46 views 13 secs 0 comments

ਜਾਗ੍ਰਿਤ ਅਵਸਥਾ

ਲੇਖ
November 16, 2025

ਧਰਤੀ ਆਪਣੀ ਹਰਿਆਵਲ, ਆਪਣੇ ਫੁੱਲਾਂ-ਬੂਟਿਆਂ, ਤਿਤਲੀਆਂ, ਜਾਨਵਰਾਂ ਤੇ ਸਮੁੰਦਰਾਂ ਸਹਿਤ ਸੁੰਦਰ ਹੈ। ਇਹ ਸਭ ਅਕਾਲ ਪੁਰਖ ਵਾਹਿਗੁਰੂ ਦੀ ਅਨੂਪਮ ਰਚਨਾ ਹੈ। ਅਕਾਲ ਪੁਰਖ ਦੀ ਬਣਾਈ ਸਭ ਤੋਂ ਕੀਮਤੀ ਕਿਰਤ ਮਨੁੱਖ ਹੈ। ਜੇਕਰ ਇਸ ਮਨੁੱਖ ਨੂੰ ਕੁਦਰਤ ਨਾਲ ਇੱਕਮਿੱਕ ਹੋ ਕੇ ਰਹਿਣਾ ਆ ਜਾਵੇ ਆਪਣੇ ਆਲੇ-ਦੁਆਲੇ ਨਾਲ ਹੀ ਨਹੀਂ ਬਲਕਿ ਦੂਰ-ਦੁਰੇਡੇ ਵਾਲਿਆਂ ਨਾਲ ਅਤੇ ਸਰਬੱਤ ਦੇ ਭਲੇ ਦੀ ਜਾਚ ਆ ਜਾਵੇ ਤਾਂ ਇਹੋ ਧਰਤੀ ਸਵਰਗ ਅਖਵਾਉਣ ਦੀ ਹੱਕਦਾਰ ਹੋ ਸਕਦੀ ਹੈ। ਬਸ਼ਰਤੇ ਕਿ ਮਨੁੱਖ ਨੂੰ ਆਪਣੇ ਆਪ ਨਾਲ, ਹੋਰਨਾਂ ਮਨੁੱਖਾਂ ਨਾਲ (ਆਪਣੇ ਬੇਗਾਨੇ ਨਾਲ) ਅਤੇ ਪਰਦੇਸੀਆਂ ਨਾਲ ਪਿਆਰ ਪੈ ਜਾਵੇ। ਸਿੱਟੇ ਵਜੋਂ ਸਾਰੀ ਕਾਇਨਾਤ, ਕੁਦਰਤ ਨਾਲ ਹੀ ਪਿਆਰ ਬਣ ਜਾਵੇਗਾ।

ਆਪਣੇ ਆਪ ਨੂੰ ਪਛਾਣਨ ਲਈ ਅਨੇਕਾਂ ਧਰਮਾਂ ਦੇ ਫ਼ਲਸਫ਼ੇ ਮਨੁੱਖ ਨੂੰ ਸਮਝਾਏ ਗਏ। ਬੜੇ-ਬੜੇ ਪੀਰ-ਪੈਗ਼ੰਬਰ, ਅਵਤਾਰ ਵੀ ਇਸ ਦੇ ਭਲੇ ਲਈ ਗਿਆਨ ਦਿੰਦੇ ਰਹੇ ਪਰ ਮਨੁੱਖ ਨੇ ਸਹੀ ਗਿਆਨ ਤੋਂ ਸੇਧ ਨਾ ਲੈ ਕੇ, ਨਕਲ ਹੀ ਮਾਰੀ

ਅਤੇ ਕਰਮਕਾਂਡਾਂ ਦਾ ਸਹਾਰਾ ਲੈ ਲਿਆ। ਸਿੱਟੇ ਵਜੋਂ ਮਨੁੱਖ ਆਪਣੇ ਅਸਲੇ ਦੀ, ਅੰਤਰ-ਆਤਮੇ ਦੀ, ਅੰਦਰਲੇ ਦੀ ਪਛਾਣ ਕਰਨ ਬਦਲੇ ਆਪਣੇ ਆਪ ਤੋਂ ਬਾਹਰ ਹੀ ਭਟਕਦਾ ਰਿਹਾ ਜਿਸ ਦਾ ਸਿੱਟਾ ਹੈ ਕਿ ਅੱਜ ਧਰਮਾਂ ਦੇ, ਮਜ਼੍ਹਬਾਂ ਦੇ ਵਿਤਕਰੇ ਅਤੇ ਝਗੜਿਆਂ ਕਾਰਨ ਮਨੁੱਖਾਂ ਨੇ ਟਿਕ ਕੇ ਅੰਤਰ-ਆਤਮੇ ਦੀ ਖੋਜ ਦੀ ਬਜਾਇ ਇਕ-ਦੂਜੇ ਨਾਲ ਲੜਨਾ, ਦੂਜਿਆਂ ਮਜ਼੍ਹਬਾਂ ਵਾਲਿਆਂ ਨੂੰ ਮਾਰ-ਮਕਾਉਣਾ ਹੀ ਆਪਣਾ ਧਰਮ ਸਮਝ ਲਿਆ ਹੈ।

ਸੱਚਾ-ਸੁੱਚਾ ਧਰਮ ਸਭ ਲਈ ਇਕ ਹੀ ਹੈ, ਉਹ ਕੇਵਲ ਮਨੁੱਖ ਨੂੰ ਆਪਣੇ ਅੰਤਰ-ਆਤਮੇ ਦੀ ਪਛਾਣ ਕਰਾਉਣ ਬਾਰੇ ਸਮਝਾਉਂਦਾ ਹੈ। ਆਪਣਾ ਮੂਲ ਪਛਾਣਨਾ ਹੀ ਆਪਣੇ ਅੰਦਰ ਬੈਠੇ ਪਰਮਾਤਮਾ ਅਨੁਸਾਰ ਜਿਉਣਾ ਕਹਿਲਾਉਂਦਾ ਹੈ। ਅਕਾਲ ਪੁਰਖ ਵਾਹਿਗੁਰੂ ਸਾਨੂੰ ਅੰਦਰੋਂ ਹਮੇਸ਼ਾ ਸਹੀ ਅਤੇ ਕੇਵਲ ਸੱਚਾ ਮਾਰਗ ਹੀ ਦੱਸਦੇ ਹਨ ਪਰ ਇਸ ਅਵਸਥਾ ਤਕ ਪਹੁੰਚਿਆ ਕਿਵੇਂ ਜਾਵੇ?

ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ॥
ਸਾਬਤੁ ਵਸਤੁ ਓਹੁ ਅਪਨੀ ਲਹੈ॥

ਕਾਸ਼! ਕੋਈ ਅੰਦਰੋਂ ਜਾਗ ਪਵੇ। ਬਾਹਰੀ ਕੀਤੇ ਕੁਝ ਵੀ ਭੇਖ, ਹਠ, ਜੋਗ, ਸਮਾਧੀ, ਜਪੁ, ਤਪੁ, ਕਰਮਕਾਂਡ, ਤੀਰਥ ਇਸ਼ਨਾਨ-ਮਨੁੱਖ ਨੂੰ ਬਾਹਰੋਂ ਆਪਣੇ ਅੰਦਰ ਨਹੀਂ ਲਿਜਾਂਦੇ, ਕੇਵਲ ਬਾਹਰਲੀ ਭਟਕਣਾ ਹੀ ਹੋ ਨਿੱਬੜਦੇ ਹਨ। ਜਿਸ ਮਨੁੱਖ ਨੂੰ ਅੰਦਰ ਦੀ ਯਾਤਰਾ ਦੀ ਗੱਲ ਸਮਝ ਪੈ ਜਾਵੇ, ਉਹ ਸਹੀ ਧਾਰਮਿਕਤਾ ਵਾਲਾ ਜੀਵਨ ਜਿਉਣ ਲੱਗ ਪੈਂਦਾ ਹੈ ਅਤੇ ਬਾਹਰੋਂ ਵੀ ਕੁਦਰਤ ਅਨੁਸਾਰ ਹੀ ਜਿਉਣ ਲੱਗ ਪੈਂਦਾ ਹੈ। ਇਸੇ ਨੂੰ ਰੱਬੀ ਰਜ਼ਾ, ਹੁਕਮ ‘ਚ ਜਿਉਣਾ ਵੀ ਕਹਿ ਸਕਦੇ ਹਾਂ।

ਅੱਜ ਕਈ ਮਨੁੱਖਾਂ ਦਾ ਸਵਾਲ ਹੁੰਦਾ ਹੈ ਕਿ ਸਦੀਵੀ ਜਾਗਦੇ ਮਨ ਦੀ ਜਾਗ੍ਰਿਤ ਅਵਸਥਾ ‘ਚ ਰਹਿਣ ਲਈ ਕੀ ਕਰਨਾ ਚਾਹੀਦਾ ਹੈ? ਇਹ ਸਵਾਲ ਆਪਣੇ ਆਪ ਵਿਚ ਇਹ ਦੱਸਦਾ ਹੈ ਕਿ ਸਦੀਵੀ ਜਾਗ੍ਰਿਤ ਅਵਸਥਾ ਲਈ ਕੁਝ ਖਾਸ ਉਪਰਾਲਾ ਕਰ ਕੇ, ਜੱਫਾ ਮਾਰਨਾ ਪੈਂਦਾ ਹੈ ਲੇਕਿਨ ਇਸ ਤਰ੍ਹਾਂ ਦਰਅਸਲ ਹੁੰਦਾ ਹੀ ਨਹੀਂ।

ਅਸੀਂ ਸਾਰੇ ਮਨੁੱਖ ਬਚਪਨ ਤੋਂ ਆਲੇ-ਦੁਆਲੇ ਦੇ ਪ੍ਰਭਾਵ ਅਨੁਸਾਰ, ਜੋ ਵੀ ਧਰਮ ਅਪਣਾ ਲੈਂਦੇ ਹਾਂ, ਉਸ ਦੇ ਕਰਮਕਾਂਡਾਂ ਨੂੰ ਪੂਰਨਾ ਹੀ ਅਸੀਂ ਧਰਮੀ ਹੋਣਾ ਸਮਝ ਲੈਂਦੇ ਹਾਂ। ਦਰਅਸਲ ਅਸੀਂ ਅੰਦਰੋਂ ਮਨ ਦੀ ਦਸ਼ਾ ਨੂੰ ਨਹੀਂ ਜਾਣਦੇ, ਅੰਤਰ-ਆਤਮੇ ਦੀ ਨਹੀਂ ਸੁਣਦੇ, ਇਸ ਕਰਕੇ ਸਾਰੀ ਉਮਰ ਬਾਹਰ ਹੀ ਰਹਿ ਜਾਂਦੇ ਹਾਂ, ਅੰਦਰੋਂ ਸੁੱਤੇ ਹੀ ਰਹਿ ਜਾਂਦੇ ਹਾਂ। ਬਾਹਰਲੀ ਸਰੀਰਿਕ ਕਿਰਿਆ ਨਾਲ ਸੌਣ ਜਾਂ ਜਾਗਣ ਦੀ ਅਵਸਥਾ ਤਕ ਹੀ ਰਹਿ ਜਾਂਦੇ ਹਾਂ। ‘ਜਾਗੁ ਰੇ ਮਨ ਜਾਗਨਹਾਰੇ’ ਦੀ ਅਵਸਥਾ ਬਾਰੇ ਸਾਨੂੰ ਪਤਾ ਨਹੀਂ ਹੈ। ਇਸ ਕਰਕੇ ਇਹ ਸਵਾਲ ਕਰਦੇ ਹਾਂ ਕਿ ਸਦੀਵੀ ਜਾਗ੍ਰਿਤ ਅਵਸਥਾ ‘ਚ ਕਿਵੇਂ ਰਹੀਏ?

ਸਾਰੀ ਉਮਰ ਅਸੀਂ ਜੋ ਕੁਝ ਵੀ ਕਰਦੇ ਹਾਂ ਉਹ ਆਮ ਕਰਕੇ ਸੁੱਤੇ ਹੋਏ ਦੀ ਅਵਸਥਾ ਹੈ ਤਾਂ ਹੀ ਗੁਰਬਾਣੀ ਦਾ ਫ਼ੁਰਮਾਣ ਹੈ “ਨਰ ਅਚੇਤ ਪਾਪ ਤੇ ਡਰੁ ਰੇ” ਭਾਵ ਮਨੁੱਖ ਹਮੇਸ਼ਾ ਅਚੇਤਨ ਅਵਸਥਾ ਵਿਚ ਵਿਚਰਦਾ ਹੈ ਅਤੇ ਬਿਨਾਂ ਜਾਣਿਆਂ-ਬੁੱਝਿਆਂ ਕਦੇ ਧਰਮੀ ਅਤੇ ਕਦੇ ਅਧਰਮੀ ਜੀਵਨ ਜਿਉਂਦਾ ਰਹਿੰਦਾ ਹੈ ਤੇ ਸਮਝਦਾ ਹੈ ਕਿ ਮੈਂ ਕਦੀ ਪਾਪ ਵਾਲੇ ਕੰਮ ਕਰਦਾ ਹਾਂ ਅਤੇ ਕਦੀ ਪੁੰਨ ਵਾਲੇ। ਸੋ ਜਦੋਂ ਪਾਪੀ ਕਰਮ ਤੋਂ ਦੁੱਖ ਪ੍ਰਾਪਤ ਕਰਦਾ ਹੈ ਤਾਂ ਉਹ ਸੋਚਦਾ ਹੈ ਕਿ ਮੈਨੂੰ ਚੰਗੇ, ਧਰਮੀ ਕੰਮ ਕਰਨੇ ਚਾਹੀਦੇ ਹਨ। ਸੋ ਜ਼ਬਰਦਸਤੀ ਆਪਣੇ ਆਪ ਨੂੰ ਹੋੜ ਕੇ ਧਰਮੀ, ਚੰਗੇ ਕੰਮ ਕਰਨ ਦੀ ਸੋਚਦਾ ਹੈ। ਪਰ ਵਿਕਾਰਾਂ ਦਾ, ਮਾਇਆ ਦਾ ਬੱਧਾ ਫਿਰ ਵੀ ਸਾਰੇ ਕੰਮ, ਧਰਮੀ, ਚੰਗੇ ਨਹੀਂ ਕਰ ਪਾਉਂਦਾ ਤੇ ਸਿੱਟੇ ਵਜੋਂ ਦੁਬਿਧਾ ਭਰਪੂਰ ਜੀਵਨ ਜਿਉਂਦਾ ਰਹਿੰਦਾ ਹੈ ਜੋ ਕਿ ਨਾ ਤਾਂ ਧਾਰਮਿਕਤਾ ਹੁੰਦੀ ਹੈ ਤੇ ਨਾ ਹੀ ਅਧਾਰਮਿਕਤਾ। ਇਹ ਸਭ ਕੁਝ ਸੁੱਤੇ ਅਚੇਤਨ ਮਨ ਦੀਆਂ ਹੀ ਬਿਰਤੀਆਂ ਹਨ। ਅਨਜਾਣੇ ‘ਚ ਮਨ ਹੋਰ ਮੁਖ ਹੋਰ ਵਾਲਾ ਦੋਹਰਾ ਜੀਵਨ ਜਿਉਂਦਾ ਹੈ।

ਜਦੋਂ ਵੀ ਅਸੀਂ ਵਿਕਾਰ ਰੂਪੀ ਜੀਵਨ-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਪ੍ਰੇਰਿਤ ਹੋ ਕੇ, ਦਿਖਾਵੇ ਦਾ ਜਾਂ ਧੱਕੇ ਨਾਲ ਕੁਝ ਵੀ ਕਰਦੇ ਰਹਿੰਦੇ ਹਾਂ ਤਾਂ ਪੱਕਾ ਜਾਣੋ ਕਿ ਅਸੀਂ ਮਨ ਕਰਕੇ ਹੁਣੇ ਜਾਗੇ ਹੀ ਨਹੀਂ ਹਾਂ।

‘ਅਚੇਤ ਮਨ’ ਦੇ ਅਨੇਕਾਂ ਲੱਛਣਾਂ ‘ਚੋਂ ਕੁਝ ਕੁ ਅਸੀਂ ਇਥੇ ਵਿਚਾਰਦੇ ਹਾਂ:

੧. ‘ਅਚੇਤ ਮਨ’ ਹੀ ਕ੍ਰੋਧ ਵੀ ਕਰ ਲੈਂਦਾ ਹੈ ਅਤੇ ਫਿਰ ਪਛਤਾਉਂਦਾ ਰਹਿੰਦਾ ਹੈ ਕਿ ਕਿਉਂ ਕ੍ਰੋਧ ਕਰਦਾ ਹਾਂ।

੨. ‘ਅਚੇਤ ਮਨ’ ਹੀ ਲੋਭੀ ਅਤੇ ਲਾਲਚੀ ਹੁੰਦਾ ਹੈ ਅਤੇ ਸਪਸ਼ਟ ਤੌਰ ‘ਤੇ ਅਸੰਤੋਖੀ ਹੁੰਦਾ ਹੈ।

੩. ‘ਅਚੇਤ ਮਨ’ ਨੂੰ ਪਾਪੀ-ਪੁੰਨੀ (ਸਵਰਗੀ-ਨਰਕੀ) ਵਿਚਾਰਾਂ ਘੇਰੀ ਰੱਖਦੀਆਂ ਹਨ।

੪. ‘ਅਚੇਤ ਮਨ’ ਹੀ ਪਰਾਈ ਕਿਸੇ ਵੀ ਚੀਜ਼ ਨੂੰ ਹਥਿਆਉਣ ਦੇ ਮਨਸੂਬੇ ਜਾਂ ਗ਼ਲਤ ਰਸਤੇ ਇਖ਼ਤਿਆਰ ਕਰਦਾ ਜਾਂ ਉਨ੍ਹਾਂ ਦੀ ਪ੍ਰਾਪਤੀ ਦੇ ਖਿਆਲ ਨਾਲ ਪ੍ਰੇਰਿਤ ਹੁੰਦਾ वै।

੫. ‘ਅਚੇਤ ਮਨ’ ਹੀ ਦੂਜਿਆਂ ਨੂੰ ਆਪਣੇ ‘ਰਾਜਗੁਣ’ ਹੇਠਾਂ ਦਬਾ ਕੇ ਰੱਖਣਾ ਚਾਹੁੰਦਾ वै।

੬. ‘ਅਚੇਤ ਮਨ’ ਹੀ ਦੂਜਿਆਂ ਮਜ਼੍ਹਬਾਂ ਵਾਲਿਆਂ ਨੂੰ ਮਾਰ-ਮੁਕਾਉਣਾ ਚਾਹੁੰਦਾ ਹੈ।

੭. ‘ਅਚੇਤ ਮਨ’ ਨੂੰ ਆਪਣੇ ਸਰੀਰਿਕ ਸੁਖ, ਪਰਿਵਾਰਕ ਸੁਖ ਅਤੇ ਕੇਵਲ ਆਪਣੇ ਮਜ੍ਹਬ ਜਾਂ ਦੇਸ਼ ਤੋਂ ਅਲੱਗ ਹੋਰਨਾਂ ਦੇ ਭਲੇ ਦੀ ਨਹੀਂ ਸੁੱਝਦੀ।

੮. ‘ਅਚੇਤ ਮਨ’ ਹੀ ਦੂਜਿਆਂ ਦੀ ਨਿੰਦਾ ਅਤੇ ਵਿਗਾੜ ਕਰਦਾ ਹੈ।

੯. ‘ਅਚੇਤ ਮਨ’ ਹੀ ਦੂਜਿਆਂ ਦੀ ਤਰੱਕੀ ਵੇਖ ਨਹੀਂ ਸੁਖਾਂਦਾ ਅਤੇ ਦੂਜਿਆਂ ਨਾਲ ਸਾੜਾ, ਨਫ਼ਰਤ ਕਰਦਾ ਹੈ।

੧੦. ‘ਅਚੇਤ ਮਨ’ ਹੀ ਉਚ-ਨੀਚ, ਰੰਗ, ਨਸਲ, ਲਿੰਗ, ਆਸਤਕ-ਨਾਸਤਕ ਦੇ ਭੇਦ-ਭਾਵ ਦੀ ਵਿਚਾਰ ਵਿਚ ਪਿਆ ਰਹਿੰਦਾ ਹੈ। ਕਿਸੇ ਮਨੁੱਖ ਨੂੰ ਅਤੇ ਕਿਸੇ ਖਾਸ ਕਰਮ ਨੂੰ ਚੰਗਾ ਅਤੇ ਮੰਦਾ ਸਮਝਦਾ ਰਹਿੰਦਾ ਹੈ।

੧੧. ‘ਅਚੇਤ ਮਨ’ ਹੀ ਵਿਖਾਵੇ ਦਾ ਧਰਮੀ, ਰੀਤੀ-ਰਿਵਾਜ਼ ਅਤੇ ਵੱਡਾ ਦੁਨੀਆਂਦਾਰ ਬਣ ਕੇ, ਵਿਖਾਵੇ ਵਾਲਾ ਜੀਵਨ ਜਿਉਂਦਾ ਹੈ।

