174 views 4 secs 0 comments

ਜੀਵਨ ਵਿਚ ਉੱਦਮ ਦਾ ਮਹੱਤਵ

ਲੇਖ
May 15, 2025
ਜੀਵਨ ਵਿਚ ਉੱਦਮ ਦਾ ਮਹੱਤਵ

-ਸ. ਨਵਜੋਤ ਸਿੰਘ

ਮੰਜ਼ਿਲ ਭਾਵੇਂ ਦੁਨਿਆਵੀ ਹੋਵੇ ਜਾਂ ਅਧਿਆਤਮਿਕ ਉਸ ਦੀ ਪ੍ਰਾਪਤੀ ਲਈ ਮਨੁੱਖ ਨੂੰ ਉੱਦਮ ਦੇ ਮਾਰਗ ’ਤੇ ਚੱਲਣਾ ਪੈਂਦਾ ਹੈ। ਜੋ ਮਨੁੱਖਾ ਜੀਵਨ ਦਾ ਉਦੇਸ਼ ਹੈ ਉਸ ਦੀ ਪ੍ਰਾਪਤੀ ਜ਼ਿੰਦਗੀ ਵਿੱਚੋਂ ਆਲਸ ਦਾ ਤਿਆਗ ਕਰ ਕੇ ਅਤੇ ਉੱਦਮ ਨੂੰ ਜੀਵਨ ਦਾ ਆਧਾਰ ਬਣਾ ਕੇ ਹੀ ਹੋ ਸਕਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਤਿੰਨ ਉਪਦੇਸ਼ ਦ੍ਰਿੜ੍ਹ ਕਰਵਾਏ— ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਨ੍ਹਾਂ ਉਪਦੇਸ਼ਾਂ ਉੱਪਰ ਪਹਿਰਾ ਦੇਣ ਤੋਂ ਪਹਿਲਾਂ ਮਨੁੱਖ ਨੂੰ ਜ਼ਿੰਦਗੀ ਵਿਚ ਉੱਦਮ ਦੀ ਲੋੜ ਪੈਂਦੀ ਹੈ, ਕਿਉਂਕਿ ਉੱਦਮ ਕਰ ਕੇ ਹੀ ਕਿਰਤ ਹੁੰਦੀ ਹੈ, ਉੱਦਮ ਸਦਕਾ ਹੀ ਨਾਮ ਜਪਿਆ ਜਾਂਦਾ ਹੈ। ਤੀਜਾ ਸਿਧਾਂਤ ਵੰਡ ਛਕਣ ਦਾ ਹੈ, ਵੰਡ ਕੇ ਤਾਂ ਹੀ ਛਕਿਆ ਜਾਂਦਾ ਹੈ ਜੇਕਰ ਉੱਦਮ ਕਰ ਕੇ ਕੁਝ ਕਮਾਈ ਕੀਤੀ ਹੋਵੇ। ਇਨ੍ਹਾਂ ਸਿਧਾਂਤਾਂ ਨੂੰ ਜ਼ਿੰਦਗੀ ਦਾ ਆਧਾਰ ਬਣਾਉਣ ਤੋਂ ਪਹਿਲਾਂ ਮਨੁੱਖ ਨੂੰ ਜ਼ਿੰਦਗੀ ਵਿਚ ਉੱਦਮ ਦਾ ਸਹਾਰਾ ਲੈਣਾ ਪੈਂਦਾ ਹੈ ਅਤੇ ਆਲਸ ਨੂੰ ਜ਼ਿੰਦਗੀ ਵਿੱਚੋਂ ਤਿਆਗਣਾ ਪੈਂਦਾ ਹੈ।

