(ਵਿਗਿਆਨ ਨੇ ਇੰਦ੍ਰਿਆਂ ਦੀ ਸ਼ਕਤੀ ਨੂੰ ਵਧਾਇਆ ਹੈ ਤੇ ਬਹੁਤ ਸਾਰੀਆਂ ਸਹੂਲਤਾਂ ਪੈਦਾ ਕੀਤੀਆਂ ਹਨ। ਵਿਗਿਆਨ ਨੇ ਦੁਨੀਆਂ ਬਹੁਤ ਨੇੜੇ ਕਰ ਦਿੱਤੀ ਹੈ-ਪਰ ਅਫ਼ਸੋਸ! ਮਨੁੱਖ ਮਨੁੱਖ ਤੋਂ ਬਹੁਤ ਦੂਰ ਚਲਾ ਗਿਆ ਹੈ। ਵਿਗਿਆਨ ਨੇ ਬਾਹਰ ਬਹੁਤ ਚਾਨਣਾ ਕੀਤਾ ਹੈ, ਪਰ ਦਿਲ ਅੰਧਿਆਰੀ ਰਾਤ ਹੈ।…)ਕਲਾ (ਹੁਨਰ) ਇਕ ਸ਼ਕਤੀ ਹੈ, ਇਕ ਰਹਸ ਹੈ ਅਤੇ ਕੋਮਲਤਾ ਦਾ ਖ਼ਜ਼ਾਨਾ ਹੈ ।
ਦੁਨੀਆਂ ਵਿਚ ਤਿੰਨ ਤਰ੍ਹਾਂ ਦੇ ਸ਼ਾਸਤਰ ਹਨ : ਧਰਮ, ਕਲਾ ਤੇ ਸਾਇੰਸ । ਤਿੰਨਾਂ ਦੀ ਆਪਣੀ ਖ਼ਾਸ ਥਾਂ ਹੈ। ਧਰਮ ਦਾ ਵਾਸਾ ਆਤਮਾ ਵਿਚ ਹੈ, ਕਲਾ ਹਿਰਦੇ ਵਿਚ ਤੇ ਵਿਗਿਆਨ ਦਿਮਾਗ ਵਿਚ ਵਸਦਾ ਹੈ। ਸਰੀਰ ਦੀ ਖੋਜ ਵਿਚ ਵਿਗਿਆਨ ਸਹਾਈ ਹੈ। ਹਿਰਦੇ ਦੀ ਰੂਪ-ਰੇਖਾ ਦਾ ਕਲਾ ਨਾਲ ਪਤਾ ਚਲਦਾ ਹੈ ਤੇ ਧਰਮ ਆਤਮਾ ਦਾ ਬੋਧ ਕਰਾਂਦਾ ਹੈ। ਵਿਗਿਆਨਿਕ ਪ੍ਰਕ੍ਰਿਤੀ ਦੇ ਤਨ ਦੀ ਚੀਰ ਫਾੜ ਕਰ ਕੇ ਪ੍ਰਕ੍ਰਿਤੀ ਦੇ ਗੁੱਝੇ ਰਾਜ਼ ਜਗਤ ਸਾਮ੍ਹਣੇ ਰਖਦਾ ਹੈ। ਵਿਗਿਆਨ ਕਿਤਨਾ ਵੀ ਗਹਿਰਾ ਕਿਉਂ ਨ ਜਾਵੇ-ਤਨ ਪ੍ਰਕ੍ਰਿਤੀ ਤੋਂ ਅਗਾਂਹ ਨਹੀਂ ਜਾ ਸਕਦਾ । ਦਿਮਾਗ਼ ਹਰ ਵਸਤੂ ਦਾ ਸਬੂਤ ਮੰਗਦਾ ਹੈ; ਪਰ ਸੰਸਾਰ ਵਿਚ ਕੁਝ ਐਸਾ ਵੀ ਹੈ ਜਿਸ ਨਾਲ ਵਿਸ਼ਵਾਸ਼ ਕਰਕੇ ਹੀ ਸਮਬੰਧ ਜੁੜਦਾ ਹੈ ਪਰ ਬਿਨਾਂ ਸਬੂਤ ਤੋਂ ਕੈਸਾ ਵਿਸ਼ਵਾਸ਼-ਇਹ ਵਿਗਿਆਨ ਦਾ ਤਰਕ ਹੈ ਤੇ ਦਿਮਾਗੀ ਤਲ ‘ਤੇ ਠੀਕ ਹੈ। ਇਸ ਵਾਸਤੇ ਅਤੀ ਤਾਰਕਿਕ ਮਨੁੱਖ ਪ੍ਰਕ੍ਰਿਤੀ ‘ਦੀ ਖੋਜ ਵਿਚ ਰਸ ਰਖਦਾ ਹੈ ਤੇ ਉਸ ਦੀ ਪਹੁੰਚ ਪ੍ਰਕ੍ਰਿਤੀ ਤੋਂ ਅੱਗੇ ਨਹੀਂ ਹੈ। ਸਾਇੰਸ ਅਜੇ ਤਕ ਪ੍ਰਮਾਤਮਾ ਨੂੰ ਨਹੀਂ ਮੰਨ ਸਕੀ। ਯਾਨੀ ਅਜੇ ਵੀ ਆਤਮ ਤਲ ਨੂੰ ਨਹੀਂ ਛੂਹ ਸਕੀ।
ਵਿਗਿਆਨ ਨੇ ਸਹੂਲਤਾਂ ਤਾਂ ਬਹੁਤ ਦਿੱਤੀਆਂ ਹਨ, ਪਰ ਸੁਖ ਤੇ ਚੈਨ ਨਹੀਂ ਦੇ ਸਕਿਆ। ਸਾਡੀ ਅੱਖ ਦੂਰਬੀਨ ਨਾਲ ਦੂਰ ਤਕ ਵੇਖ ਸਕਦੀ ਹੈ । ਸਾਡੇ ਪੈਰਾਂ ਨੂੰ ਵਿਗਿਆਨ ਨੇ ਇਤਨੀ ਗਤੀ ਦਿੱਤੀ ਹੈ ਕਿ ਹਜ਼ਾਰਾਂ ਮੀਲਾਂ ਦਾ ਪੈਂਡਾ ਕੁਝ ਘੰਟਿਆਂ ਵਿਚ ਤੈਅ ਹੋ ਜਾਂਦਾ ਹੈ। ਰੇਲ, ਮੋਟਰ, ਹਵਾਈ ਜਹਾਜ਼ਾਂ ਨੇ ਸਾਡੇ ਪੈਰਾਂ ਦੀ ਚਾਲ ਵਧਾ ਦਿਤੀ ਹੈ। ਸਾਡੀ ਸੁਨਣ ਦੀ ਸ਼ਕਤੀ ਵੀ ਤੇਜ਼ ਹੋ ਗਈ ਹੈ । ਅਸੀਂ ਇਕ ਦੇਸ਼ ਤੋਂ ਦੂਜੇ ਦੇਸ਼ ਟੈਲੀਫ਼ੂਨ ਰਾਹੀਂ ਸਿੱਧੀ ਗੱਲ ਬਾਤ ਕਰ ਲੈਂਦੇ ਹਾਂ । ਆਪਣੀ ਆਵਾਜ਼ ਨੂੰ ਰੇਡੀਓ ਰਾਹੀਂ ਹਜ਼ਾਰਾਂ ਮਨੁੱਖਾਂ ਤੱਕ ਪਹੁੰਚਾ ਦੇਂਦੇ ਹਾਂ। ਸਵੈ-ਚਲਿਤ ਮਸ਼ੀਨਾਂ ਨੇ ਸਾਡੇ ਹੱਥਾਂ ਦੀ ਤਾਕਤ ਵਧਾ ਦਿੱਤੀ ਹੈ। ਵਿਗਿਆਨ ਨੇ ਇੰਦ੍ਰਿਆਂ ਦੀ ਸ਼ਕਤੀ ਨੂੰ ਵਧਾਇਆ ਹੈ ਤੇ ਬਹੁਤ ਸਾਰੀਆਂ ਸਹੂਲਤਾਂ ਪੈਦਾ ਕੀਤੀਆਂ ਹਨ। ਵਿਗਿਆਨ ਨੇ ਦੁਨੀਆਂ ਬਹੁਤ ਨੇੜੇ ਕਰ ਦਿੱਤੀ ਹੈ-ਪਰ ਅਫ਼ਸੋਸ! ਮਨੁੱਖ ਮਨੁੱਖ ਤੋਂ ਬਹੁਤ ਦੂਰ ਚਲਾ ਗਿਆ ਹੈ। ਵਿਗਿਆਨ ਨੇ ਬਾਹਰ ਬਹੁਤ ਚਾਨਣਾ ਕੀਤਾ ਹੈ, ਪਰ ਦਿਲ ਅੰਧਿਆਰੀ ਰਾਤ ਹੈ ।
