views 19 secs 0 comments

ਜਾਗ ਨੌਜਵਾਨ! ਵਿਰਸਾ ਪਹਿਚਾਣ!!

ਲੇਖ
April 12, 2026

ਅੱਜ ਦਾ ਸਿੱਖ ਨੌਜਵਾਨ ਅਣਖ ਅਤੇ ਕੁਰਬਾਨੀਆਂ-ਭਰੀ ਆਪਣੀ ਇਸ ਵਿਰਾਸਤ ਤੋਂ ਦੂਰ ਹੁੰਦਾ ਜਾ ਰਿਹਾ ਹੈ । ਉਹ ਜਵਾਨੀ ਦੇ ਝੂਠੇ ਨਸ਼ੇ ਵਿਚ ਇਸ ਕਦਰ ਮਦਹੋਸ਼ ਹੋ ਚੁੱਕਾ ਹੈ ਕਿ ਆਪਣੇ-ਆਪ ਨੂੰ ਉਲੰਘ ਕੇ ਕੁਝ ਵੀ ਸੋਚਣ ਤੋਂ ਅਸਮਰੱਥ ਹੋ ਗਿਆ ਹੈ। ਕੁਝ ਨਵਾਂ ਸੋਚਣ ਜਾਂ ਕਰਨ ਦੀ ਗੱਲ ਤਾਂ ਪਿੱਛੇ ਰਹੀ, ਉਹ ਆਪਣੇ ਵਿਰਸੇ ਨੂੰ ਸੰਭਾਲਣ ਤੋਂ ਵੀ ਅਪਾਹਜ ਹੋ ਗਿਆ ਹੈ। ਅੱਜ ਦੀ ਨੌਜਵਾਨ ਪੀੜ੍ਹੀ ਦੁਆਰਾ ਆਪਣੇ ਅਨਮੋਲ ਵਿਰਸੇ ਨੂੰ ਭੁਲਾ ਕੇ, ਅੰਨ੍ਹੇਵਾਹ ਯੂਰਪੀਨ ਸੱਭਿਅਤਾ ਦੀ ਨਕਲ ਕੀਤੀ ਜਾ ਰਹੀ ਹੈ। ਸਿੱਖ ਨੌਜਵਾਨਾਂ ਵਿਚ ਕੇਸ ਕਟਾਉਣ ਅਤੇ ਦਸਤਾਰ ਦੀ ਥਾਂ ਟੋਪੀ ਪਾਉਣ ਦੀ ਪ੍ਰਵਿਰਤੀ ਇਸ ਤਰਸਯੋਗ ਹਾਲਤ ਦੀ ਪ੍ਰਤੱਖ ਮਿਸਾਲ ਹੈ।

ਦਸਤਾਰ ਸਿੱਖ ਦੀ ਸ਼ਾਨ ਹੈ ਅਤੇ ਇਹ ਉਸ ਦੀ ਇੱਜ਼ਤ-ਆਬਰੂ ਦਾ ਪ੍ਰਤੀਕ ਹੈ। ਸਾਡੇ ਸਮਾਜ ਵਿਚ ਦਸਤਾਰ ਜਾਂ ਪੱਗ ਨੂੰ ਹੱਥ ਪਾਉਣ, ਪੱਗ ਲਾਹੁਣ, ਪੱਗ ਰੋਲਣ, ਪੱਗ ਪੈਰੀਂ ਰੱਖਣ ਤੋਂ ਵੱਡੀ ਹੋਰ ਕੋਈ ਬੇ-ਇੱਜ਼ਤੀ ਨਹੀਂ ਹੈ। ਇਹ ਆਮ ਹੀ ਸੁਣਨ ਵਿਚ ਆਇਆ ਹੈ ਕਿ-‘ਦੇਖੀਂ! ਪੱਗ ਨੂੰ ਦਾਗ਼ ਨਾ ਲਵਾ ਲਵੀਂ। ‘ ਦਸਤਾਰ ਲਈ ਮਰ-ਮਿਟਣ ਵਾਲੇ ਸੂਰਮਿਆਂ ਦੀਆਂ ਵਾਰਤਾਵਾਂ ਆਮ ਪ੍ਰਚੱਲਤ ਹਨ। ਪਰ ਅਜੋਕੇ ਸਮੇਂ ਸਿੱਖ ਨੌਜਵਾਨਾਂ ਵੱਲੋਂ ਪੱਗ ਦੇ ਮਹੱਤਵ ਨੂੰ ਅਣਗੌਲਿਆ ਜਾ ਰਿਹਾ ਹੈ। ਆਪਣੀ ਅਮੀਰ ਵਿਰਾਸਤ ਦਾ ਤਿਆਗ ਕਰਕੇ ਪਰਾਇਆਂ ਦੀ ਨਕਲ ਕਰਨ ਵਿਚ ਫ਼ਖ਼ਰ ਮਹਿਸੂਸ ਕੀਤਾ ਜਾ ਰਿਹਾ ਹੈ। ਸਾਡੇ ਨੌਜਵਾਨਾਂ ਵਿਚ ਟੋਪੀ ਦੀ ਬੀਮਾਰੀ ਇਸੇ ਭੇਡ-ਚਾਲ ਦਾ ਸਿੱਟਾ ਹੈ ਜੋ ਕਿ ਮਾਨਸਿਕ ਗ਼ੁਲਾਮੀ ਦੀ ਨਿਸ਼ਾਨੀ ਹੈ।

