ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਥੇ ਸਰਬੰਸਦਾਨੀ, ਅੰਮ੍ਰਿਤ ਕੇ ਦਾਤੇ, ਸ਼ਮਸ਼ੀਰ-ਏ-ਬਹਾਦਰ ਅਤੇ ਕਲਮ ਦੇ ਧਨੀ ਆਦਿ ਸਤਿਕਾਰਤ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ, ਉਥੇ ਆਪ ਮਹਾਨ ਮਨੋਵਿਗਿਆਨੀ ਵੀ ਸਨ। ਸਤਿਗੁਰਾਂ ਦਾ 42 ਕੁ ਸਾਲਾਂ ਦਾ ਜੀਵਨ ਕਾਲ ਤੇ ਇਤਿਹਾਸਕ ਘਟਨਾਵਾਂ ਹੈਰਾਨੀਜਨਕ ਤੇ ਬਾਕਮਾਲ ਹਨ । ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਬਚਿਤ੍ਰ ਨਾਟਕ ਵਿਚ ਖ਼ੁਦ ਲਿਖਿਆ:
‘ਹੈ ਹੈ ਹੈ ਸਭ ਜਗ ਭਯੋ
ਜੈ ਜੈ ਜੈ ਸੁਰ ਲੋਕ’
ਅਜਿਹੇ ਬਿਖੜੇ ਸਮੇਂ ਬਾਲਪਨ ਉਮਰੇ ਇਕ ਪਾਸੇ ਪਿਤਾ ਦਾ ਸੀਸ, ਦੂਜੇ ਪਾਸੇ ਤਖ਼ਤ ‘ਤੇ ਜ਼ਾਲਮ ਬਾਦਸ਼ਾਹ ਅਤੇ ਤੀਜਾ ਸਮੁੱਚੀ ਕੌਮ ਦੀ ਅਗਵਾਈ ਸੀ। ਸਤਿਗੁਰਾਂ ਨੇ ਆਪਣੀ ਕੌਮ ਦਾ ਮਨੋਬਲ ਡਿੱਗਣ ਨਹੀਂ ਦਿੱਤਾ ਸਗੋਂ ਭਾਈ ਜੈਤਾ ਜੀ ਨੂੰ ‘ਰੰਘਰੇਟਾ ਗੁਰੂ ਕਾ ਬੇਟਾ’ ਕਹਿ ਕੇ ਪਿਆਰ ਦਿੱਤਾ ਤੇ ਨਾਲ ਹੀ ਨਿਆਰੀ ਕੌਮ ਦੀ ਸਿਰਜਣਾ ਤੇ ਸਰੂਪ ਦਾ ਉਤਸ਼ਾਹ ਭਰਿਆ।
ਦਸਮੇਸ਼ ਪਿਤਾ ਦੀ ਨਾਮਕਰਣ ਵਾਲੀ ਕਲਾ ਮਨੋਬਲ ਭਰਪੂਰ ਸੀ। ਜੇ ਸਭ ਤੋਂ ਪਹਿਲਾਂ ਨਗਾਰਾ ਤਿਆਰ ਹੋਇਆ ਤਾਂ ਨਾਉਂ ਸੀ ‘ਰਣਜੀਤ ਨਗਾਰਾ’ ਭਾਵ ਰਣ ਜਿੱਤਣ ਵਾਲਾ ਕਿਉਂਕਿ ਜੁਝਾਰੂ ਫੌਜਾਂ ਦੇ ਸਭ ਤੋਂ ਅੱਗੇ ਨਿਸ਼ਾਨ ਸਾਹਿਬ ‘ਤੇ ਨਗਾਰਚੀ ਹੁੰਦਾ ਸੀ। ਨਿਸ਼ਾਨ ਸਾਹਿਬ ਨਿਰਮਲ ਪੰਥ ਦੀ ਅਜ਼ਾਦ ਹਸਤੀ ਦਾ ਪ੍ਰਤੀਕ ਤੇ ਰਣਜੀਤ ਨਗਾਰਾ ਰਣ ਜਿੱਤਣ ਦਾ ਪੈਗ਼ਾਮ ਸੀ । ਸਤਿਗੁਰਾਂ ਨੇ ਜੇਕਰ ਜ਼ਬਰ-ਜ਼ੁਲਮ ਦੇ ਖਿਲਾਫ 14 ਯੁੱਧ ਕੀਤੇ ਤਾਂ ਹਰ ਵਾਰ ਫ਼ਤਹਿ ਸਤਿਗੁਰਾਂ ਦੀ ਹੀ ਹੋਈ ਪਰ ਜਿੱਤ ਦਾ ਕਿਧਰੇ ਮਾਣ ਨਹੀਂ ਕੀਤਾ ਸਗੋਂ ਫ਼ੁਰਮਾਇਆ ‘ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ।’ ਮਤਾ ਕਿਧਰੇ ‘ਧਰਮ ਚਲਾਵਨ ਸੰਤ ਉਬਾਰਨ’ ਦਾ ਪਰਚਮ ਬੁਲੰਦ ਕਰਨ ਵਾਲੇ ਸੰਤ ਸਿਪਾਹੀਆਂ ਦੇ ਮਨਾਂ ਵਿਚ ਹਉਮੈ ਨਾ ਆ ਜਾਵੇ । ਇਸ ਲਈ ਹਰ ਪ੍ਰਾਪਤੀ ਨੂੰ ਪ੍ਰਭੂ ਕਿਰਪਾ ਕਿਹਾ।
ਸਤਿਗੁਰਾਂ ਨੇ ਜੇ ਕਿਲ੍ਹਿਆਂ ਦੇ ਨਾਮ ਰੱਖੇ ਤਾਂ ਉਹ ਮਨੋਬਲ ਤੇ ਗੌਰਵਤਾ ਦੇ ਪ੍ਰਤੀਕ ਸਨ ‘ਅਨੰਦਗੜ੍ਹ, ਹੋਲਗੜ੍ਹ, ਕੇਸਗੜ੍ਹ, ਲੋਹਗੜ੍ਹ, ਫ਼ਤਹਿਗੜ੍ਹ। ਇਹ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਅਣਖ ਨਾਲ ਜੀਵਨ ਜੀਣ ਦਾ ਸੰਦੇਸ਼ ਸਨ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਕਿਲ੍ਹੇ-ਯੋਧਿਆਂ ਦੇ ਹੁੰਦੇ ਹਨ ਅਤੇ ਬੁਜ਼ਦਿਲ ਤਾਂ ਕੁੰਦਰਾਂ ਵਿਚ ਛੁਪਦੇ ਹਨ। ਕੁੰਦਰਾਂ ਡਰੂ ਬਿਰਤੀਆਂ ਦਾ ਪ੍ਰਤੀਕ ਹਨ ਤੇ ਕਿਲ੍ਹੇ ਚੜ੍ਹਦੀ ਕਲਾ ਦੇ ਸਦਾ ਗਵਾਹ ਰਹੇ ਹਨ। ਇਸੇ ਤਰ੍ਹਾਂ ਦਸਮ ਪਿਤਾ ਜੀ ਦੇ ਸਾਹਿਬਜ਼ਾਦਿਆਂ ਦੇ ਨਾਵਾਂ ਵਿਚ ਮਹਾਨ ਸੰਦੇਸ਼ ਹੈ ਕਿ ਅਜੀਤ (ਜੋ ਜਿੱਤਿਆ ਨਾ ਜਾਹ ਸਕੇ), ਜੁਝਾਰ (ਸਦਾ ਜੂਝਣ ਵਾਲਾ), ਜ਼ੋਰਾਵਰ (ਤਕੜੇ ਬਲ ਵਾਲਾ), ਫਤਹਿ (ਜਿਸ ਦੀ ਸਦਾ ਜੈ ਹੋਵੇ ।) ਡੂੰਘਾ ਵਿਸ਼ਲੇਸ਼ਣ ਕਰੀਏ ਤਾਂ ਚਮਕੌਰ ਸਾਹਿਬ ਤੇ ਸਰਹਿੰਦ ਦਾ ਇਤਿਹਾਸ ਸਾਹਿਬਜ਼ਾਦਿਆਂ ਦੇ ਕਰਨੀ ਭਰਪੂਰ ਜੀਵਨ ਤੇ ਮਨੋਬਲ ਭਰਪੂਰ ਨਾਵਾਂ ਦੀ ਵਿਆਖਿਆ ਹੈ। ਇਹ ਅਜਿੱਤ ਜੁਝਾਰੂਆਂ ਦੇ ਬਲ ਦੀ ਫਤਹਿ ਹੈ।
