ਭਾਰਤ ਨੂੰ ਧਰਮ ਨਿਰਪੱਖ ਦੇਸ਼ ਆਖਿਆ ਜਾਂਦਾ ਹੈ, ਇਸ ਕਹੇ ਜਾਂਦੇ ਧਰਮ ਨਿਰਪੱਖ ਮੁਲਕ ਵਿਚ ਸਿੱਖ ਇਕ ਘੱਟ ਗਿਣਤੀ ਕੌਮ ਹੈ ਜਿਸ ਨਾਲ ਹਮੇਸ਼ਾ ਦੂਜੇ ਦਰਜੇ ਵਾਲੇ ਸ਼ਹਿਰੀਆਂ ਵਾਲਾ ਵਤੀਰਾ ਹੁੰਦਾ ਰਿਹਾ ਹੈ। ਇਸ ਕੌਮ ਨੇ ਭਾਰਤ ਨੂੰ ਸੁਤੰਤਰ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਸਿੱਖ ਮਰਜੀਵੜਿਆਂ ਦੀ ਉਹ ਕੌਮ ਹੈ ਜੋ ਸਦਾ ਸੱਚ ਬੋਲਣ, ਕਿਸੇ ਨਾਲ ਵਧੀਕੀ ਨਾ ਕਰਨ, ਸਭ ਨੂੰ ਬਰਾਬਰ ਦੇ ਹੱਕ ਦੇਣ ਅਤੇ-
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ (ਅਕਾਲ ਉਸਤਤ)
ਵਾਲੇ ਗੁਣਾਂ ਵਰਗੀ ਮੰਨੀ ਜਾਂਦੀ ਹੈ। ਜਿਸ ਤਰ੍ਹਾਂ ਵਿਦੇਸ਼ੀ ਜਰਵਾਣਿਆਂ ਤੋਂ ਇਸ ਕੌਮ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਸੀ ਹੁੰਦੀ ਤੇ ਉਹ ਸਮੇਂ-ਸਮੇਂ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਕਰਦੇ ਤੇ ਪੰਥ ਦੇ ਮੁਕੱਦਸ ਅਸਥਾਨਾਂ ਦੀ ਬੇਅਦਬੀ ਕਰਦੇ ਰਹੇ। ਉਸੇ ਤਰ੍ਹਾਂ ਸਮੇਂ ਦੀ ਸਰਕਾਰ ਪਾਸੋਂ ਵੀ ਪੰਥ ਦੀ ਚੜ੍ਹਦੀ ਕਲਾ ਤੇ ਆਪਣੇ ਹੱਕਾਂ ਲਈ ਉਠਾਈ ਆਵਾਜ਼ ਸਹਿਣ ਨਹੀਂ ਸੀ ਹੁੰਦੀ ਇਸ ਲਈ ਸਮੇਂ-ਸਮੇਂ ਸਿੱਖਾਂ ਨੂੰ ਬੇ-ਆਬਰੂ ਕਰਨ ਅਤੇ ਅਨੇਕਾਂ ਤਰ੍ਹਾਂ ਦੇ ਕਸ਼ਟ ਦੇਣ ਦਾ ਕੋਈ ਵੀ ਮੌਕਾ ਛੱਡਿਆ ਨਹੀਂ ਸੀ ਜਾਂਦਾ।
ਇਸ ਲੇਖ ਵਿਚ ਅਸੀਂ ਘੱਲੂਘਾਰਾ ਜੂਨ ੧੯੮੪ ਈ. ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਨੂੰ ਦਰਸਾਉਣ ਦਾ ਯਤਨ ਕੀਤਾ ਹੈ।
ਭਿੰਡਰਾਂਵਾਲੇ ਲੰਗਰ ’ਤੇ ਸੰਗਤ ਨੂੰ ਮਿਲਦੇ
ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਖੁੱਲੀ ਛੱਤ ’ਤੇ ਸੰਗਤ ਨੂੰ ਮਿਲਦੇ ਤੇ ਉਨ੍ਹਾਂ ਦੇ ਮਸਲੇ ਹੱਲ ਕਰਦੇ। ਇਸ ਦੇ ਨਾਲ ਹੀ ਇਹ ਵੀ ਬੇਨਤੀ ਕਰਦੇ, “ ਸਾਰੇ ਸਿੱਖ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠ ਲਾਮਬੰਦ ਹੋਵੋ ਤੇ ਧਰਮ ਯੁੱਧ ਮੋਰਚੇ ਵਿਚ ਵੱਧ ਤੋਂ ਵੱਧ ਗ੍ਰਿਫ਼ਤਾਰੀਆਂ ਦੇਵੋ।”
ਸੰਤ ਜਰਨੈਲ ਸਿੰਘ ਜੀ ਧੀਆਂ-ਭੈਣਾਂ ਦੇ ਰਖਵਾਲੇ ਸਨ
੧. ਸੰਨ ੧੯੮੩ ਨਵੰਬਰ ਦੇ ਮਹੀਨੇ ਵਿਚ ਜਲਾਲਾਬਾਦ ਪੱਛਮੀ ਦੇ ਗੁਰਦੁਆਰਾ ਸਿੰਘ ਸਭਾ ਦੇ ਦੀਵਾਨ ਵਿਚ ਹੁਕਮ ਚੰਦ ਨੇ ਰੋਂਦਿਆਂ ਸੰਤਾਂ ਨੂੰ ਕਿਹਾ ਕਿ ਲਾਲ ਚੰਦ ਬਦਮਾਸ਼ ਮੇਰੀ ਧੀ ਚੁੱਕ ਕੇ ਲੈ ਗਿਐ, ਆਪ ਮੇਰੀ ਮਦਦ ਕਰੋ। ਸੰਤਾਂ ਨੇ ਸਿੰਘਾਂ ਨੂੰ ਭੇਜ ਕੇ ਓਹਦੇ ਚੁੰਗਲ ਵਿੱਚੋਂ ਹੁਕਮ ਚੰਦ ਦੀ ਧੀ ਛੁਡਵਾ ਕੇ ਉਹਦੇ ਹਵਾਲੇ ਕੀਤੀ ਤੇ ਬਦਮਾਸ਼ ਨੂੰ ਵੀ ਸੋਧਿਆ।
(ਸੁਹਿਰਦ ਸੰਤ ਖਾਲਸਾ, ਪੰਨਾ ੩੧੩)
੨. ਗੁਰੂ ਨਾਨਕ ਨਿਵਾਸ ਵਿਖੇ ਸੋਮ ਪ੍ਰਕਾਸ਼ ਸੰਤਾਂ ਕੋਲ ਫਰਿਆਦੀ ਹੋਇਆ ਕਿ ਮੇਰੀ ਧੀ ਦੇ ਸਹੁਰੇ ਦਾਜ ਲਿਆਉਣ ਲਈ ਉਸਨੂੰ ਤੰਗ ਕਰਦੇ ਹਨ। ਸੰਤਾਂ ਦੇ ਘਲਾਏ ਸਿੰਘਾਂ ਨੇ ਉਨ੍ਹਾਂ ਨੂੰ ਸੰਤਾਂ ਕੋਲ ਪੇਸ਼ ਕੀਤਾ ਤਾਂ ਸੰਤਾਂ ਆਖਿਆ, “ਤੁਹਾਡੀ ਨੂੰਹ ਮੇਰੀ ਧੀ ਹੈ, ਦੱਸੋ ਕਿੰਨਾ ਦਾਜ ਚਾਹੀਦੈ ਮੈਂ ਤੁਹਾਨੂੰ ਦੇਵਾਂਗਾ।” ਉਨ੍ਹਾਂ ਨੇ ਸੰਤਾਂ ਤੋਂ ਮਾਫੀ ਮੰਗੀ ਤੇ ਉਸ ਤੋਂ ਬਾਅਦ ਉਨ੍ਹਾਂ ਉਹਦੀ ਧੀ ਨੂੰ ਕਦੇ ਵੀ ਤੰਗ ਨਾ ਕੀਤਾ।
(ਸੁਹਿਰਦ ਸੰਤ ਖਾਲਸਾ, ਪੰਨਾ ੩੧੪)
੩. ਮੇਰੇ ਸਹੁਰੇ ਸ਼ਿਵ ਨਗਰ ਕਾਲੋਨੀ ਦਾ ਇਕ ਹਿੰਦੂ ਪਰਵਾਰ ਸੀ ਜਿਹੜਾ ਪਾਹਵਾ ਕਰਕੇ ਜਾਣਿਆ ਜਾਂਦਾ ਸੀ। ਉਸ ਦੀ ਘਰ ਵਾਲੀ ਸੰਤਾਂ ਕੋਲ ਆਈ ਤੇ ਆਪਣੀ ਦੁੱਖ ਭਰੀ ਵਿਥਿਆ ਦੱਸੀ ਕਿ ਕੁਝ ਸਿੱਖ ਨੌਜਵਾਨ ਸਾਨੂੰ ਆ ਕੇ ਕਹਿੰਦੇ ਹਨ ਕਿ ਏਥੋਂ ਚਲੇ ਜਾਉ ਜੇ ਨਾ ਗਏ ਤਾਂ ਤੁਹਾਡਾ ਸਾਰਾ ਪਰਵਾਰ ਮਾਰ ਦਿਆਂਗੇ। ਸੰਤਾਂ ਨੇ ਆਖਿਆ,
“ਤੂੰ ਮੇਰੀ ਭੈਣ ਹੈਂ ਤੇ ਤੇਰੇ ਪਰਵਾਰ ਦਾ ਕੋਈ ਵੀ ਵਾਲ ਵਿੰਗਾ ਨਹੀਂ ਕਰੇਗਾ।” ਏਸੇ ਤਰ੍ਹਾਂ ਹੀ ਹੋਇਆ।
੪. ਹਰਿਦੁਆਰ ਤੋਂ ਪੰਡਿਤ ਰੋਸ਼ਨ ਲਾਲ ਸੰਤਾਂ ਕੋਲ ਆ ਕੇ ਕਹਿਣ ਲੱਗਾ,
“ਮੇਰੀ ਧੀ ਦੀ ਸ਼ਾਦੀ ਹੈ ਉਸ ਵਾਸਤੇ ਕੁਝ ਮਾਇਆ ਚਾਹੀਦੀ ਹੈ।”
ਸੰਤਾਂ ਨੇ ਪੈਸੇ ਦੇ ਕੇ ਆਖਿਆ,
“ਉਹ ਤੇਰੀ ਧੀ ਹੀ ਨਹੀਂ ਮੇਰੀ ਵੀ ਹੈ।”
(ਸੁਹਿਰਦ ਸੰਤ ਖਾਲਸਾ, ਪੰਨਾ ੩੧੪-੧੫)
ਭਿੰਡਰਾਂਵਾਲਿਆਂ ਨੇ ਹਿੰਦੂਆਂ ਦੀ ਮਦਦ ਕੀਤੀ
੧. ਗੁਰਦਾਸਪੁਰ ਦੀ ਜੇਲ੍ਹ ਅੰਦਰਲੇ ਗੁਰਦੁਆਰੇ ਤੇ ਮੰਦਰ ਦੀ ਮੁਰੰਮਤ ਭਾਈ ਅਮਰੀਕ ਸਿੰਘ ਜੀ ਤੇ ਬਾਬਾ ਥਾਹਰਾ ਸਿੰਘ ਜੀ ਨੇ ਕਰਵਾਈ।
(ਬੀਬੀ ਹਰਮੀਤ ਕੌਰ ਜੀ)
੨. ਕਪੂਰਥਲਿਓਂ ਕੁਝ ਹਿੰਦੂ ਸੰਤਾਂ ਕੋਲ ਆ ਕੇ ਕਹਿੰਦੇ “ਸੰਤ ਜੀ! ਕਿਸੇ ਸ਼ਰਾਰਤੀ ਬੰਦੇ ਨੇ ਮੰਦਰ ਨੂੰ ਅੱਗ ਲਾਈ, ਜਿਸ ਨਾਲ ਮੰਦਰ ਤੇ ਸਾਡਾ ਧਾਰਮਿਕ ਗ੍ਰੰਥ ਰਾਮਾਇਣ ਵੀ ਅਗਨ ਭੇਟ ਹੋ ਗਿਆ ਸਾਡੀ ਮਾਇਕੀ ਸਹਾਇਤਾ ਕਰੋ।” ਇਹ ਸੁਣ ਕਰ ਸੰਤਾਂ ਨੇ ਉਨ੍ਹਾਂ ਨੂੰ ਪੰਜ ਹਜ਼ਾਰ ਰੁਪਏ ਦਿੱਤੇ।
੩. ਸ੍ਰੀ ਅੰਮ੍ਰਿਤਸਰ ਦੇ ਵਸਨੀਕ ਕੈਲਾਸ਼ ਚੰਦਰ ਜੀ ਨੇ ਆ ਕੇ ਕਿਹਾ, “ਬਾਬਾ ਜੀ! ਬਿਜਲੀ ਦੀਆਂ ਤਾਰਾਂ ਤੋਂ ਅੱਗ ਲੱਗਣ ਨਾਲ ਮੇਰੀ ਕਰਿਆਨੇ ਦੀ ਦੁਕਾਨ ਸੜ ਗਈ ਹੈ।”
ਸੰਤਾਂ ਨੇ ਦੁਕਾਨ ਦੀ ਮੁਰੰਮਤ ਕਰਾਉਣ ’ਤੇ ਰਾਸ ਪਾਉਣ ਲਈ ਉਸਨੂੰ ਪੈਸੇ ਦਿੱਤੇ।
੪. ਧਰਮ ਯੁੱਧ ਮੋਰਚੇ ਦੌਰਾਨ ਸੰਘਰਸ਼ ਕਰ ਰਹੇ ਸਿੱਖਾਂ ਦੇ ਨਾਲ ਦੋ ਹਿੰਦੂ ਵੀ ਮਾਰੇ ਗਏ। ਫਰਿਆਦੀ ਹੋ ਕੇ ਆਏ ਉਨ੍ਹਾਂ ਦੇ ਪਰਵਾਰਾਂ ਨੂੰ ਸੰਤਾਂ ਨੇ ਆਪਣੇ ਕੋਲੋਂ ਪੰਜ-ਪੰਜ ਹਜ਼ਾਰ ਰੁਪਏ ਦਿੱਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਟੌਹੜਾ ਸਾਹਿਬ ਤੋਂ ਦਸ-ਦਸ ਹਜ਼ਾਰ ਰੁਪਏ ਦਿਵਾਏ।
