206 views 27 secs 0 comments

ਜਬ ਲਗ ਖਾਲਸਾ ਰਹੇ ਨਿਆਰਾ

ਲੇਖ
June 14, 2025

ਵਿਚਾਰ ਅਤੇ ਕਰਮ ਦੋਹਾਂ ਹੀ ਪੱਖਾਂ ਤੋਂ ਇਤਿਹਾਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਨਿਸਚਿਤ ਅਤੇ ਵਿਸ਼ੇਸ਼ ਥਾਂ ਹੈ। ਅੱਜ ਦੇ ਭਾਰਤ ਵਿਚ ਵੀ ਗੁਰੂ ਜੀ ਦਾ ਬਿੰਬ ਇਕ ਜਿਉਂਦੀ ਜਾਗਦੀ ਵਾਸਤਵਿਕਤਾ ਹੈ। ਅੱਜ ਵੀ (ਹਮੇਸ਼ਾਂ ਵਾਂਗ) ਗੁਰੂ ਜੀ ਆਪਣੇ ਪਿਆਰੇ ਖਾਲਸੇ ਦੀ ਹਰ ਰਾਹ ਤੇ ਅਗਵਾਈ ਕਰਦੇ ਹਨ ਅਤੇ ਹਰ ਭੀੜ ਸਮੇਂ ਉਸ ਦੇ ਅੰਗ ਸੰਗ ਹੁੰਦੇ ਹਨ। ਗੁਰੂ ਜੀ ਦੇਸ਼ ਭਗਤੀ, ਇਨਸਾਨੀਅਤ ਅਤੇ ਕੌਮ ਪ੍ਰਸਤੀ ਦੇ ਅਵਤਾਰ ਹਨ ਅਤੇ ਜਦੋਂ ਵੀ ਕੋਈ ਖਤਰਾ ਸਾਹਮਣੇ ਆਉਂਦਾ ਹੈ ਤਾਂ ਸਦਾ ਹੀ ਆਪ ਨੂੰ ਯਾਦ ਕਰਕੇ ਆਪ ਦੀ ਬਾਣੀ ਅਤੇ ਨਾਂ ਤੋਂ ਪ੍ਰੇਰਨਾ ਲਈ ਜਾਂਦੀ ਹੈ। ਆਪ ਜੀ ਦੇ ਮਾਨਵ ਵਾਦੀ ਵੀਚਾਰ ਆਧੁਨਿਕ ਯੁਗ ਦੀ ਅਤਿ ਵਿਸ਼ਾਲ ਮਾਨਵ-ਵਾਦੀ ਪੱਧਰ ਤੇ ਪੂਰੇ ਉਤਰਦੇ ਹਨ ।
ਗੁਰੂ ਗੋਬਿੰਦ ਸਿੰਘ ਜੀ ਦੀ ਦੈਵੀ ‘ਸ਼ਖ਼ਸੀਅਤ’ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਮਿਲਣੀ ਕਠਿਨ ਹੀ ਨਹੀਂ ਬਲਕਿ ਅਸੰਭਵ ਵੀ ਹੈ । ਉਹ ਇਕ ਅਜਿਹੇ ‘ਮਰਦ ਅਗੰਮੜਾ’ ਸਨ ਜਿੰਨ੍ਹਾਂ ਨੇ ਦੇਸ਼ ਕੌਮ ਅਤੇ ਵਤਨ ਦੀ ਖ਼ਾਤਿਰ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਉਹ ਇਕ ਬਹਾਦਰ ਯੋਧਾ ਵੀ ਸਨ ਪਰ ਨਾਲ ਹੀ ਨਾਲ ਭਗਤੀ ਦੇ ਰਸ ਵਿਚ ਗੜੂੰਦ ਸਨ। ਉਹ ਇਕ ਕਵੀ ਵੀ ਸਨ ਅਤੇ ਰਹਿਮ ਦਿਲ ਦੇ ਮਾਲਕ ਵੀ ਸਨ ਜੋ ਦੁਸ਼ਮਣ ਨੂੰ ਮੈਦਾਨੇ ਜੰਗ ਵਿਚ ਮਰਹਮ ਪੱਟੀ ਅਤੇ ਪਾਣੀ ਦੀ ਸੇਵਾ ਕਰਨ ਵਾਲੇ ਨੂੰ ਸ਼ਾਬਾਸ਼ ਦਿੰਦੇ ਸਨ ।
