ਬਾਬਾ ਕਲਿਆਣ ਦਾਸ ਜੀ ਮਹਿਤਾ (ਕਾਲੂ ਜੀ) ਦਾ ਜਨਮ ਸੰਨ 1440 ਵਿੱਚ ਹੋਇਆ ਸੀ। ਸੰਨ 1507 ਵਿੱਚ ਜਦੋ ਉਹਨਾਂ ਦੇ ਇੱਕੋ-ਇੱਕ ਪੁੱਤਰ ਗੁਰੂ ਨਾਨਕ ਦੇਵ ਜੀ ਦੇ ਲੰਮੇ ਸਫ਼ਰ ਵਿੱਚ ਜਾਣ ਦਾ ਫ਼ੈਸਲਾ ਕੀਤਾ,ਤਦੋਂ ਬਾਬਾ ਕਾਲੂ ਜੀ ਦੀ ਉਮਰ 67 ਸਾਲ ਹੋ ਚੁੱਕੀ ਸੀ। ਉਹਨਾਂ ਸਮਿਆਂ ਵਿੱਚ ਡਾਕਖਾਨਿਆਂ ਦਾ ਕੋਈ ਪ੍ਰਬੰਧ ਨਹੀ ਸੀ ਕਿ ਪਰਦੇਸ ਗਏ ਸੱਜਣ-ਪਿਆਰੇ ਦੀ ਸੁਖ-ਸਾਂਦ ਦੀ ਖ਼ਬਰ ਆਉਦੀ ਰਹੇ, ਤੇ ਪਤਾ ਲੱਗਦਾ ਰਹੇ ਕਿ ਉਸ ਨੇ ਕਦੋਂ ਘਰ ਨੂੰ ਪਰਤਣਾ ਹੈ। ਜਿਉਂ-ਜਿਉਂ-ਬਾਬਾ ਕਾਲੂ ਜੀ ਦੀ ਉਮਰ ਵਡੇਰੀ ਹੁੰਦੀ ਜਾ ਰਹੀ ਸੀ, ਉਤਨੀ ਕੋ ਤਾਂਘ ਤੇ ਘਬਰਾਹਟ ਉਹਨਾਂ ਦੇ ਦਿਲ ਵਿੱਚ ਵੱਧਦੀ ਜਾ ਰਹੀ ਹੋਵੇਗੀ ਕਿ ਪਤਾ ਨਹੀਂ ਅੰਤ ਸਮੇਂ ਤੱਕ ਪੁੱਤਰ ਦਾ ਮਿਲਾਪ ਹੋਣਾ ਭੀ ਹੈ ਜਾਂ ਨਹੀਂ। ਸਵਾ ਅੱਠ ਸਾਲ ਹੋ ਗਏ ਉਡੀਕਦਿਆਂ ਤੇ ਰਾਹ ਤੱਕਦਿਆਂ। ਉਹਨਾਂ ਦੀ ਉਮਰ 75 ਸਾਲਾਂ ਤੋਂ ਭੀ ਟੱਪ ਗਈ ਸੀ।
ਕੁਝ ਬੇਬੇ ਨਾਨਕੀ ਜੀ ਦੇ ਪਾਸ ਠਹਿਰ ਕੇ ਸਤਿਗੁਰੂ ਜੀ ਮਾਪਿਆਂ ਨੂੰ ਮਿਲਣ ਲਈ ਤਲਵੰਡੀ ਨੂੰ ਚੱਲ ਪਏ।ਸੰਨ
1515 ਦਾ ਦਸੰਬਰ ਮਹੀਨਾ ਸੀ। ਉਹ ਖੁਸ਼ੀ,ਜੋ ਇਤਨੇ ਲੰਮੇ ਵਿਛੋੜੇ ਪਿਛੋ ਇੱਕੋ-ਇੱਕ ਪੁੱਤਰ ਨੂੰ ਮਿਲ ਕੇ ਬਿਰਧ ਮਾਪਿਆ ਨੂੰ ਹੋਈ ਹੋਵੇਗੀ ਬਿਆਨ ਕਰਨੀ ਕਲਮ ਦੇ ਸਮਰੱਥਾ ਤੋਂ ਦੂਰ ਪਰੇ ਹੈ। ਗੁਰੂ ਨਾਨਕ ਦੇਵ ਜੀ ਦੀ ਉਮਰ ਉਸ ਵੇਲੇ ਪੌਣੇ ਸੰਤਾਲੀ ਸਾਲ ਦੇ ਕਰੀਬ ਸੀ। ਭਾਈ ਮਰਦਾਨਾ ਆਪਣੇ ਪਰਿਵਾਰ ਨੂੰ ਜਾ ਮਿਲਿਆ।
