65 views 4 secs 0 comments

ਢੇਢ 

ਲੇਖ
July 26, 2025

ਹਿੰਦੁਸਤਾਨ ਦੇ ਵਿੱਚ  ਢੇਢ ਸ਼ਬਦ ਦੀ ਵਰਤੋਂ ਪੁਰਾਣੇ ਸਮੇਂ ਤੋਂ  ਇੱਕ ਖਾਸ ਜਾਤੀ ਦੇ ਪ੍ਰਤੀ, ਜਾਂ  ਦੂਸਰੇ ਮਨੁੱਖ  ਦੇ ਪ੍ਰਤੀ ਅਪਮਾਨਜਨਕ ਭਾਵਨਾਵਾਂ ਪ੍ਰਗਟ ਕਰਨ ਲਈ ਕੀਤੀ ਜਾਂਦੀ ਰਹੀ ਹੈ । ਅਜੋਕੇ ਸਮੇਂ ਦੇ ਵਿੱਚ ਭਾਰਤ ਦੇ ਕਾਨੂੰਨ ਅਨੁਸਾਰ ਕਿਸੇ ਨੂੰ ਢੇਢ ਸ਼ਬਦ ਦੇ ਨਾਲ ਸੰਬੋਧਨ ਕਰਨਾ ਕਾਨੂੰਨੀ ਅਪਰਾਧ ਹੈ, ਖਾਸ ਕਰਕੇ ਜੋ ਵਿਅਕਤੀ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਜਨ ਜਾਤੀ ਦੇ ਨਾਲ ਸੰਬੰਧਿਤ ਹੈ।
ਮੇਰੇ ਦੇਖਣ ਦੇ ਅਨੁਸਾਰ ਜੋ ਕਹਿ ਰਿਹਾ ਤੇ ਜਾਂ ਜਿਸ ਨੂੰ ਢੇਢ ਆਖਿਆ ਜਾ ਰਿਹਾ, ਦੋਨਾਂ ਨੂੰ ਹੀ ਇਸ ਸ਼ਬਦ ਦਾ ਗਿਆਨ ਨਹੀਂ ਹੁੰਦਾ।
ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਦੇ ਵਿੱਚ ਸ਼ਿਵ ਜੀ ਦੇ ਬਾਰਾਂ ਦੇ ਵਿੱਚੋਂ ਅੱਠਵਾਂ  ਜੋਯਤਿਰਲਿੰਗਾਂ ਔਢਾ ਨਾਗ ਨਾਥ ਦਾ ਮੰਦਰ ਜਿੱਥੇ ਭਗਤ ਨਾਮਦੇਵ ਜੀ ਹਸਦਿਆਂ ਖੇਡਦਿਆਂ ਮੰਦਰ ਦੇ  ਵਿੱਚ ਚਲੇ ਗਏ। ਵਰਨ ਵੰਡ ਦੇ ਅਨੁਸਾਰ  ਅਖੌਤੀ ਸ਼ੂਦਰਾਂ ਦਾ ਮੰਦਰ ਦੇ ਵਿੱਚ ਪ੍ਰਵੇਸ਼ ਵਰਜਿਤ ਹੈ,  ਨਾਮਦੇਵ ਜੀ ਨੂੰ ਵੇਖਦਿਆਂ ਪੰਡਤਾਂ ਨੇ “ਸ਼ੂਦਰ ਸ਼ੂਦਰ” ਕਹਿ ਕੇ ਮਾਰਿਆ।
ਢੇਢ ਕਹਿ ਕੇ ਅਪਮਾਨ ਕਰਦਿਆਂ ਭਗਤ ਨਾਮਦੇਵ ਜੀ ਨੂੰ ਮੰਦਰ ਚੋਂ ਬਾਹਰ ਕਢਿਆ,  ਇਸ ਬਾਬਤ ਭਗਤ ਜੀ ਆਪਣੀ ਬਾਣੀ ਵਿੱਚ ਫੁਰਮਾਉਂਦੇ ਹਨ:
ਏ ਪੰਡੀਆ ਮੋ ਕਉ ਢੇਢ ਕਹਤ
ਤੇਰੀ ਪੈਜ ਪਿਛੰਉਡੀ ਹੋਇਲਾ ।।                     ( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1292)

ਮਹਾਰਾਸ਼ਟਰ ਦੇ ਵਿੱਚ ਢੇਢ ਕਹਿ ਕੇ ਭਗਤ ਨਾਮਦੇਵ ਜੀ ਦਾ ਅਪਮਾਨ ਕੀਤਾ ਜਾਂਦਾ।  ਸ਼ਿਵਜੀ ਦੀ ਵਸਾਈ ਹੋਈ ਪ੍ਰਸਿੱਧ ਨਗਰੀ ਬਨਾਰਸ ਦੇ ਵਿੱਚ ਭਗਤ ਰਵਿਦਾਸ ਜੀ  ਚਮੜੇ ਨੂੰ ਕੱਟ ਵੱਢ ਕੇ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਹਨ, ਕਾਸ਼ੀ ਵਿਸ਼ਵਨਾਥ ਮੰਦਰ ਦੇ  ਬ੍ਰਾਹਮਣਾਂ ਦਾ ਪ੍ਰਧਾਨ ਪੰਡਿਤ , ਭਗਤ ਰਵਿਦਾਸ ਜੀ ਨੂੰ ਡੰਡੇ ਦੀ ਵਾਂਗ ਧਰਤੀ ਉੱਤੇ ਲੰਮਾ ਪੈ ਕੇ ਨਮਸਕਾਰ ਕਰਦਾ ਹੈ :
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ।।
ਅਬ ਬਿਪ੍ਰ ਪਰਧਾਨ ਤੇ ਕਰਹਿ ਡੰਡੳਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ।।                                ( ਸ੍ਰੀ ਗੁਰੂ ਗ੍ਰੰਥ ਸਾਹਿਬ,1293)

ਢੇਡ ਸ਼ਬਦ ਦੇ ਅਰਥ ਸਮਝਣ ਦੇ ਵਾਸਤੇ ਜਦੋਂ ਮਨੁੱਖ ਭਾਈ ਕਾਹਨ ਸਿੰਘ ਨਾਭਾ ਜੀ ਦਾ ਲਿਖਿਆ ‘ਮਹਾਨ ਕੋਸ਼’ ਦੇਖੀਏ ਤਾਂ ਪੰਨਾ ਨੰਬਰ 596 ਦੇ ਉੱਪਰ ਇਸ ਦੇ ਅਰਥ : ਚਮਾਰ, ਮੁਰਦੇ ਦਾ ਮਾਸ ਖਾਣ ਵਾਲਾ ਨੀਚ ਲਿਖਦੇ ਹਨ।
ਭਾਈ ਵੀਰ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਇਸ ਦੇ ਅਰਥ ਇਕ ਨੀਚ ਕੌਮ ਜੋ ਮਰੇ ਜਾਨਵਰਾਂ ਦੀ ਖੱਲ  ਉਤਾਰਦੇ ਤੇ ਮੁਰਦਾ ਮਾਸ ਖਾ ਜਾਂਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਵਿੱਚ ਢੇਡ ਨੂੰ ਨੀਚ ਹੀ ਲਿਖਦੇ ਹਨ:
ਢੇਢ  = ‘ਢੋਵੇ ਮਰੇ ਢੋਰ’ ਦਾ ਸੰਖੇਪ ਹੈ
ਜਿਵੇਂ ਸੋਨੇ ਦਾ ਕੰਮ ਕਰਨ ਵਾਲੇ ਨੂੰ ਸੁਨਿਆਰ, ਲੋਹੇ ਦਾ ਕੰਮ ਕਰਨ ਵਾਲੇ ਨੂੰ ਲੁਹਾਰ,ਉਂਜ ਹੀ  ਮਰੇ  ਹੋਏ ਜਾਨਵਰਾਂ ਨੂੰ ਢੋਣ ਵਾਲੇ ਨੂੰ ਢੇਡ ਆਖਿਆ ਗਿਆ  ਹੈ ,ਪਰ ਬਾਅਦ ਦੇ ਵਿੱਚ ਸਾਰੇ  ਸ਼ੂਦਰਾਂ ਨੂੰ ਹੀ ਢੇਢ ਕਿਹਾ ਜਾਣ ਲੱਗਿਆ, ਭਗਤ ਨਾਮਦੇਵ ਜੀ ਤੇ ਕੱਪੜਾ ਰੰਗਣ ਦਾ ਕੰਮ ਕਰਦੇ ਨੇ ਪਰ ਮੰਦਰ ਦੇ ਪੰਡਿਤ  ਉਹਨਾਂ ਨੂੰ ਵੀ ਢੇਢ ਆਖਦੇ ਹਨ ਭਾਵ ਕਿ ਉਨ੍ਹਾਂ ਨੂੰ ਆਪਣੀ ਜਾਤ ਦਾ ਅਭਿਮਾਨ ਹੈ।

ਗਿਆਨੀ ਗੁਰਜੀਤ ਸਿੰਘ ਪਟਿਆਲਾ ਮੁੱਖ ਸੰਪਾਦਕ