੫. ਸ੍ਰੀ ਅੰਮ੍ਰਿਤਸਰ ਦੇ ਕਾਰਖਾਨੇਦਾਰ ਕੁਝ ਹਿੰਦੂਆਂ ਭਿੰਡਰਾਂਵਾਲੇ ਸੰਤਾਂ ਨੂੰ ਵਰਤਮਾਨ ਦੇ ਵਿਗੜਦੇ ਹਾਲਾਤਾਂ ਬਾਰੇ ਚਿੰਤਾਤੁਰ ਹੋ ਕੇ ਕਿਹਾ ਸਾਡਾ ਪੰਜਾਬ ਵਿਚ ਵੱਸਣਾ ਔਖਾ ਹੈ। ਸੰਤਾਂ ਉਨ੍ਹਾਂ ਨੂੰ ਧੀਰਜ ਦਿੱਤੀ ਕਿ ਨਿਸ਼ਚਿੰਤ ਹੋ ਕੇ ਆਪਣੇ ਕਾਰੋਬਾਰ ਚਲਾਓ। ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਵੇਗਾ। ਉਨ੍ਹਾਂ ਆਖਿਆ ਸਾਡਾ ਭੁਲੇਖਾ ਦੂਰ ਹੋ ਗਿਆ ਹੈ।
ਸੰਤਾਂ ਨੇ ਗੁਰੂ ਨਾਨਕ ਨਿਵਾਸ ਛੱਡਿਆ
ਸੰਤ ਜਰਨੈਲ ਸਿੰਘ ਜੀ ਨੂੰ ਜਾਣਕਾਰੀ ਮਿਲੀ ਕਿ ਕਮਾਂਡੋਆਂ ਨੇ ੧੬ ਦਸੰਬਰ, ੧੯੮੩ ਈ. ਨੂੰ ਸ੍ਰੀ ਗੁਰੂ ਨਾਨਕ ਨਿਵਾਸ ’ਤੇ ਰਾਤ ਨੂੰ ਛਾਪਾ ਮਾਰ ਕੇ ਉਨ੍ਹਾਂ ਨੂੰ ਸਾਰੇ ਸਾਥੀਆਂ ਸਮੇਤ ਕਾਬੂ ਕਰਨਾ ਹੈ। ਸੰਤ ਜੀ ਰਾਤ ਪੈਣ ਤੋਂ ਪਹਿਲਾਂ ਗੁਰੂ ਨਾਨਕ ਨਿਵਾਸ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਨਾਲ ਦੇ ਕਮਰਿਆਂ ਵਿਚ ਚਲੇ ਗਏ।
ਚਕਰਾਤੇ ਛਾਪਾ-ਮਾਰ ਕਮਾਂਡੋਆਂ ਨੂੰ ਟਰੇਨਿੰਗ ਦਿੱਤੀ
ਦੇਹਰਾਦੂਨ ਲਾਗੇ ਪੈਂਦੇ ਚਕਰਾਤੇ ਵਿਖੇ ਭਾਤਰੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਦਾ ਪੂਰਾ ਮਾਡਲ ਬਣਾ ਕੇ ਛਾਪਾ-ਮਾਰ ਕਮਾਂਡੋਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਕਰਨ ਦੀ ਟਰੇਨਿੰਗ ਦਿੱਤੀ।
ਸ੍ਰੀ ਦਰਬਾਰ ਸਾਹਿਬ ਦੁਆਲੇ ਨੀਮ ਫੌਜੀ ਬਲ ਤਾਇਨਾਤ
ਸ੍ਰੀ ਦਰਬਾਰ ਸਾਹਿਬ ਦੁਆਲੇ ਬਾਲਾਨੰਦ ਤੇ ਬ੍ਰਹਮ ਬੂਟਾ ਅਖਾੜਾ ਮੋਰੀ ਬਾਜ਼ਾਰ, ਪੰਜਾਬ ਨੈਸ਼ਨਲ ਬੈਂਕ ਤੇ ਹੋਰ ਉੱਚੀਆਂ ਇਮਾਰਤਾਂ ਵਿਚ ਨੀਮ ਫੌਜੀ ਬਲਾਂ ਨੇ ਮੋਰਚੇ ਬਣਾ ਕੇ ਘੇਰਾਬੰਦੀ ਕੀਤੀ।
ਰਖਵਾਲਿਆਂ ਵੱਲੋਂ ਮੋਰਚਾ-ਬੰਦੀ ਕੀਤੀ ਗਈ
ਜਨਰਲ ਸੁਬੇਗ ਸਿੰਘ ਜੀ ਦੀ ਅਗਵਾਈ ਵਿਚ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਹਮਲੇ ਦਾ ਮੁਕਾਬਲਾ ਕਰਨ ਲਈ ਮੋਰਚਾ-ਬੰਦੀ ਕੀਤੀ ਗਈ ਜਿਸ ਵਿਚ ਗੁਰੂ ਰਾਮਦਾਸ ਨਿਵਾਸ ਅਤੇ ਪਾਣੀ ਵਾਲੀ ਟੈਂਕੀ, ਮੰਜੀ ਸਾਹਿਬ, ਲੰਗਰ ਹਾਲ, ਰਾਮਗੜ੍ਹੀਏ ਬੁੰਗੇ, ਘੰਟਾ ਘਰ, ਆਟਾ ਮੰਡੀ ਡਿਓੜੀ, ਭਾਈ ਹਰਬੰਸ ਸਿੰਘ ਦੇ ਚੁਬਾਰੇ, ਨਿਸ਼ਾਨ ਸਾਹਿਬ ਤੇ ਦਰਬਾਰ ਸਾਹਿਬ ਚੌਂਕ ਵਾਲੀਆਂ ਡਿਓੜੀਆਂ, ਸਿਮਕੋ ਵਾਲੇ ਚੌਬਾਰੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ, ਸ੍ਰੀ ਗੁਰੂ ਨਾਨਕ ਨਿਵਾਸ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਬੱਬਰ ਖਾਲਸਾ ਸੀ। ਸਾਰੀਆਂ ਥਾਵਾਂ ਨੂੰ ਇੰਟਰਕੌਮ ਟੈਲੀਫੋਨ ਅਤੇ ਵਾਕੀ-ਟਾਕੀ ਨਾਲ ਜੋੜਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਤ ਜੀ, ਭਾਈ ਅਮਰੀਕ ਸਿੰਘ ਜੀ ਤੇ ਜਨਰਲ ਸੁਬੇਗ ਸਿੰਘ ਕੰਟਰੋਲ ਕਰ ਰਹੇ ਸਨ।
ਭਾਰਤੀ ਜਸੂਸੀ-ਤੰਤਰ ਸਰਗਰਮ
ਭਾਰਤੀ ਜਸੂਸੀ-ਤੰਤਰ ਨੇ ਸ੍ਰੀ ਦਰਬਾਰ ਸਾਹਿਬ ਆ ਕੇ ਭਿੰਡਰਾਂਵਾਲੇ ਤੇ ਲੌਂਗੋਵਾਲੀਏ ਸੰਤਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਅਤੇ ਅੰਦਰਲੇ ਹਾਲਾਤਾਂ ਨੂੰ ਵਾਚ ਕੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨੂੰ ਇਹ ਜਾਣਕਾਰੀ ਤੇ ਸੁਝਾਅ ਵੀ ਦਿੱਤਾ, “ਭਿੰਡਰਾਂ ਵਾਲਾ ਤਾਂ ਟੱਸ ਤੋਂ ਮੱਸ ਨਹੀਂ ਹੁੰਦਾ, ਹਾਂ ਰਾਜ ਗੱਦੀ ਦਾ ਸੁਖ ਮਾਣਨ ਦੇ ਚਾਹਵਾਨਾਂ ਨੂੰ ਖਰੀਦਿਆ ਜਾ ਸਕਦੈ ਤੇ ਇਸ ਦੇ ਨਾਲ ਆਪਣਾ ਇਹ ਵੀ ਸੁਝਾਅ ਦਿੱਤਾ ਕਿ ਰੂਸ ਤੇ ਯੂ.ਕੇ. ਦੀ ਸਹਾਇਤਾ ਲਈ ਜਾਵੇ।”
ਰੂਸ ਤੇ ਯੂ.ਕੇ. ਤੋਂ ਮਦਦ ਲਈ
ਰੂਸ ਨੇ ਆਪਣੇ ਨੁਮਾਇੰਦੇ ਹਰਕ੍ਰਿਸ਼ਨ ਸਿੰਘ ਸੁਰਜੀਤ ਦੀ ਡਿਊਟੀ ਲਗਾਈ ਤੇ ਉਸ ਨੇ ਆਪਣੀ ਪਾਰਟੀ ਦਾ ਕਰਿੰਦਾ ਗੁਰਚਰਨ ਸਿੰਘ ਅਕਾਲੀ ਦਲ ਦਾ ਦਫ਼ਤਰ ਸਕੱਤਰ ਬਣਾ ਕੇ ਭੇਜਿਆ। ਯੂ.ਕੇ. ਨੇ ਆਪਣੇ ਚੋਟੀ ਦੇ ਲੜਾਕੇ ਹਵਾਈ ਜਹਾਜ਼ ਭੇਜੇ ਜਿਹੜੇ ਕਾਰਵਾਈ ਦੇ ਮਗਰੋਂ ਕੋਈ ਨਿਸ਼ਾਨ ਨਹੀਂ ਸੀ ਛੱਡਦੇ।
(ਜਾਂਬਾਜ਼ ਰਾਖਾ, ਪੰਨਾ ੭੫)
ਤੀਜੀ ਗੁਪਤ ਏਜੰਸੀ ਕਾਇਮ ਕੀਤੀ
ਫੌਜੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਸਾਜ਼ਗਾਰ ਹਾਲਾਤ ਪੈਦਾ ਕਰਨ ਵਾਸਤੇ ਇੰਦਰਾ ਗਾਂਧੀ ਨੇ ਇਕ ਬਹੁਤ ਗੁਪਤ ‘ਸੁਪਰ ਇੰਟੈਲੀਜੈਂਸ ਏਜੰਸੀ’ ਕਾਇਮ ਕੀਤੀ। ਇਸ ਸੁਪਰ ਇੰਟੈਲੀਜੈਂਸ ਏਜੰਸੀ ਦਾ ਕੋਡ ਨਾਮ ‘ਤੀਜੀ ਏਜੰਸੀ’ ਰੱਖਿਆ ਗਿਆ; ਜਿਸ ਦਾ ਦਫ਼ਤਰ ਬੀਕਾਨੇਰ ਹਾਊਸ ਸ਼ਾਹਜਹਾਂ ਰੋਡ, ਨਵੀਂ ਦਿੱਲੀ ਵਿਖੇ ਬਣਾਇਆ ਗਿਆ। ਇਸ ਨੂੰ ਛਲ ਦੇ ਪਰਦੇ ਹੇਠ ਰੱਖਣ ਲਈ ਇਸ ਦੇ ਦਫ਼ਤਰ ਦੇ ਗੇਟ ’ਤੇ “ਕੈਬਨਿਟ ਸਕੱਤਰੇਤ ਸੁਰੱਖਿਆ” ਦਾ ਬੋਰਡ ਟੰਗ ਦਿੱਤਾ ਗਿਆ। ਵਾਸਤਵ ਵਿਚ ਇਸ ਏਜੰਸੀ ਦਾ ਨਾਮ “ਰੀਸਰਚ ਐਂਡ ਅਨੈਲਸਿਸ ਵਿੰਗ” (੍ਰਆਂ) ਰਾਅ ਸੀ।
ਤੀਜੀ ਏਜੰਸੀ ਨੂੰ ਇੰਦਰਾ ਗਾਂਧੀ ਦਾ ਮੁੱਖ ਸੁਰੱਖਿਆ ਸਲਾਹਕਾਰ ਆਰ.ਐਨ.ਐਫ. ਸੰਤੂਕ, ਰਾਅ ਦਾ ਮੌਜੂਦਾ ਮੁਖੀ ਅਤੇ ਪ੍ਰਧਾਨ ਮੰਤਰੀ ਸਕੱਤਰੇਤ ਦਾ ਡਾਇਰੈਕਟਰ ਆਰ ਸ਼ੰਕਰਨ ਨਾਇਰ ਇਸ ਸੁਪਰ ਇੰਟੈਲੀਜੈਂਸ ਏਜੰਸੀ ਦੇ ਹੋਰ ਮਹੱਤਵਪੂਰਨ ਪ੍ਰਬੰਧਕ ਸਨ। ਇਹ ਬਹੁਤ ਹੈਰਤ-ਅੰਗੇਜ਼ ਤੱਥ ਹੈ ਕਿ ਇਨ੍ਹਾਂ ਨੇ ਇਜ਼ਰਾਈਲ (ਜਿਸ ਨਾਲ ਭਾਰਤ ਦੇ ਕੋਈ ਸਫਾਰਤੀ ਸੰਬੰਧ ਵੀ ਨਹੀਂ ਸਨ) ਦੀ ਖੁਫੀਆ ਏਜੰਸੀ ਮਾਸੋਦ ਤੋਂ ਸਰਗਰਮ ਪੇਸ਼ਾਵਰ ਮਦਦ ਪ੍ਰਾਪਤ ਕੀਤੀ। ਇਸ ‘ਤੀਜੀ ਏਜੰਸੀ’ (੍ਰਆਂ/ਰਾਅ) ਉੱਪਰ ਇੰਦਰਾ ਗਾਂਧੀ ਖੁਦ ਨਿਗਰਾਨੀ ਰੱਖ ਰਹੀ ਸੀ। ਇਸ ਗੁਪਤ ਏਜੰਸੀ ਵਿਚ ਉਸ ਦਾ ਮੁੱਖ ਸਹਾਇਕ ਰਾਜੀਵ ਗਾਂਧੀ ਸੀ।
(ਜਾਂਬਾਜ਼ ਰਾਖਾ, ਪੰਨਾ ੮੯-੯੦)
ਭਿੰਡਰਾਂਵਾਲੇ ਵਿਰੁੱਧ ਫੌਜੀ ਹਮਲੇ ਦੀ ਕੂਟਨੀਤਕ ਤਿਆਰੀ