ਪੱਖੋਕੇ:-
ਜਦੋਂ ਸਵਾ ਅੱਠ ਸਾਲ ਪਿਛੋਂ ਆ ਕੇ ਗੁਰੂ ਨਾਨਕ ਦੇਵ ਜੀ ਆਪਣੇ ਮਾਤਾ ਪਿਤਾ ਨੂੰ ਤਲਵੰਡੀ ਮਿਲੇ,ਤਦੋਂ ਉਨ੍ਹਾ ਦੀ ਇਸਤ੍ਰੀ ਤੇ ਬੱਚੇ ਪੱਖੋਕੇ ਰੰਧਾਵੇ ਸਨ। ਸਤਿਗੁਰੂ ਜੀ ਦੇ ਸਹੁਰੇ ਬਾਬਾ ਮੂਲ ਚੰਦ ਜੀ ਉਸ ਇਲਾਕੇ ਦੇ ਪਟਵਾਰੀ ਸਨ। ਮਾਤਾ ਪਿਤਾ ਪਾਸ ਕੁਝ ਦਿਨ ਠਹਿਰ ਕੇ ਫਿਰ ਉਹਨਾਂ ਦੇ ਆਪਣੇ ਪਰਿਵਾਰ ਨੂੰ ਮਿਲਣ ਦੀ ਆਗਿਆ ਲਈ ਅਤੇ ਭਈ ਮਰਦਾਨੇ ਨੂੰ ਨਾਲ ਲੈ ਕੇ ਚੱਲ ਪਏ। ਰੋਜ਼ਾਨਾ ਕੀਰਤਨ ਦੀ ਆਤਮਕ ਖੁਰਾਕ ਦੇ ਕਾਰਨ ਮਰਦਾਨੇ ਨਾਲ ਸਦਾ ਦਾ ਸਾਥ ਬਣ ਚੁਕਿਆ ਹੋਇਆ ਸੀ। ਮਰਦਾਨਾ ਭੀ ਸਤਿਗੁਰੂ ਜੀ ਤੋਂ ਬਿਨਾ ਨਹੀਂ ਰਹਿ ਸਕਦਾ ਸੀ। ਪਿਆਰ ਦੁ-ਵੱਲੀ ਸੀ।
ਤਲਵੰਡੀ ਤੋਂ ਲਹੌਰ ਦੇ ਰਸਤੇ ਪੱਖੋਕੇ 110 ਮੀਲ ਦੇ ਕਰੀਬ ਹੈ। ਇਸ ਪਿੰਡ ਦੀ ਜ਼ਮੀਨ ਦੇ ਮਾਲਕ ਰੰਧਾਵਾ ਗੋਤ ਦੇ ਜੱਟ ਸਨ। ਇਸੇ ਕਰਕੇ ਇਸ ਨੂੰ ਰੰਧਾਵਿਆਂ ਦਾ ਪੱਖੋਕੇ ਜਾਂ ਪੱਖੋਕੇ ਰੰਧਾਵਾ ਕਿਹਾ ਜਾਂਦਾ ਸੀ। ਰੰਧਾਵਿਆਂ ਦੇ ਚੋਧਰੀ ਦਾ ਨਾਮ ਅਜਿੱਤਾ ਸੀ। ਪਿੰਡੋਂ ਬਾਹਰ ਨੇੜੇ ਹੀ ਇਸ ਦਾ ਖੂਹ ਸੀ। ਉਸ ਵਗਦੇ ਖੂਹ ਉਤੇ ਗੁਰੂ ਨਾਨਕ ਦੇਵ ਜੀ ਮਰਦਾਨੇ ਸਮੇਤ ਘੜੀ ਅਰਾਮ ਕਰਨ ਲਈ ਜਾ ਬੈਠੇ।