ਯਤਨਸ਼ੀਲ ਮਨੁੱਖ ਹਮੇਸ਼ਾ ਜੀਵਨ ਵਿਚ ਆਸ਼ਾਵਾਦੀ ਰਹਿੰਦਾ ਹੈ। ਉਸ ਦੇ ਮਨ ਵਿਚ ਹਮੇਸ਼ਾ ਆਸ ਦੇ ਫੁੱਲ ਖਿੜੇ ਰਹਿੰਦੇ ਹਨ। ਉਹ ਉੱਦਮ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਮੰਨ ਕੇ ਜੀਵਨ ਬਤੀਤ ਕਰਦਾ ਹੈ। ਉਹ ਕਦੇ ਵੀ ਚਿੰਤਾ ਦਾ ਸ਼ਿਕਾਰ ਨਹੀਂ ਹੁੰਦਾ, ਕਿਉਂਕਿ ਉਸ ਨੂੰ ਆਪਣੇ ਕੀਤੇ ਯਤਨਾਂ ਦੇ ਫ਼ਲਸਰੂਪ ਇਕ ਆਸ ਦਿਖਾਈ ਦਿੰਦੀ ਹੈ ਜੋ ਉਸ ਨੂੰ ਹਮੇਸ਼ਾ ਖੁਸ਼ੀਆਂ ਦੇ ਖ੍ਵਾਬ ਦਿਖਾਉਂਦੀ ਹੈ। ਉੱਦਮ ਵਿਚ ਉੱਦਮੀ ਮਨੁੱਖ ਨੂੰ ਫ਼ਰਸ਼ ਤੋਂ ਅਰਸ਼ ਤਕ ਪਹੁੰਚਾਉਣ ਦੀ ਸਮਰੱਥਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਉੱਦਮੀ ਮਨੁੱਖ ਦੀ ਨਿਸ਼ਾਨੀ ਦੱਸਦੇ ਹੋਏ ਫੁਰਮਾਉਂਦੇ ਹਨ ਕਿ ਉੱਦਮੀ ਮਨੁੱਖ ਦੇ ਘਰ ਕਦੇ ਵੀ ਅੰਨ ਅਤੇ ਧਨ ਦੀ ਤੋਟ ਨਹੀਂ ਆਉਂਦੀ। ਉਹ ਸੁਖੀ ਜੀਵਨ ਗੁਜ਼ਾਰਦਾ ਹੈ ਅਤੇ ਆਪਣੀ ਕਿਰਤ ਵਿੱਚੋਂ ਉਹ ਹੋਰ ਵੀ ਲੋੜਵੰਦਾਂ ਦੀ ਲੋੜ ਦੀ ਪੂਰਤੀ ਕਰਨ ਦੇ ਯੋਗ ਹੁੰਦਾ ਹੈ:
ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ॥ (ਪੰਨਾ 1412)

ਇਸੇ ਕਰਕੇ ਹਜ਼ੂਰ ਨੇ ਆਲਸ ਦੇ ਰੋਗ ਤੋਂ ਮੁਕਤੀ ਪਾਉਣ ਲਈ ਉੱਦਮ ਦਾ ਸਿਧਾਂਤ ਸਿੱਖਾਂ ਨੂੰ ਦ੍ਰਿੜ੍ਹ ਕਰਵਾਇਆ ਹੈ। ਗੁਰੂ ਸਾਹਿਬ ਜੀ ਬਖ਼ਸ਼ਿਸ਼ ਕਰਦੇ ਹਨ ਕਿ ਜਿਵੇਂ ਉੱੱਦਮ ਕਰਨ ਨਾਲ ਸੰਸਾਰਿਕ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਦੇ ਉਪਦੇਸ਼ ਨੂੰ ਕਮਾਉਣ ਦੇ ਲਈ ਕੀਤੇ ਉੱਦਮ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ (ਪੰਨਾ 522)

ਜੇਕਰ ਅਸੀਂ ਦੁਨਿਆਵੀ ਤੌਰ ’ਤੇ ਦੇਖੀਏ ਤਾਂ ਹਰੇਕ ਵਿਅਕਤੀ ਕਿਸੇ ਮੁਕਾਮ ’ਤੇ ਪਹੰਚਣ ਤੋਂ ਪਹਿਲਾਂ ਇਸ ਉੱਦਮ ਦੇ ਮਾਰਗ ’ਤੇ ਚੱਲਦਾ ਹੈ। ਉੱਦਮ ਜ਼ਿੰਦਗੀ ਦਾ ਸ਼ਿੰਗਾਰ ਹੈ ਜਿਸ ਨਾਲ ਮਨ ਸਹਿਜ-ਸੰਤੋਖ ਨਾਲ ਸ਼ਿੰਗਾਰਿਆ ਜਾਂਦਾ ਹੈ। ਉਸ ਦੇ ਜੀਵਨ ਅੰਦਰ ਕਾਹਲ ਨਾ ਹੋਣ ਕਰਕੇ ਹਮੇਸ਼ਾ ਸਹਿਜ ਤੇ ਖੇੜਾ ਬਣਿਆ ਰਹਿੰਦਾ ਹੈ। ਭਗਤ ਕਬੀਰ ਜੀ ਵੀ ਫੁਰਮਾਉਂਦੇ ਹਨ ਕਿ, ਹੇ ਮਨੁੱਖ! ਤੂੰ ਆਲਸ ਕਰਕੇ ਹਰ ਰੋਜ਼ ਨੂੰ ਬਤੀਤ ਕਰੀ ਜਾਂਦਾ ਹੈ, ਪਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਜਿਸ ਕੰਮ ਲਈ ਰੱਬ ਨੇ ਸਾਰੀ ਜ਼ਿੰਦਗੀ ਦਿੱਤੀ ਸੀ ਉਹ ਕੰਮ ਕਾਲ ਦੇ ਸਿਰ ਉੱਤੇ ਆਉਣ ਵੇਲੇ ਕਿਵੇਂ ਕਰ ਸਕਦਾ ਹੈਂ? ਅਸਲ ਵਿਚ ਉਹ ਸੁਚੇਤ ਕਰਦੇ ਹੋਏ ਮਨੁੱਖ ਨੂੰ ਸਮਝਾਉਂਦੇ ਹਨ ਕਿ ਇੰਨਾ ਉੱਦਮ ਕਰ ਕਿ ਜਿਹੜਾ ਕੰਮ ਤੂੰ ਕੱਲ੍ਹ ਕਰਨਾ ਹੈ ਉਸ ਨੂੰ ਅੱਜ ਹੀ ਕਰ ਲੈ, ਜਿਹੜਾ ਕੰਮ ਅੱਜ ਕਰਨਾ ਹੈ ਉਸ ਨੂੰ ਬਿਨਾ ਸਮਾਂ ਬਰਬਾਦ ਕਰਿਆਂ ਹੁਣੇ ਹੀ ਕਰਨ ਲੱਗ ਜਾਣਾ ਚਾਹੀਦਾ ਹੈ:
ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ॥
ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ॥ (ਪੰਨਾ 1371)

