
(ਇਕ ਪੁਰਾਤਨ ਲਿਖਤ)
ਮਹਾਰਾਜਾ ਰਣਜੀਤ ਸਿੰਘ ਨੇ ਖਿੰਡੀ ਤਾਕਤ ਇਕ-ਮੁਠ ਕਰ ਲਈ। ਲਾਹੌਰ ਵਿਚ ਜਿੱਥੇ ਅੱਸੀ ਸਾਲ ਪਹਿਲਾਂ, ਸਿੱਖਾਂ ਦੇ ਸਿਰ ਵਿਕਦੇ ਸਨ, ਓਥੇ ਸਿੱਖਾਂ ਨੇ ਵੈਰ ਭੁਲਾ ਕੇ, ਕਾਜ਼ੀ ਹੱਥ ਇਨਸਾਫ਼ ਦੀ ਵਾਗਡੋਰ ਦੇ ਦਿੱਤੀ। ਨਹੁੰਆਂ ਨਾਲੋਂ ਟੁੱਟਾ ਮਾਸ ਜੁੜਨ ਲਗਾ ਤੇ ਸਦੀਆਂ ਦੇ ਵਿਤਕਰੇ ਦੂਰ ਹੋ ਗਏ। ਹਰ ਕੰਮ ਤਰੱਕੀ ਦੇ ਸਿਖਰ ਉਤੇ ਘੰਮਾਘੰਮ ਜਾਣ ਲੱਗਾ। ਦੇਸ਼ ਨੂੰ ਬਚਾਉਣ ਲਈ ਨਵੀਂ ਤਰ੍ਹਾਂ ਦੀਆਂ ਬੰਦੂਕਾਂ ਤੇ ਤੋਪਾਂ ਲਾਹੌਰ, ਬਟਾਲੇ ਆਦਿ ਥਾਵਾਂ ਉੱਤੇ ਢਲੀਣ ਲੱਗੀਆਂ। ਮੁਲਤਾਨ ਵਿਚ ਅਜਿਹੇ ਰੇਸ਼ਮੀ ਖੇਸ ਬਣਨੇ ਸ਼ੁਰੂ ਹੋਏ, ਜੋ ਮਧੋਲਿਆਂ ਵਟ ਨਹੀਂ ਸਨ ਖਾਂਦੇ। ਹੇਠਲੇ ਘਰਾਣੇ ਆਪਣਾ ਰਾਜ ਆਇਆ ਦੇਖ ਕੇ, ਜਾਮੀਂ ਨਾ ਮਿਉਂਦੇ, ਉਪਰਲੇ ਨਵੀਆਂ ਕਾਢਾਂ ਕੱਢਣ ਲੱਗੇ । ਪੰਜਾਬ ਵਿਚ ਪੁਸ਼ਾਕ ਦੇ, ਜਾਂਦੇ ਅਨ੍ਹੇਰੇ ਤੇ ਨਵੇਂ ਪਹਿਰਾਵੇ ਦੇ ਘੁੱਸਮੁਸੇ ਵਿੱਚੋਂ, ਪੰਜਾਬੀ ਫੈਸ਼ਨ ਦੀ ਪਹੁ-ਫੁਟੀ, ਭਾਵ ਪੰਜਾਬੀਆਂ ਕੁੜਤੇ, ਰੇਬ ਪਜਾਮੇ, ਚੋਗੇ ਪਾਏ ਤੇ ਦੋਹਰੀਆਂ ਪੱਗਾਂ ਸਿਰ ‘ਤੇ ਸਜਾਈਆਂ । ਹੁਣ ਭੂਰਿਆਂ ਵਾਲੇ ਰਾਜੇ ਹੋਏ । ਜੋ ਬਜ਼ੁਰਗਾਂ ਦੀਆਂ ਇਤਿਹਾਸਕ ਥਾਵਾਂ ਨੂੰ ਸੰਭਾਲਣ ਤੇ ਸਵਾਰਨ ਲੱਗੇ ।