ਵਿਗਿਆਨ ਬੌਧਿਕ ਤਲ ਤਕ ਰਹਿੰਦਾ ਹੈ ਤੇ ਬੁੱਧੀ ਦਾ ਵਿਸ਼ਾ ਹੈ। ਆਰਟ ਕਲਾ ਇਹ ਹਿਰਦੇ ਨੂੰ ਛੂੰਹਦੀ ਹੈ। ਆਰਟ ਕਲਾ ਦਾ ਵਾਸਾ ਭਾਵੁਕ ਹਿਰਦਿਆਂ ਵਿਚ ਹੁੰਦਾ ਹੈ। ਵਿਗਿਆਨ ਠੋਸ ਹੈ ਤੇ ਠੋਸ ਪਦਾਰਥ ਦੀ ਖੋਜ ਹੈ । ਕਲਾ ਸੂਖ਼ਸ਼ਮ ਹੈ। ਤੇ ਇਸ ਨੂੰ ਸਮਝਣ ਲਈ ਸੂਖ਼ਸ਼ਮਤਾ ਚਾਹੀਦੀ ਹੈ । ਸੱਚ ਤਾਂ ਇਹ ਹੈ ਕਿ ਆਰਟਿਸਟ (ਕਲਾਕਾਰ) ਆਤਮਾ ਦੇ ਨੇੜੇ ਹੈ। ਇਹ ਪ੍ਰਕ੍ਰਿਤੀ ਤੋਂ ਤਾਂ ਅਗਾਹਾਂ ਹੈ ਪਰ ਆਤਮਾ ਤਕ ਪੁੱਜਿਆ ਨਹੀਂ ਹੈ-ਮਧ ਵਿਚ ਹੈ। ਹਿਰਦੇ ਦੇ ਤਲ ਤੇ ਜੀਵਨ ਵਾਲਿਆਂ ਨੇ ਸੰਗੀਤ, ਕਵਿਤਾ ਨਿਰਤ ਚਿਤ੍ਰਕਾਰੀ ਤੇ ਮੂਰਤੀ ਕਲਾ ਨੂੰ ਜਨਮ ਦਿੱਤਾ ਹੈ। ਫਿਲੌਰਾ ਆਜੰਤਾ ਦੀਆਂ ਗੁਫਾਵਾਂ ਕਲਾ ਦਾ ਇਕ ਮਹਾਨ ਰੂਪ ਪੇਸ਼ ਕਰ ਰਹੀਆਂ ਹਨ । ਸੁੰਨਸਾਨ ਪਹਾੜਾਂ ਵਿਚ ਜੀਵਨ-ਭਰ ਖੁਦਾਈ ਕਰ ਕੇ ਸੁੰਦਰ ਮੂਰਤੀਆਂ ਨੂੰ ਜਨਮ ਦੇਣ ਵਾਲੇ ਅਤੀ ਭਾਵੁਕ ਮਨੁੱਖ ਹੋਣਗੇ। ਭਾਵ ਦੇ ਵਿਚ ਠਹਿਰਾਓ ਹੁੰਦਾ ਹੈ ਅਤੇ ਇਸੇ ਠਹਿਰਾਓ ਤੋਂ ਨਿਰਤ ਸੰਗੀਤ ਤੇ ਕਵਿਤਾ ਦਾ ਜਨਮ ਹੁੰਦਾ ਹੈ। ਆਵਾਜ਼ ਦੀ ਜਿਤਨੀ ਸੂਖਮ ਗਹਿਰਾਈ ਵਿਚ ਇਕ ਮਹਾਨ ਸੰਗੀਤਕਾਰ ਜਾ ਸਕਦਾ ਹੈ ਹੋਰ ਕੋਈ ਇਤਨੀ ਪਕੜ ਨਹੀਂ ਕਰ ਸਕਦਾ । ਤੇ ਰੰਗਾਂ ਨੂੰ ਜਿਤਨੀ ਗਹਿਰੀ ਤਹਿ ਵਿਚ ਇਕ ਮੁਸੱਵਰ (ਚਿਤ੍ਰਕਾਰ) ਵੇਖ ਸਕਦਾ ਹੈ ਇਹ ਆਮ ਬੰਦੇ ਦੀ ਪਹੁੰਚ ਤੋਂ ਪਰੇ ਹੈ । ਪੱਥਰਾਂ ਵਿਚ ਛੁਪੀ ਮਹਾਨਤਾ ਮੂਰਤੀਕਾਰ ਨੂੰ ਹੀ
ਦਿੱਸ ਸਕਦੀ ਹੈ, ਹੋਰ ਕਿਸੇ ਦੇ ਵਸ ਵਿਚ ਨਹੀਂ। ਕਿਸੇ ਵਕਤ ਭਾਰਤ ਅਤੀ ਭਾਵੁਕ ਸੀ ਤਾਂ ਤਰ੍ਹਾਂ ਤਰ੍ਹਾਂ ਦੀ ਕਲਾ ਨੇ ਇਥੇ ਜਨਮ ਲਿਆ। ਅੱਜ ਸਾਰੀ ਦੁਨੀਆਂ ਠੋਸ ਤਲ ਤੇ ਜੀ ਰਹੀ ਹੈ। ਇਸ ਵਾਸਤੇ ਵਿਗਿਆਨ ਵਿਚ ਰੁਚੀ ਹੈ, ਕਲਾ ਵਿਚ ਨਹੀਂ, ਕਲਾ ਲੁਪਤ ਹੁੰਦੀ ਜਾ ਰਹੀ ਹੈ।
ਬੜੇ ਗ੍ਰੰਥਾਂ ਦੇ ਲਿਖਾਰੀ, ਪੱਥਰਾਂ ਨੂੰ ਖੋਦ ਕੇ ਮੂਰਤੀਮਾਨ ਕਰਨ ਵਾਲੇ ਰੰਗਾਂ ਨੂੰ ਬਿਖਰੇ ਜਾਨ ਪਾਉਣ ਵਾਲੇ, ਆਵਾਜ਼ ਵਿਚ ਰੂਹ ਦੇ ਦਰਸ਼ਨ ਕਰਾਉਣ ਵਾਲੇ ਅੱਜ ਖੋ ਗਏ ਹਨ ਯਾ ਮਿਟਦੇ ਜਾਂਦੇ ਹਨ। ਯਾ ਫਿਰ ਕਿਤੇ ਇਕਾਂਤ ਵਿਚ ਜਾ ਵਸੇ ਹਨ। ਇਤਨੀ ਠੋਸ ਜ਼ਿੰਦਗੀ ਨਾਲ ਉਨ੍ਹਾਂ ਦਾ ਤਾਲ ਮੇਲ ਨਹੀਂ ਬੈਠਦਾ। ਐਸੇ ਕਲਾਕਾਰਾਂ ਦੀਆਂ ਅੱਜ ਸਿਰਫ਼ ਕਹਾਣੀਆਂ ਰਹਿ ਗਈਆਂ ਹਨ ਯਾ ਕੁਛ ਨਿਸ਼ਾਨੀਆਂ ਰਹਿ ਗਈਆਂ ਹਨ ।
ਤੀਜਾ ਤਲ ਆਤਮ ਦਾ ਹੈ। ਆਤਮ-ਖੋਜੀ ਕਲਾਕਾਰ ਨਾਲੋਂ ਵੀ ਡੂੰਘੇ ਦੀ ਖੋਜ ਕਰਦਾ ਹੈ ਇਸ ਵਾਸਤੇ ਇਹ ਸਭ ਤੋਂ ਕਠਨ ਕਲਾ ਨੂੰ ਚੁਣਦਾ ਹੈ। ਅੰਦਰ ਦੀ ਪੀੜਾ ਤਾਂ ਸਿਰਫ਼ ਆਤਮ-ਖੋਜ ਦੂਰ ਕਰ ਸਕਦੀ ਹੈ ਅਤੇ ਆਤਮਾ ਤਕ ਓਹੀ ਪੁਜਦਾ ਹੈ ਜੋ ਬੌਧਿਕ ਵੀ ਹੋਵੇ ਤੇ ਭਾਵੁਕ ਵੀ ਹੋਵੇ । ਇਸ ਵਾਸਤੇ ਵੇਖਣ ਵਿਚ ਆਇਆ ਕਿ ਆਤਮ-ਖੋਜੀਆਂ ਨੇ ਪ੍ਰਕ੍ਰਿਤੀ ਦੀ ਬੜੀ ਜਾਣਕਾਰੀ ਦਿੱਤੀ ਹੈ। ਬੜੇ ਡੂੰਘੇ ਭੇਤ ਜਗਤ ਦੇ ਸਾਮ੍ਹਣੇ ਰੱਖੇ ਹਨ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ਕਿ ਜ਼ਮੀਨ, ਸੂਰਜ, ਚੰਦ, ਤਾਰੇ ਇਨ੍ਹਾਂ ਦਾ ਤੇਜ ਤੇ ਆਕਾਰ ਘਟਦਾ ਜਾ ਰਿਹਾ ਹੈ :
ਘਟੰਤ ਰੂਪ ਘਟੰਤ ਦੀਪ ਘਟੰਤ ਰਵਿ ਸਸੀਅਰ ਨਖੵਤ੍ਰ ਗਗਨੰ ॥
ਘਟੰਤ ਬਸੁਧਾ ਗਿਰਿ ਤਰ ਸਿਖੰਡੰ ॥
ਘਟੰਤ ਲਲਨਾ ਸੁਤ ਭ੍ਰਾਤ ਹੀਤੰ॥
ਘਟੰਤ ਕਨਿਕ ਮਾਨਿਕ ਮਾਇਆ ਸ੍ਵਰੂਪੰ ॥
ਨਹ ਘਟੰਤ ਕੇਵਲ ਗੋਪਾਲ ਅਚੁਤ ॥
ਅਸਥਿਰੰ ਨਾਨਕ ਸਾਧ ਜਨ॥
(ਸਲੋਕ ਸਹਸਕ੍ਰਿਤੀ ਮ: ੫, ਅੰਗ ੧੩੫੪)
ਜੋ ਵਸਤੂ ਵਜੂਦ ਵਿਚ ਹੈ ਤੇ ਕੰਮ ਕਰ ਰਹੀ ਹੈ ਉਹ ਘਟੇਗੀ। ਭਾਰਤ ਦੇ ਰਿਸ਼ੀਆਂ ਦਾ ਇਕ ਸਾਲ ਪਹਿਲੇ ਚੰਦ੍ਰ-ਗ੍ਰਹਿਣ ਤੇ ਸੂਰਜ-ਗ੍ਰਹਿਣ ਬਾਰੇ ਦੱਸਣਾ ਉਨ੍ਹਾਂ ਦੀ ਪ੍ਰਚਲਿਤ ਖੋਜ ਦਾ ਸਬੂਤ ਪੇਸ਼ ਕਰਦਾ ਹੈ ।
ਕਲਾਕਾਰ ਵਿਗਿਆਨਕ ਨਹੀਂ ਹੁੰਦਾ ਤੇ ਵਿਗਿਆਨਕ ਕਲਾਕਾਰ ਨਹੀਂ ਹੁੰਦਾ । ਪਰ ਆਤਮ-ਖੋਜੀ ਭਗਤ ਵਿਗਿਆਨਕ ਵੀ ਹੁੰਦਾ ਹੈ ਤੇ ਕਲਾਕਾਰ ਵੀ । ਜਦ ਉਹ ਸਰਬ ਕਲਾ ਦੇ ਗਿਆਨ ਨਾਲ ਜੁੜਦਾ ਹੈ ਤਾਂ ਆਪ ਵੀ ਸਰਬ ਕਲਾ ਦਾ ਗਿਆਨੀ ਹੋ ਜਾਂਦਾ ਹੈ । ਵਿਗਿਆਨਕ ਦੀ ਖੋਜ ਕਈ ਦਫ਼ਾ ਵਿਗਿਆਨਕ ਵਾਸਤੇ ਦਿਮਾਗ਼ ਦਾ ਬੋਝ ਬਣ ਜਾਂਦੀ ਹੈ ਤੇ ਕੋਰਾ ਆਰਟਿਸਟ ਆਂਤ੍ਰਿਕ ਤੌਰ ‘ਤੇ ਬੜਾ ਬੇਚੈਨ ਹੋ ਜਾਂਦਾ ਹੈ । ਤਦੇ ਤਾਂ ਅਸੀਂ ਵੇਖਦੇ ਹਾਂ ਬੜੇ ਬੜੇ ਸੰਗੀਤਕਾਰ ਤੇ ਕਵੀ ਚਿਤ੍ਰਕਾਰ ਆਤਮ-ਪੀੜਾ ਤੋਂ ਬਚਣ ਵਾਸਤੇ ਸ਼ਰਾਬ ਦਾ ਸਹਾਰਾ ਲੈਂਦੇ ਹਨ । ਸ਼ਰਾਬ ਮਾਨੋਂ ਇਨ੍ਹਾਂ ਦੇ ਜੀਵਨ ਦਾ ਅੰਗ ਹੀ ਬਣ ਗਈ ਹੈ ।
ਪਰ ਆਤਮ-ਖੋਜੀ ਕੋਲ ਇਕ ਐਸੀ ਮਖ਼ਮੂਰੀ ਹੁੰਦੀ ਹੈ ਜਿਸ ਵਿਚ ਪਰਮ ਹੋਸ਼ ਹੁੰਦਾ ਹੈ ਤੇ ਪਰਮ ਆਨੰਦ ਹੁੰਦਾ ਹੈ। ਪ੍ਰਕ੍ਰਿਤੀ ਦੀ ਸੂਝ ਹੁੰਦੀ ਹੈ। ਕਲਾ ਦਾ ਬੋਧ ਹੁੰਦਾ ਹੈ ।
ਇਸ ਵਾਸਤੇ ਜਿਤਨੀ ਸੁੰਦਰ ਕਾਵਿ-ਰਚਨਾ ਭਗਤਾਂ ਤੇ ਸੰਤਾਂ ਨੇ ਕੀਤੀ ਹੈ ਇਹ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਜੋ ਸੰਗੀਤ ਦੀਆਂ ਤਾਨਾਂ ਭਗਤਾਂ ਨੇ ਛੇੜੀਆਂ ਹਨ ਓਹ ਤਾਨਸੈਨ ਨਹੀਂ ਛੇੜ ਸਕਿਆ। ਜਿਤਨੀ ਸਹੀ ਤੇ ਸਤ ਖੋਜ ਵਿਗਿਆਨ ਦੀ ਭਗਤਾਂ ਨੇ ਦਿੱਤੀ ਹੈ, ਉਹ ਵਿਗਿਆਨਕ ਦੀ ਪਹੁੰਚ ਤੋਂ ਪਰੇ ਹੈ, ਆਤਮ ਚਿੰਤਨ ਜਿਥੇ ਇਕ ਅਨੰਦ ਹੈ ਉਥੇ ਕਲਾ ਤੇ ਵਿਗਿਆਨ ਨੂੰ ਜਨਮ ਦੇਣ ਵਿਚ ਆਪਣਾ ਇਕ ਖ਼ਾਸ ਅਸਥਾਨ ਰੱਖਦਾ ਹੈ।
ਗਿਆਨੀ ਸੰਤ ਸਿੰਘ ਜੀ ਮਸਕੀਨ