ਗੁਰਮਤਿ ਦੀ ਦ੍ਰਿਸ਼ਟੀ ਵਿਚ ਉੱਦਮੀ ਮਨੁੱਖ ਕਦੇ ਲੁੱਟਿਆ ਨਹੀ ਜਾਂਦਾ, ਕਿਉਂਕਿ ਉਹ ਤਾਂ ਅਮ੍ਰਿਤ ਵੇਲੇ ਤੋਂ ਹੀ ਸੰਭਾਲ ਸ਼ੁਰੂ ਕਰ ਦਿੰਦਾ ਹੈ। ਉੱਦਮ ਕਰ ਕੇ ਅੰਮ੍ਰਿਤ ਵੇਲੇ ਨਾਮ-ਬਾਣੀ ਜਪਦਾ ਹੈ। ਰੂਹ ਦੇ ਖਿੜਾਅ ਲਈ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਨੇਕ ਕਮਾਈ ਕਰਦਾ ਹੈ, ਹੋਰ ਅਨੇਕਾਂ ਦੀ ਸੇਵਾ-ਸੰਭਾਲ ਕਰਦਾ ਹੈ। ਉਸ ਦਾ ਉੱਦਮ ਉਸ ਨੂੰ ਅਧਿਆਤਮਿਕ ਤੌਰ ’ਤੇ ਲੁੱਟਣ ਨਹੀਂ ਦਿੰਦਾ। ਜਿਨ੍ਹਾਂ ਉੱਪਰ ਗੁਰੂ ਨੇ ਅਪਾਰ ਕਿਰਪਾ ਮਿਹਰਾਮਤ ਕਰ ਕੇ ਮਨੁੱਖਾ ਦੇਹੀ ਦੀ ਕਦਰ-ਕੀਮਤ ਸਮਝਾ ਦਿੱਤੀ ਹੈ, ਉਹ ਆਪਣੇ ਜੀਵਨ ਰੂਪੀ ਹੀਰੇ ਨੂੰ ਕਦੇ ਵੀ ਆਲਸ ਰੂਪੀ ਦੁਕਾਨ ’ਤੇ ਨਹੀਂ ਵੇਚਦੇ, ਸਗੋਂ ਉੱਦਮ ਕਰ ਕੇ ਜ਼ਿੰਦਗੀ ਦੇ ਹੀਰੇ ਬਦਲੇ ਰੱਬ ਦੇ ਨਾਮ ਰੂਪੀ ਹੀਰੇ ਦਾ ਵਪਾਰ ਕਰ ਲੈਂਦੇ ਹਨ ਅਤੇ ਆਪਣੇ ਜੀਵਨ ਦੇ ਅਣਮੁੱਲੇ ਮੌਕੇ ਦਾ ਲਾਹਾ ਖੱਟ ਕੇ ਸੰਸਾਰ ਵਿੱਚੋਂ ਜੀਵਨ ਰੂਪੀ ਬਾਜ਼ੀ ਨੂੰ ਜਿੱਤ ਕੇ ਜਾਂਦੇ ਹਨ। ਭਾਈ ਗੁਰਦਾਸ ਜੀ ਅਜਿਹੇ ਗੁਰਮੁਖ ਦੇ ਪ੍ਰਥਾਇ ਫੁਰਮਾਉਂਦੇ ਹਨ:
ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।
ਸਚੀ ਦਰਗਹ ਜਾਇ ਸਚਾ ਪਿੜੁ ਮਲਿਆ। (ਵਾਰ 19:14)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਸ਼ਾਹਕਾਰ ਰਚਨਾ ‘ਜਪੁ ਜੀ ਸਾਹਿਬ’ ਵਿਚ ਅਧਿਆਤਮਿਕ ਮਾਰਗ ’ਤੇ ਚੱਲਣ ਵਾਲੇ ਪਾਂਧੀ ਦੇ ਪੰਜ ਪੜਾਵਾਂ ਨੂੰ ਬਾਖੂਬੀ ਬਿਆਨ ਕੀਤਾ ਹੈ। ਇਨ੍ਹਾਂ ਵਿੱਚੋਂ ਤੀਜੇ ਪੜਾਅ ਭਾਵ ਸਰਮ ਖੰਡ ਵਿਚ ਗੁਰੂ ਜੀ ਨੇ ਜਗਿਆਸੂ ਅਤੇ ਉੱਦਮ ਦੇ ਪਰਸਪਰ ਸੰਬੰਧ ਨੂੰ ਬਿਆਨਿਆ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਸਿੱਖੀ ਦੇ ਮਾਰਗ ’ਤੇ ਚੱਲਣ ਵਾਲਾ ਰਾਹੀ ਇਸ ਪੜਾਅ ’ਤੇ ਪਹੁੰਚ ਕੇ ਆਪਣੇ ਜੀਵਨ ਵਿਚ ਅਧਿਆਤਮਿਕ ਪੱਧਰ ਨੂੰ ਉੱਚਾ ਚੁੱਕਣ ਲਈ ਉੱਦਮ ਨੁੰ ਜੀਵਨ ਦਾ ਆਧਾਰ ਬਣਾ ਕੇ ਮਨੱੁਖਾ ਜੀਵਨ ਦਾ ਉਦੇਸ਼ ਪ੍ਰਭੂ ਦੀ ਪ੍ਰਾਪਤੀ ਲਈ ਯਤਨਸ਼ੀਲ ਹੁੰਦਾ ਹੈ। ਉਸ ਦੇ ਇਸ ਕੀਤੇ ਨੇਕ ਉੱਦਮ ਦੇ ਫਲਸਰੂਪ ਉਸ ਦੀ ਅਕੱਥ ਸ਼ਖ਼ਸੀਅਤ ਦੀ ਘਾੜਤ ਘੜੀ ਜਾਂਦੀ ਹੈ ਜਿਸ ਪ੍ਰਥਾਇ ਸਤਿਗੁਰੁ ਜੀ ਫੁਰਮਾਉਂਦੇ ਹਨ ਕਿ ਉਸ ਗੁਰਮੁਖ ਦੀ ਘੜੀ ਗਈ ਸ਼ਖ਼ਸੀਅਤ ਨੂੰ ਸੰਪੂਰਨ ਰੂਪ ਵਿਚ ਕਥਿਆ ਜਾਂ ਬਿਆਨਿਆ ਨਹੀਂ ਜਾ ਸਕਦਾ:
ਸਰਮ ਖੰਡ ਕੀ ਬਾਣੀ ਰੂਪੁ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ॥
ਤਾ ਕੀਆ ਗਲਾ ਕਥੀਆ ਨਾ ਜਾਹਿ॥ ਜੇ ਕੋ ਕਹੈ ਪਿਛੈ ਪਛੁਤਾਇ॥ (ਪੰਨਾ 8)