ਅਜਿਹੇ ਅਨੇਕਾਂ ਹੀ ਲੱਛਣ ਹਨ, ਜਿਨ੍ਹਾਂ ਦਾ ਧਾਰਨੀ ਮਨੁੱਖ “ਅਚੇਤ ਮਨ” ਦੀ ਅਵਸਥਾ ‘ਚ ਜਿਉਂਦਾ ਹੈ।

ਸਿੱਟੇ ਵਜੋਂ ਇਹੋ ਸਮਝ ਪੈਂਦੀ ਹੈ ਕਿ ਜੋ ਕੁਝ ਬਾਹਰੀ ਕੀਤਾ ਵੇਖਿਆ ਜਾਂਦਾ ਹੈ ਉਹ ਸਭ ਕੁਝ ਬਾਹਰ ਹੀ ਰਹਿ ਜਾਂਦਾ ਹੈ ਪਰ ਅੰਦਰੋਂ ਜਾਗੇ ਮਨੁੱਖ ਦੀ ਅਵਸਥਾ ਵਿਚ ਵਿਚਰ ਰਹੇ ਮਨੁੱਖ ਤੋਂ ਆਪ-ਮੁਹਾਰੇ ਜੋ ਕੁਝ ਵੀ ਹੁੰਦਾ ਹੈ ਉਹ ਕੇਵਲ ਠੀਕ, ਚੰਗਾ ਧਰਮੀ ਹੀ ਹੁੰਦਾ ਹੈ। ਉਸ ਦੇ ਲੱਛਣ ਵੀ ਕੁਝ ਕੁ ਵਿਚਾਰਦੇ ਹਾਂ। ‘ਜਾਗ੍ਰਿਤ ਮਨ’ ਨੂੰ ‘ਸੁਚੇਤ ਮਨ’ ਜਾਂ ਜਾਗ੍ਰਿਤ ਅਵਸਥਾ ਵੀ ਕਹਿੰਦੇ ਹਨ।

੧. ‘ਸੁਚੇਤ ਮਨ’ ਕੇਵਲ ਬੀਰ-ਰਸ ਰੂਪੀ ਕ੍ਰੋਧ ਹੀ ਕਰਨਾ ਜਾਣਦਾ ਹੈ। ਭਾਵ ਦੂਜਿਆਂ ਦੇ ਭਲੇ ਲਈ ਆਪਾ ਵਾਰਨਾ।

੨. ‘ਸੁਚੇਤ ਮਨ’ ਲੋਭ, ਲਾਲਚ, ਮੋਹ, ਖੁਦਗਰਜ਼ੀ ਤੋਂ ਉੱਪਰ ਉੱਠ ਕੇ ਹੋਰਨਾਂ ਨਾਲ ਵੰਡ ਛਕਣਾ ਹੀ ਜਾਣਦਾ ਹੈ।
੩. ‘ਸੁਚੇਤ ਮਨ’ ਕਿਸੇ ਨੂੰ ਆਪਣੇ ਹੇਠਾਂ ਦਬਾ ਕੇ ਨਹੀਂ ਰੱਖਦਾ ਬਲਕਿ ਸਭ ਨਾਲ ਬਰਾਬਰਤਾ ਵਾਲਾ ਜੀਵਨ ਜਿਉਂਦਾ ਹੈ।

੪. ‘ਸੁਚੇਤ ਮਨ’ ਪਰਾਈ ਕਿਸੇ ਵੀ ਵਸਤੂ ਨੂੰ ਹਥਿਆਉਣ ਬਾਰੇ ਕਿਸੇ ਫੁਰਨੇ ‘ਚ ਆਉਂਦੇ ਹੀ ਨਹੀਂ। ਉਸ ਨੂੰ ਗ਼ਲਤ ਤਰੀਕੇ ਨਾਲ ਪਰਾਈ ਵਸਤ ਹਥਿਆਉਣ ਦੀ ਕੋਈ ਸੋਚ ਹੀ ਨਹੀਂ ਅਤੇ ਨਾ ਹੀ ਉਸ ਨੂੰ ਪਰਾਈ ਵਸਤ ਹਥਿਆਉਣ ਲਈ ਕੋਈ ਪ੍ਰੇਰਿਤ ਕਰ ਸਕਦਾ ਹੈ।

੫. ‘ਸੁਚੇਤ ਮਨ’ ਆਪਣੇ ਸਰੀਰਕ ਸੁਖ, ਕੇਵਲ ਆਪਣੇ ਪਰਵਾਰ ਦੇ ਭਲੇ ਦੀ ਤੰਗਦਿਲੀ ਦੀ ਸੋਚ ਅਤੇ ਕੇਵਲ ਆਪਣੇ ਮਜ਼੍ਹਬ, ਆਪਣੇ ਦੇਸ਼ ਦੇ ਤੰਗਦਿਲੀ ਵਾਲੇ ਭਲੇ ਵਾਲੀ ਸੋਚ ਤੋਂ ਉੱਪਰ ਉੱਠ ਕੇ ਸਾਰੇ ਜਗਤ ਦੇ ਅਤੇ ਸੱਰਬਤ ਦੇ ਭਲੇ ਲਈ ਜਿਉਂਦਾ ਹੈ।

੬. ‘ਸੁਚੇਤ ਮਨ’ ਕਿਸੇ ਦੀ ਨਿੰਦਾ ਜਾਂ ਵਿਗਾੜ ਦਾ ਖ਼ਿਆਲ ਤਕ ਵੀ ਨਹੀਂ ਕਰਦਾ। ਭਾਵ ਉਸ ਦੇ ਮਨ ‘ਚ ਇਹ ਖ਼ਿਆਲ ਫੁਰਦਾ ਹੀ ਨਹੀਂ।

2. ‘ਸੁਚੇਤ ਮਨ’ ਸਭ ਦਾ ਭਲਾ ਅਤੇ ਸਭ ਦੀ ਚੜ੍ਹਤ (ਤਰੱਕੀ) ਨੂੰ ਵੇਖ ਕੇ ਵਿਗਸਦਾ ਹੈ।

੮. ‘ਸੁਚੇਤ ਮਨ’ ਲਈ ਸਾਰੇ ਮਨੁੱਖ ਬਰਾਬਰ ਹੁੰਦੇ ਹਨ। ਸਾਰੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਲਗਦੇ ਹਨ। ਜਾਤ, ਰੰਗ, ਨਸਲ ਅਤੇ ਲਿੰਗ (ਅਮੀਰ-ਗਰੀਬ, ਦੇਸੀ-ਪਰਦੇਸੀ) ਦਾ ਭਿੰਨ-ਭੇਦ ਸੁਚੇਤ ਮਨ ‘ਚ ਆਉਂਦਾ ਹੀ ਨਹੀਂ। ਉਸ ਨੂੰ “ਕੁਦਰਤਿ ਕੇ ਸਭ ਬੰਦੇ” ਲੱਗਦੇ ਹਨ।

੯. ‘ਸੁਚੇਤ ਮਨ’ ਨੂੰ ਵਿਖਾਵੇ ਦਾ ਧਰਮੀ, ਰੀਤੀ-ਰਿਵਾਜ਼ ਵਾਲਾ ਵੱਡਾ ਦੁਨੀਦਾਰ ਭਾਵ ਦੁਨੀਆਂਦਾਰੀ ਦੇ ਵਿਖਾਵੇ ਜਿਹਾ ਕੁਝ ਨਹੀਂ ਕਰਨਾ ਪੈਂਦਾ।

ਇਸ ਲੇਖ ਦੀ ਵਿਚਾਰ ਤੋਂ ਸਾਨੂੰ ਹੁਣ ਤਕ ਇਹ ਤਾਂ ਪਤਾ ਲੱਗ ਚੁੱਕਾ ਹੋਣਾ ਹੈ ਕਿ ‘ਸੁਚੇਤ ਮਨ’ (ਜਾਗੇ ਮਨ) ਅਤੇ ਅਚੇਤ ਮਨ (ਸੁੱਤੇ ਮਨ) ਦੀ ਅਵਸਥਾ ‘ਚ ਕੀ-ਕੀ ਫ਼ਰਕ ਹੁੰਦਾ ਹੈ। ਪਰ ਇਹ ਬਾਰੀਕ ਨੁੱਕਤਾ ਸਮਝਣਾ ਬਹੁਤ ਜ਼ਰੂਰੀ ਹੋਵੇਗਾ ਕਿ ‘ਜਾਗ੍ਰਿਤ ਅਵਸਥਾ’ ਲਈ ਮਨ ਨੂੰ ਜਗਾ ਕੇ ਰੱਖਣਾ ਨਹੀਂ ਪੈਦਾ ਅਤੇ ਮਾੜੇ, ਮੰਦੇ ਕਰਮਾਂ ਤੋਂ ਆਪਣੇ ਆਪ ਨੂੰ ਰੋਕਣਾ ਵੀ ਨਹੀਂ ਪੈਂਦਾ।

