ਡਿਪੋਰਟ ਕੀਤੇ ਸਿੱਖ ਨੌਜਵਾਨਾਂ ਦੀਆਂ ਪੱਗਾਂ ਉਤਾਰਨੀਆਂ ਨਿੰਦਣਯੋਗ: ਸਪੀਕਰ ਸੰਧਵਾਂ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਸਿੱਖ ਨੌਜਵਾਨਾਂ ਦੀਆਂ ਪੱਗਾਂ ਉਤਾਰ ਕੇ ਇਥੇ ਲਿਆਂਦਾ ਗਿਆ ਹੈ, ਜੋ ਨਿੰਦਣਯੋਗ ਕਾਰਵਾਈ ਹੈ।

ਸੰਧਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਜਦੋਂ ਡਿਪੋਰਟ ਹੋਣ ਵਾਲੇ ਨੌਜਵਾਨਾਂ ਨੂੰ ਹੱਥਕੜੀਆਂ ਪਾਈਆਂ ਜਾ ਰਹੀਆਂ ਸਨ, ਉਸੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੱਥ ਮਿਲਾ ਰਹੇ ਸਨ। ਕੋਲੰਬੀਆ ਵਰਗੇ ਛੋਟੇ-ਛੋਟੇ ਦੇਸ਼ਾਂ ਦੇ ਲੋਕਾਂ ਨੂੰ ਤਾ ਅਮਰੀਕਾ ਪੂਰੇ ਸਨਮਾਨ ਨਾਲ ਵਾਪਸ ਭੇਜ ਰਿਹਾ ਹੈ ਪਰ ਭਾਰਤ ਲਈ ਇਹ ਮਿਆਰ ਨਹੀਂ। ਉਹਨਾਂ ਕਿਹਾ ਕਿ ਭਾਰਤ ਦੀ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਦੀ ਇਜ਼ਤ ਬਚਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ।

ਭਾਰਤੀ ਮੀਡੀਆ ਭਾਵੇਂ ਭਾਰਤ ਨੂੰ ‘ਵਿਸ਼ਵਗੁਰੂ’ ਦੱਸਣ ਦਾ ਦਾਅਵਾ ਕਰਦਾ ਹੈ, ਪਰ ਹਕੀਕਤ ਇਹ ਹੈ ਕਿ ਇਥੇ ਦੇ ਨਾਗਰਿਕ, ਭਾਵੇਂ ਉਹ ਗੈਰਕਾਨੂੰਨੀ ਹੀ ਸਹੀ ਉਨ੍ਹਾਂ ਨੂੰ ਕੈਦੀਆਂ ਵਾਂਗ ਫੌਜੀ ਜਹਾਜ਼ਾਂ ‘ਚ ਵਾਪਸ ਭੇਜਿਆ ਜਾ ਰਿਹਾ ਹੈ। ਉੱਧਰ ਹੋਰ ਦੇਸ਼ ਆਪਣੇ ਡਿਪੋਰਟੀਆਂ ਨੂੰ ਸਿਵਲ ਜਹਾਜ਼ਾਂ ਵਿੱਚ ਇਜ਼ਤ ਨਾਲ ਭੇਜ ਰਹੇ ਹਨ।

ਡਿਪੋਰਟ ਕੀਤੇ ਗਏ ਪਹਿਲੇ ਜਹਾਜ਼ ਦੇ ਨੌਜਵਾਨਾਂ ਨੂੰ ਹੱਥਕੜੀਆਂ ਪਾ ਕੇ ਭੇਜਿਆ ਗਿਆ। ਹੁਣ ਦੂਜੇ ਜਹਾਜ਼ ਵਿਚੋਂ ਆਉਣ ਵਾਲੇ ਸਿੱਖ ਨੌਜਵਾਨ ਆਪਣੀਆਂ ਪੱਗਾਂ ਹੱਥ ‘ਚ ਫੜੇ ਨਜ਼ਰ ਆਏ, ਜੋ ਕਿ ਆਲਮੀ ਪੱਧਰ ‘ਤੇ ਇਕ ਮਾੜਾ ਸੰਦੇਸ਼ ਦਿੰਦਾ ਹੈ। ਇਹ ਨਾ ਸਿਰਫ਼ ਨੌਜਵਾਨਾਂ ਦੀ ਅਪਮਾਨਜਨਕ ਵਾਪਸੀ ਨੂੰ ਦਰਸਾਉਂਦਾ ਹੈ ਬਲਕਿ ਇਹ ਵਿਦੇਸ਼ਾਂ ਵਿਚ ਭਾਰਤ ਦੀ ਗਿਰਦੀ ਸਾਖ਼ ਦਾ ਵੀ ਪ੍ਰਤੀਕ ਹੈ।

ਦੋਵੇਂ ਉਡਾਣਾਂ (ਡਿਪੋਰਟ ਕੀਤੇ ਨੌਜਵਾਨਾਂ) ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰੀਆਂ। ਜਦਕਿ ਇਨ੍ਹਾਂ ਵਿਚ ਬਹੁਤੇ ਲੋਕ ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸਬੰਧਤ ਸਨ ਫਿਰ ਵੀ ਇਹ ਉਡਾਣਾਂ ਪੰਜਾਬ ‘ਚ ਹੀ ਲਿਆਈਆਂ ਗਈਆਂ।

ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਪੰਜਾਬੀਆਂ ਵੱਲੋਂ ਸਰਕਾਰ ਕੋਲੋਂ ਦੱਖਣੀ ਏਸ਼ੀਆ ਤੋਂ ਪੱਛਮੀ ਦੇਸ਼ਾਂ ਤੱਕ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਅੰਤਰ-ਰਾਸ਼ਟਰੀ ਉਡਾਣਾਂ ਲਈ ਹਵਾਈ ਅੱਡੇ ਦੀ ਸੰਵਰਚਨਾ (ਇੰਫਰਾਸਟ੍ਰਕਚਰ) ਠੀਕ ਨਹੀਂ ਹੈ। ਪਰ ਜਦੋ ਗੱਲ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਆਉਂਦੀ ਹੈ ਤਾਂ ਇਨ੍ਹਾਂ ਹਵਾਈ ਅੱਡਿਆਂ ਨੂੰ ਪੂਰੀ ਤਿਆਰੀ ਦੇ ਨਾਲ ਵਰਤਿਆ ਜਾਂਦਾ ਹੈ।