15 views 8 secs 0 comments

ਜਵਾਨੀ ਲਈ ਪ੍ਰੇਰਨਾ

ਲੇਖ
November 10, 2025

ਜਰਾ ਉਪਾਉ ਨ ਹੋ ਸਕੇ, ਜਰਾ ਅਵਸਥਾ ਮਾਹਿ।

ਭਵ ਸਾਗਰ ਕੇ ਤਰਣ ਕੋ, ਤਰਣ ਅਵਸਥਾ ਆਹਿ।
(ਭਰਥਰੀ ਜੀ)

ਪੰਜਾਬੀ ਦੀ ਅਖਾਉਤ ਹੈ, “ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ, ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ।” ਭਾਵ ਜੋ ਕੰਮ ਕੱਲ੍ਹ ਨੂੰ ਕਰਨ ਦੀ ਸਲਾਹ ਹੈ, ਉਹ ਅੱਜ ਹੀ ਕਰ ਲਵੋ ਅਤੇ ਜੋ ਅੱਜ ਬਾਰੇ ਸੋਚਿਆ ਹੈ, ਉਹ ਹੁਣੇ ਹੀ ਸ਼ੁਰੂ ਕਰ ਦਿਉ। ਕਿਧਰੇ ਅੱਜ ਕੱਲ੍ਹ ਕਰਦਿਆਂ ਸਮਾਂ ਨਾ ਬੀਤ ਜਾਵੇ ਕਿਉਂਕਿ ਉਮਰ ਤਾਂ ਹੱਡਾਂ ਨੂੰ ਖਾ ਰਹੀ ਹੈ ਤੇ ਪਲ-ਪਲ ਅਸੀਂ ਅੰਤ ਵੱਲ ਵਧ ਰਹੇ ਹਾਂ। ਤਕਰੀਬਨ ਵਿੱਦਿਅਕ ਅਦਾਰਿਆਂ ਦੀਆਂ ਕੰਧਾਂ ਉੱਪਰ ਮੋਟਾ ਕਰ ਕੇ ਲਿਖਿਆ ਹੁੰਦਾ ਹੈ, “ਅੱਜ ਦਾ ਕੰਮ ਕੱਲ ‘ਤੇ ਨਾ ਛੱਡੋ।” ਇਧਰ ਦ੍ਰਿਸ਼ਟਮਾਨ ਸੰਸਾਰ ਵਿਚ ਬਹੁਤੇ ਬੰਦਿਆਂ ਦੀ ਸਾਰੀ ਉਮਰ ਸਕੀਮਾਂ ਵਿਚ ਹੀ ਨਿਕਲ ਜਾਂਦੀ ਹੈ ਅਤੇ ਜਦ ਚਿੜੀਆਂ ਖੇਤ ਚੁਗ ਜਾਂਦੀਆਂ ਹਨ ਤਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਹੈ। ਬਹੁਤੀਆਂ ਸਕੀਮਾਂ ਦੇ ਘਾੜੇ ਬਾਰੇ ਹੀ ਲੋਕ ਮੁਹਾਵਰਾ ਹੈ, “ਮਾੜਾ ਚੋਰ ਸਕੀਮਾਂ ‘ਤੇ ਜ਼ੋਰ।” ਫਿਰ ਇਸ ਚਰਚਾ ਦਾ ਹੱਲ ਕੀ ਹੈ?