ਦਰਅਸਲ ‘ਅਚੇਤ ਮਨ’ ਦੀ ਅਵਸਥਾ ‘ਚ ਮਨੁੱਖ ਜੋ ਵੀ ਕਰਦਾ ਹੈ ਉਹ ਹੁੰਦਾ ਹੀ, ਗ਼ਲਤ ਤੇ ਅਧਰਮੀ ਹੈ ਅਤੇ ਇਸ ਨੂੰ ਕਹਿੰਦੇ ਹਨ ‘ਪਾਪ’ ਭਾਵ ‘ਅਚੇਤ ਮਨ’ ਆਪਣੇ ਆਪ ‘ਚ ਪਾਪ ਦੀ ਹੀ ਅਵਸਥਾ ਹੈ।

ਜਦੋਂ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਉਸ ਅਨੁਸਾਰ ਜਿਉਣ ਲੱਗ ਪੈਂਦਾ ਹੈ ਤਾਂ “ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ” ਇਸ ਗਿਆਨ ਅਨੁਸਾਰ ਜੀਵਨ ਜਿਉਣ ਕਾਰਨ ਉਸ ਦਾ ‘ਸੁੱਤਾ ਮਨ’ ਹਮੇਸ਼ਾ ਲਈ ਜਾਗ ਪੈਂਦਾ ਹੈ। ਉਸ ਨੂੰ ਮੰਦੇ ਫੁਰਨੇ ਫੁਰਦੇ ਹੀ ਨਹੀਂ। ਉਸ ਨੂੰ ਚੰਗੇ ਕੰਮਾਂ ਦੀ ਪ੍ਰੇਰਨਾ ਆਪਣੇ ਮਨ ਨੂੰ ਦੇਣੀ ਹੀ ਨਹੀਂ ਪੈਂਦੀ ਅਤੇ ਮੰਦੇ ਕੰਮਾਂ ਤੋਂ ਆਪਣੇ ਆਪ ਹੋੜਨਾ ਵੀ ਨਹੀਂ ਪੈਂਦਾ। ਸਭ ਕੁਝ ਆਪ ਮਹਾਰੇ ਚੰਗਾ-ਚੰਗਾ ਭਾਵ ਧਾਰਮਿਕਤਾ ਭਰਪੂਰ ਕਰਮ ਹੀ ਉਸ ਪਾਸੋਂ ਹੁੰਦੇ ਹਨ।

ਕਦੀ-ਕਦੀ ਇਹ ਵੀ ਸਵਾਲ ਪੁੱਛਿਆ ਜਾਂਦਾ ਹੈ ਕਿ ਕਈ ਮਨੁੱਖ ਬਚਪਨ ‘ਚ ਧਰਮੀ ਹੁੰਦੇ ਹਨ, ਪਰ ਵੱਡੇ ਹੋ ਕੇ ਗ਼ਲਤ ਰਾਹ ‘ਤੇ ਤੁਰ ਪੈਂਦੇ ਹਨ ਜਾਂ ਕਈ ਪਹਿਲੋਂ ਮਾੜੇ ਪਾਸੇ ਤੁਰਦੇ ਹਨ ਪਰ ਵੱਡੇ ਹੋ ਕੇ ਸਿੱਧੇ ਸਹੀ ਰਸਤੇ ਤੁਰਨ ਲੱਗ ਪੈਂਦੇ ਹਨ। ਅਜਿਹਾ ਕਿਉਂ?

ਐਸੇ ਕਈ ਕਿਸਮਾਂ ਦੇ ਸਵਾਲ ਕੀਤੇ ਜਾਂਦੇ ਹਨ। ਕਈ ਸੱਜਣ ਇਹ ਉੱਤਰ ਦਿੰਦੇ ਹਨ ਜਾਂ ਐਸੀਆਂ ਵਿਚਾਰਾਂ ਦੇ ਧਾਰਨੀ ਹੁੰਦੇ ਹਨ ਕਿ ਜੀ! ਇਹ ਤਾਂ ਪੂਰਬਲੇ ਕਰਮਾਂ ਜਾਂ ਕਿਸਮਤ ਦੀ ਲਿਖੀ ਕਾਰਨ ਹੁੰਦਾ ਹੈ। ਕਈ ਕਹਿੰਦੇ ਹਨ ਜੀ “ਦੁੱਧ ਫਿਟਦਿਆਂ ਅਤੇ ਬੁੱਧ ਫਿਟਦਿਆਂ ਦੇਰੀ ਨਹੀਂ ਲੱਗਦੀ”, ਇਤਿਆਦਿ। ਐਸੇ ਅਨੇਕਾਂ ਜਵਾਬ ਲੋਕਾਂ ‘ਚ ਵੇਖਣ-ਸੁਣਨ ਨੂੰ ਮਿਲਦੇ ਹਨ ਪਰ ਇਸ ਨੂੰ ਸਮਝਣ ਲਈ ‘ਜਾਗ੍ਰਿਤ ਅਵਸਥਾ’ ਵਾਲੇ ਜੀਵਨ ਦੀ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੀਦੀ ਹੈ।