ਏਸ ਵੇਲੇ ਪੰਜਾਬੀ ਸ਼ੇਰ ਦੀ ਅੱਖ ਹਰਿਮੰਦਰ ਸਾਹਿਬ ਉੱਤੇ ਪਈ। ਭਾਈ ਸੰਤ ਸਿੰਘ ਜੀ ਗਿਆਨੀ ਨੂੰ, ਏਹ ਸੇਵਾ ਕਰਾਉਣ ਦਾ ਹੁਕਮ ਹੋਇਆ । ਗਿਆਨੀ ਜੀ ਨੇ ਆਪਣੇ ਇਲਾਕੇ ਚਨਿਓਟੋਂ ਕਾਰੀਗਰ ਸਦਵਾਏ ਤੇ ਹਰਿਮੰਦਰ ਸਾਹਿਬ ਦੀ ਵਿਚਲੀ ਛੱਤੇ ਰੋਗਨੀ ਕੰਮ ਹੋਣ ਲੱਗ ਪਿਆ। ਏਹ ਕਾਰੀਗਰ ਪੁਰਾਣੀ ਲਕੀਰ ਦੇ ਫ਼ਕੀਰ ਮੁਸਲਮਾਨ ਵੀਰ ਸਨ ਜੋ ਨਵੇਂ ਰੰਗਾਂ ਵੱਲੋਂ ਉੱਕਾ ਹੀ ਕੋਰੇ ਸਨ। ਹੁਣ ਵਾਰੀ ਆਈ ਉਸ ਫ਼ਿਰਕੇ ਦੀ, ਜਿਸ ਨੂੰ ਗੁੜ੍ਹਤੀ ਵਿਚ ਹੀ ਕਵਿਤਾ ਤੇ ਰਾਗ (ਸ਼ਬਦ ਕੀਰਤਨ) ਦਾ ਪਿਆਰ ਮਿਲਿਆ ਸੀ । ਓਹ ਕੋਮਲ ਹੁਨਰ ਦੇ ਤੀਜੇ ਅੰਗ ਚਿਤ੍ਰਕਾਰੀ ਤੋਂ ਕੀਕਣ ਪ੍ਰੇਡੇ ਰਹਿੰਦੇ! ਸਿੱਖਾਂ ਏਸ ਮੈਦਾਨ ਵਿਚ ਵੀ ਦੂਜੇ ਭਰਾਵਾਂ ਤੋਂ ਛੋਹਲੇ-ਛੋਹਲੇ ਪੈਰ ਸੁਟੇ। ਮੋਹਰਾ-ਕਸ਼ੀ ਵਿਚ ਨਵੀਂ ਰੂਹ ਪਾਈ।
ਮੋਹਰਾ-ਕਸ਼ੀ ਗਿੱਲੇ ਪਲੱਸਤਰ ਉੱਤੇ ਗਿੱਲੇ ਰੰਗ ਨੂੰ, ਇਕ ਜਾਨ ਕਰ ਦੇਣ ਦਾ ਨਾਂ ਹੈ । ਮੁਸਲਮਾਨ ਕਾਰੀਗਰ, ਚੂਨੇ ਉਤੇ ਰੰਗ ਲਾ ਕੇ, ਭਾਪ ਜਾਂ ਸੇਕ ਦੇ ਕੇ ਰੰਗ ਨੂੰ ਡਲ੍ਹਕਾਉਂਦੇ ਸਨ । ਇਹ ਰੰਗ ਚੀਨੀ ਦੇ ਭਾਂਡਿਆਂ ਵਾਕਰ ਚਮਕਦਾ ਹੈ ਤੇ ਚੀਨੀ ਦਾ ਰੰਗ ਕਹਾਉਂਦਾ ਹੈ। ਲਾਹੌਰ ‘ਚ ਵਜ਼ੀਰ ਖ਼ਾਂ ਦੀ ਮਸੀਤ, ਸ਼ਾਹਦਰੇ ਵਿਚ ਤੇ ਹੋਰ ਕਿੰਨੀ ਥਾਈਂ ਇਹ ਕੰਮ ਹਾਲੀ ਵੀ ਦਿਸਦਾ ਹੈ।
