
ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਨੇ ਤਿੰਨਾਂ ਪੁੱਤਰਾਂ ਦੀ ਪਰਖ ਕਰ ਕੇ ਸਭ ਤੋ ਛੋਟੇ ਸਪੁਤਰ ਪੰਜਵੇੰ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਭਰੇ ਦਰਬਾਰ ਚ ਸਭ ਸੰਗਤ ਦੇ ਸਨਮੁਖ ਭਾਦੋ ਸੁਦੀ ਦੂਜ ਨੂੰ (ਭਾਦਰੋਂ ਦੀ ਮੱਸਿਆ ਤੋ ਦੂਜੇ ਦਿਨ) ਗੁਰਗੱਦੀ ਬਖਸ਼ ਤਿੰਨ ਪ੍ਰਕਰਮਾਂ ਕਰ ਸੀਸ ਨਿਵਾਇਆ ਤੇ ਆਪ ਓਸੇ ਦਿਨ ਗੋਇੰਦਵਾਲ ਸਾਹਿਬ ਨੂੰ ਚਾਲੇ ਪਾ ਦਿੱਤੇ।
ਅਗਲੇ ਦਿਨ ਅੰਮ੍ਰਿਤ ਵੇਲੇ ਨਿਤ ਵਾਂਗ ਦੀਵਾਨ ਲੱਗਾ ਆਸਾ ਦੀ ਵਾਰ ਦਾ ਕੀਰਤਨ ਸੁਣਿਆ , ਸੰਗਤ ਨੂੰ ਅੰਤਿਮ ਉਪਦੇਸ ਦਿੱਤਾ, ਗੁਰੂ ਅਰਜਨ ਦੇਵ ਜੀ ਨੂੰ ਸਰੋਵਰ ਬਾਰੇ ਦਰਬਾਰ ਸਾਹਿਬ ਬਣਾਉਣ ਬਾਰੇ ਖਾਸ ਹਦਾਇਤਾਂ ਕੀਤੀਆਂ । ਗੁਰੁ ਪਤਨੀ ਬੀਬੀ ਭਾਨੀ ਜੀ ਨੇ ਕਿਹਾ , ਜੇ ਹੁਕਮ ਹੋਵੇ ਤਾਂ ਦਾਸੀ ਵੀ ਨਾਲ ਚੱਲੇ ਸਰੀਰ ਤਿਆਗ ਕੇ। …..
ਗੁਰਦੇਵ ਨੇ ਕਿਹਾ , ਨਹੀਂ! ਏਹ ਸਰੀਰ ਕਰਤਾਰ ਨੇ ਬਖਸ਼ਿਆ ਉਸ ਦੀ ਮਰਜੀ ਬਿਨਾਂ ਤਿਆਗਣਾ ਜੋਗ ਨਹੀ, ਜਿੰਨਾਂ ਸਮਾਂ ਉਸ ਦਾ ਹੁਕਮ ਹੈ ਸਰੀਰ ਵਿਚ ਰਹਿ ਕੇ ਸੇਵਾ ਕਰੋ, ਬੰਦਗੀ ਕਰੋ। ਤੁਹਾਡੇ ਵਰਗਾ ਵੱਡਭਾਗਾ ਕੌਣ? ਤੁਸੀ ਤਾਂ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਨਿਭਾਈ ਐ, ਬੀਬੀ ਭਾਨੀ ਜੀ ਨੇ ਸਿਰ ਝੁਕਾ ਦਿੱਤਾ ਤੇ ਹੁਕਮ ਵਿਚ ਰਹੇ, ਫੇਰ ਗੁਰਦੇਵ ਨੇ ਸਭ ਸੰਗਤ ਵੱਲ ਮਿਹਰ ਦੀ ਨਿਗਾਹ ਨਾਲ ਤੱਕਿਆ ਤੇ ਚੁੱਪ ਕਰ ਗਏ । ਚਾਦਰ ਲੈ ਕੇ ਲੰਮੇਂ ਪਏ, ਸਰੀਰ ਤਿਆਗ ਦਿੱਤਾ। ਬਿਆਸ ਕਿਨਾਰੇ ਹੀ ਸਤਿਗੁਰਾਂ ਦੇ ਪਾਵਨ ਸਰੀਰ ਦਾ ਸਸਕਾਰ ਕੀਤਾ ਗਿਆ ।
ਬਾਅਦ ਵਿਚ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੇ ਬੜਾ ਝਗੜਾ ਕੀਤਾ, ਰੌਲਾ ਪਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਪਿਤਾ ਦੀ ਪੱਗ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਬੰਨ੍ਹੀ, ਪਰ ਉਹ ਫਿਰ ਵੀ ਤੰਗ ਸੀ। ਉਨ੍ਹੇ ਬਾਬਾ ਜੀ ਨੂੰ ਭਾਈ ਗੁਰਦਾਸ ਜੀ ਨੂੰ ਬੜਾ ਵੱਧ ਘੱਟ ਬੋਲਿਆ ਕਿਉਂਕਿ ਉਹ ਗੁਰਤਾਗੱਦੀ ਚਾਹੁੰਦਾ ਸੀ ਗੁਰਤਾ ਗੁਰੂ ਅਰਜਨ ਦੇਵ ਜੀ ਨੂੰ ਸੱਚੇ ਪਾਤਸ਼ਾਹ ਆਪ ਦੇ ਗਏ ਸੀ ।
ਭੱਟ ਸਾਹਿਬਾਨਾਂ ਨੇ ਸਭ ਤੋਂ ਵੱਧ (60) ਸਵੱਈਏ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵਿਚ ਉਚਾਰੇ । ਭੱਟ ਬਾਬਾ ਹਰਿਬੰਸ ਜੀ ਤਾਂ ਚੌਥੇ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਤੋ ਬਾਅਦ ਦਾ ਵੀ ਜਿਕਰ ਕਰਦੇ ਹਨ:
ਕਿਵੇ ਗੁਰੂ ਸਾਹਿਬ ਸੱਚਖੰਡ ਗਏ?