ਹੁਣ ਤਕ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਇੰਦਰਾ ਗਾਂਧੀ ਨੇ ਤੀਸਰੀ ਏਜੰਸੀ ਦੀ ਲੁਕਵੀਂ ਮਦਦ ਨਾਲ ਪੰਜਾਬ ਵਿਚ ਸਮੱਸਿਆ ਪੈਦਾ ਕੀਤੀ, ਇਸ ਨੂੰ ਭੜਕਾਇਆ ਅਤੇ ਇਸ ਨੂੰ ਦੇਖਣ ਵਿਚ ਹੱਲ ਨਾ ਹੋ ਸਕਣ ਵਾਲੀ ਸਮੱਸਿਆ ਦਾ ਰੂਪ ਦੇ ਦਿੱਤਾ। ਸੁਪਰ ਇੰਟੈਲੀਜੈਂਸ ਏਜੰਸੀ ਦੀਆਂ ਕਾਰਵਾਈਆਂ ਰਾਹੀਂ ਜਾਣ ਬੁੱਝ ਕੇ ਅਸੁਰੱਖਿਆ ਅਤੇ ਅਸਥਿਰਤਾ ਦੀ ਭਾਵਨਾ ਪੈਦਾ ਕੀਤੀ ਗਈ। ਇਸੇ ਏਜੰਸੀ ਰਾਹੀਂ ਹੀ ਹਿੰਦੂਆਂ ਅਤੇ ਸਿੱਖਾਂ ਦਰਮਿਆਨ ਪਰਸਪਰ ਬੇਵਿਸ਼ਵਾਸੀ ਦੀ ਭਾਵਨਾ ਉਤਪੰਨ ਕੀਤੀ ਗਈ ਜਿਸ ਦੇ ਫਲਸਰੂਪ ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਅੰਦਰ ਵੀ ਫਿਰਕੂ ਸਦਭਾਵਨਾ ਵਿਚ ਵਿਘਨ ਪਿਆ। ਸਿੱਖਾਂ ਨੂੰ ਫਿਰਕੂ, ਅੱਤਵਾਦੀ, ਦਹਿਸ਼ਤਗਰਦ, ਵੱਖਵਾਦੀ ਅਤੇ ਦੇਸ਼-ਵਿਰੋਧੀ ਕਹਿ ਕੇ ਭੰਡਿਆ ਗਿਆ। ਸਿੱਖਾਂ ਦੀ ਕੂਕ-ਪੁਕਾਰ ਇਸ ਜ਼ਹਿਰੀਲੇ ਪ੍ਰਕਾਰ ਦੇ ਵਿਸ਼ਾਲ ਸਮੁੰਦਰ ਵਿਚ ਡੁੱਬ ਕੇ ਰਹਿ ਗਈ, ਸਿਆਸੀ ਮਾਹੌਲ ਇਸ ਹੱਦ ਤਕ ਭੜਕਾਇਆ ਗਿਆ ਕਿ ਹਿੰਦੂ ਜਥੇਬੰਦੀਆਂ ਇਕ-ਦੂਜੇ ਤੋਂ ਵੱਧ-ਚੜ ਕੇ ਸਿੱਖਾਂ ਦੀ ਭੰਡੀ ਕਰਨ ਲੱਗੀਆਂ ਅਤੇ ਸੰਤ ਭਿੰਡਰਾਂਵਾਲੇ ਅਤੇ ਉਸ ਦੇ ਸਮਰਥਕਾਂ ਵਿਰੁੱਧ ਫੌਜੀ ਕਾਰਵਾਈ ਦੀ ਵਕਾਲਤ ਕੀਤੀ। ਜਨਸੰਘ ਪ੍ਰਧਾਨ ਅਟੱਲ ਬਿਹਾਰੀ ਵਾਜਪਾਈ, ਲੋਕ ਦਲ ਪ੍ਰਧਾਨ ਚੌਧਰੀ ਚਰਨ ਸਿੰਘ ਦੋਵੇਂ ਕਮਿਊਨਿਸਟ ਪਾਰਟੀਆਂ ਤੇ ਨਰਮਦਲੀਏ ਕਹਾਉਣ ਵਾਲੇ ਇੱਕੋ ਆਵਾਜ਼ ਵਿਚ ਚੀਕ ਉਠੇ-
“ਦਰਬਾਰ ਸਾਹਿਬ ਸਮੂਹ ’ਤੇ ਹਮਲਾ ਕਰੋ ਤੇ ਖਾੜਕੂ ਸਿੱਖਾਂ ਨੂੰ ਸਬਕ ਸਿਖਾ ਦਿਓ।”
(ਜਾਂਬਾਜ਼ ਰਾਖਾ, ਪੰਨਾ ੯੪)
ਇੰਦਰਾ ਗਾਂਧੀ ਦਾ ਰਾਸ਼ਟਰ ਨੂੰ ਸੰਬੋਧਨ
ਹੁਣ ਮਨੋ-ਵਿਗਿਆਨਕ ਪੱਧਰ ਅਤੇ ਰਾਜਸੀ ਪੱਧਰ ’ਤੇ ਇੰਦਰਾ ਗਾਂਧੀ ਲਈ ਸ੍ਰੀ ਦਰਬਾਰ ਸਾਹਿਬ ’ਤੇ ਹੱਲਾ ਬੋਲਣ ਦਾ ਢੁੱਕਵਾਂ ਸਮਾਂ ਸੀ। ਉਸ ਨੇ ੨ ਜੂਨ, ੧੯੮੪ ਦੀ ਸ਼ਾਮ ਨੂੰ ਰੇਡੀਓ ਅਤੇ ਟੀ.ਵੀ. ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ।
ਉਸ ਨੇ ਇਹ ਢੌਂਗ ਕੀਤਾ ਕਿ ਉਸ ਨੇ ਪੰਜਾਬ ਸੰਕਟ ਨੂੰ ਹੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਅਕਾਲੀ ਮਸਲੇ ਨੂੰ ਲਮਕਾਉਣ ਵਾਲੇ ਹੱਥਕੰਡੇ ਅਪਣਾਅ ਰਹੇ ਸਨ। ਦੇਸ਼ ਅਤੇ ਵਿਸ਼ਵ ਨੂੰ ਉਸ ਦਾ ਇਹ ਸੰਬੋਧਨ ਉਸ ਦੇ ਮੰਦੇ ਇਰਾਦਿਆਂ ਉੱਪਰ ਪਰਦਾ-ਪੋਸ਼ੀ ਕਰਨ ਲਈ ਇਕ ਲੁਭਾਵਾ ਸੀ। ਉਸ ਦੇ ਇਰਾਦੇ ਸਪੱਸ਼ਟ ਸਨ ਕਿਉਂਕਿ ਉਹ ਪਹਿਲਾਂ ਤੋਂ ਹੀ ੧ ਜੂਨ, ੧੯੮੪ ਈ. ਨੂੰ ਪੰਜਾਬ ਵਿਚ ਫੌਜ ਦੀਆਂ ਘੱਟੋ-ਘੱਟ ਸੱਤ ਡਿਵੀਜ਼ਨਾਂ ਤਾਇਨਾਤ ਕਰ ਚੁੱਕੀ ਸੀ, ਜਿਨ੍ਹਾਂ ਨੇ ਉਸ ਦਿਨ ਹੀ ਪਹਿਲਾਂ ਤੋਂ ਨਿਰਧਾਰਿਤ ਆਪੋ ਆਪਣੀਆਂ ਪੁਜੀਸ਼ਨਾਂ ਸੰੰਭਾਲ ਲਈਆਂ ਸਨ। ਦਰਅਸਲ ਉਸ ਦਾ ਰਾਸ਼ਟਰ ਨੂੰ ਇਹ ਸੰਬੋਧਨ ਕੋਰਾ ਝੂਠ ਸੀ ਅਤੇ ਅਕਾਲੀਆਂ ਨੂੰ ਇਕ ਤਰ੍ਹਾਂ ਦੀ ਧਮਕੀ ਸੀ ਕਿ ਜੇ ਉਨ੍ਹਾਂ ਨੇ ਉਸ ਦੀਆਂ ਹਿਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਉਹ ਤਾਕਤ ਦੀ ਵਰਤੋਂ ਦੁਆਰਾ ਆਪਣੇ ਇਰਾਦਿਆਂ ਦੀ ਪੂਰਤੀ ਕਰੇਗੀ।…
ਉਸ ਦੇ ਪ੍ਰਸਾਰਨ ਤੋਂ ਇਹ ਸਪੱਸ਼ਟ ਸੀ ਕਿ ਉਹ ਅਕਾਲੀਆਂ ਨੂੰ ਮਿੱਠੇ ਪਰ ਖੋਖਲੇ ਵਾਅਦਿਆਂ ਦੀਆਂ ਲੋਰੀਆਂ ਨਾਲ ਰਿਝਾਉਣਾ ਚਾਹੁੰਦੀ ਸੀ। ਅਕਾਲੀ ਦਲ ਨੇ ੧੯੮੨ ਈ. ਵਿਚ ਜਿਨ੍ਹਾਂ ਮੰਗਾਂ ਲਈ ਮੋਰਚਾ ਲਾਇਆ ਉਨ੍ਹਾਂ ’ਚੋਂ ਕੋਈ ਇਕ ਵੀ ਮੰਗ ਸਵੀਕਾਰ ਨਹੀਂ ਸੀ ਕੀਤੀ ਗਈ।…
ਪ੍ਰਸਾਰਨ ਦੌਰਾਨ ਉਸ ਦੇ ਆਖਰੀ ਸ਼ਬਦ “ਖ਼ੂਨ ਨਾ ਵਹਾਓ, ਨਫ਼ਰਤ ਤਿਆਗੋ”- ਇਉਂ ਪ੍ਰਤੀਤ ਹੋ ਰਹੇ ਸਨ ਜਿਵੇਂ ਸ਼ੈਤਾਨ ਧਰਮ-ਗ੍ਰੰਥ ਦੇ ਉਪਦੇਸ਼ ਦਾ ਹਵਾਲਾ ਦੇ ਰਿਹਾ ਹੋਵੇ। ਇਹ ਇੰਦਰਾ ਗਾਂਧੀ ਆਪ ਸੀ ਜਿਸ ਨੇ ਸਿੱਖਾਂ ਦਾ ਖ਼ੁੂਨ ਵਹਾਇਆ ਸੀ ਅਤੇ ਉਨ੍ਹਾਂ ਵਿਰੁੱਧ ਨਫ਼ਰਤ ਫੈਲਾਈ ਸੀ, ਨਾ ਕਿ ਸਿੱਖਾਂ ਨੇ ਅਜਿਹਾ ਕੀਤਾ ਸੀ।…
ਜਦੋਂ ਇੰਦਰਾ ਗਾਂਧੀ ਭਾਸ਼ਨ ਦੇਣ ਲਈ ਮਾਈਕ੍ਰੋਫੋਨ ਕੋਲ ਜਾ ਰਹੀ ਸੀ ਤਾਂ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ ਅਤੇ ਭਾਸ਼ਨ ਦਿੰਦੇ ਸਮੇਂ ਉਸਦੀ ਜ਼ਬਾਨ ਬਾਰ-ਬਾਰ ਥਿੜਕ ਰਹੀ ਸੀ। ਇਹ ਉਹੀ ਇੰਦਰਾ ਗਾਂਧੀ ਸੀ ਜਿਹੜੀ ੧੯੭੧ ਈ. ਵਿਚ ਬੰਗਲਾਦੇਸ਼ ਦੀ ਲੜਾਈ ਤੋਂ ਬਾਅਦ ਆਪਣੇ ਆਪ ਨੂੰ ਦੁਰਗਾ ਕਹਾਉਣ ਦੀ ਵਡਿਆਈ ਲੈ ਚੁੱਕੀ ਸੀ ਪਰ ੨ ਜੂਨ, ੧੯੮੪ ਈ. ਨੂੰ ਭਾਸ਼ਨ ਦਿੰਦਿਆਂ ਪਤਾ ਨਹੀਂ ਉਹ ਕਿਉਂ ਕੰਬ ਰਹੀ ਸੀ।
(ਜਾਂਬਾਜ਼ ਰਾਖਾ, ਪੰਨਾ ੯੪-੯੬)
ਪੰਜਾਬ ਵਿਚ ਫੌਜੀ ਰਾਜ
ਭਾਰਤੀ ਫੌਜ ਦੇ ਮੁਖੀ ਅਰੁਣ ਕੁਮਾਰ ਵੈਦਯਾ ਨੇ ਸਾਰੇ ਪੰਜਾਬ ਵਿਚ ਫੌਜੀ ਰਾਜ ਕਾਇਮ ਕੀਤਾ ਤੇ ਪੰਜਾਬ ਨੂੰ ਨਾਲ ਲਗਦੇ ਪ੍ਰਾਂਤਾਂ ਨਾਲੋਂ ਤੋੜ ਦਿੱਤਾ ਗਿਆ। ਉਸ ਦੇ ਨਾਲ ਕ੍ਰਿਸ਼ਨਾ ਸੁਆਮੀ ਸੁੰਦਰਜੀ, ਰਣਜੀਤ ਸਿੰਘ ਦਿਆਲ ਅਤੇ ਕੁਲਦੀਪ ਸਿੰਘ ਬਰਾੜ ਭੇਜੇ ਗਏ। ਸੱਤ ਡਿਵੀਜ਼ਨ ਫੌਜ ਹਮਲਾ ਕਰਨ ਲਈ ਤਾਇਨਾਤ ਕੀਤੀ ਗਈ, ਹਵਾਈ ਤੇ ਸਮੁੰਦਰੀ ਫੌਜ ਵੀ ਲਾਈ ਗਈ। ਛਾਪਾਮਾਰ ਕਮਾਂਡੋਂ, ਟੋਭੇ, ਟੈਂਕ ਤੇ ਤੋਪਾਂ, ਬਹੁਤ ਮਾਰ ਕਰਨ ਵਾਲੀਆਂ ਰਾਇਫਲਾਂ, ਤੋਪ-ਗੋਲ਼ੇ ਆਦਿਕ ਵੀ ਸ਼ਾਮਲ ਕੀਤੇ ਗਏ। ਸਾਰੇ ਪੰਜਾਬ ਵਿਚ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ ਵਿਚ ਬੰਦ ਕਰ ਦਿੱਤਾ। ਹਮਲੇ ਦੀ ਪੂਰੀ ਤਿਆਰੀ ਇਸ ਤਰ੍ਹਾਂ ਕੀਤੀ ਗਈ ਜਿਵੇਂ ਕਿਸੇ ਗਵਾਂਢੀ ਦੁਸ਼ਮਣ ਦੇਸ਼ ਨਾਲ ਕਰਨੀ ਹੋਵੇ। ਆਜ਼ਾਦੀ ਪ੍ਰਾਪਤੀ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨੂੰ ਦੇਸ਼ ਦੀ ਦੁਸ਼ਮਣ ਸਮਝ ਕੇ ਇਹ ਸਾਰੀ ਯੋਜਨਾ ਸਿੱਖਾਂ ਨੂੰ ਵੱਧ ਤੋਂ ਵੱਧ ਮਾਰ ਕੇ ਤੇ ਸਬਕ ਸਿਖਾਉਣ ਲਈ ਵਿਉਂਤੀ ਗਈ। ਪੰਜਾਬ ਵਿਚਲੇ ੩੭ ਗੁਰੂ-ਘਰਾਂ ’ਤੇ ਹਮਲਾ ਕਰਨ ਦੀ ਨੀਅਤ ਨਾਲ ਘੇਰਾ ਪਾਇਆ ਗਿਆ।