ਮੁਸਲਿਮ ਮੋਹਰਾ-ਕਸ਼ੀ ਵਿਚ ਈਰਾਨੀ ਢੰਗ ਦੇ ਦੋ ਚਾਰ ਤਰ੍ਹਾਂ ਦੇ ਮੋਟੇ-ਮੋਟੇ ਖੁਲ੍ਹੇ-ਡੁਲ੍ਹੇ ਫੁੱਲ ਰਹਿ ਗਏ ਸਨ । ਗਿਰਾਹ ਇਕ ਤਰ੍ਹਾਂ ਦੀ ਜਿਊਮੈਟਰੀ ਦੀ ਸ਼ਕਲ ਉੱਤੇ ਬਹੁਤ ਜ਼ੋਰ ਹੋਂਦਾ ਸੀ । ਸਿੱਖ ਦਿਮਾਗ਼ ਵਿਚ ਰਾਜਨੀਤੀ ਘਰ ਕਰ ਗਈ ਸੀ; ਜਿਸ ਦਾ ਸਦਕਾ, ਓਹਨਾਂ ਵਿਚ ਹਰ ਇਕ ਸ਼ੈਅ ਦੀ ਤਹਿ ਤਕ ਅਪੜਨ ਦੀ ਜਾਚ ਜਾਂ ਚੱਜ ਆ ਗਿਆ ਸੀ । ਏਸ ਲਈ ਮੁਸਲਿਮ ਮੋਹਰਾ-ਕਸ਼ੀ ਦੀ ਬਾਹਰਲੀ ਭੜਕ ਉਤੇ ਸਿੱਖ ਨਾ ਰੀਝੇ । ਸਿੱਖ ਕਾਰੀਗਰ, ਹਿੰਦੂ ਮੋਹਰਾ-ਕਸ਼ੀ ਦੇ ਗਿਣਵੇਂ ਤੇ ਮੋਟੇ ਫੁੱਲ-ਪੱਤਰਾਂ ‘ਤੇ ਵੀ ਨਾ ਰਹੇ । ਹਿੰਦੂ ਮੋਹਰਾ-ਕਸ਼ੀ ਕੁਝ ਫੁੱਲਾਂ ‘ਤੇ ਸ੍ਰੀ ਕ੍ਰਿਸ਼ਨ ਦੀ ਰਾਸ ਲੀਲ੍ਹਾ ਉੱਤੇ ਹੀ ਡੁਲ੍ਹੀ ਹੋਈ ਸੀ ਤੇ ਕਲਮ ਬਿਲਕੁਲ ਮੋਟੀ ਰਹਿ ਗਈ ਸੀ, ਜਿਸ ਤੋਂ ਨਵੀਆਂ ਕਲਮਾਂ ਨੇ ਮੂੰਹ ਫੇਰ ਲਿਆ ।
ਦਰਬਾਰ ਸਾਹਿਬ ਦੇ ਪਹਿਲੇ ਕਾਰੀਗਰਾਂ, ਕਈ ਭਾਂਤ-ਭਾਂਤ ਦੇ ਫੁੱਲਾਂ-ਪੱਤਰਾਂ ਨੂੰ ਹੀ ਅਪਣਾਇਆ ਜਾਂ ਇੰਜ ਕਹੋ ਕਿ ਕੁਦਰਤ ਵਿਚ ਵਿਸਮਾਦੀ ਰੰਗ ਦੇਖਣ ਵਾਲੇ ਗੁਰੂ ਦੇ ਸਿੱਖਾਂ ਨੇ, ਪਵਿੱਤਰ ਮੰਦਰ ਵਿਚ ਕੁਦਰਤ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ । ਏਹ ਕੰਮ ਮੋਟਾ ਤਾਂ ਜ਼ਰੂਰ ਹੈ, ਪਰ ਫੁੱਲਾਂ-ਪੱਤਰਾਂ ਦੀ ਤਰਜ਼, ਹਿੰਦੂ ਤਰਜ਼ ਨਾਲੋਂ ਚੰਗੀ ਹੈ । ਮਿਸਾਲ ਲਈ, ਅੰਮ੍ਰਿਤਸਰ ਦੇ ਪੁਰਾਣੇ ਹਿੰਦੂ ਮੰਦਰਾਂ ਦੇ ਨਾਂ ਲੀਤੇ ਜਾ ਸਕਦੇ ਹਨ। ਨਵੀਨ ਸਿੱਖ ਤਰਜ਼ ਵੀ ਅਸਲੀਅਤ ਕੋਲੋਂ ਦੂਰ ਹੋ ਗਈ । ਕਾਰੀਗਰਾਂ ਆਪਣੇ ਹੀ ਫੁੱਲ-ਪੱਤਰ ਬਣਾਏ, ਆਪਣੀ ਦੁਨੀਆਂ ਵਸਾਈ, ਜਿਸ ਵਿਚ ਅਵਤਾਰਾਂ ਨੂੰ ਨਾ ਆਉਣ ਦਿੱਤਾ ਗਿਆ । ਏਸ ਤਰੀਕੇ ਵਿਚ ਵੀ, ਪੁਰਾਣੀ ਹਿੰਦੀ ਕਮਜ਼ੋਰੀ ਆ ਗਈ ਸੀ । ਦਰਬਾਰ ਸਾਹਿਬ ਦੀਆਂ ਵੱਡੀਆਂ ਪੌੜੀਆਂ ਚੜ੍ਹਦਿਆਂ, ਹਲਕੀਆਂ ਟਹਿਣੀਆਂ ਉੱਤੇ, ਭਾਰੀਆਂ ਚਿੜੀਆਂ ਜਿਉਂ ਦੀਆਂ ਤਿਉਂ ਬੈਠੀਆਂ ਹੋਈਆਂ ਦਿਸਦੀਆਂ ਹਨ। ਏਹ ਕੰਮ ਸ਼ਾਇਦ ਬਾਬਾ ਕੇਹਰ ਸਿੰਘ ਤੇ ਓਹਨਾਂ ਦੇ ਸ਼ਾਗਿਰਦਾਂ ਦਾ ਹੈ । ਬਾਬਾ ਜੀ ਵੱਡੇ ਉਸਤਾਦ ਸਨ, ਏਹਨਾਂ ਦਾ ਕੰਮ ਲਾਹੌਰ ਦੇ ਕਿਲ੍ਹੇ ਵਿਚ ਤੇ ਅਕਾਲ ਤਖ਼ਤ ਸਾਹਿਬ ‘ਤੇ ਵੀ ਹੈ। ਕੇਹਰ ਸਿੰਘ ਸਕੂਲ ਦੇ ਨਾਲ ਹੀ ਮਹੰਤ ਈਸ਼ਰ ਸਿੰਘ ਹੋਏ। ਏਹਨਾਂ ਦਾ ਕੰਮ ਦਰਸ਼ਨੀ ਡਿਓਢੀ ਵੜਦਿਆਂ ਹੀ ਸੀ। ਦੇਖਣ ਵਾਲਿਆਂ ਦੀ ਗਵਾਹੀ ਹੈ ਕਿ ਬਹੁਤ ਵਧੀਆ ਸੀ । ਜ਼ਿਆਦਾ ਕੇਹਰ ਸਿੰਘ ਜੀ ਦਾ ਰੰਗ ਸੀ, ਜੋ ਦਰਬਾਰ ਸਾਹਿਬ ਦੇ ਅੰਦਰੋਂ ਵੀ ਤੇ ਡਿਓਢੀ ਵਿੱਚੋਂ ਵੀ, ਸੰਗਮਰਮਰ ਨੇ ਦੱਬ ਦਿੱਤਾ ਹੈ ।