ਉਥੇ ਕੀ ਹੋਇਆ ?
ਭੱਟ ਸਾਹਿਬ ਦਸਦੇ ਹਨ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧਰਤੀ ਦਾ ਗੁਰ ਤਖਤ , ਛਤਰ ਤੇ ਸਿੰਘਾਸਣ ਗੁਰੂ ਅਰਜਨ ਦੇਵ ਜੀ ਨੂੰ ਦੇਞਕੇ ਗੋਇੰਦਵਾਲ ਗਏ, ਫੇਰ ਸਰੀਰ ਤਿਆਗ ਕੇ ਸੱਚਖੰਡ ਪਹੁੰਚੇ, ਤਾਂ ਅੱਗੇ ਅਕਾਲ ਪੁਰਖ ਜੀ ਉਹਨਾਂ ਨੂੰ ਵੇਖ ਬੜੇ ਪ੍ਰਸੰਨ ਹੋਏ । ਉੱਠ ਕੇ ਸਿੰਘਾਸਣ ਤੋਂ ਪਾਸੇ ਹੋ ਗਏ ਤੇ ਅਕਾਲ ਪੁਰਖ ਨੇ ਆਪਣੇ ਸਿੰਘਾਸਣ ਤੇ ਗੁਰੂ ਰਾਮਦਾਸ ਜੀ ਨੂੰ ਬਿਠਾਇਆ ਏਦਾਂ ਕਰਨਾ ਉਸ ਨੂੰ ਚੰਗਾ ਲੱਗਾ। ਏਹ ਵੇਖ ਕੇ ਸਾਰੇ ਦੇਵਤਿਆਂ ਨੇ ਗੁਰੂ ਰਾਮਦਾਸ ਜੀ ਦੀ ਜੈ ਜੈ ਕਾਰ ਕੀਤੀ ਉੱਚੀ ਆਵਾਜ਼ ਵਿਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਸ ਕੀਤਾ ।
ਹੇ ਗੁਰੂ ਰਾਮਦਾਸ ਤੁਹਾਡਾ ਨਾਮ ਸੁਣਦਿਆਂ ਹੀ ਅਸੁਰ (ਦੈੰਤ)ਤੇ ਪਾਪ ਭੱਜ ਜਾਂਦੇ ਆ।
ਨੋਟ: ਇਹ ਜਿਹੜੇ ਲੋਕ ਆਏ ਦਿਨ ਸਚਖੰਡ ਸ਼ਬਦ ਨੂੰ ਭੰਡਦੇ ਆ ,ਸਵਾਲ ਕਰਦੇ ਹਨ, ਉਹ ਪ੍ਰੋ. ਸਾਹਿਬ ਸਿੰਘ ਵਾਲੇ, ਫਰੀਦਕੋਟ ਵਾਲੇ, ਭਾਈ ਵੀਰ ਸਿੰਘ ਵਾਲੇ, ਅਮੀਰ ਭੰਡਾਰ ਵਾਲੇ, ਜਥਾ ਰੰਧਾਵਾ ਵਾਲੇ, ਟਕਸਾਲ ਵਾਲੇ ਜਿਹੜੇ ਮਰਜ਼ੀ ਥਾਂ ਵੇਖ ਲੈਣ, ਸਵੱਯਾ ਆਪ ਪੜੋ:
ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਵਰ ਭਾਯਉ ॥
ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥
ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥
ਅਸੁਰ ਗਏ ਤੇ ਭਾਗਿ ਪਾਪ ਤਿਨੑ ਭੀਤਰਿ ਕੰਪਹਿ ॥
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥੨॥
ਅੰਗ ੧੪੦੯ (1409)
ਭਾਦੋਂ ਸੁਦੀ ਤੀਜ (ਮੱਸਿਆ ਤੋਂ ਤੀਜੇ ਦਿਨ ) ਬਿਕਰਮੀ ਸੰਮਤ 1638 (ਈਸਵੀ ਸੰਨ 1581) ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤਿ ਸਮਾਏ ਚੌਥੇ ਪਾਤਸ਼ਾਹ ਦੀ ਸਰੀਰਕ ਉਮਰ 46 ਸਾਲ 11 ਮਹੀਨੇ 7 ਦਿਨ ਸੀ ਗੁੱਰਗੱਦੀ ਕਰੀਬ 7 ਸਾਲ ਰਹੇ ( ਮਹਾਨ ਕੋਸ਼)
ਧੰਨੁ ਧੰਨੁ ਰਾਮਦਾਸ ਗੁਰੁ
ਜਿਨਿ ਸਿਰਿਆ ਤਿਨੈ ਸਵਾਰਿਆ ॥
ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ
ਸੋਢੀ ਸੁਲਤਾਨ ਜੀ ਦੇ ਚਰਨਾਂ ਤੇ ਕੋਟਾਨਿ ਕੋਟਿ ਨਮਸਕਾਰ
-ਮੇਜਰ ਸਿੰਘ , ਉਪ ਸੰਪਾਦਕ