ਜਦ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ਤਾਂ ਸੀਸ ਭੇਟ ਕਰਨ ਵਾਲਿਆਂ ਨੂੰ ਪਿਆਰਿਆਂ ਦਾ ਖਿਤਾਬ ਦਿੱਤਾ। ਸਾਡੀ ਲੋਕ ਭਾਸ਼ਾ ਵਿਚ ਸਭ ਰਿਸ਼ਤਿਆਂ ਦੀਆਂ ਸਾਂਝਾਂ ਵਿਚ ‘ਪਿਆਰਾ ਸ਼ਬਦ’ ਸਭ ਤੋਂ ਮਨਮੋਹਕ ਹੈ। ਆਪਣੇ ਨਾਦੀ ਪੁੱਤਰ ਤੇ ਪੁੱਤਰੀਆਂ ਲਈ ਸਿੰਘ ਤੇ ਕੌਰ ਦਾ ਖ਼ਿਤਾਬ ਬਖ਼ਸ਼ਿਆ । ਸਿੰਘ-ਸਵੈ ਨਿਰਭਰਤਾ ਤੇ ਕੌਰ-ਰਾਜ ਪੁੱਤਰੀ ਹੋਣ ਦਾ ਮਾਣ ਹੈ। ਇਸ ਕੌਤਕ ਨੂੰ ‘ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ’ ਕਿਹਾ। ਪਰਮਾਤਮਾ ਦੀ ਮੌਜ, ਭਾਵ ਕੁਦਰਤ ਦੇ ਭਾਣੇ ਵਿਚ ਜੀਣ ਵਾਲਾ ਮਨੁੱਖ ਨਾ ਤਾਂ ਕੁਦਰਤੀ ਸਰੂਪ ਨੂੰ ਤਿਆਗੇਗਾ ਤੇ ਨਾ ਹੀ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਵੇਗਾ। ਸਤਿਗੁਰਾਂ ਦੇ ਬਖ਼ਸ਼ੇ ਪੰਜ ਕਕਾਰ ਤਨ ਤੇ ਮਨ ਦੋਹਾਂ ਨਾਲ ਸੰਬੰਧ ਰੱਖਦੇ ਹਨ। ਕੇਸ-ਬਾਹਰੀ ਸੁੰਦਰਤਾ ਦੇ ਨਾਲ ਰੂਹਾਨੀਅਤ ਦਾ ਸੰਯੋਗ ਹਨ। ਕੰਘਾ-ਜਟਾਧਾਰੀ ਭੇਖ ਦਾ ਤਿਆਗੀ ਹੋ ਕੇ ਚੇਤੰਨਤਾ ਤੇ ਭੇਖ ਮੁਕਤ ਹੋਣ ਦਾ ਪ੍ਰਤੀਕ ਹੈ। ਕੜਾ-ਸੱਜੇ ਹੱਥ ‘ਚ ਪਾਇਆ ਵਿਚਾਰਾਂ ਨੂੰ ਟੁੰਭਦਾ ਹੈ ਕਿ ਗੁਰੂ ਦੀ ਸ਼ੋਭਾ ਵਧਾਉਣੀ ਹੈ। ਕਿਰਪਾਨ-ਸਵੈ ਰਖਿਆ ਤੇ ਜਰਵਾਣੇ ਲਈ ਭੱਖਿਆ ਹੈ ਤੇ ਸਦਾ ਅੰਗ-ਸੰਗ ਰੱਖਣ ਦਾ ਹੁਕਮ ਹੈ। ਕਛਹਿਰਾ-ਜਿਥੇ ਜਤ-ਸਤ ਦਾ ਗਵਾਹ ਹੈ, ਉਥੇ ਇਕ ਮਤ ਵਿਚ ਭਜਨ ਤੇ ਭੋਜਨ ਕਰਨ ਲੱਗਿਆਂ ਅਣਸੀਤੇ ਕੱਪੜੇ ਪਹਿਨਣ ਵਾਲੇ ਭਰਮ ਤੋਂ ਨਵਿਰਤੀ ਵੀ ਹੈ ਕਿਉਂਕਿ ਖ਼ਾਲਸੇ ਨੂੰ ‘ਭਰਮ ਭੇਖ ਤੇ ਰਹੈ ਨਿਆਰਾ’ ਦਾ ਉਪਦੇਸ਼ ਹੈ।
