115 views 3 secs 0 comments

ਝੱਖੜ

ਲੇਖ
September 13, 2025

ਕਰਤੇ ਦੀ ਕੁਦਰਤ ਦੇ ਵਿੱਚ ਇੱਕ ਰੂਪ ਦੀਆਂ ਕਈ ਕਿਸਮਾਂ ਨੇ, ਕਿਧਰੇ ਮਿੱਠੀ ਹਵਾ ਚਲਦੀ ਹੈ, ਕਿਧਰੇ ਝੱਖੜ ਤਬਾਹੀ ਲੈ ਆਉਂਦਾ।
ਝੱਖੜ ਇੱਕ ਭਿਆਨਕ ਕੁਦਰਤੀ ਘਟਨਾ ਹੈ। ਜਿਸ ਵਿੱਚ ਹਵਾ ਬਹੁਤ ਤੇਜ਼ ਗਤੀ ਦੇ ਨਾਲ ਵਗਦੀ ਹੈ, ਇਹ ਖੇਤਾਂ, ਬਾਗਾਂ, ਘਰਾਂ ਅਤੇ ਰਸਤੇ ਵਿੱਚ ਆਉਂਦੀ ਹਰੇਕ ਚੀਜ਼ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕਈ ਵਾਰ ਝੱਖੜ ਵਿੱਚ ਤੇਜ਼ ਬਾਰਿਸ਼ ਜਾਂ ਧੂੜ ਵੀ ਹੋ ਸਕਦੀ ਹੈ ਜਿਸ ਨਾਲ ਹਾਲਾਤ ਹੋਰ ਵੀ ਖਤਰਨਾਕ ਹੋ ਜਾਂਦੇ ਹਨ। ਕਿਸਾਨਾਂ ਦੀ ਖੜੀ ਫਸਲ ਅੱਖ ਝਪਕਦੇ ਹੀ ਮਿੱਟੀ ਵਿੱਚ ਮਿਲ ਜਾਂਦੀ ਹੈ। ਬਿਜਲੀ ਦੇ ਖੰਭੇ, ਦਰੱਖਤ ਤੇ ਮਕਾਨ ਢਹਿ ਜਾਂਦੇ ਹਨ। ਕਈ ਵਾਰ ਇਹ ਜਾਨ ਤੇ ਮਾਲ ਦੀ ਹਾਨੀ ਦਾ ਕਾਰਨ ਵੀ ਬਣਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਝੱਖੜ ਦੇ ਦੋਨੋਂ ਪੱਖ ਮੌਜੂਦ ਹਨ। ਝੱਖੜ ਦੇ ਵਿੱਚ ਸਾਰੇ ਦਰੱਖਤ ਹਿੱਲਣ ਲੱਗ ਜਾਂਦੇ ਹਨ। ਭਾਈ ਸੱਤਾ ਤੇ ਬਲਵੰਡ ਰਾਮਕਲੀ ਦੀ ਵਾਰ ਦੇ ਵਿੱਚ ਝੱਖੜ ਦੇ ਵਿੱਚ ਅਡੋਲ ਰਹਿਣ ਵਾਲੇ ਸੁਮੇਰ ਪਰਬਤ ਦੀ ਤੁਲਨਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨਾਲ ਕਰਦੇ ਹਨ.
ਝਖੜਿ ਆਏ ਤਰੁਵਰਾਂ ਸਰਬਤ ਹਲੰਦੇ ।
( ਭਾਈ ਗੁਰਦਾਸ ਜੀ, ਵਾਰ ੩੫:੨੧)
ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣ।।
( ਸ੍ਰੀ ਗੁਰੂ ਗ੍ਰੰਥ ਸਾਹਿਬ,੯੬੬)