ਹੁਣ ਮੋਹਰਾ-ਕਸ਼ੀ ਦੇ ਅਕਾਸ਼ ਉੱਤੇ ਸੋਹਣਾ ਤਾਰਾ ਚਮਕਿਆ। ਇਹ ਸੀ ਭਾਈ ਬਿਸ਼ਨ ਸਿੰਘ। ਭਾਈ ਸਾਹਿਬ ਨੇ ਵਿਚਲੀ ਛੱਤੇ, ਅੰਦਰਲਿਆਂ ਦਰਿਆਂ ਦੇ ਅੰਦਰ ਬਾਹਰ ਕੰਮ ਕੀਤਾ। ਆਪ ਨੇ ਮੋਹਰਾ-ਕਸ਼ੀ ਨੂੰ ਬਾਰੀਕੀ ਦਾ ਦਾਨ ਦਿੱਤਾ। ਹਰ ਸ਼ੈ ਮਹੀਨ ਤੋਂ ਮਹੀਨ ਬਣਾਈ । ਰੋਗਨੀ ਕੰਮ ਬਾਰੀਕ ਹੋ ਸਕਦਾ ਹੈ, ਪਰ ਭਾਈ ਸਾਹਿਬ ਨੇ ਰੋਗਨੋਂ ਵੀ ਮਹੀਨ ਕੰਮ ਕੀਤਾ। ਇਹ ਦੋਵੇਂ ਕੰਮ ਨਾਲੋ-ਨਾਲ ਦੇਖੇ ਜਾ ਸਕਦੇ ਹਨ । ਭਾਈ ਸਾਹਿਬ ਨੇ ਹਰ ਚੀਜ਼ ਦੇ ਖੋਲ ਉੱਤੇ ਬੜਾ ਜ਼ੋਰ ਦਿਖਾਇਆ। ਸਾਇਆ (Shade) ਵੀ ਦਿੱਤਾ, ਪਰ ਖ਼ਿਆਲੀ ਦੁਨੀਆਂ ਦਾ। ਰੰਗ ਲਾਉਣ ਦੀ ਐਡੀ ਕਾਰੀਗਰੀ ਸੀ ਕਿ ਅਢੁੱਕਵੀਆਂ ਤੇ ਨਵੀਆਂ-ਨਵੀਆਂ ਚੀਜ਼ਾਂ ਨੂੰ ਵੀ ਢੁੱਕਵਾਂ ਬਣਾ ਦੇਂਦੇ ਸਨ। ਜੇ ਇਕ ਫੁੱਲ ਦੇ ਸੱਜੇ ਪਾਸੇ ਸਾਇਆ ਦਿੱਤਾ, ਤਾਂ ਨਾਲ ਦੇ ਪੱਤੇ ਉਤੇ ਸੱਜੀ ਤਰਫ਼ ਚਾਨਣੀ ਭਾਅ ਮਾਰਦਾ ਹੈ, ਖੂਬੀ ਏਹ ਹੈ ਕਿ ਚਿਤ ਖਾਮੀ ਨਹੀਂ ਕੱਢਦਾ, ਅੱਖਾਂ ਏਸੇ ਜੋਗੀਆਂ ਹੋ ਜਾਂਦੀਆਂ ਹਨ। ਭਾਈ ਬਿਸ਼ਨ ਸਿੰਘ ਨੇ ਲਹਿੰਦੇ ਵਾਲੀ ਵਿਚਲੀ ਬਾਰੀ ਉਤੇ ਪਰੀਆਂ ਬਣਾਈਆਂ ਹਨ। ਸੱਪ, ਹਾਥੀ, ਪਰੀਆਂ ਤੇ ਪਰੇ ਇਕ ਦੂਜੇ ਨੂੰ ਫੜਦੇ, ਸੰਗਲ ਵਾਂਗ ਬਣਾਏ ਹਨ।