ਦਸਮੇਸ਼ ਪਿਤਾ ਨੇ ਆਪਣੀ ਰਚਨਾ ਵਿਚ ਸਮਾਜ ਨੂੰ ਮਾਨਸਿਕ ਤਲ ‘ਤੇ ਬੇਲੋੜੇ ਡਰ ਅਤੇ ਬੇਅੰਤ ਫੋਕਟ ਕਰਮ-ਕਾਂਡਾਂ ਤੋਂ ਵੀ ਮੁਕਤ ਕੀਤਾ। ਗੁਰੂ ਜੀ ਨੇ ‘ਗੋਰ ਮੜੀ ਮਠ ਭੂਲ ਨ ਮਾਨੈ’ ਅਤੇ ‘ਇਕ ਮੜੀਅਨ ਕਬਰਨ ਵੈ ਜਾਹੀ, ਦੁਹੂੰਅਨ ਮਹਿ ਪਰਮੇਸਰ ਨਾਹੀ ॥’ ਆਦਿ ਗਿਆਨ ਬਖ਼ਸ਼ ਕੇ ਸਮਾਜ ਨੂੰ ਮਨ ਕਰਕੇ ਤਕੜਿਆਂ ਕੀਤਾ। ਇਸੇ ਤਰ੍ਹਾਂ ਜਾਤ-ਪਾਤ, ਰੰਗ ਨਸਲ ਦੇ ਵਿਤਕਰਿਆਂ ਤੋਂ ਉਪਰ ਉਠਾਉਂਦਿਆਂ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ’ ਦਾ ਸੰਦੇਸ਼ ਦ੍ਰਿੜ੍ਹ ਕਰਵਾ ਕੇ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ਦਾ ਪਾਠ ਪੜ੍ਹਾਉਂਦਿਆਂ ਹਉਮੈ ਤੇ ਈਰਖਾਵਾਦੀ ਸਮਾਜ ਨੂੰ ਰੋਗ ਮੁਕਤ ਕੀਤਾ।
ਦੂਜੇ ਪਾਸੇ ਸਤਿਗੁਰਾਂ ਦੀ ਕਲਮ ਦੀ ਸ਼ਕਤੀ ‘ਚੋਂ ਮਨੋਵਿਗਿਆਨਕ ਦਰਸ਼ਨ ਕਰਨੇ ਹੋਣ ਤਾਂ ਆਪ ਨੇ ਭਾਰਤੀ ਸੱਭਿਆਚਾਰ ਦੇ ਇਤਿਹਾਸਕ ਤੇ ਮਿਥਿਹਾਸਕ ਪ੍ਰਸੰਗਾਂ ਨੂੰ ਨਵੇਂ ਰੂਪ ਰੰਗ ਤੇ ਸ਼ੈਲੀ ਵਿਚ ਢਾਲ ਕੇ ਡਿੱਗੇ-ਢੱਠੇ ਸਮਾਜ ਨੂੰ ਮਨੋਬਲ ਪ੍ਰਦਾਨ ਕੀਤਾ। ਚਾਹੇ ਚਉਬੀਸ ਅਵਤਾਰਾਂ ਦੇ ਪ੍ਰਸੰਗ ਸਨ ਤੇ ਭਾਵੇਂ ਚੰਡੀ ਦੀ ਵਾਰ ‘ਚ ਦੈਵੀ ਦੈਂਤਾਂ ਨਾਲ ਯੁੱਧ ਕਰਦੀ ਹੈ। ਇਹ ਤਾਂ ਜਰਵਾਣਿਆਂ ਦੇ ਜ਼ੁਲਮ ਅੱਗੇ ਇਖਲਾਕੀ ਹਾਰ ਮੰਨ ਚੁੱਕੇ ਮਰਦਾਂ ਦੀ ਜ਼ਮੀਰ ਨੂੰ ਜਗਾਉਣ ਦਾ ਤੇ ਬੀਰ ਰਸ ਭਰਨ ਦਾ ਢੰਗ ਸੀ। ਚਰਿੱਤਰੋ ਪਖਿਆਨ ਪੰਜਾਂ ਵਿਕਾਰਾਂ ਵਿਚੋਂ ਕਾਮ ਦੀ ਵਿਆਖਿਆ ਹੀ ਨਹੀਂ, ਸਗੋਂ ਇਸਤਰੀਆਂ ਤੇ ਮਰਦਾਂ ਦੇ ਚਰਿੱਤਰਾਂ ਤੋਂ ਇਲਾਵਾ ਸਿੱਖਿਆਦਾਇਕ ਨੀਤੀ ਕਥਾਵਾਂ ਹਨ। ਇਸੇ ਤਰ੍ਹਾਂ ਅਧਿਆਤਮਿਕ ਰਚਨਾਵਾਂ ਵਿਚ ਛੰਦਾਂ ਦੀ ਚਾਲ ਦਾ ਮਨ ਟੁੰਭਵਾਂ ਰੰਗ ਹੈ ਤੇ ਜਾਪੁ ਸਾਹਿਬ ਦਾ ‘ਏਕ ਅਛਰੀ ਛੰਦ’ ਅਧਿਆਤਮਿਕ ਕਾਵਿ ਪਰੰਪਰਾ ਦੀ ਸਿਖਰ ਹੈ।
ਦੀ ਸੰਪੂਰਨ ਘਾੜਤ ਘੜੀ
ਕਲਗੀਧਰ ਪਾਤਸ਼ਾਹ ਨੇ ‘ਸ਼ੁਭ ਕਰਮਨ ਤੇ ਕਬਹੂੰ ਨ ਟਰੋਂ’ ਦਾ ਪ੍ਰਭੂ ਪਾਸੋਂ ਸਦੀਵੀ ਵਰ ਮੰਗਿਆ, ਜੋ ਅੱਜ ਵੀ ਸਿੱਖ ਕੌਮ ਦਾ ਕੌਮੀ ਤਰਾਨਾ ਹੈ। ਆਪਣੇ ਆਪ ਨੂੰ ‘ਪਰਮ ਪੁਰਖ ਕਾ ਦਾਸਾ’ ਕਿਹਾ ਪਰ ਜਗਤ ਤਮਾਸ਼ੇ ਵਿਚ ਵਿਚਰਦਿਆਂ ਜੋ ਬਚਿੱਤਰ ਨਾਟਕ ਲਿਖਿਆ ਤੇ ਜੋ ਬਚਿੱਤਰ ਜੀਵਨ ਜੀਵਿਆ ਉਹ ਸਭਨਾਂ ਲਈ ਹੈਰਾਨੀਜਨਕ ਹੈ।
ਸਿੱਖ ਦੀ ਸੰਪੂਰਨ ਘਾੜਤ ਘੜਦਿਆਂ ਬਾਣੀ, ਬਾਣਾ, ਬੋਲ, ਮਰਯਾਦਾ, ਤਿਉਹਾਰ ਸਭ ਚੜ੍ਹਦੀ ਕਲਾ ਵਾਲੇ ਸਿਰਜੇ। ਹੋਲੀ ਦੀ ਥਾਂ ਹੋਲਾ-ਮਹੱਲਾ ਭਾਵ ਬਹਾਦਰੀ ਦੀਆਂ ਖੇਡਾਂ ਮਨ ਬਦਲ ਦਿੰਦੀਆਂ ਹਨ। ਦੁਸ਼ਮਣਾਂ ਦੇ ਦਲਾਂ ਦੀ ਪਰਵਾਹ ਨਾ ਕਰਦਿਆਂ ਸਿਰਸਾ ਨਦੀ ਕੰਢੇ ਆਸਾ ਦੀ ਵਾਰ ਦਾ ਦੀਵਾਨ ਸਜਾਇਆ ਕਿਉਂਕਿ ਨਿਰਭਉ ਤੇ ਨਿਰਵੈਰ ਦੀ ਕੀਰਤੀ ਕਰਕੇ ਹੀ ਅਨੰਦਮਈ ਜੀਵਨ ਮਿਲਦਾ ਹੈ। ਜਿਥੇ ਮਰਯਾਦਾ ਦ੍ਰਿੜ੍ਹ ਕਰਵਾਈ ਉਥੇ ਸ਼ਬਦ ਦੀ ਸ਼ਕਤੀ ਨਾਲ ਮਨੋਬਲ ਦਾ ਸਬਕ ਸੀ ਕਿ ਦੁੱਖ-ਸੁੱਖ ਵਿਚ ਸਦਾ ਆਸਰਾ ਬਾਣੀ ਦਾ ਹੀ ਲੈਣਾ ਹੈ।
