
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਮੌਜੂਦ “ਠੀਸ” ਸ਼ਬਦ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੁਆਰਾ ਉਚਾਰਨ ਜਪੁਜੀ ਸਾਹਿਬ ਦੇ ਵਿੱਚ ਕੇਵਲ ਇੱਕੋ ਵਾਰ ਆਇਆ ਹੈ। ਆਮ ਬੋਲ ਚਾਲ ਦੇ ਵਿੱਚ ਸ਼ਾਇਦ ਹੀ ਕਦੇ ਮਨੁੱਖ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੋਵੇ.
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ।।੩੨।। ( ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੭)
ਜਾਹਰ ਪੀਰ ਜਗਤ ਗੁਰ ਬਾਬਾ ਜੀ ਦੁਆਰਾ ਉਚਾਰਨ ੩੨ਵੀਂ ਪਉੜੀ ਧਾਰਮਿਕ ਸਾਧਨਾਂ ਦੇ ਨਾਲ ਆਰੰਭ ਹੁੰਦੀ ਹੈ, ਇੱਕ ਤੋਂ ਲੱਖਾਂ ਜੀਭਾ ਬਣ ਜਾਣ ਤੇ ਲੱਖਾਂ ਤੋਂ ੨੦ ਲੱਖ ਬਣ ਜਾਣ, ੨੦ ਲੱਖ ਜੀਭਾਂ, ਦੇ ਨਾਲ ਵੀ ਮੈਂ ਪਰਮਾਤਮਾ ਦਾ ਨਾਮ ਜਪਾਂ, ਇਹੀ ਪਰਮਾਤਮਾ ਤੱਕ ਪਹੁੰਚਣ ਦੀਆਂ ਪੌੜੀਆਂ ਹਨ ਤੇ ਇਹਨਾਂ ‘ਤੇ ਚੜ੍ਹ ਕੇ ਮਨੁੱਖ ਦੋ ਤੋਂ ਇੱਕ ਹੋ ਜਾਂਦਾ, ਸਤਿਗੁਰ ਹਿਸਾਬ ਦਾ ਉਪਦੇਸ਼ ਵੀ ਇਹਦੇ ਵਿੱਚ ਵਰਤਦੇ ਨੇ, ਉਨਾਂ ਇੱਕ ਹੋਏ ਮਨੁੱਖਾਂ ਦੀ ਸ਼ੋਭਾ, ਜੋ ਅਸਮਾਨ ਦੀ ਤਰ੍ਹਾਂ ਪਰੇ ਤੋਂ ਪਰੇ ਹੈ, ਝੂਠੇ ਮਨੁੱਖ ਉਨਾਂ ਦੀ ਰੀਸ ਕਰਦੇ ਨੇ ਤੇ, ਇਹ ਸਭ ਕੁਝ ਮਿਹਨਤ ਤੇ ਰਹਿਮਤ ਨਾਲ ਪ੍ਰਾਪਤ ਹੁੰਦਾ ਤੇ ਝੂਠੇ ਮਨੁੱਖ ਦੀ ਠੀਸ ਵੀ ਝੂਠੀ ਹੈ।
ਭਾਈ ਕਾਨ ਸਿੰਘ ਨਾਭਾ ‘ਮਹਾਨ ਕੋਸ਼’ ਦੇ ਵਿੱਚ ਜਪੁਜੀ ਸਾਹਿਬ ਦੀ ਇਹ ਪੰਕਤੀ ਲਿਖ ਕੇ ਅਰਥ ਸ਼ੇਖੀ ਲਾਫ ਕਰਦੇ ਹਨ, ਭਾਈ ਵੀਰ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਠੀਸ ਦੇ ਅਰਥ ਗੱਪਾਂ ਲਿਖਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਜੀ ‘ਗੁਰਬਾਣੀ ਪਾਠ ਦਰਪਣ’ ਦੇ ਠੀਸ ਦੀ ਵਿਆਖਿਆ ਆਪਣੇ ਆਪ ਦੀ ਵਡਿਆਈ, ਗੱਪ ਕਰਦੇ ਨੇ।
ਰੀਸ ਥੋੜੇ ਚਿਰੀ ਹੁੰਦੀ ਹੈ, ਕੋਈ ਮਨੁੱਖ ਕਿਸੇ ਕਲਾਕਾਰ ਦੀ ਰੀਸ ਕਰਕੇ ਦਿਖਾ ਰਿਹਾ ਹੁੰਦਾ, ਪਰ ਕਈ ਮਨੁੱਖ ਉਸ ਕਲਾਕਾਰ ਦੇ ਰੂਪ ਨੂੰ ਪੱਕੇ ਤੌਰ ਤੇ ਹੀ ਅਪਣਾ ਲੈਂਦੇ ਨੇ, ਉਹਦੀ ਰੀਸ ਦੇ ਵਿੱਚ ਪੱਕੇ ਤੌਰ ਤੇ ਹੀ ਠਹਿਰ ਜਾਂਦੇ ਨੇ
ਠੀਸ ਠਹਿਰਿਆ ਰੀਸ ਦਾ ਸੰਖੇਪ ਹੈ।
ਜਨਮਾਸ਼ਟਮੀ ਦੇ ਸਮੇਂ ਮਨੁੱਖਾਂ ਦੁਆਰਾ ਕ੍ਰਿਸ਼ਨ ਜੀ ਦਾ ਰੂਪ ਧਾਰਨ ਕਰਨਾ, ਦੁਸਹਿਰੇ ਦੇ ਸਮੇਂ ਰਾਮ ਚੰਦਰ ਆਦਿਕ ਅਵਤਾਰਾਂ ਦੇ ਸਵਾਂਗ ਬਣਾਉਣੇ, ਰੀਸ ਕਰਨੀ, ਸਤਿਗੁਰ “ਆਸਾ ਕੀ ਵਾਰ” ਦੇ ਵਿੱਚ ਇਸ ਪਖ ਨੂੰ ਸਾਹਮਣੇ ਰੱਖਦੇ ਨੇ, ਕਿਉਂਕਿ ਬੜੇ ਵੱਡੇ ਪੱਧਰ ਤੇ ਸਾਰੇ ਦੇਸ਼ ਦੇ ਵਿੱਚ ਇਹ ਅਵਤਾਰਾਂ ਦੀ ਰੀਸ ਕੀਤੀ ਜਾਂਦੀ ਹੈ:
ਗਾਵਨਿ ਗੋਪੀਆ ਗਾਵਨਿ ਕਾਨ੍ਹ।।ਗਾਵਨਿ ਸੀਤਾ ਰਾਜੇ ਰਾਮ ।।
(ਆਸਾ ਮਹਲਾ ੧,ਅੰਗ ੪੬੫)
ਪਰ ਕਈ ਮਨੁੱਖ ਇਹਨਾਂ ਸਵਾਂਗਾਂ ਦੇ ਵਿੱਚ, ਜਾਂ ਕਿਸੇ ਮਨੁੱਖ ਦਾ ਰੂਪ ਪੱਕਿਆਂ ਤੌਰ ਤੇ ਹੀ ਧਾਰਨ ਕਰ ਲੈਂਦੇ, ਧਾਰਮਿਕ ਜਗਤ ਦੇ ਰੀਸ ਕਰਦੇ ਕਰਦੇ ਪੂਰਨ ਤੌਰ ਤੇ ਰੀਸ ਦੇ ਵਿੱਚ ਠਹਿਰ ਜਾਂਦੇ, ਪਰ ਕੂੜੇ ਮਨੁੱਖ ਦਾ ਇਹ ਕਰਮ ਵੀ ਕੂੜਾ ਹੀ ਹੁੰਦਾ ਹੈ
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