ਪਹਿਲੇ ਪਾਤਸ਼ਾਹ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗ਼ੁਲਾਮ ਮਾਨਸਿਕਤਾ ਵਾਲੇ ਲੋਕਾਂ ਨੂੰ ਝੰਜੋੜ ਕੇ, ਉਨ੍ਹਾਂ ਨੂੰ ਅਣਖ ਨਾਲ ਜੀਣ ਲਈ ਪ੍ਰੇਰਿਆ। ਆਪ ਜੀ ਨੇ ਉਨ੍ਹਾਂ ਹਿੰਦੁਸਤਾਨੀ ਲੋਕਾਂ ਨੂੰ ਸਖ਼ਤ ਲਾਹਨਤਾਂ ਪਾਈਆਂ ਜਿਹੜੇ ਵਿਦੇਸ਼ੀ ਹਾਕਮਾਂ ਦੀ ਖੁਸ਼ੀ ਹਾਸਲ ਕਰਨ ਲਈ ਆਪਣੀ ਬੋਲੀ, ਆਪਣੇ ਪਹਿਰਾਵੇ ਅਤੇ ਆਪਣੇ ਵਿਰਸੇ ਨੂੰ ਤਿਆਗ ਰਹੇ ਸਨ। ਆਪ ਜਾਣਦੇ ਸਨ ਕਿ ਇਹ ਪ੍ਰਵਿਰਤੀ ਮਾਨਸਿਕ ਗ਼ੁਲਾਮੀ ਦਾ ਕਾਰਨ ਬਣੇਗੀ ਜੋ ਕਿ ਰਾਜਸੀ ਗ਼ੁਲਾਮੀ ਤੋਂ ਕਿਤੇ ਵੱਧ ਮਾਰੂ ਹੈ। ਬਸੰਤ ਹਿੰਡੋਲ ਰਾਗ ਵਿਚ ਆਪ ਜੀ ਨੇ ਉਸ ਸਮੇਂ ਦੀ ਹਾਲਤ ਬਿਆਨ ਕੀਤੀ ਹੈ:

ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ॥ ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ॥ ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ॥
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥
(ਅੰਗ ੧੧੯੧)

ਅਜੋਕੇ ਸਮੇਂ ਪੱਛਮੀ ਸੱਭਿਅਤਾ ਦੀ ਨਕਲ ਕਰਨ ਵਾਲਿਆਂ ਨੂੰ ਕੀ ਕਿਹਾ ਜਾਵੇ, ਜਿਹੜੇ ਆਪਣੇ ਅਨਮੋਲ ਵਿਰਸੇ ਦਾ ਤਿਆਗ ਕਰਕੇ ਅੰਨ੍ਹੇਵਾਹ ਪੱਛਮੀ ਸੱਭਿਆਚਾਰ ਨੂੰ
ਧਾਰਨ ਕਰਨ ਵਿਚ ਫ਼ਖ਼ਰ ਮਹਿਸੂਸ ਕਰ ਰਹੇ ਹਨ? ਕੀ ਇਹ ਗ਼ੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਨਹੀਂ? ਜਿਹੜੀ ਕੌਮ ਆਪਣੀ ਬੋਲੀ, ਆਪਣਾ ਪਹਿਰਾਵਾ ਹੀ ਭੁੱਲ ਜਾਵੇ, ਯਕੀਨਨ ਹੀ ਉਹ ਗ਼ੁਲਾਮੀ ਦੀ ਖੱਡ ਵੱਲ ਵਧ ਰਹੀ ਹੈ। ਆਪਣੇ ਵਿਰਸੇ ਨੂੰ ਭੁਲਾ ਦੇਣ ਤੋਂ ਵੱਡੀ ਅਕ੍ਰਿਤਘਣਤਾ ਹੋਰ ਕਿਹੜੀ ਹੋ ਸਕਦੀ ਹੈ? ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨੀ ਲੋਕ ਰਾਜਨੀਤਕ ਤੌਰ ‘ਤੇ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਹੋ ਗਏ ਹਨ ਪਰ ਮਾਨਸਿਕ ਤੌਰ ‘ਤੇ ਅਜੇ ਵੀ ਗ਼ੁਲਾਮ ਤੁਰੇ ਆ ਰਹੇ ਹਨ। ਟੋਪੀ ਵੀ ਅੰਗਰੇਜ਼ੀ ਗ਼ੁਲਾਮੀ ਦਾ ਪ੍ਰਤੀਕ ਹੈ।

ਤਤਕਾਲੀ ਹਾਲਤਾਂ ਵਿਚ ਟੋਪੀ ਦੇ ਪ੍ਰਚੱਲਤ ਹੋਣ ਦਾ ਸਭ ਤੋਂ ਵੱਡਾ ਕਾਰਨ ‘ਕ੍ਰਿਕਟ’ ਦੀ ਖੇਡ ਹੈ। ਸਾਡੀ ਗ਼ੁਲਾਮ ਮਾਨਸਿਕਤਾ ਦਾ ਦਿਵਾਲਾ ਦੇਖਣਯੋਗ ਹੈ ਕਿ ਖੇਡਾਂ ਦਾ ਖੇਤਰ ਵੀ ਇਸ ਤੋਂ ਬਚ ਨਹੀਂ ਸਕਿਆ। ਅਸੀਂ ਆਪਣੀਆਂ ਦੇਸੀ ਖੇਡਾਂ ਨੂੰ ਤਿਲਾਂਜਲੀ ਦੇ ਕੇ ਵਿਦੇਸ਼ੀ ਖੇਡਾਂ ‘ਤੇ ਫ਼ਖ਼ਰ ਮਹਿਸੂਸ ਕਰ ਰਹੇ ਹਾਂ । ਆਪਣੀਆਂ ਖੇਡਾਂ ਨੂੰ ਅੰਤਰਰਾਸ਼ਟਰੀ ਮਹੱਤਵ ਅਤੇ ਮਾਨਤਾ ਦਿਵਾਉਣ ਦੀ ਬਜਾਇ, ਵਿਦੇਸ਼ੀ ਖੇਡਾਂ ਨੂੰ ਅੰਤਰਰਾਸ਼ਟਰੀ ਖੇਡਾਂ ਤਸਲੀਮ ਕਰਨ ਦਾ ਭਰਮ ਸਾਡੀ ਮਾਨਸਿਕਤਾ ‘ਤੇ ਭਾਰੂ ਹੈ। ਅੰਗਰੇਜ਼ਾਂ ਦੀ ਧਰਤੀ ਤੋਂ ਸ਼ੁਰੂ ਹੋਈ ‘ਕ੍ਰਿਕਟ’ ਦੀ ਖੇਡ ਇਸ ਵੇਲੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰ ਚੁੱਕੀ ਹੈ। ਇਸ ਖੇਡ ਨੇ ਸਾਡੇ ਲੋਕਾਂ ਨੂੰ ਤਾਂ ਹੱਦ ਦਰਜੇ ਤਕ ਪਾਗ਼ਲ ਕਰ ਛੱਡਿਆ ਹੈ। ਅਖ਼ਬਾਰਾਂ, ਰੇਡੀਓ, ਟੀ.ਵੀ. ਮੀਡੀਏ ਵੱਲੋਂ ਇਸ ਖੇਡ ਨੂੰ ਲੋੜੋਂ ਵੱਧ ਮਿਲ ਰਹੇ ਮਹੱਤਵ ਤੋਂ ਪ੍ਰਭਾਵਿਤ ਹੋ ਕੇ, ਸਾਡੀ ਨਵੀਂ ਪੀੜ੍ਹੀ ਨੇ ਗਲੀਆਂ-ਮੁਹੱਲਿਆਂ ਨੂੰ ਖੇਡ ਦਾ ਮੈਦਾਨ ਬਣਾ ਧਰਿਆ ਹੈ। ਨੌਜਵਾਨਾਂ ਵਿਚ ਟੋਪੀ ਦੀ ਬੀਮਾਰੀ ਇਸੇ ਖੇਡ ਦਾ ਪ੍ਰਭਾਵ ਹੀ ਹੈ, ਜੋ ਕਿ ਹੌਲੀ-ਹੌਲੀ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ।