ਕਈ ਮਨੁੱਖ ਆਪਣੇ ਘਰੋਂ ਪਿਆਰ, ਸੰਤੋਖ ਅਤੇ ਅਪਣੱਤ ਵਾਲੀ ਜੀਵਨੀ ਜਾਂ ਪਿਆਰ ਤੋਂ ਸੱਖਣੇ ਹੁੰਦੇ ਹਨ, ਹੀਣੇ ਹੁੰਦੇ ਹਨ। ਇਸ ਕਰਕੇ ਆਮ ਤੌਰ ‘ਤੇ ਵੇਖਣ ‘ਚ ਆਉਂਦਾ ਹੈ ਕਿ ਉਹ ਆਪਣੀ ਹੀਨ-ਭਾਵਨਾ ਕਰਕੇ ਸ਼ਰਾਬ, ਡਗਜ਼, ਸਿਗਰਟ ਆਦਿ ਕਿਸੇ ਵੀ ਨਸ਼ੇ-ਭਾਵ ਕੁਰਸੀ ਦੀ ਤਾਕਤ, ਪੈਸਾ, ਰੂਪ, ਫੈਸ਼ਨ, ਸੈਕਸ, ਧਰਮੀ ਕਰਮਕਾਂਡ, ਅਮੀਰੀ ਦਾ ਦਿਖਾਵਾ ਆਦਿ ‘ਚ ਫਸ ਜਾਂਦੇ ਹਨ। ਇਹ ਸਭ ਆਪਣੇ ਆਪ ਨੂੰ ਸੰਮੋਹਿਤ ਕਰਨ ਦੇ ਤਰੀਕੇ ਹਨ। ਪਰ ਇਨ੍ਹਾਂ ਦੇ ਵਿਚ ਖਚਿਤ ਹੋਣ ਨਾਲ ਮਨੁੱਖ ਨੂੰ ਆਪਣਾ ਦੁੱਖ ਜਾਂ ਕਰਤੂਤਾਂ ਮਹਿਸੂਸ ਹੀ ਨਹੀਂ ਹੁੰਦੀਆਂ। ਇਨ੍ਹਾਂ ਚੀਜ਼ਾਂ ‘ਚ ਖੱਚਿਤ ਮਨੁੱਖ ‘ਆਤਮਿਕ ਸੁੱਤਾ ਰਹਿੰਦਾ ਹੈ। ਸਾਰਾ ਜੀਵਨ ਸੁੱਤਿਆਂ (ਅਚੇਤ ਅਵਸਥਾ) ਰਹਿਣ ਕਾਰਨ ਮਨੁੱਖ ਚੰਗੇ-ਮੰਦੇ ਕਰਮ ਕਰਦਾ ਰਹਿੰਦਾ ਹੈ ਪਰ ਅੰਦਰਲੀ ਭਟਕਣਾ ਕਾਰਨ ਅਸੰਤੁਸ਼ਟ ਹੁੰਦਾ ਹੋਇਆ ਕੁਝ ਵੀ ਠੀਕ ਨਹੀਂ ਕਰ ਪਾਉਂਦਾ। ਅਜਿਹੀ ਅਵਸਥਾ ‘ਚ ਸਰੀਰਿਕ ਨੀਦਰ ਤੋਂ ਜਾਗਣ ਨੂੰ ਜਾਗਣਾ ਨਹੀਂ ਕਹਿੰਦੇ। ਅਸਿੱਧੇ ਤੌਰ ‘ਤੇ ਇਹ ਅਸਲੀਅਤ ਤੋਂ ਭੱਜਣਾ ਹੈ ਕੇਵਲ ਮਨ ਕਰਕੇ ਹੀ ਜਾਗਣਾ ਹੁੰਦਾ ਹੈ। ਜਦੋਂ ਮਨੁੱਖ ਅਚੇਤ ਅਵਸਥਾ ਵਾਲੇ ਕਰਮ ਕਰਦਾ ਰਹਿੰਦਾ ਹੈ ਤਾਂ ਉਹ ‘ਜਾਗ੍ਰਿਤ ਅਵਸਥਾ’ ਵਾਲੇ ਕੀਤੇ ਚੰਗੇ (ਧਰਮ ਦੇ) ਕਰਮਾਂ ਤੋਂ ਬਚਦਾ ਰਹਿੰਦਾ ਹੈ। ਉਸ ਨੂੰ ਧਰਮ, ਇਨਸਾਨੀਅਤ ਦੇ ਕੰਮ ਔਖੇ ਜਾਂ ਕਿਤਾਬੀ ਜਾਪਦੇ ਹਨ। ਸਿੱਟੇ ਵਜੋਂ ਉਹ ਆਪਣੇ ਕੀਤੇ ਮਾੜੇ ਕੰਮਾਂ ਨੂੰ ਪਾਪ ਸਮਝ ਕੇ ਅਗਲੇ ਜਹਾਨ, ਸਵਰਗ, ਪਰਲੋਕ ਜਾਂ ਮਰਨ ਮਗਰੋਂ ਮੁਕਤੀ ਲਈ, ਅਖੌਤੀ ਧਰਮ ਦੇ ਕਰਮਕਾਂਡਾਂ ਨੂੰ ਕਰਨ ਦੀ ਘੂਕ ਨੀਂਦਰੇ ਸੁੱਤਾ ਰਹਿੰਦਾ ਹੈ। ਪਰ (ਆਤਮਿਕ) ਜਾਗ੍ਰਿਤ ਅਵਸਥਾ ਮਾਣ ਹੀ ਨਹੀਂ ਪਾਉਂਦਾ ਤੇ ਇਥੋਂ ਖਾਲੀ ਹੱਥ ਹੀ ਕੂਚ ਕਰ ਜਾਂਦਾ ਹੈ:

“ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ॥” ਜਦੋਂ ਇਕ ਵਾਰੀ ਵੀ ਕੋਈ ਮਨੁੱਖ ਜਾਗ੍ਰਿਤ ਅਵਸਥਾ ‘ਚ ਪਹੁੰਚ ਜਾਵੇ ਤਾਂ ਉਸ ਨੂੰ ਪਰਮਪਦ, ਨਿਰਵਾਣਪਦ ਤੇ ਚਉਥੇਪਦ ਆਦਿ ਦੀ ਅਵਸਥਾ ਕਹਿੰਦੇ ਹਨ ਅਤੇ ਇਸ ਤੋਂ ਉਰ੍ਹੇ ਦੀ ਅਵਸਥਾ ਨੂੰ ਤੰਦਰਾ ਦੀ ਅਵਸਥਾ ਕਹਿੰਦੇ ਹਨ। ਤੰਦਰਾ ਦੀ ਅਵਸਥਾ ‘ਚ ਅਸੀਂ ਨਾ ਪੂਰੇ ਸੁੱਤੇ ਹੁੰਦੇ ਹਾਂ ਅਤੇ ਨਾ ਹੀ ਪੂਰਨ ਜਾਗੇ ਹੁੰਦੇ ਹਾਂ। ਇਸ ਕਰਕੇ ਸਾਡੇ ਤੋਂ ਕਦੀ ਚੰਗੇ ਅਤੇ ਕਦੀ ਮੰਦੇ ਕੰਮ ਹੁੰਦੇ ਹਨ। ਇਸ ਕਰਕੇ ਅਸੀਂ ਦੋ-ਮੁਖ ਦੁਬਿਧਾ ਵਾਲਾ ਜੀਵਨ ਜਿਉਂਦੇ ਹਾਂ।

ਜੋ ਮਨੁੱਖ ਬਚਪਨ ਵਿਚ ਤੁਰਨਾ ਨਹੀਂ ਜਾਣਦਾ, ਉਸ ਨੂੰ ਜਦੋਂ ਕਦੀ ਵੀ ਪੂਰਨ ਤੌਰ ‘ਤੇ ਆਪਣੇ ਪੈਰਾਂ ਭਾਰ ਤੁਰਨਾ ਆ ਜਾਂਦਾ ਹੈ, ਉਹ ਫਿਰ ਕਦੀ ਨਹੀਂ ਭੁੱਲਦਾ ਕਿ ਕਿਵੇਂ ਤੁਰਨਾ ਹੈ। ਪਰ ਨਸ਼ੇ ਦੀ ਹਾਲਤ ਜਾਂ ਸੁੱਤੇ ਮਨ ਦੀ ਹਾਲਤ ਵਿਚ ਉਸ ਦੇ ਕਦਮ ਡਗ-ਮਗਾ ਜਾਂਦੇ ਹਨ। ਇਸ ਦਾ ਮਤਲਬ ਕਿ ਉਹ ਆਤਮਿਕ ਤੌਰ ‘ਤੇ ਆਪਣੇ ‘ਪੂਰਨ ਧਿਆਨ’ ਦੇ ਵੱਸ ਨਹੀਂ ਸੀ। ਲੇਕਿਨ ਜੋ ਆਪਣੇ ‘ਧਿਆਨ’ ਦੇ ਵੱਸ ਹੁੰਦਾ ਹੈ ਉਸ ਦੀ ਤੋਰ ਵਿਚ ਜ਼ਰਾ ਵੀ ਅਲਬੇਲਾਪਨ ਨਹੀਂ ਆ ਸਕਦਾ। ਹੂ-ਬ-ਹੂ ਇਸੇ ਤਰ੍ਹਾਂ ਜਦੋਂ ਮਨੁੱਖ ਇਕ ਵਾਰੀ ਵੀ ਆਤਮਿਕ ਤੌਰ ‘ਤੇ ਜਾਗ ਪਵੇ, ਫਿਰ ਉਹ ਕਦੀ ਡੋਲਦਾ ਹੀ ਨਹੀਂ। ਉਸ ਦੀ ਜ਼ਿੰਦਗੀ ਵਿਚ, ਹਰੇਕ ਪਲ (ਦਿਨ-ਰਾਤ), ੨੪ ਘੰਟੇ, ਸੁੱਤਿਆਂ-ਜਾਗਦਿਆਂ ਵੀ ਉਸ ਨੂੰ ਕੋਈ ਮਾੜਾ ਫੁਰਨਾ ਫੁਰਦਾ ਹੀ ਨਹੀਂ ਤੇ ਨਾ ਹੀ ਉਸ ਤੋਂ ਮਾੜਾ ਕੰਮ ਹੁੰਦਾ ਹੈ। ਉਹ ਮਨੁੱਖ ਸਹਿਜੇ ਹੀ ਜੋ ਕੁਝ ਵੀ ਕਰਦਾ ਹੈ ਉਹ ਅੱਛਾ, ਚੰਗਾ ਜਾਂ ਅਸਲੀ ਧਰਮ ਹੀ ਹੁੰਦਾ ਹੈ, ਉਸ ਦੀ ਦ੍ਰਿਸ਼ਟੀ ਵਿਚ

