
– ਮੇਜਰ ਸਿੰਘ
ਚਰਖੜੀ ‘ਤੇ ਚਾੜ੍ਹਨ ਤੋਂ ਪਹਿਲਾਂ ਕਾਜ਼ੀ ਨੇ ਭਾਈ ਸੁਬੇਗ ਸਿੰਘ ਜੀ ਨੂੰ ਕਿਹਾ, “ਤੂੰ ਤਾਂ ਆਪਣੀ ਉਮਰ ਕਾਫ਼ੀ ਹੰਢਾ ਲਈ ਹੈ, ਪਰ ਘੱਟੋ-ਘੱਟ ਆਪਣੇ ਪੁੱਤਰ ਸ਼ਾਹਬਾਜ਼ ਸਿੰਘ ਨੂੰ ਸਮਝਾ, ਉਸ ਨੇ ਅਜੇ ਦੇਖਿਆ ਹੀ ਕੀ ਹੈ?”
“ਨਾਲੇ ਤੇਰਾ ਇੱਕੋ-ਇੱਕ ਪੁੱਤਰ ਹੈ, ਜੇ ਉਹ ਵੀ ਚਰਖੜੀ ‘ਤੇ ਚੜ੍ਹ ਗਿਆ, ਤਾਂ ਤੇਰੀ ਕੁਲ ਨਾਸ ਹੋ ਜਾਊ। ਕੁਝ ਸੋਚ ਆਪਣੀ ਕੁਲ ਦੇ ਬਾਰੇ।”
ਸ: ਸੁਬੇਗ ਸਿੰਘ ਜੀ ਨੇ ਜਵਾਬ ਦਿੱਤਾ, “ਸੁਣੋ ਕਾਜ਼ੀ ਸਾਬ, ਸਾਡੇ ਗੁਰੂ ਪਿਤਾ ਨੇ ਸਾਡੇ ਵਾਸਤੇ ਆਪਣੀ ਕੁਲ ਖ਼ਤਮ ਕਰਵਾਈ, ਸਰਬੰਸ ਵਾਰਿਆ ਤੇ ਉਸ ਗੁਰੂ ਤੋਂ ਮੂੰਹ ਮੋੜ ਕੇ ਅੱਜ ਮੈਂ ਆਪਣੀ ਕੁਲ ਬਚਾ ਲਵਾਂ, ਇਸ ਵਿੱਚ ਕਿਹੜੀ ਗੱਲ ਦੀ ਵਡਿਆਈ ਹੈ? ਮੇਰਾ ਤਾਂ ਇੱਕੋ ਪੁੱਤਰ ਹੈ, ਮੇਰੇ ਬਾਜਾਂ ਵਾਲੇ ਦੇ ਚਾਰ ਸਾਹਿਬਜ਼ਾਦੇ ਸਨ, ਉਨ੍ਹਾਂ ਚਾਰੇ ਸਾਡੇ ਤੋਂ ਵਾਰ ਦਿੱਤੇ। ਮੈਂ ਇੱਕ ਵੀ ਸਾਂਭ ਕੇ ਰੱਖ ਲਵਾਂ, ਕਾਜ਼ੀ ਸਾਬ… ਮੈਂ ਏਡਾ ਅਕ੍ਰਿਤਘਣ ਅਤੇ ਮੂਰਖ ਨਹੀਂ। ਤੂੰ ਕੁਲ ਦੀ ਛੱਡ, ਮੇਰਾ ਪੁੱਤਰ ਜੁੱਗਾਂ ਜੁੱਗਾਂ ਤੱਕ ਜਿਊਂਦਾ ਰਹੇਗਾ।”
ਸਰਦਾਰ ਰਤਨ ਸਿੰਘ ਭੰਗੂ ਜੀ ਲਿਖਦੇ ਹਨ ਭਾਈ ਸੁਬੇਗ ਸਿੰਘ ਨੇ ਆਖਿਆ:
ਹਮ ਕਾਰਨਿ ਗੁਰ ਕੁਲਹਿ ਗਵਾਈ।।
ਹਮ ਕੁਲ ਰਾਖਹਿ ਕਉਨ ਵਡਾਈ।।
– ਪ੍ਰਾਚੀਨ ਪੰਥ ਪ੍ਰਕਾਸ਼
ਐਸਾ ਪਿਆਰ ਨਾਲ ਭਰਿਆ ਹੋਇਆ ਹਿਰਦਾ ਸੀ ਭਾਈ ਸੁਬੇਗ ਸਿੰਘ ਤੇ ਉਨ੍ਹਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਜੀ ਦਾ, ਜੋ ਅੱਜ ਦੇ ਦਿਨ ਚਰਖੜੀ ‘ਤੇ ਚੜ੍ਹ ਕੇ ਟੁਕੜੇ-ਟੁਕੜੇ ਹੋ ਕੇ ਸ਼ਹੀਦ ਹੋ ਗਏ, ਪਰ ਸਿੱਖੀ ਤੋਂ ਮੂੰਹ ਨਹੀਂ ਮੋੜਿਆ।