ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ‘ਚ ਜੁੜੀਆਂ ਸੰਗਤਾਂ

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ 'ਚ ਜੁੜੀਆਂ ਸੰਗਤਾਂ

ਗੁਰੂ ਸਾਹਿਬ ਜੀ ਨੇ ਮਨੁੱਖੀ ਜੀਵਨ ਨੂੰ ਆਦਰਸ਼ ਬਣਾਉਣ ਲਈ ਨਾਮ, ਦਾਨ ਤੇ ਇਸ਼ਨਾਨ ਤਿੰਨ ਬੁਨਿਆਦੀ ਨਿਯਮ ਬਣਾਏ- ਸੰਤ ਬਾਬਾ ਅਮੀਰ ਸਿੰਘ

ਲੁਧਿਆਣਾ, 4 ਮਈ – ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਸਥਾਪਿਤ ਕੀਤੀ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਦੌਰਾਨ ਸਮਗਤਾਂ ਵਿਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਮਝਾਇਆ ਕਿ ਗੁਰਮਤਿ ਅਨੁਸਾਰ “ਨਾਮ” ਦੀ ਪ੍ਰਾਪਤੀ ਮਨੁੱਖਾ ਜੀਵਨ ਦਾ ਪਰਮ ਲਕਸ਼ ਹੈ। ਗੁਰੂ ਦੀ ਸ਼ਰਨ ਵਿੱਚ ਆ ਕੇ ਅਤੇ ਗੁਰਬਾਣੀ ਨੂੰ ਹਿਰਦੇ ‘ਚ ਵਾਸਾ ਕੇ ਜੀਵ ਨੂੰ “ਨਾਮ” ਦੀ ਪ੍ਰਾਪਤੀ ਹੋ ਸਕਦੀ ਹੈ। ਗੁਰਬਾਣੀ ਸਾਧਕ ਨੂੰ ਨਾਮ ਜਪਣ ਲਈ ਪ੍ਰੇਰਦੀ ਹੈ, ਨਾਮ ਦੀ ਵਡਿਆਈ ਨੂੰ ਹਿਰਦੇ ‘ਚ ਦ੍ਰਿੜ ਕਰਵਾਉਂਦੀ ਹੈ। ਬਾਬਾ ਜੀ ਨੇ ਗੁਰਬਾਣੀ ਸ਼ਬਦ ਦੇ ਹਵਾਲੇ ਨਾਲ ਸਮਝਾਇਆ ਕਿ ਗੁਰੂ ਸਾਹਿਬ ਜੀ ਨੇ ਮਨੁੱਖੀ ਜੀਵਨ ਨੂੰ ਆਦਰਸ਼ ਬਣਾਉਣ ਲਈ ਨਾਮ, ਦਾਨ ਤੇ ਇਸ਼ਨਾਨ ਤਿੰਨ ਬੁਨਿਆਦੀ ਨਿਯਮ ਬਣਾਏ। “ਨਾਮ” ਤੋਂ ਭਾਵ ਪ੍ਰਮਾਤਮਾਂ ਨੂੰ ਹਰ ਵੇਲੇ ਚੇਤੇ ਰੱਖਣਾ ਤੇ ਗੁਰਮੰਤਰ ਦਾ ਸਿਮਰਨ ਕਰਦਿਆਂ ਨਾਮ ਦੇ ਅਰਥ ਭਾਵ ਦ੍ਰਿੜ ਕਰਦਿਆਂ ਅਮਲ ‘ਚ ਲਿਆਉਣਾ। “ਦਾਨ” ਦਾ ਭਾਵ ਆਪਣਾ ਨਿਰਬਹ ਕਰਨਾ ਤੇ ਦੂਜਿਆਂ ਦੀ ਮਦਦ ਕਰਨਾ, ਕਿਸੇ ਅੱਗੇ ਹੱਥ ਨਹੀਂ ਪਸਾਰਨਾ। ਇਸੇ ਤਰ੍ਹਾਂ ਇਸ਼ਨਾਨ ਤੋਂ ਭਾਵ ਹੈ ਅਪਣੇ ਸਰੀਰ ਨੂੰ ਸਾਫ ਸੁਥਰਾ ਤੇ ਅਰੋਗ ਰੱਖਣਾ। ਬਾਬਾ ਜੀ ਨੇ ਜੋਰ ਦਿੰਦਿਆਂ ਸਮਝਾਇਆ ਕਿ ਗੁਰੂ ਸਾਹਿਬ ਜੀ ਨੇ ਇਨ੍ਹਾਂ ਤਿੰਨ੍ਹਾਂ ਬੁਨਿਆਦੀ ਨਿਯਮਾਂ ਨੂੰ ਅਪਣਾਉਣ ਦਾ ਉਪਦੇਸ਼ ਕੀਤਾ ਹੈ। ਗੁਰੂ ਕਾ ਲੰਗਰ ਅਤੁੱਟ ਵਰਤਿਆ।