ਇਕ ਸਮਾਂ ਆਇਆ ਜਦ ਨੂਰਾ ਮਾਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣਾਉਂਦਾ ਭੁੱਬਾਂ ਮਾਰ ਕੇ ਰੋ ਪਿਆ ਕਿ ਹੇ ਕਲਗੀਧਰ ਪਾਤਸ਼ਾਹ! ਨੂਰੇ ਦੀ ਜ਼ੁਬਾਨ ਹੋਰ ਨਹੀਂ ਬੋਲ ਸਕਦੀ। ਸਤਿਗੁਰਾਂ ਨੇ ਹੱਥਲੇ ਤੀਰ ਦੀ ਨੋਕ ਨਾਲ ਕਾਹੀਂ ਦਾ ਬੂਟਾ ਪੁੱਟ ਕੇ ਨੂਰੇ ਨੂੰ ਸਮਝਾਇਆ, ਨੂਰਿਆ ਮੁਗ਼ਲਾਂ ਦੀ ਜੜ੍ਹ ਪੁੱਟੀ ਗਈ। ਸੱਚਮੁੱਚ ਇਹ ਸਾਬਤ ਹੋਇਆ, ਬਾਬਾ ਬੰਦਾ ਸਿੰਘ ਪਾਸ ਉਨੀ ਫੌਜੀ ਸ਼ਕਤੀ ਨਹੀਂ ਸੀ ਜਿੰਨਾ ‘ਤਬੈ ਰੋਸ ਜਾਗਯੋ’ ਵਾਲੇ ਮਨ ਤੇ ਇਤਿਹਾਸਕ ਸਰਮਾਇਆ ਸੀ। ਔਰੰਗਜ਼ੇਬ ਨੂੰ ਗੁਰੂ ਜੀ ਵਲੋਂ ਲਿਖਿਆ ਫ਼ਤਹਿ ਦਾ ਖ਼ਤ (ਜਫ਼ਰਨਾਮਾ) ਇਤਿਹਾਸਕ ਤੇ ਮਨੋਵਿਗਿਆਨਕ ਪੱਖੋਂ ਅਨਮੋਲ ਰਚਨਾ ਹੈ। ਇਕ ਪਾਸੇ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਵਾਲਾ ਹੈ ਅਤੇ ਨਾਲ ਹੀ ਆਪਣੇ ਖ਼ਾਲਸੇ ਦੀ ਹੋਂਦ ਦਾ ਸਵੈਮਾਣ ਹੈ। ਸਤਿਗੁਰਾਂ ਦੇ ਬਚਨ ਹਨ:
ਚਿਹਾ ਸ਼ੁਦ ਕਿ ਚੂੰ ਬਚਗਾਂ ਕੁਸ਼ਤਹ ਚਾਰ ॥ ਕਿ ਬਾਕੀ ਬਿਮਾਦਸਤ ਪੇਚੀਦਹ ਮਾਰ ॥
ਔਰੰਗਜ਼ੇਬ ! ਕੀ ਹੋਇਆ ਮੇਰੇ ਚਾਰੇ ਬੱਚੇ ਸ਼ਹੀਦ ਕਰ ਦਿੱਤੇ ਪਰ ਮੇਰਾ ਕੁੰਡਲੀਆ ਸੱਪ ਬੀਰ ਖ਼ਾਲਸਾ ਜਿਉਂਦਾ ਹੈ।
ਦਸ਼ਮੇਸ਼ ਪਿਤਾ ਜੀ ਨੇ ਅੰਤਲੇ ਸਮੇਂ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦੇਹਧਾਰੀ ਪਰੰਪਰਾ ਸਦਾ ਲਈ ਖ਼ਤਮ ਕਰਕੇ ‘ਗੁਰੂ ਮਾਨਿਓ ਗ੍ਰੰਥ’ ਦਾ ਹੁਕਮ ਕੌਮੀ ਵਾਰਸਾਂ ਨੂੰ ਦਿੜ ਕਰਵਾਇਆ ਕਿਉਂਕਿ ਸ਼ਬਦ ਗੁਰੂ ਦੀ ਸ਼ਕਤੀ ਤੇ ਸ਼ਬਦ ਗੁਰ ਦਾ ਫ਼ਲਸਫਾ ਜਗ ਜੁਗ ਅਟੱਲ ਰਹੇਗਾ।
ਡਾ. ਇੰਦਰਜੀਤ ਸਿੰਘ ਗੋਗੋਆਣੀ