ਨੀਮ ਫੌਜੀ ਬਲਾਂ ਨੇ ਕੰਧ ਕਰਨੋ ਰੋਕਿਆ
੧੭ ਫਰਵਰੀ, ੧੯੮੪ ਈ. ਨੂੰ ਬ੍ਰਹਮ ਬੂਟਾ ਅਖਾੜਾ ਲਾਗੇ ਲੱਗੇ ਮੋਟੇ ਸੰਗਲ ਵਾਲੀ ਥਾਂ ਸੰਗਤ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ ਦੇ ਇਮਾਰਤੀ ਵਿਭਾਗ ਨੂੰ ਸੀ.ਆਰ.ਪੀ.ਐਫ. ਤੇ ਬੀ.ਐਸ.ਐਫ. ਨੇ ਕੰਧ ਕਰਨੋ ਰੋਕਿਆ।
ਸ੍ਰੀ ਦਰਬਾਰ ਸਾਹਿਬ ’ਤੇ ਗੋਲੀਆਂ ਚਲਾਈਆਂ
੧ ਜੂਨ, ੧੯੮੪ ਈ. ਨੂੰ ਦੁਪਹਿਰ ਸਾਢੇ ਬਾਰ੍ਹਾਂ ਵਜੇ ਗੋਲ਼ੀਆਂ ਚੱਲਣ ਦੀ ਆਵਾਜ਼ ਆਈ, ਮੈਂ (ਲੇਖਕ) ਉਸ ਸਮੇਂ ਸ੍ਰੀ ਗੁਰੂ ਰਾਮਦਾਸ ਨਿਵਾਸ ਦੀ ਉਪਰਲੀ ਦੂਜੀ ਮੰਜ਼ਲ ਦੇ ਕਮਰਾ ਨੰਬਰ ੮੭ ਵਿਚ ਸਾਂ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਸੀ। ਮੈਂ ਵੇਖਿਆ ਲੰਗਰ ਵਾਲੀ ਡਿਉੜੀ ਵਿਚ ਬੈਠੇ ਸਿੱਖ ਸ਼ਰਧਾਲੂ ’ਤੇ ਗੋਲ਼ੀਆਂ ਵੱਜ ਰਹੀਆਂ ਸਨ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹੋਰ ਥਾਈਂ ਵੀ ਗੋਲ਼ੀਆਂ ਵੱਜੀਆਂ ਤੇ ਗੋਲ਼ੀਆਂ ਨਾਲ ੧੧ ਸਿੱਖ ਸ਼ਹੀਦ ਤੇ ੨੫ ਗੰਭੀਰ ਜ਼ਖ਼ਮੀ ਹੋਏ। ਸੰਤ ਜੀ ਗੁਰੂ ਰਾਮਦਾਸ ਲੰਗਰ ’ਤੇ ਸੰਗਤ ਨੂੰ ਸੰਬੋਧਨ ਕਰ ਰਹੇ ਸਨ। ਜਨਰਲ ਸੁਬੇਗ ਸਿੰਘ ਨੇ ਰਖਵਾਲੇ ਸਿੰਘਾਂ ਨੂੰ ਜਵਾਬੀ ਗੋਲ਼ੀ ਨਾ ਚਲਾਉਣ ਦੀ ਹਦਾਇਤ ਕੀਤੀ। ਸੰਤ ਜੀ ਪਰਕਰਮਾ ਵਿਚ ਆਏ ਤੇ ਇਸ ਘਿਣਾਉਣੇ ਵਰਤਾਰੇ ਨੂੰ ਅੱਖੀਂ ਵੇਖਿਆ। ਰਾਤੀਂ ਅੱਠ ਵਜੇ ਗੋਲ਼ੀ ਬੰਦ ਹੋਈ।
ਪੰਚਮ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਭਾਰੀ ਗਿਣਤੀ ਵਿਚ ਸੰਗਤ ਦਰਸ਼ਨਾਂ ਲਈ ਆਈ। ਅਜੇ ਸਾਰੇ ਸ਼ਰਧਾਲੂ ਵਾਪਸ ਆਪਣੇ ਘਰੀਂ ਨਹੀਂ ਸਨ ਗਏ ਕਿ ਸ੍ਰੀ ਅੰਮ੍ਰਿਤਸਰ ਵਿਚ ਕਰਫਿਊ ਲਾ ਦਿੱਤਾ ਗਿਆ ਜਿਸ ਕਰਕੇ ਸਭਨਾਂ ਨੂੰ ਏਥੇ ਹੀ ਰੁਕਣਾ ਪਿਆ। ਗੁਰਦੁਆਰਾ ਮੰਜੀ ਸਾਹਿਬ ਤੋਂ ਜਿਹੜਾ ਜਥਾ ਗ੍ਰਿਫਤਾਰੀ ਦੇਣ ਲਈ ਤੋਰਿਆ ਗਿਆ ਸੀ ਉਸ ਨੂੰ ਵੀ ਵਾਪਸ ਭੇਜ ਦਿੱਤਾ। ਸ੍ਰੀ ਦਰਬਾਰ ਸਾਹਿਬ ਦੀ ਬਿਜਲੀ ਵੀ ਬੰਦ ਕਰ ਦਿੱਤੀ ਗਈ। ਗਰਮੀ ਜ਼ਿਆਦਾ ਹੋਣ ਕਰਕੇ ਅਸੀਂ ਵੀ ਬਰਾਂਡੇ ਵਿਚ ਹੀ ਰਾਤ ਗੁਜ਼ਾਰੀ।
ਸੰਤ ਜੀ ਨੇ ਆਪਣਾ ਪਰਵਾਰ ਮੰਗਵਾਇਆ
ਸੰਤ ਜਰਨੈਲ ਸਿੰਘ ਜੀ ਨੇ ਆਪਣੇ ਭਤੀਜੇ ਭਾਈ ਤਰਲੋਚਨ ਸਿੰਘ ਜੀ ਨੂੰ ਭੇਜ ਕੇ ਆਪਣਾ ਪਰਵਾਰ ਸ੍ਰੀ ਅੰਮ੍ਰਿਤਸਰ ਮੰਗਵਾਇਆ। ਸੰਤ ਜੀ ਦੀ ਧਰਮ ਪਤਨੀ ਬੀਬੀ ਪ੍ਰੀਤਮ ਕੌਰ ਜੀ ਅਤੇ ਪੁੱਤਰ ਭੁਝੰਗੀ ਈਸ਼ਰ ਸਿੰਘ ਜੀ ਤੇ ਭੁਝੰਗੀ ਇੰਦਰਜੀਤ ਸਿੰਘ ਜੀ ਅਤੇ ਭਤੀਜਾ ਭਾਈ ਤਰਲੋਚਨ ਸਿੰਘ ਜਦੋਂ ਮੋਗੇ ਪਹੁੰਚੇ ਤਾਂ ਕਰਫਿਊ ਲੱਗਣ ਕਾਰਨ ਉਹ ਸਾਰੇ ਸ੍ਰੀ ਅੰਮ੍ਰਿਤਸਰ ਨਾ ਆ ਸਕੇ।
(ਸੁਹਿਰਦ ਸੰਤ ਖਾਲਸਾ, ਪੰਨਾ ੪੦੪-੪੦੫)
ਮੇਰਾ ਪੂਰਨ ਵਿਸ਼ਵਾਸ ਹੈ ਕਿ ਸੰਤਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਪੂਰਨਿਆਂ ’ਤੇ ਚਲਦਿਆਂ ਹੋਇਆਂ ਇਹ ਯਤਨ ਕੀਤਾ ਕਿ ਗੁਰੂ ਸਾਹਿਬ ਨੇ ਸਾਡੇ ਵਾਸਤੇ ਆਪਣਾ ਸਾਰਾ ਸਰਬੰਸ ਵਾਰਿਆ ਸੀ ਤੇ ਮੈਂ ਵੀ ਆਪਣੇ ਪਰਵਾਰ ਸਮੇਤ ਸ਼ਹੀਦ ਪਾਵਾਂ।
ਸ੍ਰੀ ਅੰਮ੍ਰਿਤਸਰ ਦਾ ਡੀ.ਸੀ. ਬਦਲਿਆ
੩ ਜੂਨ, ੧੯੮੪ ਈ. ਨੂੰ ਸਰਦਾਰ ਗੁਰਦੇਵ ਸਿੰਘ ਆਈ. ਏ. ਐਸ., ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਲਈ ਦਸਤਖ਼ਤ ਨਹੀਂ ਸਨ ਕੀਤੇ, ਉਹਦੀ ਜਗ੍ਹਾ ਸ. ਰਮੇਸ਼ਇੰਦਰ ਸਿੰਘ ਨੂੰ ਡਿਪਟੀ ਕਮਿਸ਼ਨਰ ਲਾਇਆ ਗਿਆ ਤੇ ਉਸ ਨੇ ਹਮਲਾ ਕਰਨ ਲਈ ਦਸਤਖ਼ਤ ਕੀਤੇ ਸਨ।
ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ
ਮੈਂ (ਲੇਖਕ) ਜਦੋਂ ੪ ਜੂਨ ਨੂੰ ਮੰਜੀ ਸਾਹਿਬ ਆਪਣੀ ਡਿਊਟੀ ’ਤੇ ਜਾਣ ਲਈ ਤਿਆਰ ਹੋਣ ਲੱਗਾ ਤਾਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਹੋਏ ਸ੍ਰੀ ਮੁੱਖ ਵਾਕ ਉਪਰੰਤ ਭਾਰਤੀ ਫੌਜ ਨੇ ਹਮਲਾ ਕਰ ਦਿੱਤਾ। ਜਦੋਂ ਮੈਂ ਵੇਖਿਆ ਤਾਂ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ’ਤੇ ਗੋਲ਼ੇ ਸੁੱਟੇ ਜਾ ਰਹੇ ਸਨ ਤੇ ਉਸ ਤੋਂ ਬਾਅਦ ਸਾਰੇ ਪਾਸਿਆਂ ਤੋਂ ਦਰਬਾਰ ਸਾਹਿਬ ਸਮੂਹ ’ਤੇ ਗੋਲ਼ੀਆਂ ਤੇ ਗੋਲ਼ਿਆਂ ਦਾ ਮੀਂਹ ਵਰ੍ਹ ਰਿਹਾ ਸੀ। ਅਸੀਂ ਬਰਾਂਡੇ ਵਿੱਚੋਂ ਅੰਦਰ ਕਮਰੇ ਵਿਚ ਚਲੇ ਗਏ। ਸਾਰੀ ਦਿਹਾੜੀ ਗੋਲ਼ਾਬਾਰੀ ਹੁੰਦੀ ਰਹੀ ਅਤੇ ਅੰਦਰੋਂ ਰਖਵਾਲੇ ਵੀ ਜਵਾਬੀ ਫਾਇਰਿੰਗ ਕਰਦੇ ਰਹੇ। ਸ੍ਰੀ ਗੁਰੂ ਰਾਮਦਾਸ ਸਰਾਂ ਦੇ ਬਾਹਰਲੇ ਕਮਰਿਆਂ ਵਾਲੇ ਸਾਰੇ ਮੁਲਾਜ਼ਮ ਤੇ ਯਾਤਰੂ ਸਰਾਂ ਦੇ ਅੰਦਰਲੇ ਕਮਰਿਆਂ ਵਿਚ ਆ ਗਏ। ਸਰਾਂ ਦੇ ਪਿਛਲੇ ਗੇਟ ਰਾਹੀਂ ਪੰਜਾਬ ਸਿੰਘ ਦੀ ਗਲੀ ਵਾਲੇ ਸਿੱਖਾਂ ਨੇ ਪਰਸ਼ਾਦਾ ਲਿਆ ਕੇ ਸਾਨੂੰ ਛਕਾਇਆ।
ਸ਼ਹੀਦ ਸਿੰਘਾਂ ਦਾ ਅੰਤਿਮ ਸਸਕਾਰ
੫ ਜੂਨ ਨੂੰ ਦਿਨ ਚੜ੍ਹੇ ਕੁਝ ਸਿੰਘ ਸ਼ਹੀਦ ਹੋ ਗਏ। ਨੌਜਵਾਨਾਂ ਨੇ ਉਨ੍ਹਾਂ ਦੇ ਸਰੀਰ ਚੁੱਕ ਲਿਆਂਦੇ ਤੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਵਿਹੜੇ ਵਿਚ ਉਨਾਂ ਦੀ ਚਿਖਾ ਬਣਾ ਕੇ ਚੰਡਾ ਲਾਇਆ। ਅਜੇ ਸਸਕਾਰ ਪੂਰੀ ਤਰ੍ਹਾਂ ਨਹੀਂ ਸੀ ਹੋਇਆ ਤੇ ਪਾਣੀ ਵਾਲੀ ਟੈਂਕੀ ਫ਼ੋਜ ਨੇ ਤੋੜ ਦਿੱਤੀ ਤੇ ਵਿਹੜਾ ਨੀਂਵਾ ਹੋਣ ਕਰਕੇ ਸਾਰਾ ਪਾਣੀ ਉਸ ਵਿਚ ਇਕੱਠਾ ਹੋ ਗਿਆ। ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਸਮੁੰਦਰੀ ਹਾਲ ਵਾਲੇ ਪਾਸਿਉਂ ਕੰਧ ਤੋੜ ਕੇ ਬਾਹਰ ਨਿਕਲਣ ਲਈ ਰਸਤਾ ਬਣਾਇਆ ਗਿਆ। ਅਸੀਂ ਸਰਾਂ ਵਿੱਚੋਂ ਨਿਕਲ ਕੇ ਬਾਬਾ ਅਟੱਲ ਰਾਇ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚੋਂ ਦੀ ਗਿਆਨੀ ਦਲੀਪ ਸਿੰਘ ਜੀ ਦੇ ਘਰ ਚਲੇ ਗਏ। ਓਥੇ ਭਾਈ ਹਰਮਿੰਦਰ ਸਿੰਘ ਅਤੇ ਰਾਗੀ ਹਰਭਜਨ ਸਿੰਘ ਦੀਆਂ ਪਤਨੀਆਂ ਅਤੇ ਬੀਬੀ ਉਪਕਾਰ ਵੀ ਸਨ। ਸਾਰੀ ਰਾਤ ਗੁਰਦੁਆਰਾ ਬਾਬਾ ਅਟੱਲ ਸਾਹਿਬ ’ਤੇ ਗੋਲੇ ਵੱਜਦੇ ਰਹੇ। ਸਾਰੀ ਰਾਤ ਇਸੇ ਤਰ੍ਹਾਂ ਹੀ ਲੰਘੀ।