ਗੁਰੂ ਗੋਬਿੰਦ ਸਿੰਘ ਜੀ ਨੇ ਇਕ ਅਜਿਹਾ ਖਾਲਸਾ ਪੰਥ ਪਰਗਟ ਕੀਤਾ ਜਿਸ ਬਾਰੇ ਉਹਨਾਂ ਨੇ ਉਚਾਰਿਆ ਹੈ :
ਖਾਲਸਾ ਅਕਾਲ ਪੁਰਖ ਦੀ ਫ਼ੌਜ॥ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ॥
ਜਬ ਲਗ ਖਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪ੍ਰਤੀਤ॥
ਖਾਲਸੇ ਨੇ ਨਿਆਰੇਪਾਣੇ ਦੀ ਸਾਰ ਸੰਭਾਲ ਲਈ ਉਹਨਾਂ ਨੇ ਇਕ Code of Conduct ਲਾਗੂ ਕੀਤਾ ਜਿਸ ਵਿਚ ਬਾਹਰਲੇ Code ਦੀ ਮਹਾਨਤਾ ਵੀ ਦਰਸਾਈ। ਅੱਜ ਦੇ ਭੌਤਿਕ ਯੁੱਗ ਦੀ ਤੇਜ਼ ਰਫ਼ਤਾਰ ਨੇ ਤਰ੍ਹਾਂ-ਤਰ੍ਹਾਂ ਦੇ ਭੁਲੇਖਿਆਂ, ਭਰਮਾਂ ਨੂੰ ਪੈਦਾ ਕਰ ਕੇ ਅਤੇ ਸਾਡੇ ਅਵੇਸਲੇਪਨ ਨੇ ਇਸ Code of Conduct ਨੂੰ ਬੇਲੋੜਾ ਅਤੇ ਬੇਮਾਇਨਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਹੈ ।

‘ਖਾਲਸਾ’ ਸ਼ਬਦ ਦਾ ਇਕ ਅਰਥ ‘Pure’ ਖੋਟ ਰਹਿਤ, ਵੀ ਹੈ। ‘ਨਿਆਰਾ’ ਦਾ ਸ਼ਬਦ-ਅਰਥ ਹੈ ‘ਨਿਰਾਲਾ’ ਜੋ ਦੂਸਰਿਆਂ ਵਿਚ ਨਾ ਰਲੇ । ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਖਾਲਸੇ ਨੂੰ ਦੂਸਰਿਆਂ ਵਿਚ ‘ਰਲਣ’ ਤੋਂ, ਮਿਲਣ ਤੋਂ ਜਾਂ ਮਿਲਵਰਤਣ ਤੋਂ ਵਰਜਿਆ ਹੈ। ਇਸ ਦਾ ਇਹ ਮਤਲਬ ਹੈ ਕਿ ਸੰਸਾਰ ਵਿਚ ਰਹਿ ਕੇ ਕਿਵੇਂ ਆਪਣੀ ਇਕ ਅਡਰੀ, ਵਿਲੱਖਣ ਅਤੇ ਅਨੂਪਮ ਪਹਿਚਾਣ ਬਣਾਣੀ ਹੈ । ਇਸ ਪਹਿਚਾਣ ਦੇ ਦੋ ਸਰੂਪ ਹਨ : ਇਕ ਦ੍ਰਿਸ਼ਟਵਾਨ ਅਤੇ ਬਾਹਰੀ, ਦੂਸਰੀ ਪਹਿਚਾਨ ਸੂਖਮ ਹੈ ਅਤੇ ਮਨੁੱਖ ਦੇ ਆਚਾਰ ਅਤੇ ਵਿਵਹਾਰ ਤੋਂ ਪ੍ਰਗਟ ਹੁੰਦੀ ਹੈ।
ਮਨੁੱਖੀ ਸ਼ਖ਼ਸੀਅਤ ਦੇ ਇਹ ਦੋਵੇਂ ਸਰੂਪ ਇਕ ਦੂਸਰੇ ਬਗ਼ੈਰ ਕਾਫ਼ੀ ਹੱਦ ਤਕ ਬੇਮਾਇਨੇ ਹਨ ਅਤੇ ਇਸ ਸ਼ਖ਼ਸੀਅਤ ਵਿਚ ਪੂਰਨਤਾ ਲਿਆਉਣ ਲਈ ਅੰਦਰਲੀ ਅਤੇ ਬਾਹਰਲੀ ਸ਼ਖ਼ਸੀਅਤ ਵਿਚ ਇਕਸਾਰਤਾ, ਸਰਲਤਾ, ਮਿਠਾਸ ਅਤੇ ਸ਼ੁੱਧਤਾ ਲਿਆਉਣੀ ਹੀ ਸਿੱਖ ਧਰਮ ਅਨੁਸਾਰ ਜੀਵਨ ਦਾ ਮਕਸਦ ਅਤੇ ਮਨੋਰਥ ਹੈ।
‘ਭਈ ਪਰਾਪਤਿ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਉਪਰੋਕਤ ਮਹਾਂਵਾਕ ਅਨੁਸਾਰ ਮਨੁੱਖਾ ਜੀਵਨ ਦਾ ਅਸਲੀ ਮਨੋਰਥ ਪ੍ਰਭੂ ਪ੍ਰਾਪਤੀ ਹੈ ਅਤੇ ਇਸ ਪ੍ਰਭੂ ਪ੍ਰਾਪਤੀ ਲਈ ‘ਗੁਰੂ ਸਾਹਿਬਾਨ’ ਨੇ ਦੱਸਾਂ ਜਾਮਿਆਂ ਵਿਚ ਪ੍ਰਗਟ ਹੋ ਕੇ ਇਕ ਮੁਕੰਮਲ ਮਨੁੱਖ, ‘ਖਾਲਸੇ’ ਨੂੰ ਪਰਗਟ ਕੀਤਾ।
ਮੈਨੂੰ ਇਕ ‘ਗੈਰ ਸਿੱਖ’ ਵਿਦਵਾਨ ਨੇ ਪ੍ਰਸ਼ਨ ਕੀਤਾ ਕਿ ਦੱਸ ਸਿੱਖ ਸਾਹਿਬਾਨ ਦੀ ਕੀ ਜ਼ਰੂਰਤ ਸੀ ਜਦ ਕਿ ਬਾਕੀ ਸਾਰੇ ਧਰਮਾਂ ਦੇ ‘ਇਕ’ ਹੀ ਪੈਗੰਬਰ ਹਨ ।
ਇਸ ਦਾ ਜਵਾਬ ਮੈਂ ਆਪਣੀ ਤੁੱਛ ਬੁੱਧੀ ਅਨੁਸਾਰ ਇਸ ਤਰ੍ਹਾਂ ਦਿੱਤਾ ਕਿ ਮਨੁੱਖ ਚੌਰਾਸੀ ਲੱਖ ਜੂਨਾਂ ਵਿੱਚੋਂ ਲੰਘ ਕੇ ਆਇਆ ਹੈ ਅਤੇ ਇਸ ਦਾ ਮਨ ਤਰ੍ਹਾਂ-ਤਰ੍ਹਾਂ ਦੇ ਸੰਸਕਾਰਾਂ ਅਤੇ ਵਿਚਾਰਾਂ ਨਾਲ ਅਸ਼ੁੱਧ ਅਤੇ ਮਲੀਣ ਹੋਇਆ ਪਿਆ ਹੈ ਸੋ ਇਸ ਮਨ ਤੋਂ ਵਿਕਾਰਾਂ ਦੀ ਮੈਲ ਉਤਾਰਣ ਲਈ ਅਤੇ ਮਨੁੱਖੀ ਜਾਮੇ ਵਿਚ ਤਰ੍ਹਾਂ-ਤਰ੍ਹਾਂ ਦੇ ਦੈਵੀ ਗੁਣਾਂ ਦੇ ਰੰਗ ਭਰਨ ਲਈ ਗੁਰੂ ਸਾਹਿਬਾਨ ਨੇ ਦਸਾਂ ਜਾਮਿਆਂ ਵਿਚ ਆ ਕੇ ਇਸ ਮਨੁੱਖ ਦੀ ਤਸਵੀਰ ਨੂੰ ਮੁਕੰਮਲ ਕੀਤਾ। ਜਿਵੇਂ ਕਿ ਉਦਾਹਰਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਭਗਤੀ ਦਾ ਰੰਗ ਅਤੇ ਰਸ ਮਨੁੱਖ ਨੂੰ ਦਿੱਤਾ । ਗੁਰੂ ਅੰਗਦ ਸਾਹਿਬ ਜੀ ਨੇ ਸੇਵਾ, ਸਿਮਰਨ ਅਤੇ ਭਜਨ ਦਾ ਰੰਗ, ਗੁਰੂ ਅਮਰ ਦਾਸ ਜੀ ਨੇ ਨਿਮਾਣਤਾ ਅਤੇ ਤਿਆਗ ਅਤੇ ਇਸ ਤਰ੍ਹਾਂ ਹੀ ਕੁਰਬਾਨੀ, ਸ਼ਕਤੀ, ਸਵੈ-ਵਿਸ਼ਵਾਸ, ਇਕ ਅਕਾਲ ਪੁਰਖ ਦੀ ਹੋਂਦ ਅਤੇ ਦ੍ਰਿੜਤਾ, ਮਾਨਸ ਦੀ ਜਾਤ ਸਬੇ ਏਕੋ ਪਹਿਚਾਨਬੋ ਦਾ ਸੰਕਲਪ, ਜ਼ੁਲਮ ਦਾ ਟਾਕਰਾ ਕਰਨ ਦੀ ਸ਼ਕਤੀ, ਸਬਰ ਸੰਤੋਖ ਦੀ ਮਹਾਨਤਾ, ਕਿਰਤ ਕਰਨ ਅਤੇ ਵੰਡ ਛਕਣ ਦਾ ਨਿਯਮ ਅਤੇ ਹੋਰ ਦੈਵੀ ਗੁਣਾਂ ਦੇ ਰੰਗਾਂ ਨਾਲ ਇਸ ਮਨੁੱਖ ਨੂੰ ਆਪਣੇ ਆਪੇ ਨੂੰ (ਅੰਦਰੋਂ ਅਤੇ ਬਾਹਰੋ) ਰੰਗਣ ਲਈ ਸਿੱਖ ਗੁਰੂਆਂ ਨੇ ਆਪ ਜੀਵਨ ਜੀਅ ਕੇ ਅਤੇ ਜੀਵਨ ਜਾਚ ਦੱਸ ਕੇ ਖਾਲਸੇ ਦਾ ਮਾਰਗ ਦਰਸ਼ਨ ਕੀਤਾ।
ਇਸ ਲਈ ਇਹ ਬਿਲਕੁਲ ਸਪੱਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮਿਸ਼ਨ ਉਸੇ ਕੰਮ ਨੂੰ ਸੰਪੂਰਨਤਾ ਦੇਣਾ ਸੀ ਜਿਸ ਨੂੰ ਆਦਿ ਗੁਰੂ ਨੇ ਛੋਹਿਆ ਸੀ । ਗੁਰੂ ਨਾਨਕ ਸਾਹਿਬ ਜੀ ਮਨੁੱਖ ਨੂੰ ਪੂਰਨ ਮਨੁੱਖ ਬਣਾਉਣਾ ਚਾਹੁੰਦੇ ਸਨ । ਪੂਰਨ ਮਨੁੱਖ ਲਈ ਜਰੂਰੀ ਹੈ ਕਿ ਜਿਥੇ ਉਹ ਨਾਮ ਦੇ ਜਾਪ ਰਾਹੀਂ ਆਪਣੇ ‘ਆਪੇ’ ਨਾਲ ਜੁੜ ਕੇ ਅਧਿਆਤਮਕ ਸ਼ਕਤੀ ਪੈਦਾ ਕਰੇ ਅਤੇ ਉਹ ਨਾਲ ਹੀ ਸੱਚ ਦਾ ਧਾਰਨੀ ਬਣ ਕੇ ਨਿਡਰਤਾ ਤੇ ਨਿਧੜਕਤਾ ਰਾਹੀਂ ਜ਼ੁਲਮ ਦੇ ਖ਼ਿਲਾਫ਼ ਅਵਾਜ਼ ਉਠਾਉਣ ਦੀ ਜੁਰਅਤ ਵਿਖਾ ਸਕੇ ਅਤੇ ਇਸ ਧਰਮ ਮਾਰਗ ਲਈ ਹਰ ਤਰਾਂ ਦੀ ਕੁਰਬਾਨੀ ਕਰ ਸਕੇ । ਇਸ ਲਈ ਪੂਰਨ ਮਨੁੱਖ ਲਈ ਦੋ ਸ਼ਕਤੀਆਂ (ਅਧਿਆਤਮਕਤਾ ਅਤੇ ਬੀਰਤਾ) ਦਾ ਧਾਰਨ ਕਰਨਾ ਜ਼ਰੂਰੀ ਹੈ ਕਿਉਂਕਿ ਜਿੱਥੇ ਅਧਿਆਤਮਕਤਾ ਮਨੁੱਖ ਅੰਦਰ ਕੋਮਲਤਾ, ਪਿਆਰ ਅਤੇ ਦਇਆ ਪੈਦਾ ਕਰਦੀ ਹੈ ਉਥੇ ਬੀਰਤਾ ਸਖ਼ਤੀ, ਬਹਾਦਰੀ ਤੇ ਅਣਖ ਦੇ ਗੁਣਾਂ ਨੂੰ ਉਜਾਗਰ ਕਰਦੀ ਹੈ । ਇਸ ਤਰ੍ਹਾਂ ਜਿਥੇ ਨਿਰੋਲ ਅਧਿਆਤਮਕਤਾ ਮਨੁੱਖ ਨੂੰ ਬੁਜ਼ਦਿਲ, ਡਰਪੋਕ ਤੇ ਅਣਖਹੀਨ ਬਣਾ ਸਕਦੀ ਹੈ ਉੱਥੇ ਨਿਰੋਲ ਬੀਰਤਾ ਦੇ ਧਾਰਨੀ ਜ਼ਾਲਮ, ਲੁਟੇਰੇ ਤੇ ਹੈਂਕੜਬਾਜ਼ ਹੋ ਨਿਬੜਦੇ ਹਨ।
ਸੰਪੂਰਨ ਮਨੁੱਖ ਤਾਂ ਇੱਕੋ ਸਮੇਂ ਭਗਤ ਵੀ ਹੁੰਦਾ ਹੈ ਅਤੇ ਦਾਤਾ ਤੇ ਸੂਰਮਾ ਵੀ। ਸੋ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਪਰਗਟ ਕਰਨਾ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਮਾਰਗ ਦਾ ਸਿਖਰ ਸੀ ਕੋਈ ਵੱਖਰਾ ਰਸਤਾ ਨਹੀਂ ਸੀ ।
ਇੰਜ ਵੀ ਕਿਹਾ ਜਾ ਸਕਦਾ ਹੈ ਕਿ ਸ਼ਕਤੀ ਦੇ ਪ੍ਰਗਟਾਵੇ ਲਈ ਧਾਰਿਆ ਬਾਹਰਲਾ ਸਰੂਪ ਅਤੇ ਭਗਤੀ ਦਾ ਅੰਦਰਲਾ ਸਰੂਪ ਕੋਈ ਦੋ ਵੱਖ-ਵੱਖ ਵਿਰੋਧੀ
ਰੂਪ ਨਹੀਂ ਸਗੋਂ ਇਕ ਦੂਜੇ ਦੇ ਸਹਾਇਕ ਰੂਪ ਹਨ । ਭਾਵ ਸੂਰਬੀਰਤਾ ਦੀ ਭਾਵਨਾ ਭਗਤੀ ਭਾਵਨਾ ਨੂੰ ਸ਼ਕਤੀ ਬਖਸ਼ਦੀ ਹੈ ਅਤੇ ਭਗਤੀ ਭਾਵਨਾ ਸੂਰਬੀਰਤਾ ਦੀ ਰੁਚੀ ਨੂੰ ਬਲ ਤੇ ਸੁਆਸ ਦਿੰਦੀ ਹੈ। ਇਸ ਤਰ੍ਹਾਂ ਇਹ ਦੋਵੇਂ ਰੁਚੀਆਂ ਇਕ ਦੂਜੇ ਤੇ ਨਿਰਭਰ ਹੁੰਦੀਆਂ ਹਨ। ਪਵਿੱਤਰ ਤੇ ਤਕੜੀ ਆਤਮਾ ਵਾਲਾ ਮਨੁੱਖ ਹੀ ਸੂਰਬੀਰਤਾ ਤੇ ਦ੍ਰਿੜ੍ਹਤਾ ਵਿਖਾ ਸਕਦਾ ਹੈ ਪਰ ਇਹਨਾਂ ਦੋਨਾਂ ਰੁਚੀਆਂ ਵਿੱਚੋਂ ਪਹਿਲ ਹਮੇਸ਼ਾ ਅਧਿਆਤਮਕਤਾ ਨੂੰ ਮਿਲਣੀ ਚਾਹੀਦੀ ਹੈ ।
ਖਾਲਸੇ ਦੇ ‘ਨਿਆਰੇਪਣ ਨੂੰ ਬਰਕਰਾਰ ਰੱਖਣ ਲਈ, ਸਿੱਖਾਂ ਲਈ ਆਰਥਕ ਕਾਰ ਵਿਹਾਰ ਵਿਚ ਮਿਹਨਤ ਨੇਕ ਕਮਾਈ ਤੇ ਉਸ ਨੇਕ ਕਮਾਈ ਵਿੱਚੋਂ ਸਭ ਸੰਗਤ ਲਈ ‘ਦਸਵੰਧ’ ਕੱਢਣ ਦਾ ਗੁਰੂ ਘਰ ਤੋਂ ਹੁਕਮ, ਮਨੁੱਖ ਦੇ ਚਰਿਤ੍ਰ ਦੀ ਉਚਿਆਈ ਅਤੇ ਸੁਚਿਆਈ, ਕਿਸੇ ਦਾ ਹੱਕ ਨਾ ਮਾਰਨ ਦਾ ਅਸੂਲ ਆਦਿ ਵਿਸ਼ੇਸ਼ ਮਹੱਤਵ ਰੱਖਦੇ ਹਨ । ਇਸੇ ਹੀ ਸੰਦਰਭ ਵਿਚ ਧਰਮ ਦੇ ਵਿਚਾਰ ਤੇ ਵਿਹਾਰ ਬਾਰੇ ਖੁੱਲ੍ਹੇ ਅਤੇ ਅਗਾਹ ਵਧੂ ਸਵਤੰਤ੍ਰ ਵਿਚਾਰ ਅਤੇ ਜਾਤ ਪਾਤ ਦਾ ਤਿਆਗ ਇਕ ਅਦੁੱਤੀ ਮਿਸਾਲ ਹਨ । ਧਰਮ ਜਾਤ ਤੇ ਜਿਨਸੀ ਭੇਦ ਭਾਵਾਂ ਨੂੰ ਗੁਰੂ ਜੀ ਨੇ ਬਨਾਵਟੀ ਬੰਧਨ ਤੇ ਰੁਕਾਵਟਾਂ ਕਹਿ ਕੇ ਭੰਡਿਆ।
ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ, ਮਾਨਸ ਸਭੈ ਏਕ ਪੈ ਅਨੇਕ ਕੋ ਭ੍ਰਮਾਉ ਹੈ ।
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਸੁ ਪ੍ਰਭਾਉ ਹੈ ।
ਏਕੈ ਨੈਨ ਏਕੈ ਕਾਨ, ਏਕੈ ਦੇਹ ਏਕੈ ਬਾਨ, ਖਾਕ ਬਾਦ ਆਤਸ਼ ਔ ਆਬ ਕੋ ਰਲਾਉ ਹੈ।
ਅਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ, ਏਕ ਹੀ ਸਰੂਪ ਸਬੈ, ਏਕ ਹੀ ਬਨਾਉਂ ਹੈਂ ।
ਗੁਰੂ ਸਾਹਿਬ ਦੁਆਰਾ ਪਰਗਟ ਕੀਤਾ ਗਿਆ ਖਾਲਸਾ ਪੰਥ ਇਕ ਅਜਿਹੀ ਸਮਾਜਿਕ ਸੰਸਥਾ ਸੀ ਜਿਸ ਦੇ ਸਿੱਖ ਮੁਕਤ ਤੇ ਅਜ਼ਾਦ ਸਨ ਅਤੇ ਜਿੰਨ੍ਹਾਂ ਤੇ ਪਿਛਲੇ ਜਾਂ ਪਹਿਲੇ ਧਰਮ, ਵਿਸ਼ਵਾਸ, ਰਿਵਾਜ਼ ਜਾਂ ਵਿਹਾਰ, ਜਾਤ ਬ੍ਰਾਦਰੀ ਜਾਂ ਉਹਨਾਂ ਦੇ ਪਿਛਲੇ ਕਾਰਨਾਮੇ ਆਦਿ ਕਰ ਕੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਸੀ। ਉਹ ਅਜਿਹੇ ਸੰਤ ਸਿਪਾਹੀ ਅਤੇ ਯੋਧੇ ਸਨ ਜਿਨ੍ਹਾਂ ਨੂੰ ਇਹ ਪੜ੍ਹਾਇਆ ਗਿਆ ਸੀ ਕਿ ਭਾਵੇਂ ਲੱਖਾਂ ਮੁਸੀਬਤਾਂ ਵੀ ਆ ਜਾਣ ਪਰ ਖਾਲਸਾ ਅਜਿਤ ਹੈ। ਸਾਰਿਆਂ ਸਿੱਖਾਂ ਦੇ ਨਾ ਦੇ ਅੰਤ ਵਿੱਚ ‘ਸਿੰਘ’ ਸ਼ਬਦ ਇਸ ਗੱਲ ਦਾ ਪ੍ਰਤੀਕ ਸੀ ਕਿ ਉਹ ਸਾਰੇ ਸ਼ੇਰ ਬਣ ਜਾਣ। ਇਸ ਨਵੀਂ ਯੁਕਤੀ ਨੇ ਸਿੱਖਾਂ ਦੀ ਤਾਕਤ ਨੂੰ ਕਈ ਗੁਣਾ ਵਧਾ ਦਿੱਤਾ ।
