128 views 0 secs 0 comments

ਜਾਂ ਕੁਆਰੀ ਤਾ ਚਾਉ

ਲੇਖ
May 08, 2025
ਜਾਂ ਕੁਆਰੀ ਤਾ ਚਾਉ

ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਗੁਰਬਾਣੀ ਅਨੁਸਾਰ ਹਰੇਕ ਉਹ ਬੱਚੀ ਜੋ ਮਾਨਸਿਕ ਅਤੇ ਸਰੀਰਕ ਪੱਖੋਂ ਯੋਗ ਹੈ, ਆਪਣੇ ਮਨ ਵਿਚ ਆਪਣੇ ਵਾਸਤੇ ਯੋਗ ਵਰ ਦੀ ਤਸਵੀਰ ਚਿਤਵਦੀ ਹੈ। ਮਾਤਾ, ਹੋਰ ਸਿਆਣੀਆਂ ਪਰਵਾਰਕ ਇਸਤਰੀਆਂ, ਸਖੀਆਂ ਆਦਿ ਵੀ ਉਸ ਨੂੰ ਸਦਾ ਚੇਤੇ ਕਰਵਾਉਂਦੀਆਂ ਰਹਿੰਦੀਆਂ ਹਨ ਕਿ ਤੂੰ ਆਪਣੇ ਅਸਲੀ ਘਰ ਜਾਣਾ ਹੈ। ਇਹ ਘਰ ਤੇਰੇ ਮਾਪਿਆਂ ਦਾ ਘਰ ਹੈ ਜਿਥੇ ਤੇਰੀਆਂ ਭਰਜਾਈਆਂ ਨੇ ਆਉਣਾ ਹੈ। ਤੇਰਾ ਅਸਲੀ ਘਰ ਤੇਰੇ ਹੋਣ ਵਾਲੇ ਪਤੀ ਦਾ ਘਰ ਹੈ। ਗੁਰਬਾਣੀ ਵੀ ਇਸ ਦੀ ਮਿਸਾਲ ਦਿੰਦਿਆਂ ਹੋਇਆਂ ਜੀਵ-ਆਤਮਾ ਨੂੰ ਮੁੜ ਮੁੜ ਸਮਝਾਉਣੀਆਂ ਦਿੰਦੀ ਹੋਈ ਆਖਦੀ ਹੈ:

ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ॥
( ਅੰਗ 50)

ਇਹ ਸਾਨੂੰ ਸਦਾ ਯਾਦ ਰਹੇ ਕਿ ਗੁਰਬਾਣੀ ਵਿਚ ਜਦੋਂ ਵੀ ਦੁਨਿਆਵੀ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ ਤਾਂ ਸਿਰਫ਼ ਅਲੰਕਾਰ ਵਜੋਂ ਹੀ ਇਹਨਾਂ ਦਾ ਪ੍ਰਯੋਗ ਕੀਤਾ ਗਿਆ ਹੈ, ਭਾਵ ਸਤਿਗੁਰਾਂ ਦਾ ਦੁਨਿਆਵੀ ਮਿਸਾਲਾਂ ਨੂੰ ਉਦਾਹਰਣ ਵਜੋਂ ਵਰਤ ਕੇ ਅਸਲੀ ਉਪਦੇਸ਼ ਮਾਰਫ਼ਤ ਦਾ ਹੀ ਦੇਣਾ ਸੀ/ਹੈ।ਪਹਿਲਾਂ ਤੇ ਨਢੀ ਨੂੰ ਵਿਆਹ ਦਾ, ਪਤੀ ਦਾ, ਸਹੁਰੇ ਘਰ ਦਾ ਚਾਅ ਹੁੰਦਾ ਹੈ ਤੇ ਪਤਾ ਫਿਰ ਲੱਗਦਾ ਹੈ ਜਦੋਂ ਸਹੁਰੇ ਘਰ ਦੇ ਖਲਜਗਣਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਏਸੇ ਕਰਕੇ ਹੀ ਭਗਤ ਫ਼ਰੀਦ ਜੀ ਨੇ ਆਖਿਆ ਹੈ:

ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ॥ ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ॥੬੩॥
(ਅੰਗ 1381)

ਗੁਰਬਾਣੀ ਵਿਚ ਇਕ ਹੋਰ ਵਿਕੋਲਿਤਰੀ ਜਿਹੀ ਸਥਿਤੀ ਦਾ ਵਰਨਣ ਵੀ ਮਿਲਦਾ ਹੈ। ਕੋਈ ਕੋਈ ਨਢੀ ਕਦੀ ਸਹੇਲੀਆਂ ਸੰਗ ਆਪਣੇ ਪਤੀ ਬਾਰੇ ਹਾਸੇ ਭਰੀਆਂ ਬਾਤਾਂ ਦੁਆਰਾ ਮਨੋਰੰਜਕ ਵਾਤਾਵਰਣ ਪੈਦਾ ਕਰ ਕੇ, ਸਹੇਲੀਆਂ ਸਮੇਤ ਹਾਸੇ ਵਾਲਾ ਵਾਤਾਵਰਣ ਵੀ ਸਿਰਜਦੀ ਹੈ ਪਰ ਜਦੋਂ ਪਤੀ ਘਰ ਵਿਚ ਪ੍ਰਵੇਸ਼ ਕਰੇ ਤਾਂ ਸੰਗ ਜਿਹੀ ਅਨੁਭਵ ਕਰਦੀ ਹੋਈ ਸਿਰ ਦੇ ਲੀੜੇ ਨਾਲ ਆਪਣਾ ਮੂੰਹ ਢੱਕ ਲੈਂਦੀ ਹੈ। ਇਸ ਬਾਰੇ ਵਰਨਣ ਇਸ ਪ੍ਰਕਾਰ ਹੈ:

ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ॥ ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ॥੧॥
( ਅੰਗ 1203)

ਪਤੀ ਦੀ ਗ਼ੈਰ ਹਾਜ਼ਰੀ ਜਾਂ ਅਣਗੌਲਤਾ ਦੇ ਕਾਰਨ ਪਤਨੀ ਦੀ ਘਰ ਵਿਚ ਅਣਪੁੱਛਤਾ ਜਿਹੀ ਨੂੰ ਗੁਰਬਾਣੀ ਵਿਚ ਵੀ ਇਉਂ ਬਿਆਨਿਆ ਹੈ:

ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ॥੧॥
(ਅੰਗ 1095)

ਬਹੁਤੀ ਹੀ ਸੌੜੀ ਸੋਚ ਵਾਲੀ ਕੋਈ ਕੋਈ ਸੱਸ ਨਵੀਂ ਨੂੰਹ ਦਾ ਏਨਾ ਕਾਫੀਆ ਵੀ ਤੰਗ ਕਰ ਸਕਦੀ ਹੈ ਕਿ ਗੁਰਬਾਣੀ ਅਨੁਸਾਰ ਹਾਲਤ ਕੁਝ ਇਸ ਹੱਦ ਤੱਕ ਵੀ ਅੱਪੜ ਜਾਂਦੀ ਹੈ:

ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ॥
(ਅੰਗ 355)

ਪਰ ਗੁਰਮਤਿ ਦੀ ਸਿੱਖਿਆ ਅਨੁਸਾਰ ਇਸ ਸੰਸਾਰ ਵਿਚ ਆਉਣਾ ਵੀ ਨਿਰੰਕਾਰ ਦੇ ਵੱਸ ਹੈ ਤੇ ਆਉਣ ਉਪ੍ਰੰਤ ਕਾਦਰ ਦੀ ਸਾਜੀ ਕੁਦਰਤ ਦੇ ਨੇਮਾਂ ਅਨੁਸਾਰ ਪਰਵਾਰਕ ਜੀਵਨ ਵਿਚ ਵੀ ਪ੍ਰਵੇਸ਼ ਕਰਨਾ ਹੈ। ਦੁੱਖ ਤਾਂ ਹਰ ਅਵਸਥਾ ਵਿਚ ਹੀ ਸੰਸਾਰ ਅੰਦਰ ਹਨ ਤੇ ਇਹਨਾਂ ਦੀ ਸਮਾਪਤੀ ਜੀਂਦੇ ਜੀ ਕਦੀ ਨਹੀਂ ਹੋ ਸਕਦੀ। ਗੁਰਬਾਣੀ ਦਾ ਫ਼ਰਮਾਨ ਹੈ:

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥
(ਅੰਗ 149)

ਨਿਰੰਕਾਰ ਵੱਲੋਂ ਬਖ਼ਸ਼ੀ ਹੋਈ ਉਮਰ ਸੰਸਾਰ ਅੰਦਰ ਪੂਰੀ ਕਰਨੀ ਹੀ ਹੈ ਪਰ ਉਸ ਦੀ ਰਜ਼ਾ ਅੰਦਰ ਰਾਜ਼ੀ ਰਹਿ ਕੇ ਬਿਤਾਉਣ ਨਾਲ ਦੁੱਖਾਂ ਦੀ ਅਗਨੀ ਦਾ ਸੇਕ ਮਨੁੱਖ ਨੂੰ ਘੱਟ ਲੱਗੇਗਾ। ਇਕ ਚਲਚਿਤਰੀ ਗੀਤ ਵਿਚ ਇਕ ਬੀਬੀ ਵੀ ਇਉਂ ਵੀ ਗਾਉਂਦੀ ਦਰਸਾਈ ਹੈ:

ਦੁਨੀਆ ਮੇ ਹਮ ਆਏ ਹੈਂ ਤੋ ਜੀਨਾ ਹੀ ਪੜੇਗਾ। ਜੀਵਨ ਹੈ ਅਗਰ ਜ਼ਹਿਰ ਤੋ ਪੀਨਾ ਹੀ ਪੜੇਗਾ। ਗੁਰਬਾਣੀ ਜੀਵਨ ਨੂੰ ਜ਼ਹਿਰ ਨਹੀਂ ਬਲਕਿ ਅਨਮੋਲ ਰੱਬੀ ਤੋਹਫ਼ਾ ਸਮਝ ਕੇ ਉਸ ਦੀ ਯਾਦ ਤੇ ਰਜ਼ਾ ਵਿਚ ਵਿਚਰਨ ਦਾ ਉਪਦੇਸ਼ ਦਿੰਦੀ ਹੋਈ ਸਾਡੇ ਕਲਿਆਣ ਹਿਤ ਉਪਦੇਸ਼ ਬਖ਼ਸ਼ਿਸ਼ ਕਰਦੀ ਹੈ:

ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥
(ਅੰਗ, 374)