ਭਾਈ ਕਾਨ੍ਹ ਸਿੰਘ ਜੀ ਨਾਭਾ ‘ਮਹਾਨ ਕੋਸ਼’ ਦੇ ਵਿੱਚ ਝਖੜ ਦੇ ਅਰਥ ਝੰਝਾਵਾਤ, ਹਨੇਰੀ ਅੰਨੀ, hurricane ਕਰਦੇ ਹਨ।
ਡਾਕਟਰ ਗੁਰਚਰਨ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਕੇਵਲ ਹਨੇਰੀ ਹੀ ਲਿਖਦੇ ਹਨ। ਭਾਈ ਵੀਰ ਸਿੰਘ ਜੀ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਪੰਜਾਬੀ ਦੇ ਇਸ ਸ਼ਬਦ ਨੂੰ ਸੰਸਕ੍ਰਿਤ ਮੂਲ ਦਾ ਮੰਨ ਕੇ ਅਰਥ ਉਹ ਹਨੇਰੀ ਜੋ ਡਾਢੀ ਤਿੱਖੀ ਘੱਟੇ ਮਿੱਟੀ ਨਾਲ ਪੂਰਤ ਅਰ ਬ੍ਰਿਖਾਂ ਨੂੰ ਝੂਣਦੀ ਅੰਧੇਰੇ ਸਹਿਤ ਝੂਲਦੀ ਹੈ:
ਝੱਖੜ : ਝੁਕੇ ਖੜ ਦਾ ਸੰਖੇਪ ਹੈ।
ਵਗਦੀ ਹੋਈ ਤੇਜ਼ ਹਵਾ ਜੋ ਖੜੇ ਹੋਏ ਦਰੱਖਤਾਂ ਨੂੰ ਝੁਕਾ ਕੇ ਰੱਖ ਦੇਵੇ। ਇਹ ਵਰਸਦੇ ਹੋਏ ਮੀਹ ਦੇ ਵਿੱਚ ਅਤੇ ਬਿਨਾਂ ਮੀਹ ਤੋਂ ਚੱਲ ਸਕਦੀ ਹੈ। ਐਨੀਮੋਮੀਟਰ ਦੇ ਨਾਲ ਝੱਖੜ ਦੀ ਗਤੀ ਨੂੰ ਮਾਪਿਆ ਜਾਂਦਾ ਹੈ, ਹੌਲੀ ਹਵਾ ਦੀ ਗਤੀ 10 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ, ਜਦ ਕਿ ਝੱਖੜ ਦੇ ਵਿੱਚ ਇਹ ਵੱਧ ਕੇ 60 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ ਅਤੇ ਭਿਆਨਕ ਝੱਖੜਾਂ ਦੇ ਵਿੱਚ ਇਹ 150 ਤੂੰ 200 ਕਿਲੋਮੀਟਰ ਤੋਂ ਵੀ ਵੱਧ ਜਾਂਦੀ ਹੈ। ਕਵੀਆਂ ਨੇ ਵੀ ਝੱਖੜ ਦੇ ਉੱਪਰ ਕਈ ਕਵਿਤਾਵਾਂ ਦੀ ਰਚਨਾ ਕੀਤੀ ਹੈ
ਝੱਖੜ ਆਇਆ ਅਚਾਨਕ,
ਰੁੱਖਾਂ ਨੇ ਸਿਰ ਝੁਕਾਇਆ,
ਪੱਤਿਆਂ ਦੀਆਂ ਤੁਰਦੀਆਂ ਕਹਾਣੀਆਂ,
ਹਵਾ ਨੇ ਰਾਹ ਭੁਲਾਇਆ,
ਘਰਾਂ ਦੇ ਦਰਵਾਜ਼ੇ ਕੰਬੇ,
ਦੀਵਾਰਾਂ ਨੇ ਸਾਹ ਰੋਕਿਆ,
ਧਰਤੀ ਵੀ ਡਰਦੀ ਜਾਪੇ,
ਅਸਮਾਨ ਨੇ ਰੋਇਆ,
ਪਰ ਹਰ ਝੱਖੜ ਦੇ ਬਾਅਦ,
ਸ਼ਾਂਤੀ ਦਾ ਸੂਰਜ ਨਿਕਲਦਾ,
ਜ਼ਿੰਦਗੀ ਸਿਖਾਉਂਦੀ ਰਹਿੰਦੀ,
ਹਰ ਤੂਫਾਨ ਤੋਂ ਬਾਅਦ ਚਲਦਾ।

ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