ਸੋ ਗੁਰੂ ਗੋਬਿੰਦ ਸਿੰਘ ਜੀ ਦਾ ਮਿਸ਼ਨ ਅਜਿਹਾ ਮੁਕੰਮਲ ਇਨਸਾਨ ਬਣਾਉਣਾ ਸੀ ਜੋ ਆਪਣੇ ਤੇ ਦੂਜਿਆਂ ਦੇ ਧਰਮਾਂ ਦੀ ਰੱਖਿਆ ਕਰ ਸਕੇ, ਸਤਿਵਾਦੀ ਬਣ ਕੇ ਸਤਿ ਦਾ ਹਮੇਸ਼ਾ ਸਾਥ ਦੇਵੇ । ਭਾਵੇ ਇੰਜ ਕਰਨ ਵਿਚ ਉਸ ਨੂੰ ਕਿਤਨੀ ਵੀ ਕੀਮਤ ਕਿਉਂ ਨਾ ਚੁਕਾਣੀ ਪਵੇ । ਅਜਿਹੇ ਮਨੁੱਖ ਹੀ ਆਤਮਵਾਦ ਤੇ ਸੂਰਬੀਰਤਾ ਦਾ ਸੁਮੇਲ ਹੋ ਸਕਦੇ ਹਨ। ਇਸ ਮਿਸ਼ਨ ਦੀ ਸਫਲਤਾ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਲੀ ਧਰਮ Practical Religion ਦੇ ਮੰਨਣ ਵਾਲਿਆਂ ਲਈ ਰਹਿਤ ਉਤੇ ਬੜਾ ਜ਼ੋਰ ਦਿੱਤਾ । ਉਹਨਾਂ ਅਨੁਸਾਰ “ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾਹਿ” ਭਾਵ ਸਿੱਖ ਉਹੋ ਹੀ ਪ੍ਰਵਾਨ ਹੋਵੇਗਾ ਜਿਸ ਦਾ ਜੀਵਨ ਸੁੱਚਾ ਤੇ ਸੱਚਾ ਹੈ। ਰਹਿਤ ਵਾਲੇ ਜੀਵਨ ਰਾਹੀਂ ਹੀ ਸੰਸਾਰ ਵਿਚ ਚੰਗੀਆ ਕੀਮਤਾਂ ਪ੍ਰਚਲਤ ਹੋ ਸਕਦੀਆਂ ਹਨ ।
ਆਪਣੀ ਰਚਨਾਤਮਿਕ ਕਿਰਤ ਸਭ ਨੂੰ ਪਿਆਰੀ ਹੁੰਦੀ ਹੈ ਪਰ ਜਿਤਨਾ ਪਿਆਰ ਤੇ ਸਤਿਕਾਰ ਗੁਰੂ ਗੋਬਿੰਦ ਦੇ ਮਨ ਵਿਚ ਆਪਣੇ ਖਾਲਸੇ ਵਾਸਤੇ ਸੀ, ਅਤੇ ਜਿਤਨੀ ਵੱਡੀ ਕੀਮਤ ਇਸ ਨੂੰ ਬਚਾਉਣ ਤੇ ਚਮਕਾਉਣ ਲਈ ਉਨ੍ਹਾਂ ਦਿੱਤੀ, ਉਸ ਦੀ ਮਿਸਾਲ
ਸੰਸਾਰ ਦੇ ਇਤਿਹਾਸ ਵਿਚ ਹੋਰ ਕਿਧਰੇ ਨਹੀਂ ਮਿਲਦੀ । ਪਰ ਅਜਿਹਾ ਖਾਲਸਾ ਉਹੋ ਹੀ ਅਖਵਾ ਸਕਦਾ ਹੈ ਜਿਸ ਵਿਚ
ਪੂਰਨ ਜੋਤਿ ਜਗੈ ਘਟ ਮੈ ।
ਤਬ ਖਾਲਸਾ ਤਾਂਹਿੰ ਨਿਖਾਲਸ ਜਾਨੈ ॥
ਅਜਿਹਾ ਖਾਲਸਾ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਮਾਈ ਜਾਂ ਜੀਵਨ ਪੂੰਜੀ ਸ੍ਰੀ ਜਿਸ ਰਾਹੀਂ ਉਨ੍ਹਾਂ ਨੇ ਆਪਣੇ ਚੁਣੇ ਮਿਸ਼ਨ ਦੀ ਸਫਲਤਾ ਪ੍ਰਾਪਤ ਕਰਨੀ तो ।
ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸੇ ਮੈਂ ਹਉਂ ਕਰੋਂ ਨਿਵਾਸ।
ਖਾਲਸਾ ਮੇਰੋ ਮੁਖ ਹੈ ਅੰਗਾ।
ਖਾਲਸੇ ਕੇ ਹਉ ਸਦ ਸਦ ਸੰਗਾ ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਜਿਸ ਖਾਲਸੇ ਨੂੰ ਇਤਨਾ ਵੱਡਾ ਰੁਤਬਾ ਦੇਂਦੇ ਹਨ ਕੀ ਉਹ ਖਾਲਸਾ ਕੁਝ ਇਸ ਤਰ੍ਹਾਂ ਦੀਆਂ ਸ਼ਾਨਦਾਰ ਰਵਾਇਤਾਂ ਕਾਇਮ ਕਰ ਸਕਿਆ ਹੈ ? ਪੁਰਾਤਨ ਸਮੇਂ ਦੇ ਆਧਾਰ ਤੇ ਇਸ ਸਵਾਲ ਦਾ ਜਵਾਬ ਕਾਜੀ ਨੂਰ ਮੁਹੰਮਦ ‘ਜੰਗ ਨਾਮੇ’ ਵਿੱਚ ਇਸ ਤਰ੍ਹਾਂ ਬਿਆਨ ਕਰਦਾ ਹੈ ।
‘ਇਹ ਯੁੱਧ ਭੂਮੀ ਵਿਚ ਸਚਮੁੱਚ ਸ਼ੇਰ ਵਾਂਗ ਹਨ ॥ ਤੇ ਅਮਨ ਸਮੇਂ ਇਹ ਹਾਤਮ ਤੋਂ ਵੀ ਵੱਧ ਹਨ ॥’
ਅੰਤ ਵਿਚ ਮੈਂ ਇਹ ਅਰਜ਼ ਕਰਨਾ ਚਾਹੁੰਦੀ ਹਾਂ ਕਿ ਅਜੋਕੇ ਵਿਗਿਆਨ ਦੇ ਯੁੱਗ ਵਿਚ ਇੰਨੀ ਤਰੱਕੀ ਦੇ ਬਾਵਜੂਦ ਵੀ ਮਨੁੱਖ ਪ੍ਰਮਾਤਮਾ ਦਾ ਰਹੱਸ ਅਤੇ ਉਸ ਦੀ ਰਚਨਾ ਦੀ ਮਹਾਨਤਾ ਨੂੰ ਪੂਰੀ ਤਰ੍ਹਾਂ ਨਕਾਰਨ ਅਤੇ ਉਸ ਰਚਨਾ ਦੀ ਬਰਾਬਰੀ ਕਰਨ ਦੇ ਅਸਮਰਥ ਰਿਹਾ ਹੈ । ਸੋ ਇਸ ਲਈ ਗੁਰੂ ਹੀ ਇਕੋ ਇਕ ਕੜੀ ਹੈ ਜੋ ਮਨੁੱਖ ਨੂੰ ਉਸ ਅਕਾਲ ਪੁਰਖ ਦੀ ਹੋਂਦ ਨਾਲ ਅਭੇਦ ਹੋਣ ਦਾ ਮਾਰਗ ਦਰਸਾਉਂਦਾ ਹੈ ਅਤੇ ਉਸ ਪਰਮ ਪੁਰਖ ਨਾਲ ਇਕ-ਮਿਕ ਹੋਣ ਲਈ ਪ੍ਰੇਰਦਾ ਹੈ ।
ਲੋੜ ਹੈ ਅੱਜ ਦੇ ਜੀਵਨ ਵਿੱਚੋਂ ਕੁਝ ਪਲ ਕੱਢ ਕੇ ‘ਧਰਮ’ ਦੇ ਲੇਖੇ ਲਾਉਣ ਦੀ, ਖਾਲਸੇ ਦੇ ਅੰਦਰਲੇ ਬਾਹਰਲੇ ਨਿਆਰੇਪਨ ਨੂੰ ਸੁਰਜੀਤ ਕਰਨ ਦੀ ਅਤੇ ਸਹੀ ਅਰਥਾਂ ਵਿਚ ਗੁਰੂ ਦੇ ‘ਸਪੂਤ’ ਅਖਵਾਉਣ ਦੀ ।

– ਇੰਦਰਪਾਲ ਕੌਰ