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵਿਦੇਸ਼ੀ ਧਰਤੀ ‘ਤੇ ਬੈਠੇ ਸਿੱਖ ਆਪਣੇ ਵਿਰਸੇ ਦੀ ਸਾਂਭ-ਸੰਭਾਲ ਬਾਰੇ ਡਾਢੇ ਚਿੰਤਤ ਹਨ। ਵਿਦੇਸ਼ਾਂ ਵਿਚ ਡ੍ਰਾਈਵਿੰਗ ਸਮੇਂ ਜਾਂ ਫੈਕਟਰੀਆਂ ਆਦਿ ਵਿਚ ਕੰਮ ਕਰਨ ਸਮੇਂ ਲੋਹ-ਟੋਪ ਪਹਿਨਣਾ ਲਾਜ਼ਮੀ ਹੈ, ਪਰ ਉਥੋਂ ਦੇ ਸਿੱਖ ਦਸਤਾਰ ਦੇ ਗੌਰਵ ਨੂੰ ਬਰਕਰਾਰ ਰੱਖਣ ਲਈ ਅਦਾਲਤੀ-ਸੰਘਰਸ਼ ਵਿਚ ਜੂਝ ਰਹੇ ਹਨ ਕਿ ਅਸੀਂ ਦਸਤਾਰ ਦੀ ਥਾਂ ਟੋਪੀ ਨਹੀਂ ਪਾਉਣੀ। ਇਸ ਵਿਚ ਉਨ੍ਹਾਂ ਸਫ਼ਲਤਾ ਵੀ ਪ੍ਰਾਪਤ ਕੀਤੀ ਹੈ, ਲੇਕਿਨ ਦੂਜੇ ਪਾਸੇ ਅਸੀਂ ਵਤਨ ਦੀ ਧਰਤੀ ‘ਤੇ ਬੈਠ ਕੇ ਆਪਣੇ ਵਿਰਸੇ ਨੂੰ ਵਿਸਾਰਦੇ ਜਾ ਰਹੇ ਹਾਂ- ਦਸਤਾਰ ਦਾ ਤਿਆਗ ਕਰਕੇ ਟੋਪੀ ਪਹਿਨਣ ਵਿਚ ਮਾਣ ਮਹਿਸੂਸ ਕਰ ਰਹੇ ਹਾਂ। ਕੀ ਇਹ ਮਾਨਸਿਕ ਗ਼ੁਲਾਮੀ ਦੀ ਨਿਸ਼ਾਨੀ ਨਹੀਂ ਕਿ ਅਸੀਂ ਆਪਣੇ ਵਿਰਸੇ ਨੂੰ ਭੁਲਾ ਕੇ, ਅੰਨ੍ਹੇਵਾਹ ਪੱਛਮੀ ਸੱਭਿਆਚਾਰ ਦੀ ਨਕਲ ਕਰ ਰਹੇ ਹਾਂ?

ਇਥੇ ਇਹ ਗੱਲ ਸਾਨੂੰ ਸਪੱਸ਼ਟ ਤੌਰ ‘ਤੇ ਕਬੂਲ ਕਰਨੀ ਪਵੇਗੀ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਦੇ ਮਨਾਂ ਅੰਦਰ ਆਪਣੇ ਅਨਮੋਲ ਵਿਰਸੇ ਦਾ ਗੌਰਵ (Dignity) ਨਹੀਂ ਭਰ ਸਕੇ। ਸਾਡੇ ਵਿਰਸੇ ਦਾ ਪ੍ਰਚਾਰ-ਪ੍ਰਸਾਰ ਉਸ ਪੱਧਰ ‘ਤੇ ਨਹੀਂ ਹੋ ਸਕਿਆ, ਜਿਸ ਪੱਧਰ ‘ਤੇ ਪੱਛਮੀ ਸੱਭਿਅਤਾ ਦਾ ਹੋ ਰਿਹਾ ਹੈ। ਵੈਸੇ ਤਾਂ ਫ਼ਿਲਮਾਂ, ਟੀ.ਵੀ. ਸੀਰੀਅਲਾਂ ਅਤੇ ਹੋਰ ਪ੍ਰੋਗਰਾਮਾਂ ਵਿਚ ਸਾਡੇ ਅਮੀਰ ਵਿਰਸੇ ਨੂੰ ਪਹਿਲਾਂ ਹੀ ਨਜ਼ਰ-ਅੰਦਾਜ਼ ਕੀਤਾ ਗਿਆ ਹੈ ਜਾਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਪਰ ਪਿਛਲੇ ਸਮੇਂ ਚਾਲੂ ਹੋਏ ਨਵੇਂ ਟੀ.ਵੀ. ਚੈਨਲਾਂ ਨੇ ਤਾਂ ਸਾਡੇ ਸਭਿਆਚਾਰ ‘ਤੇ ਬੜਾ ਵੱਡਾ ਮਾਰੂ ਹਮਲਾ ਕੀਤਾ ਹੈ। ਇਸ ਹਮਲੇ ਦਾ ਜਵਾਬ ਉਸੇ
ਮੁਹਾਜ਼ (front) ਤੋਂ ਦੇਣਾ ਬਣਦਾ ਹੈ। ਕਾਸ਼! ਪੰਥ-ਦਰਦੀ ਇਸ ਬਾਰੇ ਸੰਜੀਦਗੀ ਅਤੇ ਸੁਹਿਰਦਤਾ ਨਾਲ ਮਿਲ-ਬੈਠ ਕੇ ਵਿਚਾਰ ਕਰਨ!

ਅੰਤ ਵਿਚ ਅਸੀਂ ਆਪਣੇ ਨੌਜਵਾਨ ਵੀਰਾਂ-ਭੈਣਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਆਪਣੇ ਅਮੀਰ ਵਿਰਸੇ ਨੂੰ ਭੁਲਾ ਕੇ, ਬਿਨਾਂ ਸੋਚੇ-ਸਮਝੇ ਦੂਜਿਆਂ ਦੀ ਨਕਲ ਕਰਨੀ ਸਿਆਣਪ ਨਹੀਂ ਸਗੋਂ ਮਾਨਸਿਕ ਗੁਲਾਮੀ ਦੀ ਨਿਸ਼ਾਨੀ ਹੈ। ਸਿੱਖ ਆਜ਼ਾਦ ਤਬੀਅਤ ਦਾ ਮਾਲਕ ਹੈ ਜੋ ਗ਼ੁਲਾਮੀ ਅਤੇ ਗ਼ੁਲਾਮੀ ਦੇ ਚਿੰਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਕਬੂਲ ਨਹੀਂ ਕਰਦਾ। ਅਣਖੀਲੇ ਨੌਜਵਾਨੋ! ਗੁਰੂ-ਪਾਤਸ਼ਾਹਾਂ ਨੇ ਸਾਡੇ ਖੂਨ ਵਿਚ ਅਣਖ ਅਤੇ ਗ਼ੈਰਤ ਦਾ ਜਜ਼ਬਾ ਭਰਿਆ ਹੈ। ਫ਼ੈਸਲਾ ਤੁਹਾਡੇ ਹੱਥ ਹੈ ਕਿ ਗ਼ੁਲਾਮੀ ਨੂੰ ਕਬੂਲਣਾ ਹੈ ਜਾਂ ਅਣਖ ਤੇ ਆਜ਼ਾਦੀ ਨਾਲ ਜੀਣਾ ਹੈ।

 

– ਡਾ. ਚਮਕੌਰ ਸਿੰਘ