ਕਰਫਿਊ ਵਿਚ ਢਿੱਲ ਤੇ ਬਾਹਰ ਆਏ
੬ ਜੂਨ ਨੂੰ ਬਾਅਦ ਦੁਪਹਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਜੀ ਨੇ ਕਿਹਾ ਕਿ, ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੀਆਂ ਸਰਾਵਾਂ ’ਤੇ ਕਬਜ਼ਾ ਕਰ ਲਿਆ ਤੇ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ, ਆਓ ਬਾਹਰ ਨਿਕਲੀਏ। ਜਦੋਂ ਅਸੀਂ ਉੱਥੋਂ ਨਿਕਲਣ ਲੱਗੇ ਤਾਂ ਮੇਰੀ ਸੱਸ ਸਾਹਿਬ ਨੇ ਉਨ੍ਹਾਂ ਲੜਕੀਆਂ ਨੂੰ ਵੀ ਬਾਹਰ ਜਾਣ ਲਈ ਆਖਿਆ ਪਰ ਉਹ ਨਾ ਮੰਨੀਆਂ। ਮੇਰੀ ਘਰਵਾਲੀ, ਮਾਤਾ ਜੀ, ਪੁੱਤਰ ਕੁਲਵੰਤ ਸਿੰਘ ਤੇ ਮੈਂ ਕੋਟੂ ਪੰਜੂ ਵਾਲੀ ਗਲੀ ਵਿਚ ਪੀ.ਐਸ. ਕੁਲਤਾਰਨ ਸਿੰਘ ਦੇ ਘਰ ਆ ਗਏ। ਭਾਈ ਕਰਨੈਲ ਸਿੰਘ ਤੇ ਉਨ੍ਹਾਂ ਘਰ ਦੀ ਬੀਬੀ ਮਹਿੰਦਰ ਸਿੰਘ ਕੌਰ ਅਤੇ ਝਾਈ ਜੀ ਨੇ ਸਾਡੀ ਬੜੀ ਸੇਵਾ ਕੀਤੀ। ਟੀ. ਵੀ. ’ਤੇ ਖ਼ਬਰ ਦਿੱਤੀ ਗਈ ਕਿ ਭਿੰਡਰਾਂਵਾਲੇ ਦੀ ਮ੍ਰਿਤਕ ਦੇਹ ਮਿਲ ਗਈ ਹੈ ਆਦਿਕ। ਸਾਨੂੰ ਇਹ ਵੀ ਪਤਾ ਲੱਗਾ ਕੇ ਸੰਗਲ ਵਾਲੀ ਗਲੀ ਵਿਚ ਫੌਜ ਨੇ ਤਿੰਨ ਕੁੜੀਆਂ ਮਾਰ ਦਿੱਤੀਆਂ ਹਨ। ਇਹ ਉਹੀ ਸਨ ਜੋ ਦਲੀਪ ਸਿੰਘ ਜੀ ਦੇ ਘਰ ਰਹੀਆਂ ਸਨ।
ਕਰਫਿਊ ਵਿਚ ਫਿਰ ਢਿੱਲ
੧੦ ਜੂਨ ਨੂੰ ਫਿਰ ਕਰਫਿਊ ਵਿਚ ਢਿੱਲ ਮਿਲੀ ਤੇ ਅਸੀਂ ਨੰਗੇ ਪੈਰੀਂ ਗੁਰਦੁਆਰਾ ਰਾਮਸਰ ਲੰਘ ਕੇ ਸੜਕ ’ਤੇ ਪਹੁੰਚੇ ਤਾਂ ੧੦ ਰੁਪਏ ਰਿਕਸ਼ੇ ਵਾਲੇ ਨੂੰ ਦੇ ਕੇ ਸ਼ਿਵ ਨਗਰ ਕਲੋਨੀ ਪਹੁੰਚੇ। ਫਿਰ ਮੇਰੇ ਸਾਂਢੂ ਭਾਈ ਦਰਸ਼ਨ ਸਿੰਘ ਜੀ ਵੀ ਬੜੀ ਭੈੜੀ ਹਾਲਤ ਵਿਚ ਆਪਣੇ ਘਰ ਆਏ, ਕਿਉਂਕਿ ਫੌਜ ਨੇ ਉਸ ’ਤੇ ਬੜੇ ਜੁਲਮ ਢਾਹੇ ਸਨ। ਸਾਰਿਆਂ ਨੇ ਇਹ ਯਕੀਨ ਕਰ ਲਿਆ ਸੀ ਕਿ ਅਸੀਂ ਮਾਰੇ ਗਏ ਹਾਂ। ਮੇਰੇ ਪਿਤਾ ਬਾਬਾ ਇੰਦਰ ਸਿੰਘ ਜੀ ਲਾਂਗਰੀ ਜਿਹੜੇ ਗੁਰੂ ਰਾਮਦਾਸ ਲੰਗਰ ’ਤੇ ਸਨ ਉਨ੍ਹਾਂ ਬਾਰੇ ਕੋਈ ਪਤਾ ਨਾ ਚੱਲਿਆ ਪ੍ਰਤੀਤ ਹੁੰਦਾ ਸੀ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਏ ਹੋਣਗੇ।
ਅੱਖੀਂ ਵੇਖਣ ਵਾਲਿਆਂ ਤੋਂ ਮਿਲੀ ਜਾਣਕਾਰੀ
ਮੇਰੇ ਸਾਂਢੂ ਭਾਈ ਦਰਸ਼ਨ ਸਿੰਘ ਜੀ ਜਿਹੜੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਤੌਰ ਸੇਵਾਦਾਰ ਡਿਊਟੀ ਨਿਭਾਅ ਰਹੇ ਸਨ। ਉਨ੍ਹਾਂ ਦੱਸਿਆ, “ਮੈਨੂੰ ਤੇ ਹੋਰਨਾਂ ਨੂੰ ਫੜ ਕੇ ਸਾਡੇ ਹੱਥ ਪਿੱਛੋਂ ਬੰਨ੍ਹੇ ਗਏ ਤੇ ਪਰਕਰਮਾ ਵਿਚ ਬਿਠਾ ਦਿੱਤਾ। ਜੇ ਕਿਸੇ ਨੇ ਕਿਹਾ ਕਿ ਪਿਸ਼ਾਬ ਕਰਨੈ ਤਾਂ ਫੌਜੀ ਕਹਿੰਦੇ ਵਿਚ ਹੀ ਕਰ ਲੈ। ਸਾਨੂੰ ਬੱਟਾਂ ਨਾਲ ਕੁੱਟਿਆ ਗਿਆ। ਕੁਝ ਕੁ ਵਿਅਕਤੀ ਜਿਹੜੇ ਹੱਥ ਖੜੇ ਕਰ ਕੇ ਆਏ; ਉਨ੍ਹਾਂ ਨੂੰ ਗੋਲ਼ੀਆਂ ਨਾਲ ਉੱਡਾ ਦਿੱਤਾ ਗਿਆ। ਅੰਦਰਲੀ ਸੇਵਾ ਬਹਾਲ ਕਰਨ ਲਈ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਜੀ ਨੇ ਮੈਨੂੰ ਛੁਡਵਾਇਆ।”
ਮੰਜੀ ਸਾਹਿਬ ਦੇ ਚਾਰ ਸੇਵਾਦਾਰ ਵੀ ਫੜ ਲਏ ਗਏ ਤੇ ਬਾਅਦ ਵਿਚ ਪ੍ਰਬੰਧਕਾਂ ਦੇ ਕਹਿਣ ’ਤੇ ਮਰਯਾਦਾ ਦੀ ਬਹਾਲੀ ਲਈ ਉਹ ਵੀ ਛੱਡ ਦਿੱਤੇ ਗਏ।
ਸੇਵਾਦਾਰ ਸ. ਸ਼ਿੰਗਾਰਾ ਸਿੰਘ ਤੇ ਦਰਸ਼ਨ ਸਿੰਘ ਸਾਬਕਾ ਫੌਜੀ ਸਨ। ਸ. ਸ਼ਿੰਗਾਰਾ ਸਿੰਘ ਨੇ ਦੱਸਿਆ, “ਜਦੋਂ ਸਾਨੂੰ ਫੜਿਆ ਗਿਆ ਤਾਂ ਇਕ ਫੌਜੀ ਕਹਿਣ ਲੱਗਾ, ਤੁਹਾਡੇ ਵਿੱਚੋਂ ਜਿਹੜੇ ਰਿਟਾਇਰਡ ਫੌਜੀ ਹਨ ਉਹ ਖੜ੍ਹੇ ਹੋ ਜਾਣ, ਮੈਨੂੰ ਤਾਂ ਪਤਾ ਸੀ ਪਰ ਸ. ਦਰਸ਼ਨ ਸਿੰਘ ਭੋਲ਼ਾ ਸੀ, ਉਹ ਉਠ ਖਲੋਤਾ ਤੇ ਓਸੇ ਵੇਲੇ ਫੌਜੀ ਨੇ ਓਹਦੇ ਸਿਰ ਬੱਟ ਮਾਰ ਕੇ ਕਿਹਾ “ਸਾਲਾ! ਬਿੰਡਰੀ ਵਾਲਾ ਕਾ ਬੰਦਾ ਹੈ।”
ਓਹਦਾ ਸਿਰ ਪਾਟ ਗਿਆ ਤੇ ਉਹ ਓਥੇ ਹੀ ਸ਼ਹੀਦ ਹੋ ਗਿਆ।
ਮੁਖੀ ਜੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ
੪ ਜੂਨ, ੧੯੮੪ ਈ. ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ੪-੩੦ ਵਜੇ ਸ੍ਰੀ ਮੁੱਖ ਵਾਕ ਉਪਰੰਤ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਮੂਹਰੇ ਆਸਾ ਦੀ ਵਾਰ ਦਾ ਕੀਰਤਨ ਅਰੰਭ ਕਰਦਿਆਂ ਅਜੇ ਪਹਿਲਾ ਹੀ ਛਕਾ ਲਾਇਆ ਕਿ ਭਾਰਤ ਦੀ ਫੌਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤੋਪਾਂ ਦੇ ਗੋਲ਼ੇ ਦਾਗਣੇ ਸ਼ੁਰੂ ਕੀਤੇ, ਇੱਟਾਂ ਦੇ ਕੁਝ ਟੁੱਕੜੇ ਸਾਨੂੰ ਆ ਕੇ ਵੱਜੇ ਤੇ ਅਸੀਂ ਕੀਰਤਨ ਵਿੱਚੇ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਚਲੇ ਗਏ। ਜਨਰਲ ਸੁਬੇਗ ਸਿੰਘ ਜੀ ਨੇ ਵਾਇਰਲੈੱਸ ਰਾਹੀਂ ਰਖਵਾਲੇ ਸਿੰਘਾਂ ਨੂੰ ਜਵਾਬੀ ਕਾਰਵਾਈ ਕਰਨ ਦਾ ਹੁਕਮ ਕੀਤਾ ਤੇ ਰਾਖੇ ਸਿੰਘਾਂ ਅੱਗੋਂ ਡਟ ਕੇ ਮੁਕਾਬਲਾ ਕੀਤਾ। ਸਾਰੇ ਥਾਵਾਂ ’ਤੇ ਗੋਲ਼ਾਬਾਰੀ ਹੋ ਰਹੀ ਸੀ ਜਿਸ ਨਾਲ ਬਹੁਤ ਮਾਈ-ਭਾਈ-ਬਜ਼ੁਰਗ ਤੇ ਬੱਚੇ ਸ਼ਹੀਦ ਤੇ ਕਈ ਜ਼ਖ਼ਮੀ ਹੋਏ।
