views 4 secs 0 comments

ਤਹਾਂ ਤਹਾਂ ਰਛਿਆ ਰਿਆਇਤ!

ਲੇਖ
February 03, 2026

..ਖ਼ਾਲਸਾ ਜੀ ਸਾਹਿਬ ਨੂੰ ਇਸ ਅਰਦਾਸ ਸਦਕੇ ਕਿਵੇਂ ਹਰ ਥਾਂ ਰਛਿਆ ਰਿਆਇਤ ਪ੍ਰਾਪਤ ਹੁੰਦੀ ਰਹੀ ਹੈ, ਇਸ ਦੀਆਂ ਕਈ ਉਦਾਹਰਣਾਂ ਇਤਿਹਾਸ ਵਿਚ ਮੌਜੂਦ ਹਨ।

ਤਾਰੀਖ਼ੇ ਸਿੱਖਾਂ( ਲੇਖਕ; ਖੁਸ਼ਵਕਤ ਰਾਏ) ਵਿਚ ਇਕ ਵਿਚਿਤ੍ਰ ਸਾਕਾ ਦਰਜ ਹੈ। ਨਿਆਜ਼ ਬੇਗ ਪਿੰਡ ਵਿਚ ਸਾਰੇ ਸਿੱਖ ਪ੍ਰਾਣੀ ਮਾਈਆਂ ਬੱਚਿਆਂ ਸਣੇ, ਸ਼ਹੀਦ ਹੋ ਗਏ। ਕੇਵਲ ਇਕ ਵਿਧਵਾ ਮਾਈ ਬਚ ਰਹੀ। ਪਰ ਉਸ ਦੇ ਬਚ ਰਹਿਣ ਦੀ ਸੂਹ ਵੀ ਹਾਕਮਾਂ ਨੂੰ ਲਗ ਗਈ । ਸੌ ਘੋੜ-ਸਵਾਰ ਵਾਪਸ ਓਸੇ ਪਿੰਡ ਘੱਲੇ ਗਏ ਕਿ ਉਹ ਜੇਕਰ ਕੋਈ ਸਿੰਘ-ਸਿੰਘਣੀ ਬਚ ਰਿਹਾ ਹੋਵੇ ਤਾਂ ਉਸ ਨੂੰ ਮਾਰ ਦੇਣ ਜਾਂ ਗ੍ਰਿਫ਼ਤਾਰ ਕਰ ਲਿਆਉਣ। ਮਾਈ ਨੇ ਘੋੜ-ਸਵਾਰ ਆਉਂਦੇ ਸੁਣੇ ਤਾਂ ਅੰਦਰ ਵੜ ਕੇ ਕੁਰਲਾਈ: “ਹੇ ਕਲਗ਼ੀਆਂ ਵਾਲਿਆ ! ਤੂੰ ਸੱਚ ਮੁੱਚ ਚਲਿਆ ਗਿਆ। ਅਸਾਂ ਸੁਣਿਆ ਸੀ, ਜਿੱਥੇ ਵੀ ਤੈਨੂੰ ਯਾਦ ਕਰੀਏ ਤੂੰ ਬਹੁੜਦਾ ਹੈਂ । ਅੱਜ ਤੂੰ ਕਿਉਂ ਨਹੀਂ ਬਹੁੜਦਾ ? ਮੇਰਾ ਪਤੀ, ਮੇਰੇ ਬੱਚੇ ਮਾਰੇ ਗਏ । ਸਾਰਾ ਪਿੰਡ ਨਸ਼ਟ ਹੋ ਗਿਆ। ਦੱਸ ਮੈਨੂੰ ਹੁਣ ਕਉਣ ਬਹੁੜੇ ? ਜੇਕਰ ਇਸ ਬਿਖੜੇ ਸਮੇਂ ਤੂੰ ਸਾਨੂੰ ਛੱਡ ਜਾਣਾ ਸੀ, ਤਾਂ ਸਾਨੂੰ ਸਿੱਖ ਬਣਾ ਕੇ ਕਿਉਂ ਖ਼ਰਾਬ ਕੀਤਾ ?” ਤਦ ਕਹਿੰਦੇ ਹਨ, ਨੀਲੇ ਘੋੜੇ ‘ਤੇ ਸਵਾਰ ਨੀਲੇ ਬਾਣੇ ਵਾਲਾ ਇਕ ਸੂਰਬੀਰ ਓਥੇ ਆਣ ਪਰਗਟ ਹੋਇਆ। ਉਹ ਮਾਈ ਨੂੰ ਕਹਿਣ ਲੱਗਾ, “ਮਾਈ, ਦੱਸ ਤੈਨੂੰ ਕੀ ਚਾਹੀਦਾ ?” ਮਾਈ ਕਹਿਣ ਲੱਗੀ, “ਮੈਨੂੰ ਗੁਰੂ ਗੋਬਿੰਦ ਸਿੰਘ ਤੋਂ ਸਿਵਾ ਕੁਝ ਨਹੀਂ ਚਾਹੀਦਾ। ਓਹੀ, ਇਹਨਾਂ ਦੁਸ਼ਟਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ।” ਤਦ ਉਸ ਨੀਲੇ ਬਾਣੇ ਵਾਲੇ ਜੋਧੇ ਨੇ ਆਪਣੀ ਸ੍ਰੀ ਸਾਹਿਬ ਮਿਆਨ ਵਿਚੋਂ ਧੂਹ ਲਈ ਤੇ ਚੜ੍ਹ ਕੇ ਆਏ ਘੋੜ-ਸਵਾਰਾਂ ਉਪਰ ਟੁੱਟ ਪਿਆ। ਘੜੀ ਕੁ ਵਿਚ ਉਹ ਉਹਨਾਂ ਸਾਰਿਆਂ ਨੂੰ ਤਹ-ਤੇਗ਼ ਕਰ, ਅਲੋਪ ਹੋ ਗਿਆ। ਇਤਿਹਾਸਕਾਰ ਕਹਿੰਦਾ ਹੈ ਉਸ ਮਾਈ ਨੂੰ ਪੂਰਾ ਭਰੋਸਾ ਸੀ, ਕਿ ਗੁਰੂ ਗੋਬਿੰਦ ਸਿੰਘ ਜੀ ਆਪ ਉਸ ਦੀ ਸਹਾਇਤਾ ਕਰਨ ਆਏ ਸਨ।