ਇਸਤਰੀ-ਮਰਦ ਬਰਾਬਰ ਹੋ ਜਾਂਦੇ ਹਨ, ਆਪਣਾ ਪਰਾਇਆ ਵਿਸਰ ਜਾਂਦਾ ਹੈ। ਅੱਖਾਂ ਦਾ ਦ੍ਰਿਸ਼ਟੀਕੋਣ ਬਿਲਕੁਲ ਸਾਫ ਹੋ ਜਾਂਦਾ ਹੈ। ਉਸ ਦਾ ਖਾਣਾ, ਪੀਣਾ, ਹੱਸਣਾ, ਸੌਣਾ ਵੀ ਸਹਿਜ ਹੋ ਜਾਂਦਾ ਹੈ।

ਇਸ ਅਵਸਥਾ ਵਿਚ ਪਹੁੰਚੇ ਹੋਏ ਮਨੁੱਖ ਨੂੰ ‘ਅਚੇਤ ਅਵਸਥਾ’ ਵਿਚ ਆਉਣਾ ਹੀ ਨਹੀਂ ਪੈਂਦਾ, ਆ ਸਕਦਾ ਹੀ ਨਹੀਂ, ਕਿਉਂਕਿ ਉਸ ਨੂੰ ਸੁਚੇਤ, ਜਾਗ੍ਰਿਤ ਅਵਸਥਾ ਵਿਚ ਕੁਝ ਆਪਣੇ ਵੱਲੋਂ ਉਚੇਚਾ ਚੰਗਾ ਨਹੀਂ ਕਰਨਾ ਪੈ ਰਿਹਾ, ਬਲਕਿ ਸਹਿਜੇ ਹੀ ਹੋਈ ਜਾ ਰਿਹਾ ਹੁੰਦਾ ਹੈ।

ਜੋ ਮਨੁੱਖ ਬਚਪਨ ਵਿਚ ਚੰਗੇ ਸਨ ਪਰ ਵੱਡੇ ਹੋ ਕੇ ਮਾੜੇ ਪਾਸੇ ਪੈ ਗਏ ਜਾਂ ਪਹਿਲੋਂ ਭੈੜੇ ਪਾਸੇ ਸਨ, ਬਾਅਦ ਵਿਚ ਚੰਗੇ ਪਾਸੇ ਪੈ ਗਏ, ਉਨ੍ਹਾਂ ਉੱਤੇ ਕਿਸੇ ਵੀ ਚੰਗੀ ਮਾੜੀ ਸੰਗਤ ਦਾ ਅਸਰ, ਤੂਫਾਨ ‘ਚ ਦਰੱਖਤ ਉਖਾੜ ਦੇਣ ਵਾਂਗੂ ਹੁੰਦਾ ਹੈ।

ਚੰਗੀ ਸੰਗਤ ਮਿਲੀ! ਚੰਗੇ ਬਣ ਗਏ, ਮੰਦੀ ਸੰਗਤ ਮਿਲੀ ਤਾਂ! ਮੰਦੇ ਬਣ ਗਏ। ਅਜਿਹੀ ਬਿਰਤੀ ਵਾਲੇ ਮਨੁੱਖਾਂ ਦਾ ਆਪਣਾ ਕੋਈ ਦੀਨ ਮਜ੍ਹਬ ਨਹੀਂ ਹੁੰਦਾ। ਜੋ ਮਨੁੱਖ ਇਕ ਵਾਰੀ ਪੂਰਨ ਜਾਗ੍ਰਿਤ ਅਵਸਥਾ ਵਿਚ ਪਹੁੰਚ ਜਾਂਦੇ ਹਨ, ਉਨ੍ਹਾਂ ਉੱਤੇ ਚੰਗੀ-ਮੰਦੀ ਸੰਗਤ ਦਾ ਅਸਰ ਹੁੰਦਾ ਹੀ ਨਹੀਂ। ਉਹ ਅੰਦਰੋਂ ਅਖੌਤੀ ਚੰਗੇ-ਮੰਦੇ ਨਾਲ ਪ੍ਰੇਰਿਤ ਹੁੰਦੇ ਹੀ ਨਹੀਂ ਹਨ, ਕਿਉਂਕਿ ਜਾਗ੍ਰਿਤ ਅਵਸਥਾ ਵਿਚ ਮਨ ਰਹਿੰਦਾ ਹੀ ਨਹੀਂ। ਅਮਨ ਦੀ ਅਵਸਥਾ ਹੋ ਜਾਂਦੀ ਹੈ। ਭਾਵੇਂ ਮੰਦੀ ਸੰਗਤ ਦਾ ਕਿਤਨਾ ਵੀ ਤੂਫਾਨ ਹੋਵੇ, ਉਹ ਮਨੁੱਖ ਅਡੋਲ ਅਤੇ ਨਿਸ਼ਚਿੰਤ ਵਿਚਰਦੇ ਹਨ। ਉਨ੍ਹਾਂ ਨੂੰ ਵਿਕਾਰ ਕੁਝ ਨਹੀਂ ਕਹਿੰਦੇ ਹਨ। ਵਿਕਾਰ ਜਾਂ ਮਾਇਆ ਉਨ੍ਹਾਂ ਦੀਆਂ ਦਾਸੀਆਂ ਬਣ ਕੇ ਉਨ੍ਹਾਂ ਦੇ ਆਖੇ ਹੇਠ ਤੁਰਦੀਆਂ ਹਨ। ਬਲਕਿ ਜਾਗ੍ਰਿਤ ਅਵਸਥਾ ਵਾਲੇ ਮਨੁੱਖ, ਮੰਦੀ ਸੰਗਤ ਵਿਚ ਜਾ ਕੇ ਉਨ੍ਹਾਂ ਨੂੰ ਵੀ ਜੀਵਨ ਉੱਚਾ ਕਰਨਾ ਸਿਖਾਉਂਦੇ ਹਨ।