ਜਦੋਂ ਸੰਤਾਂ ਨੂੰ ਪਤਾ ਲੱਗਾ ਕਿ ਆਸਾ ਦੀ ਵਾਰ ਦਾ ਕੀਰਤਨ ਵਿਚੇ ਹੀ ਛੱਡ ਦਿੱਤਾ ਗਿਆ ਹੈ ਤਾਂ ਸਾਨੂੰ ਤਾੜਨਾ ਕਰਦਿਆਂ ਕਿਹਾ, ‘ਦਸਮੇਸ਼ ਜੀ ਨੇ ਪਰਵਾਰ ਵਿਛੋੜੇ ਵਾਲੀ ਜਗ੍ਹਾ ਵੈਰੀਆਂ ਦਾ ਮੁਕਾਬਲਾ ਕਰਦਿਆਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਆਪ ਕੀਤਾ ਸੀ ਜਿੰਨਾ ਚਿਰ ਸੁਆਸ ਹੈ ਮਰਯਾਦਾ ਪੂਰੀ ਤਰ੍ਹਾਂ ਨਿਭਾਉਣੀ ਹੈ।”
ਅਸੀਂ ਤਖ਼ਤ ਸਾਹਿਬ ਦੇ ਅੰਦਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਤਖਤ ਸਾਹਿਬ ਦੇ ਮੁਲਾਜ਼ਮਾਂ ਨੇ ਅਰਦਾਸ ਉਪਰੰਤ ਹੁਕਮਨਾਮਾ ਲਿਆ। ਸਿੰਘ ਵੀ ਫੌਜ ਨੂੰ ਨੱਕੀ ਚਨੇ ਚਬਵਾ ਰਹੇ ਸਨ। ਉਨ੍ਹਾਂ ਦੇ ਮਨਾਂ ਅੰਦਰ ਸਾਹਵੇਂ ਜੂਝਣ ਦਾ ਚਾਉ ਸੀ। ਸਾਰੀ ਰਾਤ ਲਗਾਤਾਰ ਤੇ ਰੁਕ ਰੁਕ ਮੁਕਾਬਲਾ ਹੁੰਦਾ ਰਿਹਾ
(ਮੁਖਤਿਆਰ ਸਿੰਘ ਮੁਖੀ, ਲੇਖ ਅੱਖੀਂ ਦੇਖਿਆ ਤੇ ਹੰਢਾਇਆ ਜੂਨ ੧੯੮੪ ਪੰਨਾ ੧੮-੧੯)
ਸੰਤ ਜੀ ਨੇ ਸਿੰਘਾਂ ਨੂੰ ਸੰਬੋਧਨ ਕੀਤਾ
੧. ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ: “ਸਿੰਘੋ! ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਿਸ ਸਿੰਘ ਨੇ ਵੀ ਜਾਣਾ ਹੈ ਉਹ ਬੜੀ ਖੁਸ਼ੀ ਨਾਲ ਜਾ ਸਕਦਾ ਹੈ। ਜਿਨ੍ਹਾਂ ਨੇ ਮੇਰੇ ਕੋਲ ਰਹਿਣਾ ਹੈ ਉਨ੍ਹਾਂ ਨੂੰ ਮੇਰੇ ਕੋਲੋਂ ਅੱਜ ਸਿਰਫ ਤਿੰਨ ਚੀਜ਼ਾਂ ਹੀ ਮਿਲ ਸਕਦੀਆਂ ਹਨ; ਜਿਨ੍ਹਾਂ ਵਿਚ ਸ਼ਹੀਦੀਆਂ, ਫਾਂਸੀ ਦੇ ਰੱਸੇ ਤੇ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਹਨ। ਜਿਨ੍ਹਾਂ ਸਿੰਘਾਂ ਨੂੰ ਇਹ ਸਵੀਕਾਰ ਹਨ ਉਹ ਇੱਥੇ ਮੇਰੇ ਕੋਲ ਰਹਿ ਸਕਦੇ ਹਨ ਤੇ ਜਿਨ੍ਹਾਂ ਨੇ ਘਰ ਜਾਣਾ ਹੈ, ਮੈਂ ਫੇਰ ਕਹਿੰਦਾ ਹਾਂ ਉਹ ਬਹੁਤ ਖੁਸ਼ੀ ਨਾਲ ਆਪੋ-ਆਪਣੇ ਘਰਾਂ ਨੂੰ ਜਾ ਸਕਦੇ ਹਨ।”
੨. ਸ੍ਰੀ ਅਕਾਲ ਤਖਤ ਸਾਹਿਬ ਵਿਖੇ: ਸਿੰਘੋ! ਤੁਸੀਂ ਨਿਭਾ ਦਿੱਤੀ ਅਤੇ ਮੈਂ ਵੀ ਨਿਭਾ ਦੇਣੀ ਹੈ, ਸ਼ਹੀਦੀ ਸਮਾਂ ਬਹੁਤ ਨਜ਼ਦੀਕ ਹੈ, ਦਾਸ ਕੋਲੋਂ ਜਥੇ/ ਸੰਗਤ ਦੀ ਸੇਵਾ ਨਿਭਾਉਂਦਿਆਂ ਕਿਸੇ ਵੀ ਸਿੰਘ ਨੂੰ ਕੋਈ ਤਕਲੀਫ ਹੋਈ ਹੋਵੇ, ਕਿਸੇ ਸਿੰਘ ਨੂੰ ਉੱਚਾ ਨੀਵਾਂ ਕਿਹਾ ਗਿਆ ਹੋਵੇ, ਉਸ ਦੀ ਦਾਸ ਨੂੰ ਖਿਮਾ ਬਖਸ਼ ਦੇਣੀ।”
ਸਿੰਘਾਂ ਨੂੰ ਸਿਰੋਪੇ ਬਖਸ਼ੇ
ਜਥੇ ਦੇ ਸਾਰੇ ਸਿੰਘਾਂ ਨੂੰ ਸੰਤ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਸਨ, ਇੱਥੇ ਦਾਸ ਇਹ ਵੀ ਦੱਸ ਦੇਵੇ ਕਿ ਜਦੋਂ ਮਹਾਂਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਪਰਲੀ ਛੱਤ ਉਤੇ ਸਾਰੇ ਸਿੰਘਾਂ ਦੀ ਮੀਟਿੰਗ ਸੱਦੀ ਸੀ ਜਿਸ ਵਿਚ ਸਿੰਘਾਂ ਨੂੰ ਸਿਰੋਪੇ ਵੀ ਬਖਸ਼ੇ ਸਨ।
(ਅੱਖੀਂ ਦੇਖਿਆ ਤੇ ਹੰਢਾਇਆ ਜੂਨ ੧੯੮੪, ਪੰਨਾ ੧੭)
ਸੰਤ ਜੀ ਵੱਲੋਂ ਸਿੰਘਾਂ ਨੂੰ ਸਨਿਮਰ ਬੇਨਤੀ
੫ ਜੂਨ ਦੀ ਦੁਪਹਿਰ ਤੋਂ ਮਗਰੋਂ ਭਾਈ ਅਮਰੀਕ ਸਿੰਘ ਜੀ ਨੇ ਕੁਝ ਸਿੰਘਾਂ ਨਾਲ ਮਿਲ ਕੇ ਸੰਤ ਜੀ ਨੂੰ ਬੇਨਤੀ ਕਰਨੀ ਚਾਹੀ ਤਾਂ ਸੰਤ ਜੀ ਦੇ ਕੁਝ ਕਹਿਣ ਤੋਂ ਪਹਿਲਾਂ ਬੜੀ ਨਿਮਰਤਾ ਨਾਲ ਸਿੰਘਾਂ ਨੂੰ ਬੇਨਤੀ ਕੀਤੀ, ਸਿੰਘੋ! ਹੁਕਮ ਕਰਨ ਤੋਂ ਪਹਿਲਾਂ ਮੇਰੀ ਬੇਨਤੀ ਸੁਣ ਲਵੋ, ਫੇਰ ਤੁਸੀਂ ਜੋ ਮਰਜ਼ੀ ਹੁਕਮ ਕਰ ਦਿਓ, ਮੇਰੀ ਬੇਨਤੀ ਇਹ ਹੈ ਕਿ ਏਥੋਂ ਜਾਣ ਬਾਰੇ ਮੈਨੂੰ ਕੋਈ ਹੁਕਮ ਨਾ ਕਰਿਓ, ਕਿਉਂਕਿ ਸ੍ਰੀ ਦਰਬਾਰ ਸਾਹਿਬ ਵਿੱਚੋਂ ਵੈਰੀਆਂ ਨੂੰ ਕੱਢਣ ਲਈ ਬਾਬਾ ਦੀਪ ਸਿੰਘ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਸ਼ਹੀਦੀਆਂ ਦਿੱਤੀਆਂ ਸਨ। ਦਾਸ ਵੀ ਉਸ ਟਕਸਾਲ ਦਾ ਸੇਵਾਦਾਰ ਹੈ ਤੇ ਸਮੇਂ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰ ਦਿੱਤਾ ਹੈ, ਦਾਸ ਤਾਂ ਅਖੀਰਲੇ ਸੁਆਸ ਤਕ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੰਦਾ ਹੋਇਆ ਸ਼ਹਾਦਤ ਪ੍ਰਾਪਤ ਕਰੇਗਾ, ਕਿਰਪਾ ਕਰਕੇ ਤੁਸੀਂ ਮੈਨੂੰ ਏਥੋਂ ਜਾਣ ਬਾਰੇ ਕੋਈ ਵੀ ਹੁਕਮ ਨਹੀਂ ਕਰਨਾ। ਤੁਸੀਂ ਸਾਰੇ ਸਿੰਘਾਂ ਨੇ ਦਾਸ ਦੀ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਹੈ।”
ਸੰਤਾਂ ਦੇ ਪੂਰੀ ਦ੍ਰਿੜ੍ਹਤਾ ਵਾਲੇ ਬਚਨ ਸੁਣ ਕੇ ਸਿੰਘਾਂ ਨੇ ਸੰਤਾਂ ਨੂੰ ਫੇਰ ਕੋਈ ਕਿਸੇ ਕਿਸਮ ਦੀ ਬੇਨਤੀ ਜਾਂ ਹੁਕਮ ਨਾ ਕੀਤਾ ਇਕੱਠੇ ਹੋਏ ਸਾਰੇ ਸਿੰਘ ਆਪੋ ਆਪੋ-ਆਪਣੀਆਂ ਡਿਊਟੀਆਂ ਵਿੱਚ ਲੱਗ ਗਏ।
(ਅੱਖੀਂ ਦੇਖਿਆ ਤੇ ਹੰਢਾਇਆ ਜੂਨ ੧੯੮੪, ਪੰਨਾ ੨੧-੨੨)
੫ ਜੂਨ ਨੂੰ ਵੀ ਦੁਵੱਲਾ ਮੁਕਾਬਲਾ ਹੁੰਦਾ ਰਿਹਾ, ਮੋਰਚੇ ਵਿਚ ਅਸਲਾ ਆਦਿਕ ਪਹੁੰਚਾਉਣ ਵਾਲੇ ਸਿੰਘ ਵੀ ਜਾਨ ਨੂੰ ਜੋਖਮ ਵਿਚ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਸਨ। ਜਨਰਲ ਸਾਹਿਬ ਨੇ ਸੰਤ ਜੀ ਤੇ ਭਾਈ ਅਮਰੀਕ ਸਿੰਘ ਜੀ ਨਾਲ ਯੁੱਧ ਦੀ ਨੀਤੀ ਬਾਰੇ ਵਿਚਾਰਾਂ ਕੀਤੀਆਂ। ਸਿੰਘਾਂ ਨੇ ਸਰੋਵਰ ਵਿਚ ਉਤਾਰੇ ਗੋਤਾਖੋਰ ਗੋਲੀਆਂ ਨਾਲ ਉਡਾਏ। ੧੧:੦੦ ਵਜੇ ਰਾਤ ਪਰਕਰਮਾ ਵਿਚ ਟੈਂਕ ਆ ਗਏ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁੱਖ ਨਿਸ਼ਾਨਾ ਬਣਾਇਆ ਅੰਦਰੋਂ ਵੀ ਜ਼ੋਰ-ਸ਼ੋਰ ਨਾਲ ਜਵਾਬ ਦਿੱਤਾ ਜਾ ਰਿਹਾ ਸੀ। ਦਰਸ਼ਨੀ ਡਿਓੜੀ ਵਿਚਲਾ ਤੋਸ਼ਾਖਾਨਾ ਤੇ ਫਰਾਸ਼ ਵਾਲਾ ਕਮਰਾ ਵੀ ਨਿਸ਼ਾਨਾ ਬਣਾਇਆ ਤੇ ਕੀਮਤੀ ਇਤਿਹਾਸਿਕ ਵਸਤਾਂ ਤੇ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਰੁਮਾਲਿਆਂ ਤੇ ਵਿਛਾਈ ਨੂੰ ਅੱਗ ਲੱਗ ਗਈ ਸੀ।
ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੋਵਾਂ ਵੇਲਿਆਂ ਦੀ ਮਰਯਾਦਾ ੫ ਜੂਨ ਰਾਤ ਤਕ ਨਿਭਾਈ ਜਾਂਦੀ ਰਹੀ।
ਜਨਰਲ ਸੁਬੇਗ ਸਿੰਘ ਜੀ ਸ਼ਹੀਦ ਹੋਏ