ਅਜਿੱਤੇ ਨੇ ਸਤਿਗੁਰੂ ਜੀ ਦਾ ਨਾਮ ਅੱਗੇ ਚੰਗੀ ਤਰ੍ਹਾਂ ਸੁਣਿਆ ਹੋਇਆ ਸੀ। ਉਸ ਦੇ ਪਿੰਡ ਵਿੱਚ ਉਹਨਾ ਦੇ ਪਰਿਵਾਰ ਦੀ ਰਿਹਾਇਸ਼ ਸੀ। ਦਰਸ਼ਨ ਕਰਨ ਦਾ ਅਵਸਰ ਅੱਜ ਉਸ ਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਸੀ। ਅਜਿੱਤਾ ਤਨੋਂ ਮਨੋਂ ਸਦਕੇ ਹੋ ਗਿਆ। ਗੁਰੂ ਨਾਨਕ ਪਾਤਿਸ਼ਾਹ ਜੀ ਦਾ ਪਿਆਰ ਉਸ ਦੇ ਦਿਲ ਦੀਆਂ ਡੂੰਘਾਈਆਂ ਵਿੱਚ ਜਾ ਟਿਕਿਆ।
ਇਤਨੈ ਨੂੰ ਬਾਬਾ ਮੂਲ ਚੰਦ ਜੀ ਦੇ ਘਰ ਜਾ ਖ਼ਬਰ ਹੋਈ। ਸਵਾ ਅੱਠ ਸਾਲਾਂ ਦਾ ਵਿਛੋੜਾ ਕੋਈ ਨਿੱਕੀ ਜਿਹੀ ਗੱਲ ਨਹੀ ਸੀ। ਬੱਚੇ ਇਸਤ੍ਰੀ ਸੱਸ ਸਹੁਰਾ-ਸੱਭੇ ਪ੍ਰੇਮ ਦੇ ਬੱਝੇ ਖੂਹ ਉਤੇ ਹੀ ਆ ਪਹੁੰਚੇ। ਮਰਯਾਦਾ ਅਨੁਸਾਰ ਸਤਿਗੁਰੂ ਜੀ ਸਭ ਨੂੰ ਮਿਲੇ ਤੇ ਉਹਨਾਂ ਦੇ ਨਾਲ ਘਰ ਗਏ। ਪੱਖੋਕੇ ਵਿੱਚ ਰਹਿੰਦਿਆਂ ਭੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਸਤਸੰਗ ਵਾਲਾ ਆਹਰ ਜਾਰੀ ਰੱਖਿਆ,ਜਿਸ ਦਾ ਸਦਕਾ ਚੌਧਰੀ ਅਜਿੱਤੇ ਨੇ ਤਾਂ ਚਰਨਾਂ ਦਾ ਭੌਰਾ ਬਣਨਾ ਹੀ ਸੀ, ਪਿੰਡ ਦੇ ਬਾਕੀ ਲੋਕ ਭੀ ਬੜੇ ਸਰਧਾਲੂ ਬਣ ਗਏ। ਇਸ ਅਸਥਾਨ ‘ਤੇ ਅੱਜ ਕੱਲ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਤੇ ਇਥੇ ਹੀ ਬੇਦੀਆਂ ਦੀ ਬੰਸ਼ ਵਿੱਚੋਂ ਸਿੰਘਾਂ ਪਾਸ ਗੁਰੂ ਜੀ ਦਾ ਚੋਲਾ ਪਿਆ ਹੈ। ਹਰ ਸਾਲ 21, 22, 23 ਤੇ 24 ਫੱਗਣ ਨੂੰ ਜੋੜ ਮੇਲਾ (ਚੋਲੇ ਦਾ ਮੇਲਾ) ਲੱਗਦਾ ਹੈ।
ਪ੍ਰੋਫੈਸਰ ਸਾਹਿਬ ਸਿੰਘ
