
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਇੱਕ ਵੱਡੇ ਵਿਵਾਦ ਵਿੱਚ ਘਿਰ ਗਈ ਹੈ, ਜਿਸ ਨੇ ਪੰਥਕ ਮਰਿਆਦਾ ਅਤੇ ਰਵਾਇਤਾਂ ਦੀ ਬੇਅਦਬੀ ਕੀਤੀ ਹੈ। ਆਮ ਤੌਰ ‘ਤੇ ਤਖ਼ਤ ਸਾਹਿਬਾਨ ‘ਤੇ ਹੋਣ ਵਾਲੀਆਂ ਸੇਵਾਵਾਂ ਦੌਰਾਨ ਪੰਥਕ ਪਰੰਪਰਾਵਾਂ ਦੀ ਪੂਰੀ ਪਾਲਣਾ ਕੀਤੀ ਜਾਂਦੀ ਹੈ, ਪਰ ਇਸ ਵਾਰ ਦਸਤਾਰਬੰਦੀ ਦੌਰਾਨ ਨਾ ਕੋਈ ਸੰਤ ਮਹਾਪੁਰਸ਼ ਹਾਜ਼ਰ ਸਨ, ਨਾ ਹੀ ਪੰਥ ਰੂਪੀ ਸੰਗਤ।
ਇਹ ਚਿੰਤਾਵਾਂ ਇਸ ਗੱਲ ਤੋਂ ਹੋਰ ਵੀ ਸੰਵੇਦਨਸ਼ੀਲ ਹੋ ਜਾਂਦੀਆਂ ਹਨ ਕਿ ਪਿਛਲੇ ਸਮੇਂ ‘ਚ ਮਰਿਆਦਾ ਦੀ ਉਲੰਘਣਾ ਕਰਾਰ ਦਿੱਤੇ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਗਏ ਸਨ ਅਤੇ ਉਨ੍ਹਾਂ ਨੂੰ ਜਥੇਦਾਰੀ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਸੀ। ਪਰ ਹੁਣ, ਜਦ ਦਸਤਾਰਬੰਦੀ ਦੌਰਾਨ ਸਿੱਖ ਮਰਿਆਦਾ ਦੇ ਮੁੱਖ ਸਿਧਾਂਤ ਹੀ ਪਾਸੇ ਰਹਿ ਗਏ, ਇਹ ਇੱਕ ਦੋਹਰੇ ਮਿਆਰ ਦੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ।
ਇਸ ਸਮਾਗਮ ਦੌਰਾਨ ਨਾ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਮੌਜੂਦ ਸਨ, ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਸੀਨੀਅਰ ਮੈਂਬਰ, ਅਤੇ ਨਾ ਹੀ ਹੋਰ ਤਖ਼ਤ ਸਾਹਿਬਾਨ ਦੇ ਜਥੇਦਾਰ ਜਾਂ ਪ੍ਰਮੁੱਖ ਗ੍ਰੰਥੀ।
ਇਸ ਦਸਤਾਰਬੰਦੀ ਦੀ ਕਥਿਤ ਮਰਿਆਦਾ ਉਲੰਘਣਾ ਦੇ ਵਿਰੋਧ ‘ਚ ਬਾਬਾ ਬਲਬੀਰ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਆਪਣੀ ਸਖ਼ਤ ਪ੍ਰਤੀਕ੍ਰਿਆ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੰਥਕ ਰਵਾਇਤਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਨਵੇਂ ਜਥੇਦਾਰ ਨੂੰ ਉਹ ਸਵੀਕਾਰ ਨਹੀਂ ਕਰਨਗੇ।
ਇਹ ਵਿਵਾਦ ਕੇਵਲ ਇੱਕ ਵਿਅਕਤੀ ਵਿਸ਼ੇਸ਼ ਦੀ ਨਿਯੁਕਤੀ ਤੱਕ ਸੀਮਤ ਨਹੀਂ, ਸਗੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਲੋਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਸੇਵਾ ਮੁਕਤੀ ਅਤੇ ਨਿਯੁਕਤੀ ਸੰਬੰਧੀ ਪਰੰਪਰਾਵਾਂ ਨੂੰ ਪੁਸ਼ਟ ਕਰਨ ਦੀ ਨੀਤੀ ਉੱਤੇ ਵੀ ਗੰਭੀਰ ਪ੍ਰਸ਼ਨ ਚੁੱਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਇਹ ਸਿਧਾਂਤ- ਵਿਰੋਧੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁਦਮੁਖ਼ਤਿਆਰੀ ਅਤੇ ਪੰਥਕ ਪਰੰਪਰਾਵਾਂ ਉੱਤੇ ਇੱਕ ਸਿੱਧਾ ਹਮਲਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਇਹ ਵੀ ਦਰਸਾਉਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਤਖ਼ਤਾਂ ‘ਤੇ ਰਾਜਨੀਤਿਕ ਹਮਲੇ ਕੀਤੇ ਜਾ ਰਹੇ ਹਨ।
ਮੌਜੂਦਾ ਸਥਿਤੀ ਨੂੰ ਜੇਕਰ ਹੋਰ ਡੂੰਘਾ ਵਾਚਿਆ ਜਾਵੇ, ਤਾਂ ਸਿੱਖਾਂ ਦੀ ਧਾਰਮਿਕ ਅਤੇ ਰਾਜਨੀਤਿਕ ਸਥਿਤੀ ਕਾਫ਼ੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਜਿਹੀ ਸ਼ੰਕਾਜਨਕ ਸਥਿਤੀ ਕੌਮ ਦੇ ਭਵਿੱਖ ਅਤੇ ਨਵੀਂ ਪੀੜ੍ਹੀ ਦੀ ਸੋਚ ਨੂੰ ਦਾਅ ‘ਤੇ ਲਾ ਸਕਦੀ ਹੈ।