲੋਂ ਸਤਿਗੁਰਾਂ ਦੇ ਸਨਮੁਖ ਇਲਾਕੇ ਵਿੱਚੋਂ ਸਿੱਖ-ਸੰਗਤਾਂ ਤੋਂ ਇਕੱਤਰ ਕੀਤੀਆਂ ਭੇਟਾਵਾਂ ਰੱਖੀਆਂ ਗਈਆਂ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂਰੀ ਮੁਖ ਤੋਂ ਮੁਸਕਰਾਉਂਦੇ ਹੋਏ ਬੋਲੇ, ਭਾਈ ਫੱਗੋ ਮੱਲ! ਬਾਕੀ ਦੀ ਭੇਟ ਵੀ ਲਿਆਵੋ।
ਅਪਰ ਲਯਾਓ ਜੋ ਬਾਕੀ ਰਹਯੋ…
ਸੁਨਿ ਫੱਗੋ ਮਨਿ ਮਹਿ ਬਿਸਮਾਨਯੋ।
ਇਹ ਕਯਾ ਸਤਿਗੁਰ ਬਾਕ ਬਖਾਨਯੋ॥
ਇਕ ਵਾਰੀ ਚਾਚਾ ਫੱਗੋ ਸਿਰ ਤੋਂ ਪੈਰਾਂ ਤਕ ਕੰਬ ਗਿਆ। ਸਤਿਗੁਰਾਂ ਦਾ ਇਹ ਵਾਕ “ਅਪਰ ਲਯਾਓ ਜੋ ਬਾਕੀ ਰਹਯੋ” ਭਾਈ ਫੱਗੋ ਦੇ ਅੰਦਰ ਚੱਕਰ ਲਾਉਣ ਲੱਗਾ ਕਿ ਬਾਕੀ ਕਿਹੜੀ ਭੇਟਾ ਰਹਿ ਗਈ? ਉਹ ਫਿਕਰ ਵਿਚ ਹੀ ਸੀ ਕਿ ਉਸ ਨੂੰ ਚੇਤਾ ਆ ਗਿਆ।
“ਹਾਂ, ਸਤਿਗੁਰੂ ਜੀ! ਲਿਆਇਆ। ” ਆਖ ਕੇ ਚਾਚਾ ਫੱਗੋ ਜੀ ਦੌੜਿਆ। ਵਿਹੜੇ ਵਿਚ ਖਲੋਤੀ ਬੈਰੀ ਤੋਂ ਪੱਕੇ ਬੇਰਾਂ ਦਾ ਥਾਲ ਭਰ ਲਿਆਇਆ। ਸਤਿਗੁਰੂ ਜੀ ਹੱਸ ਪਏ ਤੇ ‘ਭਨਯੋ ਬਚਨ ਤੁਮ ਭਏ ਨਿਹਾਲ। ‘
ਸਤਿਗੁਰੂ ਜੀ ਦੇ ਹੁਕਮ ਕਰਨ ‘ਤੇ ਹੈਰਾਨ ਹੋਈ ਸਾਰੀ ਸੰਗਤ ਨੂੰ ਖਲੋ ਕੇ ਚਾਚਾ ਫੱਗੋ ਜੀ ਆਖਣ ਲੱਗੇ-
“ਪੁਰਾਣੀ ਗੱਲ ਏ। ਜਦੋਂ ਮੈਂ ਕਾਰ-ਭੇਟਾਵਾਂ ਲੈਣ ਇਕ ਪਿੰਡ ਵਿਚ ਇਕ ਸਿੱਖ ਦੇ ਘਰ ਗਿਆ ਤਾਂ ਅੱਗੋਂ ਉਸ ਗੁਰਸਿੱਖ ਦੇ ਘਰ ਕੇਵਲ ਗੁਰਸਿੱਖਣੀ ਹੀ ਸੀ। ਵਿਚਾਰੇ ਦੁਨਿਆਵੀ ਪੱਖੋਂ ਗਰੀਬ ਸਨ। ਉਸ ਬੀਬੀ ਤੋਂ ਬੇਰ ਦੀ ਇਕ ਗਿਟਕ ਪ੍ਰਾਪਤ ਹੋਈ। ਉਹ ਮੈਂ ਆਪਣੇ ਵਿਹੜੇ ਵਿਚ ਸੁੱਟ ਦਿੱਤੀ। ਉਸੇ ਗਿਟਕ ਤੋਂ ਬੇਰੀ ਪੈਦਾ ਹੋਈ ਜਿਸ ਦੇ ਬੇਰ ਸਤਿਗੁਰੂ ਜੀ ਦੇ ਸਨਮੁਖ ਥਾਲ ਵਿਚ ਨੇ।”
ਸਾਰੀਆਂ ਸੰਗਤਾਂ ਦੇ ਮੁੱਖੋਂ ਆਪ-ਮੁਹਾਰੇ ਨਿਕਲਿਆ,
“ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ!”
ਸਤਿਗੁਰਾਂ ਫਰਮਾਇਆ :
ਹੋ ਫੱਗੋ ਤੂੰ ਗੁਰਮੁਖ ਸਿੱਖਯ । ਸੁਨਹਿ ਕਥਾ ਸਿੱਖ ਤੋਹਿ ਭਵਿੱਖਯ ।
ਤਿਨ ਕੋ ਸਿੱਖੀ ਪ੍ਰਾਪਤ ਹੋਇ। ਕਾਮ ਕ੍ਰੋਧ ਹੰਕਾਰ ਨ ਕੋਇ॥੨੦॥(ਰਾਸਿ ੧੧ ਅੰਸੂ ੫੬)
ਉਪਰੰਤ ਸਤਿਗੁਰੂ ਤੇਗ ਬਹਾਦਰ ਜੀ ਗਯਾ ਅਤੇ ਗਯਾ ਬੁੱਧ ਵੱਲ ਕੂਚ ਕਰ ਗਏ। ਸਸਾਰਾਮ ਦੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਅੱਜ ਵੀ ਇਹ ਬੇਰੀ ਮੌਜੂਦ ਹੈ। ਇੱਥੇ ਗੁਰੂ ਜੀ ਨੇ ਇਕ ਰਾਤ ਗੁਜ਼ਾਰੀ ਸੀ।
ਗਿਆਨੀ ਧਰਮ ਸਿੰਘ ਭੰਖਰਪੁਰ