ਪਰੀਆਂ ਦੇ ਸਿਰਾਂ ਉੱਤੇ ਈਰਾਨੀ ਟੋਪੀਆਂ ਹਨ। ਹੂਰਾਂ ਦੇ ਚਿਹਰਿਆਂ ਉਤੇ ਪੰਜਾਬੀ ਜੋਬਨ ਹੈ। ਏਸ ਤਰ੍ਹਾਂ ਹੁਨਰ ਰਾਹੀਂ ਪੰਜਾਬੀ ਤੇ ਈਰਾਨੀ ਮੇਲ ਤੋਂ, ਹੁਨਰ-ਬੁਤ ਉਪਜਾਇਆ ਹੈ। ਭਾਈ ਬਿਸ਼ਨ ਸਿੰਘ ਨੇ ਚੜ੍ਹਦੇ ਬੰਨੇ ਵੀ ਵਿਚਲੀ ਬਾਰੀ ਵਿਚ ਨਾਂ ਵੀ ਲਿਖਿਆ ਤੇ ਸੰਮਤ ੧੯੪੧ ਦਿੱਤਾ ਹੈ । ਮਾਲੂਮ ਹੋਂਦਾ ਹੈ ਏਹ ਆਪਦਾ ਅਖ਼ੀਰੀ ਕੰਮ ਸੀ ।
ਭਾਈ ਬਿਸ਼ਨ ਸਿੰਘ ਦੇ ਦੋ ਲਾਲ; ਨਿਹਾਲ ਸਿੰਘ ਤੇ ਜਵਾਹਰ ਸਿੰਘ ਹੋਏ । ਇਹ ਦੋਵੇਂ ਟੁਕੜੀ ਤੇ ਗੱਚ ਦੇ ਉਸਤਾਦ ਸਨ । ਮੋਹਰਾ-ਕਸ਼ੀ ਵਿਚ, ਬਿਸ਼ਨ ਸਿੰਘ ਸਕੂਲ ਦੇ ਪੱਕੇ ਵਿਦਿਆਰਥੀ ਸਨ, ਏਹਨਾਂ ਪਰੇ, ਪਰੀਆਂ ਜਾਂ ਸਾਧੂ ਨਹੀਂ ਬਣਾਏ, ਪਿਤਾ ਨਾਲੋਂ ਏਨਾ ਫ਼ਰਕ ਪਾਇਆ ਹੈ। ਦੋਹਾਂ ਦੀ ਕਾਰੀਗਰੀ ਦੀ ਗਵਾਹੀ ਉਪਰਲੀ ਛੱਤ ਦਾ ਹਾਲ ਦੇਂਦਾ ਹੈ। ਭਾਈ ਨਿਹਾਲ ਸਿੰਘ ਦੇ ਸ਼ਾਗਿਰਦ, ਭਾਈ ਗਿਆਨ ਸਿੰਘ ਜੀ ਹਨ। ਆਪ ਜੀ ਦੀ ਸੰਗਤ ਸਦਕਾ, ਮੈਨੂੰ ਹੁਨਰ ਤੱਕਣ ਦਾ ਸ਼ੌਕ ਹੋਇਆ। ਏਹਨਾਂ ਨੇ ਲੱਗਪਗ ਬੱਤੀ ਵਰ੍ਹੇ ਕੰਮ ਕੀਤਾ ਹੈ। ਆਪ ਨੇ ਟੁਕੜੀ ਤੇ ਗੱਚ ਦੀ ਬੜੀ ਕਾਰੀਗਰੀ ਦਿਖਾਈ ਹੈ। ਮੋਹਰਾ-ਕਸ਼ੀ ਗੁੰਬਦ ਦੇ ਅੰਦਰ-ਬਾਹਰ ਖ਼ੂਬ ਕੀਤੀ ਹੈ । ਏਹਨਾਂ ਫੁੱਲ ਪੱਤਰ ਓਹੋ ਰੱਖੇ । ਹਾਂ, ਗਮਲਿਆਂ ਦੇ ਹੇਠ ਨਿੱਕੇ-ਨਿੱਕੇ ਜਨੌਰ ਵਾਹੁਣੇ ਛੱਡ ਦਿੱਤੇ। ਆਪ ਨੇ ਕਈ ਥਾਈਂ ਡਰਾਇੰਗ ਦਾ ਖ਼ਿਆਲ ਰੱਖਿਆ ਹੈ। ਭਾਈ ਗਿਆਨ ਸਿੰਘ ਨੇ ਪਗੜਾਂ ਵਿਚ ਅਣਹੋਣਾਪਨ ਨਹੀਂ ਆਉਣ ਦਿੱਤਾ, ਜਿਸ ਤਰ੍ਹਾਂ ਅਸਰਾਲਾਂ ਸ਼ੇਰਾਂ ਦੇ ਭੇੜ। ਅਸਰਾਲਾਂ ਨੇ ਲਾਲ ਡਰਾਉਣੀਆਂ ਅੱਖਾਂ ਅੱਡ ਕੇ ਸ਼ੇਰਾਂ ਨੂੰ ਪਲੇਚੇ ਪਾ ਕੇ ਨਪੀੜ ਘੱਤਿਆ ਹੈ ਤੇ ਸ਼ੇਰਾਂ ਦੀਆਂ ਚਾਂਗਰਾਂ ਸੁਣਾਈ ਦੇਂਦੀਆਂ ਹਨ। ਆਪਣੇ ਸੂਬੇ ਦੀ ਕਲਮ (ਕਾਂਗੜਾ ਕਲਮ) ਦੀ ਸ਼ਾਨ ਨੂੰ ਮੁੜ ਜਿਵਾਇਆ ਹੈ। ਭਾਵ ਪ੍ਰਧਾਨ ਮੁਸੱਵਰੀ ਨੂੰ ਵਾਹਵਾ ਟੁੰਬ ਉਠਾਇਆ ਹੈ। ਅਕਾਲੀ ਲਹਿਰ ਦੇ ਅਸਰ ਥੱਲੇ, ਏਹਨਾਂ ਨਿਸ਼ਾਨ ਸਾਹਿਬਾਂ ਦੇ ਪੁਰਾਣੇ ਨਿਸ਼ਾਨ (ਖੰਡਾ ਕ੍ਰਿਪਾਨ ਕਟਾਰ) ਛੱਡ ਕੇ ਖੰਡਾ ਕ੍ਰਿਪਾਨ ਤੇ ਚੱਕਰ ਨੂੰ ਦਿਖਾਇਆ ਹੈ। ਅੱਜ-ਕਲ੍ਹ ਦੇ ਕਾਰੀਗਰਾਂ ਵਾਂਗ ਕਾਲਾ ਸ਼ਾਹ ਰੰਗ ਨਹੀਂ ਦਿੱਤਾ, ਸਗੋਂ ਢੁਕਵਾਂ ਸੁਰਮਈ ਰੰਗ ਦੇ ਕੇ, ਅਸਲ ਦਾ ਮੁਕਾਬਲਾ ਕੀਤਾ ਹੈ । ਭਾਈ ਸਾਹਿਬ ਅਸਲੀਅਤ ਕੋਲ ਰਹਿਣਾ ਚਾਹੁੰਦੇ ਹਨ, ਪਰ ਉਸਤਾਦਾਂ ਦੀ ਸਜਾਵਟ ਵੀ ਨਹੀਂ ਛੱਡੀ।…
ਸ. ਹਰਿੰਦਰ ਸਿੰਘ ਰੂਪ