੫ ਜੂਨ ਦੀ ਰਾਤ ਨੂੰ ਜਨਰਲ ਸੁਬੇਗ ਸਿੰਘ ਪਰਕਰਮਾ ਦੇ ਵਿਚ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਮੋਰਚਿਆਂ ਵਿਚ ਜਾ ਰਹੇ ਸਨ। ਰਾਤ ਇੱਕ ਵਜੇ ਦੇ ਕਰੀਬ ਦੋ ਨਿਸ਼ਾਨ ਸਾਹਿਬਾਨ ਦੇ ਨੇੜੇ ਕਮਰੇ ਵਿਚ ਕਮਾਂਡੋ ਲੁਕੇ ਹੋਏ ਸਨ ਜਿਨਾਂ ਨੇ ਜਨਰਲ ਸਾਹਿਬ ਨੂੰ ਵੇਖ ਕੇ ਗੋਲੀਆਂ ਦਾ ਬਰੱਸਟ ਮਾਰਿਆ। ਜਨਰਲ ਸਾਹਿਬ ਨੇ ਸਿੰਘਾਂ ਨੂੰ ਅਵਾਜ਼ ਮਾਰੀ ਤਾਂ ਉਸ ਸਮੇਂ ਸ਼ਾਇਦ ਭਾਈ ਬਖ਼ਸ਼ੀਸ਼ ਸਿੰਘ ਫੌਜੀ ਸੀ, ਨੇ ਉਨ੍ਹਾਂ ਨੂੰ ਪਿੱਠ ’ਤੇ ਚੁੱਕ ਕੇ ਥੱਲੇ ਭੋਰੇ ਵਿਚ ਸੰਤਾਂ ਕੋਲ ਲੈ ਆਂਦਾ। ਜਨਰਲ ਸਾਹਿਬ ਨੇ ਸੰਤਾਂ ਨੂੰ ਕਿਹਾ, “ਬਾਬਾ ਜੀ! ਮੈਂ ਤੁਹਾਡਾ ਬਚਨ ਪੂਰਾ ਕਰ ਆਇਆ ਹਾਂ ਤੇ ਹਥਿਆਰ ਵੀ ਨਹੀਂ ਛੱਡ ਕੇ ਆਇਆ।”
ਉਨ੍ਹਾਂ ਨੇ ਏਨੀ ਹੀ ਗੱਲ ਕੀਤੀ ਤੇ ਹੋਰ ਕੁਝ ਨਾ ਕਹਿ ਸਕੇ।
ਜਵਾਬ ਵਿਚ ਸੰਤਾਂ ਨੇ ਕਿਹਾ-
“ਜਨਰਲ ਸਾਹਿਬ! ਅਸੀਂ ਤੁਹਾਡੇ ਮਗਰ ਹੀ ਆਏ, ਸਮਾਂ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦੈ।”
ਜਨਰਲ ਸਾਹਿਬ ਸ਼ਹੀਦ ਹੋ ਗਏ ਤੇ ਸੰਤਾਂ ਨੇ ਭਾਈ ਗੁਰਮੁਖ ਸਿੰਘ ਜੀ ਗੜਵਈ ਨੂੰ ਆਖ ਕੇ ਜਨਰਲ ਸਾਹਿਬ ਦੇ ਸਰੀਰ ’ਤੇ ਚਾਦਰ ਪੁਆ ਕੇ ਢੱਕ ਦਿੱਤਾ।
ਸੰਤਾਂ ਨੇ ਸਿੰਘਾਂ ਨੂੰ ਮੁਖਾਤਿਬ ਹੋ ਕੇ ਆਖਿਆ, “ਸਿੰਘੋ! ਜਿਸ ਦੇਸ਼ ਲਈ ਜਨਰਲ ਸਾਹਿਬ ਲੜਦੇ ਮਰਦੇ ਰਹੇ ਹਨ ਅੱਜ ਉਸੇ ਦੇਸ਼ ਦੀ ਫੌਜ ਨੇ ਇਨ੍ਹਾਂ ਨੂੰ ਸ਼ਹੀਦ ਕਰ ਦਿੱਤੈ।”
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾ ਵਿਚ ਫੌਜ ਨਾਲ ਸਿੰਘਾਂ ਦਾ ਬਹੁਤ ਹੀ ਘਮਸਾਨ ਦਾ ਯੁੱਧ ਹੋ ਰਿਹਾ ਸੀ।
(ਅੱਖੀਂ ਦੇਖਿਆ ਤੇ ਹੰਢਾਇਆ ਜੂਨ ੧੯੮੪, ਪੰਨਾ ੨੨-੨੩)
੫ ਜੂਨ ਜਿਵੇਂ ਤੋਪਾਂ ਤੇ ਟੈਂਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਵਧਣਾ ਸ਼ੁਰੂ ਕੀਤਾ ਏਸੇ ਤਰ੍ਹਾਂ ਗੁਰੂ ਦੇ ਸਿੰਘ ਵੀ ਫੌਜੀਆਂ ਨੂੰ ਧੁਰ ਦੀ ਗੱਡੀ ਚੜ੍ਹਾਉਂਦੇ ਗਏ। ਇਨ੍ਹਾਂ ਦਿਨਾਂ ਵਿਚ ਸੰਤਾਂ ਤੇ ਸਿੰਘਾਂ ਨੇ ਕੁਝ ਵੀ ਮੂੰਹ ਨਾ ਲਾਇਆ। ੮ ਵਜ ਕੇ ੩੦ ਮਿੰਟ ’ਤੇ ਸਵੇਰੇ ਟੈਂਕਾਂ ਦਿਆਂ ਗੋਲ਼ਿਆਂ ਨੇ ਇਤਿਹਾਸਿਕ ਸ਼ਸਤਰਾਂ ਵਾਲੀ ਸੁਨਹਿਰੀ ਪਾਲਕੀ ਸਾਹਿਬ ਉਡਾ ਦਿੱਤੀ ਜਿਸ ਦੀ ਜਾਣਕਾਰੀ ਭਾਈ ਗੁਰਮੁਖ ਸਿੰਘ ਗੜਵਈ ਨੇ ਸੰਤਾਂ ਨੂੰ ਦਿੱਤੀ। ਐਨੀ ਗੱਲ ਜਦੋਂ ਸੰਤਾਂ ਨੇ ਸੁਣੀ ਤਾਂ ਇਕ ਦਮ ਬੀਰ ਰਸ ਵਿਚ ਆ ਕੇ ਕਹਿਣ ਲੱਗੇ,
“ਸਿੰਘੋ! ਦੁਸ਼ਮਣ ਨੂੰ ਬਾਹਰ ਜਾ ਕੇ ਭਾਜੜਾਂ ਪਾਈਏ ਅਤੇ ਰਣ-ਤੱਤੇ ਵਿਚ ਜੂਝ ਕੇ ਸ਼ਹਾਦਤਾਂ ਦੇਈਏ।”
ਸੰਤ ਜੀ ਨੇ ਸ਼ਹੀਦੀ ਦੇਣ ਲਈ ਅਰਦਾਸ ਕੀਤੀ
ਭੋਰੇ ਵਿੱਚੋਂ ਬਾਹਰ ਆ ਕੇ ਸੰਤ ਜੀ ਨੇ ਇਨ੍ਹਾਂ ਸ਼ਬਦਾਂ ਵਿਚ ਸੰਖੇਪ ਅਰਦਾਸ ਕੀਤੀ-
“ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਆਪ ਜੀ ਦੇ ਚਰਨਾਂ ਵਿਚ ਬੇਨਤੀ ਹੈ ਕਿ ਆਪ ਜੀ ਦੇ ਪਵਿੱਤਰ ਅਸਥਾਨਾਂ ਸ੍ਰੀ ਦਰਬਾਰ ਸਾਹਿਬ ਤੇ ਤਖਤ ਸਾਹਿਬ ਦੀ, ਜਾਲਮ ਸਰਕਾਰ ਵੱਲੋਂ ਬਹੁਤ ਬੇਅਦਬੀ ਕੀਤੀ ਜਾ ਰਹੀ ਹੈ, ਸਾਨੂੰ ਇਨਾਂ ਨਾਲ ਆਖਰੀ ਸੁਆਸ ਤਕ ਜੂਝਣ ਤੇ ਸ਼ਹੀਦੀਆਂ ਪਾਉਣ ਦਾ ਬਲ ਬਖਸ਼ੋ। ਦਾਸ ਇਹ ਵੀ ਬੇਨਤੀ ਕਰਦਾ ਹੈ ਕਿ ਜਿੰਨਾ ਚਿਰ ਸਿੱਖ ਕੌਮ ਦਾ ਘਰ ਨਹੀਂ ਬਣ ਜਾਂਦਾ ਮੈਂ ਬਾਰ ਬਾਰ ਜਨਮ ਲਵਾਂ।”
(ਅੱਖੀਂ ਦੇਖਿਆ ਤੇ ਹੰਢਾਇਆ ਜੂਨ ੧੯੮੪, ਪੰਨਾ ੨੪)
ਸੰਤਾਂ ਸਾਹਵੇਂ ਮੱਥੇ ਜੂਝਦਿਆਂ ਸ਼ਹੀਦੀ ਪਾਈ
ਸੰਤਾਂ ਨੇ ਗਾਤਰੇ ਵੱਡੀ ਸ੍ਰੀ ਸਾਹਿਬ ਪਹਿਨੀ ਹੋਈ ਸੀ, ਬਰਾਊਨ ਬੈਲਟ ਵਿਚ ਗੋਲੀਆਂ ਅਤੇ ਰਿਵਾਲਵਰ ਸੀ ਅਤੇ ਕਮਰਕੱਸੇ ਵਿਚ ਦੋ ਮੈਗਜੀਨ ੩੨-੩੨ ਗੋਲੀਆਂ ਦੇ ਭਰ ਕੇ ਟੰਗੇ ਹੋਏ ਸਨ ਅਤੇ ਹੱਥ ਵਿਚ ਲੋਡਡ ਥਾਮਸਨ ਗੰਨ ਸੀ। ਸੰਤਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਅਤੇ ਅਸੀਂ ਸਾਰੇ ਸਿੰਘ ਸਾਂ। ਤਖਤ ਸਾਹਿਬ ਤੋਂ ਬਾਹਰ ਨਿਕਲ ਕੇ ਆਪ ਜੀ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਕੋਲ ਜਾ ਕੇ ਸਾਹਮਣਿਓਂ ਆ ਰਹੇ ਟੈਂਕਾਂ ਦਾ ਸਾਹਵੇਂ ਮੱਥੇ ਮੁਕਾਬਲਾ ਕਰਨ ਲੱਗੇ ਤੇ ਟੈਂਕ ਮਸ਼ੀਨ ਗੰਨਾਂ ਨਾਲ ਗੋਲੀਆਂ ਦੇ ਬਰੱਸਟ ਮਾਰ ਰਿਹਾ ਸੀ, ਜਦੋਂ ਬਰੱਸਟ ਸੰਤਾਂ ਨੂੰ ਵੱਜਾ ਤਾਂ ਆਪ ਜੀ ਨੇ ਜੈਕਾਰੇ ਗਜਾਉਂਦੇ ਹੋਏ ਬੜੀ ਬਹਾਦਰੀ ਨਾਲ ਤਕਰੀਬਨ ਪੌਣੇ ਨੌਂ ਵਜੇ ਸ਼ਹੀਦੀ ਪਾਈ। ਭਾਈ ਅਮਰੀਕ ਸਿੰਘ ਜੀ ਵੀ ਸ਼ਹੀਦੀ ਪਾ ਗਏ। ਇਹ ਮੁਕਾਬਲਾ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਾਂਝੇ ਵਿਹੜੇ ਵਿਚ ਹੋਇਆ। ਜਿਸ ਦਾ ਕੌਮ ਨੂੰ ਬੜਾ ਮਾਣ ਹੈ। ਸੰਤਾਂ ਨੂੰ ਸੰਤ ਸਿਪਾਹੀ, ਬਾਬਾ-ਏ-ਕੌਮ, ਕਹਿਣੀ ਤੇ ਕਰਣੀ ਦੇ ਪੂਰੇ ਸਿੱਖ ਕੌਮ ਮਹਾਂਨਾਇਕ ਆਦਿਕ ਸਨਮਾਨ-ਬੋਧ ਖ਼ਿਤਾਬਾਂ ਨਾਲ ਯਾਦ ਕੀਤਾ ਜਾਂਦਾ ਹੈ। ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਵੀ ਥੋੜ੍ਹਾ ਹੈ।
(ਅੱਖੀਂ ਦੇਖਿਆ ਤੇ ਹੰਢਾਇਆ ਜੂਨ ੧੯੮੪, ਪੰਨਾ ੨੪-੨੫)
ਸਿੱਖ ਬੰਦੀ ਬਣਾ ਕੇ ਫੌਜੀ ਕੈਂਪਾਂ ਵਿਚ ਭੇਜੇ
ਕਬਜ਼ਾ ਕਰਨ ਤੋਂ ਮਗਰੋਂ ਫੌਜ ਵੱਲੋਂ ਬੰਦੀ ਬਣਾਏ ਬਹੁਤ ਸਾਰੇ ਸਿੱਖ ਮਾਈ, ਭਾਈ, ਬੱਚੇ ਤੇ ਬਜ਼ੁਰਗਾਂ ਵਿੱਚੋਂ ਬਹੁਤਿਆਂ ਨੂੰ ਤਾਂ ਏਥੇ ਹੀ ਸ਼ਹੀਦ ਕਰ ਦਿੱਤਾ ਤੇ ਕੁਝ ਕੁ ਨੂੰ ਫੌਜੀ ਕੈਂਪਾਂ ਵਿਚ ਅਸਹਿ ਤੇ ਅਕਹਿ ਤਸੀਹੇ ਦੇ ਕੇ ਮਾਰ ਮੁਕਾਇਆ। ਕਿਸੇ ਨੂੰ ਰੋਟੀ, ਪਾਣੀ ਤੇ ਡਾਕਟਰੀ ਸਹਾਇਤਾ ਨਾ ਪ੍ਰਦਾਨ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਕੁਝ ਉਹ ਵੀ ਸਨ ਜਿਨ੍ਹਾਂ ਨੇ ਸ਼ਹਿ ਤੇ ਸਾਥ ਦਿੱਤਾ ਉਨ੍ਹਾਂ ਨੂੰ ਬਖਤਰਬੰਦ ਗੱਡੀਆਂ ਵਿਚ ਬਿਠਾਲ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ।
ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਬਹਾਲ ਹੋਈ
ਕਬਜ਼ਾ ਕਰਨ ਤੋਂ ਬਾਅਦ ਸਾਰੇ ਫੌਜੀ ਜਰਨੈਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਥਾਂ ਚੁੱਕਾ ਕੇ ਥੋੜ੍ਹੀ ਬਹੁਤ ਸਫਾਈ ਕਰਵਾਈ। ਪਹਿਲਾਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ ਫੇਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਈ। ਸੇਵਾ ਬਹਾਲ ਹੋਣ ’ਤੇ ਸੰਗਤ ਨੂੰ ਵੀ ਆਗਿਆ ਦਿੱਤੀ। ਅੰਦਰ ਤਬਾਹੀ ਵੇਖ ਕੇ ਸਿੱਖ ਹਿਰਦੇ ਵਲੂੰਧਰੇ ਗਏ। ਅਕਾਲ ਤਖ਼ਤ ਸਾਹਿਬ ਢੱਠਾ ਹੋਇਆ ਸੀ। ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਅੱਗ ਲਾ ਕੇ ਸਾੜਿਆ ਗਿਆ। ਤੋਸ਼ਾਖਾਨਾ ਵੀ ਨੁਕਸਾਨਿਆ ਗਿਆ। ਸਾਰੇ ਪਾਸੇ ਮਲਬੇ ਦੇ ਢੇਰ ਸਨ। ਸਾਰੇ ਪਾਸੇ ਤਬਾਹੀ ਹੀ ਤਬਾਹੀ ਸੀ ਇਤਿਹਾਸਿਕ ਇਮਲੀ ਦੇ ਰੁੱਖ ਦੀ ਹੋਂਦ ਵੀ ਖਤਮ ਹੋ ਗਈ ਸੀ। ਪ੍ਰਬੰਧਕਾਂ ਨੇ ਸੰਗਤ ਦੇ ਸਹਿਯੋਗ ਨਾਲ ਸਫਾਈ ਕੀਤੀ। ਸ੍ਰੀ ਅੰਮ੍ਰਿਤਸਰ ਦੇ ਹੋਰ ਗੁਰੂ-ਘਰਾਂ ਵਿਚ ਵੀ ਸੇਵਾ ਬਹਾਲ ਹੋਈ ਤੇ ਸਾਰੀ ਮਰਯਾਦਾ ਪਹਿਲਾਂ ਦੀ ਤਰ੍ਹਾਂ ਚਾਲੂ ਕੀਤੀ ਗਈ।
ਕੌਮੀ ਜਰਨੈਲ ਦਾ ਅੰਤਿਮ ਸਸਕਾਰ
ਸ. ਬੁੱਧ ਸਿੰਘ ਜੋ ਕਿ ਬਾਬਾ ਖੜਕ ਸਿੰਘ ਕਾਰ-ਸੇਵਾ ਵਾਲਿਆਂ ਦਾ ਨੇੜਤਾ ਰੱਖਣ ਵਾਲਾ ਇਕ ਸਿੱਖ ਸੀ, ਨੇ ਉਦੋਂ ਆਪਣੇ ਕੇਸ ਖਿਲਾਰ ਲਏ ਸੀ। ਉਹ ਕਮਲਾ ਜਿਹਾ ਬਣ ਕੇ ਸਮਸ਼ਾਨ ਘਾਟ ਚਲਾ ਗਿਆ। ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਦੀ ਪਤਨੀ ਨੇ ਪੁੱਛਿਆ; “ਕੀ ਹੋਇਐ…?” ਤਾਂ ਉਸ ਨੇ ਜਵਾਬ ਦਿਤਾ “ਪ੍ਰਕਾਸ਼ (ਪ੍ਰਕਾਸ਼ ਕੌਰ)! ਮੈਂ ਸੰਤਾਂ ਦਾ ਸਸਕਾਰ ਕਰ ਕੇ ਆਇਆਂ ਹਾਂ… ਨਾਰਮਲ ਹੋਣ ਉਪਰੰਤ ਉਸ ਦੱਸਿਆ, “ਮੈਂ ਕਮਲਾ ਜਿਹਾ ਬਣ ਕੇ ਸਮਸ਼ਾਨ ਘਾਟ ’ਚ ਸਾੜੀਆਂ ਜਾ ਰਹੀਆਂ ਲਾਸ਼ਾਂ ਦਾ ਦ੍ਰਿਸ਼ ਵੇਖ ਰਿਹਾ ਸੀ, ਜਦੋਂ ਇੱਕ ਵਖਰੀ ਗੱਡੀ ’ਚ ਪੁਲਿਸ ਵੱਲੋਂ ਸੰਤ ਭਿੰਡਰਾਂ ਵਾਲਿਆਂ ਦੀ ਮਿਰਤਕ ਦੇਹ ਲਿਆਂਦੀ ਗਈ ਤਾਂ ਇਕ ਪੁਲਿਸ ਅਫ਼ਸਰ (ਸ. ਅਪਾਰ ਸਿੰਘ ਬਾਜਵਾ) ਸਤਿਕਾਰ ਸਹਿਤ ਸੰਤਾਂ ਦਾ ਸਸਕਾਰ ਕਰਨ ਲਈ ਦੇਸੀ ਘਿਓ ਸਮੇਤ ਹੋਰ ਸਮੁੱਚੀ ਸਮੱਗਰੀ ਲੈ ਕੇ ਆਇਆ ਸੀ।
ਖ਼ਤਰੇ ਦੀ ਪਰਵਾਹ ਨਾ ਕਰਦਾ ਹੋਇਆ ਮੈਂ ਸੰਤਾਂ ਦੇ ਅੰਤਮ ਦਰਸ਼ਨ ਕਰਨ ਲਈ ਅੱਗੇ ਵਧਿਆ ਤਾਂ ਉਸ ਪੁਲਿਸ ਅਫ਼ਸਰ ਨੇ ਸਮਸ਼ਾਨ ਘਾਟ ਦੇ ਵਿਚ ਤਾਇਨਾਤ ਭਈਏ ਨਾਲ ਲੱਗ ਕੇ ਮੈਨੂੰ ਸਸਕਾਰ ਕਰਨ ਦੀਆਂ ਰਸਮਾਂ ਪੂਰੀਆਂ ਕਰਨ ਲਈ ਕਹਿ ਦਿੱਤਾ। ਅਰਦਾਸ ਵੀ ਤੇ ਗੁਰਬਾਣੀ ਦਾ ਪਾਠ ਵੀ ਹੋਇਆ।
(ਘੱਲੂਘਾਰਾ ਜੂਨ ੧੯੮੪, ਪੰਨਾ ੨੨੯-੩੧)
ਸ. ਬੁੱਧ ਸਿੰਘ ਜੀ ਦੀ ਭਾਵਨਾ ਦੀ ਪੂਰਤੀ ਕਰਨ ਲਈ ਗੁਰੂ ਜੀ ਨੇ ਬਾਜਵਾ ਸਾਹਿਬ ਦੇ ਅੰਦਰ ਵੱਸ ਕੇ ਕੌਮੀ ਜਰਨੈਲ ਦੇ ਅੰਤਮ ਸਸਕਾਰ ਕਰਨ ਦੀ ਇਹ ਉੱਤਮ ਸੇਵਾ ਦਿਵਾਈ। ਐਸੇ ਸੇਵਾ ਪੁੰਜ ਦਾ ਨਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਕੌਮੀ ਜਰਨੈਲ ਦੇ ਨਾਮ ਨਾਲ ਪੱਕੇ ਤੌਰ ’ਤੇ ਜੁੜ ਗਿਆ ਹੈ, ਇਸ ਗੁਰੂ ਪਿਆਰੇ ਨੂੰ ਜਿੰਨੀ ਪ੍ਰਣਾਮ ਕੀਤੀ ਜਾਵੇ ਥੋੜ੍ਹੀ ਹੈ।
ਅਸਾਵਾਂ ਘੱਲੂਘਾਰਾ
ਸ੍ਰੀ ਦਰਬਾਰ ਸਾਹਿਬ ਦੀ ਹਿਫਾਜ਼ਤ ਕਰਨ ਲਈ ਰਾਖੇ ਸਿੰਘ ਸ਼ਸਤਰਾਂ ਨਾਲ ਬੜੀ ਬਹਾਦਰੀ ਸਹਿਤ ਲੜੇ ਤੇ ਚੜ੍ਹ ਕੇ ਆਏ ਵੈਰੀਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਦੁਸ਼ਮਣ ਤਾਂ ਦੂਰ ਮਾਰ ਕਰਨ ਵਾਲੇ ਕੀਮਤੀ ਤੇ ਉੱਤਮ ਹਥਿਆਰਾਂ ਨਾਲ ਹਮਲਾ ਕਰ ਰਹੇ ਸਨ। ਗਿਣਤੀ ਵਿਚ ਰਖਵਾਲੇ ਬਹੁਤ ਘੱਟ ਸਨ ਤੇ ਭਾਰਤੀ ਫੌਜ ਲੱਖਾਂ ਦੀ ਗਿਣਤੀ ਵਿਚ ਸੀ। ਇਸ ਵਿਚ ਜਿੱਥੇ ਸਿੱਖਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਇਸ ਨੂੰ ਅਸਾਵਾਂ ਘੱਲੂਘਾਰਾ ਕਿਹਾ ਜਾਂਦਾ ਹੈ।
ਇਸ ਵਿਚ ਇਕ ਵੱਖਰੀ ਗੱਲ ਇਹ ਹੈ ਕਿ ਚਮਕੌਰ ਦੀ ਕੱਚੀ ਗੜੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਦੋ ਸਾਹਿਬਜ਼ਾਦੇ ਤੇ ਚਾਲ਼ੀ ਸਿੰਘਾਂ ਨੇ ਬੜੀ ਬਹਾਦਰੀ ਨਾਲ ਲੜਦਿਆਂ ਚੜ੍ਹ ਕੇ ਆਈ ਤੁਰਕ ਤੇ ਹਿੰਦੂ ਸੈਨਾ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ। ਚਮਕੌਰ ਦੀ ਗੜ੍ਹੀ ਇਤਿਹਾਸਿਕ ਸ਼ਹੀਦੀ ਸਥਾਨ ਚਮਕੌਰ ਸਾਹਿਬ ਕਰਕੇ ਪ੍ਰਸਿੱਧ ਹੋਈ। ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦਾ ਮਹਾਨ ਅਸਥਾਨ ਹੋਣ ਕਰਕੇ ਏਥੇ ਵੀ ਜਿਸ ਬਹਾਦਰੀ ਨਾਲ ਸੰਤ ਜਰਨੈਲ ਸਿੰਘ ਜੀ ਦੀ ਕਮਾਨ ਹੇਠ ਸਿੰਘਾਂ ਨੇ ਦੁਸ਼ਮਣ ਦੇ ਆਹੂ ਲਾਹ ਕੇ ਸ਼ਹੀਦੀਆਂ ਪਾਈਆਂ ਉਸ ਨੇ ਚਮਕੌਰ ਸਾਹਿਬ ਦੇ ਘੱਲੂਘਾਰੇ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਅੰਤਿਕਾ
(ੳ) ਸਹਾਇਕ ਪੁਸਤਕ ਸੂਚੀ
੧. ਜ਼ਾਂਬਾਜ਼ ਰਾਖਾ: ਏ. ਆਰ. ਦਰਸ਼ੀ
੨. ਸੁਹਿਰਦ ਸੰਤ ਖਾਲਸਾ: ਭਾਈ ਜਸਬੀਰ ਸਿੰਘ ਰੋਡੇ
੩. ਅੱਖੀਂ ਦੇਖਿਆ ਤੇ ਹੰਢਾਇਆ ਜੂਨ ੧੯੮੪ (ਭਾਈ ਮੁਖਤਿਆਰ ਸਿੰਘ ਜੀ ਮੁਖੀ ਯੂ. ਐਸ. ਏ.)
(ਅ) ਜਾਣਕਾਰੀ ਦੇਣ ਵਾਲੀਆਂ ਸ਼ਖ਼ਸੀਅਤਾਂ:
੧. ਬੀਬੀ ਹਰਮੀਤ ਕੌਰ ਦੀ ਪਤਨੀ ਭਾਈ ਅਮਰੀਕ ਸਿੰਘ ਦੀ ਸ਼ਹੀਦ
੨. ਭਾਈ ਸ਼ੰਗਾਰਾ ਸਿੰਘ ਜੀ, ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ
੩. ਭਾਈ ਦਰਸ਼ਨ ਸਿੰਘ ਜੀ, ਸੇਵਾਦਾਰ, ਸ੍ਰੀ ਦਰਬਾਰ ਸਾਹਿਬ।
-ਸ. ਮੋਹਨ ਸਿੰਘ ਉਰਲਾਣਾ*
