
(ਬਾਲ ਕਥਾ)
ਸ. ਸੁਖਦੇਵ ਸਿੰਘ ਸ਼ਾਂਤ
ਦੱਖਣ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਇੱਕ ਥਾਂ ਰੁਕੇ। ਉੱਥੇ ਦਾਦੂ ਪੀਰ ਦੀ ਸਮਾਧ ਬਣੀ ਹੋਈ ਸੀ । ਗੁਰੂ ਜੀ ਨੇ ਆਪਣੇ ਤੀਰ ਦੇ ਚਿੱਲੇ ਨਾਲ ਉਸ ਕਬਰ ਨੂੰ ਨਮਸਕਾਰ ਕੀਤੀ। ਨਾਲ ਜਾਂਦੇ ਸਿੱਖਾਂ ਨੇ ਦੇਖਿਆ। ਉਹ ਸੋਚਾਂ ਵਿੱਚ ਪੈ ਗਏ। ਸਮਾਧਾਂ, ਕਬਰਾਂ ਅਤੇ ਮੜ੍ਹੀਆਂ ਅੱਗੇ ਮੱਥੇ ਟੇਕਣ ਤੋਂ ਰੋਕਣ ਵਾਲੇ ਗੁਰੂ ਜੀ ਨੇ ਖ਼ੁਦ ਇਹ ਨਮਸਕਾਰ ਕਿਉਂ ਕੀਤੀ ਹੈ ? ਇਹ ਪ੍ਰਸ਼ਨ ਉਨ੍ਹਾਂ ਨੂੰ ਵਿਆਕੁਲ ਕਰਨ ਲੱਗਿਆ।
ਸਿੱਖਾਂ ਵਿੱਚੋਂ ਇੱਕ ਸਿੱਖ ਨੇ ਹਿੰਮਤ ਦਿਖਾਈ। ਉਸ ਨੇ ਗੁਰੂ ਜੀ ਨੂੰ ਪੁੱਛਣ ਦਾ ਹੀਆ ਕਰ ਹੀ ਲਿਆ, “ਗੁਰੂ ਜੀ, ਆਪ ਜੀ ਨੇ ਇਸ ਸਮਾਧ ਅੱਗੇ ਨਮਸਕਾਰ ਕਿਉਂ ਕੀਤੀ ਹੈ? ਤੁਸੀਂ ਸਾਨੂੰ ਖ਼ੁਦ ਹੀ ਇਹ ਹੁਕਮ ਕੀਤਾ ਹੋਇਆ ਹੈ ਕਿ ਅਕਾਲ ਪੁਰਖ ਤੋਂ ਸਿਵਾ ਕਿਸੇ ਹੋਰ ਸ਼ਕਤੀ ਅੱਗੇ ਨਹੀਂ ਝੁਕਣਾ ।”
ਗੁਰੂ ਜੀ ਨੇ ਉਸ ਸਿੱਖ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ । ਉਸ ਨੂੰ ਰੱਜ ਕੇ ਸ਼ਾਬਾਸ਼ ਦਿੱਤੀ। ਫਿਰ ਉਨ੍ਹਾਂ ਨੇ ਸਿੱਖਾਂ ਨੂੰ ਬੇਨਤੀ ਕੀਤੀ, ”ਮੈਨੂੰ ਮੇਰੀ ਇਸ ਉਲੰਘਣਾ ਕਰ ਕੇ ਤਨਖਾਹ (ਸਜ਼ਾ) ਲਾਈ ਜਾਵੇ।”
ਪੰਜ ਸਿੱਖਾਂ ਨੇ ਸਲਾਹ-ਮਸ਼ਵਰਾ ਕਰ ਕੇ ਗੁਰੂ ਜੀ ਨੂੰ ਤਨਖਾਹ ਲਾਈ। ਗੁਰੂ ਜੀ ਇਸ ਸਾਰੀ ਘਟਨਾ ਤੋਂ ਬਾਗੋ-ਬਾਗ ਹੋ ਗਏ। ਆਪ ਜੀ ਨੇ ਸਿੱਖਾਂ ਨੂੰ ਕਿਹਾ, “ਸ਼ਾਬਾਸ਼ ਭਾਈ ਸਿੱਖੋ ! ਮੈਂ ਇਹੀ ਚਾਹੁੰਦਾ ਸੀ ਕਿ ਮੇਰੇ ਸਿੱਖਾਂ ਵਿੱਚ ਗੁਰਮਤਿ ਦੀ ਏਨੀ ਸਮਝ ਆ ਜਾਵੇ ਅਤੇ ਇਸ ਸਮਝ ਵਿਚ ਏਨੇ ਦਲੇਰ ਹੋ ਜਾਣ ਕਿ ਉਹ ਆਪਣੇ ਗੁਰੂ ਨੂੰ ਵੀ ਟੋਕ ਸਕਣ । ਮੈਂ ਦਾਦੂ ਪੀਰ ਦੀ ਸਮਾਧ ਅੱਗੇ ਤੀਰ ਨਾਲ ਨਮਸਕਾਰ ਤੁਹਾਡੀ ਦਲੇਰੀ ਅਤੇ ਤੁਹਾਡੀ ਸਮਝ ਦੀ ਪਰਖ ਕਰਨ ਲਈ ਹੀ ਕੀਤੀ ਸੀ।”
ਸੱਚਮੁੱਚ ਸੱਚ ‘ਤੇ ਹਰ ਹਾਲ ਵਿੱਚ ਅਤੇ ਹਮੇਸ਼ਾ ਪਹਿਰਾ ਦੇਣਾ ਮਹਾਨ ਸੂਰਮਤਾਈ ਦੀ ਨਿਸ਼ਾਨੀ ਹੁੰਦੀ ਹੈ। ਇਸ ਦੇ ਨਾਲ ਹੀ ਸੱਚ-ਝੂਠ ਦਾ ਠੀਕ ਨਿਤਾਰਾ ਕਰ ਸਕਣ ਦੀ ਨਿਰਪੱਖ ਸਮਝ ਵੀ ਹੋਣੀ ਚਾਹੀਦੀ ਹੈ।