ਇਹ ਗੁਰਮੁਖ ਉੱਦਮ ਨੂੰ ਜੀਵਨ ਦਾ ਅਟੁੱਟ ਅੰਗ ਮੰਨ ਕੇ ਜੀਵਨ ਬਤੀਤ ਕਰਦਾ ਹੈ ਅਤੇ ਕਦੇ ਵੀ ਆਪਣੀਆਂ ਸਮਾਜਿਕ ਜਾਂ ਅਧਿਆਤਮਿਕ ਜ਼ਿੰਮੇਵਾਰੀਆਂ ਤੋਂ ਕੰਨੀ ਨਹੀਂ ਕਤਰਾਉਂਦਾ, ਸਗੋਂ ਬੜੇ ਚਾਅ ਤੇ ਖੇੜੇ ਵਿਚ ਸੇਵਾ, ਸਿਮਰਨ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਕਮਾਉਣ ਲਈ ਕਾਰਜਸ਼ੀਲ ਰਹਿੰਦਾ ਹੈ।

*ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਨਿਸ਼ਾਨ-ਏ-ਸਿੱਖੀ (ਖਡੂਰ ਸਾਹਿਬ) ਜ਼ਿਲ੍ਹਾ ਤਰਨ ਤਾਰਨ। ਮੋ: +9184379-23269