ਦਸਮ ਗ੍ਰੰਥ ਵਿਚ ਅਕਾਲ ਉਸਤਤਿ ਬਾਣੀ ਦੀਆਂ ਪਹਿਲੀਆਂ ਚਾਰ ਪੰਕਤੀਆਂ ਜੋ “ਉਤਾਰਾ ਖ਼ਾਸੇ ਦਸਤਖ਼ਤ ਕਾ ਪਾਤਸ਼ਾਹੀ ਦਸਵੀਂ” ਹਨ ਇਸ ਪ੍ਰਕਾਰ ਹਨ:

ਅਕਾਲ ਪੁਰਖ ਕੀ ਰਛਾ ਹਮਨੈ ।
ਸਰਬ ਲੋਹ ਕੀ ਰਛਿਆ ਹਮਨੈ।
ਸਰਬ ਕਾਲ ਕੀ ਰਛਿਆ ਹਮਨੈ ।
ਸਰਬ ਲੋਹ ਜੀ ਕੀ ਸਦਾ ਰਛਿਆ ਹਮਨੈ ।

ਖ਼ਾਲਸਾ, ਜੋ ਵਾਹਿਗੁਰੂ ਦਾ ਖ਼ਾਸ ਆਪਣਾ ਹੈ, ਐਸੀ ਸਦੀਵ-ਕਾਲੀ ਸ਼ਕਤੀਸ਼ਾਲੀ ਰੱਛਿਆ ਦਾ ਪਾਤਰ ਬਣਿਆ ਰਹੇ, ਇਸੇ ਖ਼ਾਤਰ ਹਰ ਸਿੱਖ ਸਦਾ ਇਹ ਅਰਜ਼ੋਈ ਕਰਦਾ

ਹੈ : ‘ਜਹਾਂ ਜਹਾਂ ਖ਼ਾਲਸਾਂ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ!’

ਡਾ. ਜਸਵੰਤ ਸਿੰਘ ਨੇਕੀ