ਮਨੁੱਖ ਗਿਆਨੀ ਹੋਵੇ ਭਾਵੇਂ ਅਗਿਆਨੀ, ਮੂਰਖ ਹੋਵੇ ਭਾਵੇਂ ਸਿਆਣਾ, ਆਸਤਿਕ ਹੋਵੇ ਜਾਂ ਨਾਸਤਿਕ, ਪਾਪੀ ਹੋਵੇ ਭਾਵੇਂ ਪੁੰਨੀ, ਧਰਮੀ ਹੋਵੇ ਭਾਵੇਂ ਅਧਰਮੀ, ਜੇਕਰ ਉਹ ਅਚੇਤ ਅਵਸਥਾ ਵਾਲੇ ਕਰਮ ਕਰਦਾ ਹੈ ਤਾਂ ਪੱਕਾ ਮੰਨਣਾ ਪਵੇਗਾ ਕਿ ਉਸ ਨੇ ਸੁਚੇਤ ਅਵਸਥਾ ਦਾ ਅੰਮ੍ਰਿਤ ਰਸ ਚੱਖਿਆ ਹੀ ਨਹੀਂ ਸੀ। ਹਾਂ ਪਰ! ਜਿਸ ਮਨੁੱਖ ਨੇ ਸੱਚੇ ਗੁਰੂ ਦੇ ਗਿਆਨ ਰਾਹੀਂ ਆਪਣੀ ਆਤਮਿਕ ਨੀਂਦ ਤੋੜ ਕੇ ਜਾਗ੍ਰਿਤ ਅਵਸਥਾ ਗ੍ਰਹਿਣ ਕਰ ਲਈ ਤਾਂ ਫਿਰ ਉਹ ਕਦੀ ਵੀ ਮੁੜ ਅਚੇਤਨ ਅਵਸਥਾ ਵਿਚ ਆਉਂਦਾ ਹੀ ਨਹੀਂ:

ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥

 

ਉਨ੍ਹਾਂ ਦਾ ਜੀਵਨ ਹੀ ਸ੍ਰੇਸ਼ਟ ਧਰਮ, ਨਿਰਮਲ ਕਰਨ ਵਾਲਾ ਬਣ ਜਾਂਦਾ ਹੈ ਅਤੇ ਉਹ ਸਦੀਵੀ ਤੌਰ ‘ਤੇ ਜਾਗ੍ਰਿਤ ਅਵਸਥਾ ਵਿਚ ਜਿਉਂਦੇ ਹਨ।

ਸਦੀਵੀ ਜਾਗ੍ਰਿਤ ਅਵਸਥਾ ਕਿਸ ਤਰ੍ਹਾਂ ਪਾਈਏ, ਸਾਧਾਰਨ ਮਨੁੱਖ ਜੇਕਰ ਤੰਦਰਾ (ਘੁਸਮੁਸੇ) ਕਦੇ ਸੁੱਤਾ, ਕਦੇ ਜਾਗਦਾ ਵਾਲੀ ਅਵਸਥਾ ਵਿਚ ਰਹਿੰਦਾ ਹੈ ਤਾਂ ਕਦੀ ਉਸ ਤੋਂ ਚੰਗਾ ਕੰਮ ਵੀ ਹੋ ਜਾਂਦਾ ਹੈ ਅਤੇ ਕਦੀ ਮੰਦਾ ਵੀ। ਐਸੀ ਅਵਸਥਾ ਵਾਲੇ ਮਨੁੱਖ ਨੂੰ ਸਤਿਗੁਰ ਦੀ ਮੱਤ (ਸੱਚੇ ਗਿਆਨ) ਰਾਹੀਂ ਕੁਦਰਤ ਦੇ ਅਟੱਲ ਨਿਯਮ, ਹੁਕਮ, ਕਾਨੂੰਨ ਨੂੰ ਸਮਝਣਾ ਹੁੰਦਾ ਹੈ। ਜਦੋਂ-ਜਦੋਂ ਉਸ ਨੂੰ ਮਾੜੀ ਸੋਚ ਫੁਰਦੀ ਹੈ, ਉਸ ਦਾ ਪ੍ਰਾਪਤ ਕੀਤਾ ਹੋਇਆ ਗਿਆਨ (ਸ਼ਬਦ ਗੁਰ) ਉਸ ਨੂੰ ਅੰਦਰੋਂ (ਬਾਰ-ਬਾਰ) ਮੋੜਾ ਪਾਉਂਦਾ ਹੈ। ਜੇਕਰ ਐਸਾ ਮਨੁੱਖ ਆਪਣੇ ਆਪ ਨਾਲ ਪ੍ਰਤਿਬੱਧ ਹੋ ਕੇ ਨਿਸ਼ਚਾ ਕਰ ਲੈਂਦਾ ਹੈ ਕਿ ਮੈਂ “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ” ਵਾਲਾ ਜੀਵਨ ਨਹੀਂ ਜਿਉਣਾ ਤਾਂ ਐਸਾ ਮਨੁੱਖ ਹੌਲੀ-ਹੌਲੀ ਆਪਣੇ ਮਨ ਦੇ ਆਖੇ ਨਾ ਲੱਗ ਕੇ ਗੁਰੂ ਦੀ ਮੱਤ ਦੇ ਆਖੇ ਅਨੁਸਾਰ ਤੁਰਨ ਦਾ ਧਾਰਨੀ ਹੁੰਦਾ ਜਾਂਦਾ ਹੈ, ਮਨਮੁਖਤਾਈ ਬਦਲੇ, ਗੁਰਮੁਖੀ ਅਵਸਥਾ ਵਿਚ ਜਿਉਣ ਲੱਗ ਪੈਂਦਾ ਹੈ। ਜਿਵੇਂ ਘੋੜ ਸਵਾਰ ਡਿੱਗ-ਡਿੱਗ ਕੇ ਪੱਕੀ ਘੋੜ ਸਵਾਰੀ ਸਿੱਖ ਜਾਂਦਾ ਹੈ, ਤਿਵੇਂ ਹੀ ਮਨੁੱਖ ਮਨ ਦੇ ਪਿੱਛੇ ਲੱਗ ਕੇ ਤੁਰਨ ਕਾਰਨ ਵਾਰ-ਵਾਰ ਡਿੱਗਣ

ਬਦਲੇ ਗੁਰੂ ਦੇ ਵਿਚਾਰਾਂ ਦੀ ਸਵਾਰੀ ਕਰਨ ਲੱਗ ਪੈਂਦਾ ਹੈ:

ਅਪਨੈ ਬੀਚਾਰਿ ਅਸਵਾਰੀ ਕੀਜੈ॥
ਸਹਜ ਕੈ ਪਾਵੜੈ ਪਗੁ ਧਰਿ ਲੀਜੈ॥

ਵਾਲੀ ਅਸਵਥਾ ਵਿਚ ਪੱਕੇ ਪੈਰੀਂ ਜੀਵਨ ਦਾ ਸਫਰ ਸਿੱਖ ਜਾਂਦਾ ਹੈ। ਸਿੱਟੇ ਵਜੋਂ ਮੁੜ ਡਿੱਗਦਾ ਹੀ ਨਹੀਂ। ਬੱਸ! ਇਹੋ ਜਿਹੀ ਜੀਵਨੀ ਹੀ ਸਦੀਵੀ, ਜਾਗ੍ਰਿਤ ਸੁਚੇਤ ਅਵਸਥਾ ਦੀ ਲਖਾਇਕ ਕਹਿਲਾਉਂਦੀ ਹੈ।

-ਸ. ਭੁਪਿੰਦਰ ਸਿੰਘ