ਉਪਰੋਕਤ ਪੰਕਤੀਆਂ ਭਰਥਰੀ ਜੀ ਦੇ ‘ਵੈਰਾਗ ਸ਼ਤਕ’ ਗ੍ਰੰਥ ਵਿਚ ਹਨ। ਇਨ੍ਹਾਂ ਵਿਚ ਜੀਵਨ-ਜਾਚ ਦਾ ਫ਼ਲਸਫ਼ਾ ਹੈ। ਮਨੁੱਖੀ ਜੀਵਨ ਵਿਚ ਬਚਪਨ ਦੀ ਉਮਰ ਬਾਦਸ਼ਾਹੀ ਤੇ ਬੇਪਰਵਾਹੀ ਵਾਲੀ ਹੁੰਦੀ ਹੈ। ਜਵਾਨੀ ਦੀ ਉਮਰ ਦੀ ਸ਼ਕਤੀ ਬਹੁਤਾ ਵਰਗ ਰੰਗ ਤਮਾਸ਼ਿਆਂ ਵਿਚ ਗੁਆ ਲੈਂਦਾ ਹੈ। ਬਿਰਧ ਅਵਸਥਾ ਵਿਚ ਕੁਝ ਕਰਨਾ ਤਾਂ ਚਾਹੁੰਦਾ ਹੈ ਪਰ ਸ਼ਕਤੀਹੀਣ ਹੁੰਦਾ ਹੈ। ਕਈ ਸਦੀਆਂ ਪਹਿਲਾਂ ਬਾਬਾ ਫ਼ਰੀਦ ਜੀ ਨੇ ਫ਼ਰਮਾਇਆ, ‘ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ’ ਅਤੇ ਭਗਤ ਬਾਣੀ ਵਿਚ ‘ਭਵਰ ਗਏ ਬਗ ਬੈਠੇ ਆਇ’ ਭਾਵ ਕਾਲੇ ਕੇਸ ਚਲੇ ਗਏ ਜੋ ਜੁਆਨੀ ਦਾ ਸਮਾਂ ਸੀ, ਹੁਣ ਬਗ (ਚਿੱਟੇ ਵਾਲ) ਆ ਗਏ। ਬਿਰਧ ਅਵਸਥਾ ਵਿਚ ‘ਅੰਤਰਿ ਸੁਰਤਿ ਗਿਆਨੁ’ ਵਾਲੀਆਂ ਬਹੁਤ ਘੱਟ ਰੂਹਾਂ ਕਾਰਜਸ਼ੀਲ ਹੁੰਦੀਆਂ ਹਨ। ਇਸੇ ਸੰਦਰਭ ਵਿਚ ਭਰਥਰੀ ਜੀ ਦਾ ਬਹੁਤ ਸੁੰਦਰ ਵਿਚਾਰ ਹੈ ਕਿ ਜਰਾ (ਥੋੜਾ) ਜਿਹਾ ਉਪਾਉ ਵੀ ਨਹੀਂ ਹੋ ਸਕਦਾ, ਜਦੋਂ (ਜਰਾ ਅਵਸਥਾ) ਬੁਢਾਪੇ ਦੀ ਉਮਰ ਹੋ ਜਾਂਦੀ ਹੈ। ਸਾਹਮਣੇ ਜੋ ਭਵ (ਭੈ) ਦਾ ਸਾਗਰ ਭਾਵ ਜੋ ਜੀਵਨ ਦਾ ਬਿਖਮ ਕਾਰਜ ਕਰਨ ਵਾਲਾ ਹੈ, ਉਹ ਸਮੁੰਦਰ ਨੂੰ ਤਰਣ (ਤੈਰਨ) ਵਾਸਤੇ ਤਰਣ ਅਵਸਥਾ (ਜੁਆਨੀ ਦੀ ਉਮਰ) ਸਭ ਤੋਂ ਵਧੀਆ ਹੈ। ਇੱਥੇ ‘ਜਰਾ’ ਤੇ ‘ਤਰਣਾ ਸ਼ਬਦ ਦੋ-ਦੋ ਅਰਥਾਂ ਵਿਚ ਆਏ ਹਨ। ਇਹ ਕਾਵਿ ਦਾ ਨਮੂਨਾ ਨੌਜਵਾਨ ਵਰਗ ਲਈ ਪ੍ਰੇਰਨਾ-ਸ੍ਰੋਤ ਹੈ ਕਿ ਕਿਧਰੇ ਅੱਜਕਲ੍ਹ ਕਰਦਿਆਂ ਜ਼ਿੰਦਗੀ ਦਾ ਕੀਮਤੀ ਸਮਾਂ ਨਾ ਨਸ਼ਟ ਹੋ ਜਾਵੇ।

ਡਾ. ਇੰਦਰਜੀਤ ਸਿੰਘ ਗੋਗੋਆਣੀ