109 views 4 secs 0 comments

ਜੈਤੋ ਦਾ ਮੋਰਚਾ

ਲੇਖ
February 20, 2025

– ਡਾ. ਗੁਰਪ੍ਰੀਤ ਸਿੰਘ

ਫਰੀਦਕੋਟ ਜ਼ਿਲ੍ਹੇ ਵਿਚ ਜੈਤੋ ਨਾਮ ਦਾ ਨਗਰ ਸਿੱਖ ਇਤਿਹਾਸ ਵਿਚ ਬੜਾ ਪ੍ਰਸਿੱਧ ਹੈ ਕਿਉਂਕਿ ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ੧੯੪੭ ਈ. ਤੋਂ ਪਹਿਲਾਂ ਇਹ ਨਗਰ ਨਾਭਾ ਰਿਆਸਤ ਵਿਚ ਪੈਂਦਾ ਸੀ। ਅਕਾਲੀ ਲਹਿਰ ਬਣਨ ਸਮੇਂ ਨਾਭੇ ਦਾ ਰਾਜਾ ਰਿਪੁਦਮਨ ਸਿੰਘ ਸੀ ਜਿਸ ਨੇ ਅਕਾਲੀ ਲਹਿਰ ਦੀ ਹਿਮਾਇਤ ਕੀਤੀ। ਇਸ ਹਿਮਾਇਤ ਕਾਰਨ ਅੰਗਰੇਜ਼ ਸਰਕਾਰ ਨਾਭੇ ਦੇ ਰਾਜੇ ‘ਤੇ ਬਹੁਤ ਔਖੀ ਸੀ। ਉਨ੍ਹੀ ਦਿਨੀਂ ਪਟਿਆਲੇ ਦੇ ਰਾਜੇ ਭੁਪਿੰਦਰ ਸਿੰਘ ਤੇ ਨਾਭੇ ਦੇ ਰਾਜੇ ਰਿਪੁਦਮਨ ਸਿੰਘ ਵਿਚਕਾਰ ਟਕਰਾਅ ਚਲ ਰਿਹਾ ਸੀ। ਇਹ ਦੋਹਾਂ ਰਿਆਸਤਾਂ ਦਾ ਕੇਸ ਅਲਾਹਾਬਾਦ ਹਾਈਕੋਰਟ ਦੇ ਇਕ ਜੱਜ ਕੋਲ ਸੀ। ਇਸ ਕੇਸ ਦੇ ਆਖ਼ਰੀ ਫ਼ੈਸਲੇ ਲਈ ਸਰਕਾਰ ਦੇ ਰਾਜਨੀਤਿਕ ਏਜੰਟ ਕਰਨਲ ਮਿੰਚਨ ਨੇ ਮਹਾਰਾਜਾ ਨਾਭਾ ਨੂੰ ਕਸੌਲੀ ਬੁਲਾਇਆ। ੫ ਜੂਨ, ੧੯੨੩ ਈ. ਨੂੰ ਮਹਾਰਾਜਾ ਨਾਭਾ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੀ ਗੱਦੀ ਨਾਬਾਲਗ ਪੁੱਤਰ ਦੇ ਹਵਾਲੇ ਕਰ ਦੇਵੇ। ੭ ਜੁਲਾਈ, ੧੯੨੩ ਈ. ਦੇ ਦਿਨ ਮਹਾਰਾਜੇ ਕੋਲੋਂ ਤਖ਼ਤ ਛੱਡਣ ਦੇ ਕਾਗਜ਼ ‘ਤੇ ਦਸਤਖ਼ਤ ਕਰਵਾ ਲਏ ਗਏ। ਮਹਾਰਾਜਾ ਰਿਪੁਦਨ ਸਿੰਘ ਨੂੰ ਡੇਹਰਾਦੂਨ ਭੇਜ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜੇ ਦੇ ਹੱਕ ਵਿਚ ਅਵਾਜ਼ ਉਠਾਈ। ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲਗਭਗ ੬੦ ਮੈਂਬਰ ੧੩-੧੪ ਅਕਤੂਬਰ ੧੯੨੩ ਈ. ਦੀ ਰਾਤ ਨੂੰ ਫੜ ਲਏ। ਉਧਰ ਜੈਤੋ ਦੇ ਸਥਾਨਕ ਸਿੰਘਾਂ ਨੇ ੧੪ ਸਤੰਬਰ, ੧੯੨੩ ਈ. ਨੂੰ ਗੁ. ਗੰਗਸਰ ਵਿਖੇ ਅਖੰਡ ਪਾਠ ਸਾਹਿਬ ਰੱਖ ਦਿੱਤਾ। ਅੰਗਰੇਜ਼ ਫ਼ੌਜੀਆਂ ਨੇ ਗੁਰਦੁਆਰੇ ਵਿਚ ਦਾਖਿਲ ਹੋ ਕੇ ਪਾਠ ਕਰਦੇ ਗ੍ਰੰਥੀ ਇੰਦਰ ਸਿੰਘ ਸਮੇਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। ਅਖੰਡ ਪਾਠ ਖੰਡਿਤ ਹੋਣ ਦੇ ਰੋਸ ਵਿਚ ਸਿੰਘਾਂ ਨੇ ਮੋਰਚਾ ਲਗਾ ਦਿੱਤਾ। ੨੫ ਸਤੰਬਰ, ੧੯੨੩ ਈ. ਨੂੰ ਅਖੰਡ ਪਾਠ ਆਰੰਭ ਕਰਨ ਲਈ ੨੫-੨੫ ਸਿੰਘਾਂ ਦੇ ਜਥੇ ਨਾਭੇ ਜਾਣੇ ਸ਼ੁਰੂ ਹੋਏ। ਇਨ੍ਹਾਂ ਸਿੰਘਾਂ ਨੂੰ ਪਕੜ ਕੇ ਰਾਜਸਥਾਨ ਵਿਚ ਜਾਂ ਦੂਰ- ਦੁਰਾਡੇ ਜੰਗਲ ਵਿਚ ਛੱਡ ਦਿੱਤਾ ਜਾਂਦਾ। ਆਖ਼ਿਰ ੯ ਫਰਵਰੀ, ੧੯੨੪ ਈ. ਨੂੰ ਪ੍ਰਬੰਧਕਾਂ ਨੇ ੨੫ ਦੀ ਥਾਂ ‘ਤੇ ੫੦੦ ਸਿੰਘਾਂ ਦਾ ਜਥਾ ਭੇਜਿਆ। ਇਹ ਜਥਾ ੨੧ ਫਰਵਰੀ ਨੂੰ ਜੈਤੋ ਪਹੁੰਚਿਆ। ਵਿਲਸਨ ਜਾਨਸਟਨ ਨੇ ਫ਼ੌਜ ਨੂੰ ਜਥੇ ‘ਤੇ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ। ਗੋਲੀ ਨਾਲ ਦਰਜਨਾਂ ਸਿੱਖ ਸ਼ਹੀਦ ਹੋ ਗਏ ‘ਤੇ ਦੋ ਸੌ ਤੋਂ ਵੱਧ ਜ਼ਖ਼ਮੀ ਹੋ ਗਏ। ਅੰਗਰੇਜ਼ੀ ਫ਼ੌਜ ਨੇ ੨੭੦੦੦ ਕਾਰਤੂਸ ਚਲਾਏ ਤੇ ਜੇਕਰ ਗੋਲੀ ਵਿਚ ਫਸ ਜਾਣ ਕਾਰਨ ਮਸ਼ੀਨ ਗੰਨ ਨਾ ਰੁਕਦੀ ਤਾਂ ਪਤਾ ਨਹੀਂ ਕਿੰਨੀਆਂ ਹੋਰ ਸ਼ਹੀਦੀਆਂ ਹੋ ਜਾਣੀਆਂ ਸਨ। ਸਰਕਾਰ ਇਹ ਸਮਝਦੀ ਸੀ ਕਿ ਇਸ ਕਤਲੇਆਮ ਨਾਲ ਸਿੱਖ ਡਰ ਜਾਣਗੇ ਪਰ ੨੮ ਫਰਵਰੀ, ੧੯੨੪ ਈ. ਨੂੰ ਪੰਜ ਸੌ ਦਾ ਇਕ ਹੋਰ ਜਥਾ ਗੁ. ਗੰਗਸਰ ਦੇ ਰਾਹ ਪੈ ਗਿਆ। ਇਸ ਜਥੇ ਨੂੰ ਨਾਭਾ ਜੇਲ੍ਹ ਭੇਜ ਦਿੱਤਾ ਗਿਆ। ਇਸ ਤਰ੍ਹਾਂ ਲਗਾਤਾਰ ਜਥਿਆਂ ਦਾ ਗੰਗਸਰ ਸਾਹਿਬ ਵਿਖੇ ਜਾਣਾ ਜਾਰੀ ਰਿਹਾ ਤਾਂ ਅਪ੍ਰੈਲ ੧੯੨੫ ਵਿਚ ਸਰਕਾਰ ਨੂੰ ਪਾਬੰਦੀ ਹਟਾਉਣੀ ਪਈ। ੧੪ ਸਤੰਬਰ, ੧੯੨੩ ਈ. ਨੂੰ ਖੰਡਤ ਹੋਏ ਪਾਠ ਨੂੰ ਨਵੇਂ ਸਿਰਿਉਂ ਕਰਨ ਲਈ ਸਿੰਘਾਂ ਨੂੰ ਇਕ ਸਾਲ ਦਸ ਮਹੀਨੇ ਘਾਲਣਾ ਘਾਲਣੀ ਪਈ। ਜੈਤੋ ਦੇ ਮੋਰਚੇ ਵਿਚ ਤਕਰੀਬਨ ਦਸ ਹਜ਼ਾਰ ਸਿੱਖ ਗ੍ਰਿਫ਼ਤਾਰ ਕੀਤੇ ਗਏ। ਇਸ ਦੌਰਾਨ ਢਾਈ ਸੌ ਦੇ ਕਰੀਬ ਸਿੱਖ ਸ਼ਹੀਦ ਹੋਏ ਸਨ। ਜੈਤੋ ਵਿਖੇ ੧੦੧ ਪਾਠਾਂ ਦੀ ਲੜੀ ਸ਼ੁਰੂ ਹੋਈ, ਇਹ ਸਾਰੇ ਪਾਠ ੭ ਅਗਸਤ, ੧੯੨੫ ਈ. ਦੇ ਦਿਨ ਖ਼ਤਮ ਹੋਏ। ਇਹ ਮੋਰਚੇ ਸਿੱਖਾਂ ਦੀ ਗੁਰਦੁਆਰਿਆਂ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਦੀ ਗਵਾਹੀ ਭਰਦੇ ਹਨ।